MohanSharma8ਮਾਨਸਿਕ ਤੌਰ ’ਤੇ ਅੰਤਾਂ ਦਾ ਦੁਖੀ ਹੋਣ ਕਰਕੇ ਉਸਨੇ ਸਲਫਾਸ ਨਿਗਲ ਕੇ ...
(11 ਸਤੰਬਰ 2026)


ਇਸ ਵੇਲੇ ਪੰਜਾਬ ਬਹੁਪੱਖੀ ਅਤੇ ਬਹੁਪਰਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ
ਇਨ੍ਹਾਂ ਸਮੱਸਿਆਵਾਂ ਵਿੱਚ ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਕਿਰਸਾਨੀ ਸੰਕਟ, ਗੈਂਗਸਟਰਵਾਦ, ਸਰਕਾਰੀ ਹਸਪਤਾਲਾਂ ਦਾ ਨਿਘਾਰ, ਗਰੀਬੀ, ਲੱਕ ਤੋੜਵੀਂ ਮਹਿੰਗਾਈ, ਭੁੱਖਮਰੀ, ਬਲਾਤਕਾਰ, ਵਿਉਪਾਰਕ ਸੰਕਟ, ਦਿਨ-ਬ-ਦਿਨ ਬੋਝਲ ਹੁੰਦੀ ਕਰਜ਼ੇ ਦੀ ਪੰਡ, ਮਿਲਾਵਟਖੋਰੀ, ਪਾਣੀ ਸੰਕਟ ਅਤੇ ਫਿਰੌਤੀ ਦੀਆਂ ਆ ਰਹੀਆਂ ਧਮਕੀਆਂ ਕਾਰਨ ਸਮਾਜਿਕ ਭਾਈਚਾਰੇ ਵਿੱਚ ਖੌਫ ਦੀਆਂ ਦੀਵਾਰਾਂ ਖੜ੍ਹੀਆਂ ਹੋ ਗਈਆਂ ਹਨ ਅਤੇ ਕਾਰੋਬਾਰੀ ਆਪਣੇ ਘਰਾਂ ਅਤੇ ਕੰਮ ਵਾਲੀ ਥਾਂ ’ਤੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ

ਨਸ਼ਿਆਂ ਕਾਰਨ ਜਿੱਥੇ ਨਿਰੰਤਰ ਸਿਵਿਆਂ ਦੀ ਭੀੜ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਹੀ ਪੱਲੀਆਂ ਵਿਛਾ ਕੇ ਸੱਥਰਾਂ ’ਤੇ ਬੈਠੇ ਲੋਕਾਂ ਦੇ ਚਿਹਰਿਆਂ ’ਤੇ ਘੋਰ ਉਦਾਸੀ, ਚਿੰਤਾ ਅਤੇ ਬੇਚੈਨੀ ਪਸਰੀ ਹੋਈ ਹੈਸਰਕਾਰੀ ਅੰਕੜੇ ਤਸਕਰਾਂ ਨੂੰ ਵੱਡੀ ਗਿਣਤੀ ਵਿੱਚ ਫੜਨ, ਭਾਰੀ ਮਾਤਰਾ ਵਿੱਚ ਨਸ਼ਾ ਸਮਗਰੀ ਦੀ ਬਰਾਮਦਗੀ ਅਤੇ ਨਸ਼ੇੜੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਦਾਅਵਾ ਕਰਦੇ ਹਨਜ਼ਮੀਨੀ ਪੱਧਰ ’ਤੇ 12673 ਪਿੰਡਾਂ ਅਤੇ ਅੰਦਾਜ਼ਨ 237 ਸ਼ਹਿਰਾਂ ਵਿੱਚ ਨਸ਼ਿਆਂ ਕਾਰਨ ਕਹਿਰ ਦੀ ਹਨੇਰੀ ਨੇ ਲੋਕਾਂ ਦੇ ਸਿਰਜੇ ਸੁਪਨੇ ਖੇਰੂੰ ਖੇਰੂੰ ਕਰ ਦਿੱਤੇ ਹਨ

ਲੋਕਰਾਜ ਵਿੱਚ ਹਰ ਇੱਕ ਨੂੰ ਜਮਹੂਰੀ ਹੱਕ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ ਹੋ ਰਹੀ ਬੇਇਨਸਾਫੀ ਲਈ ਅਤੇ ਦਰਪੇਸ਼ ਹੋਰ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਅਹਿੰਸਕ ਢੰਗ ਨਾਲ ਰੋਸ ਪ੍ਰਗਟਾਵਾ, ਪ੍ਰਦਰਸ਼ਨ, ਭੁੱਖ ਹੜਤਾਲ ਜਾਂ ਰੋਸ ਧਰਨੇ ਦੇ ਕੇ ਸਮੇਂ ਦੀ ਸਰਕਾਰ ਤਕ ਆਪਣੀ ਅਵਾਜ਼ ਪਹੁੰਚਾਉਣ ਦੇ ਹੀਲੇ ਕਰਨਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਸਰਕਾਰ ਦਾ ਮੁਢਲਾ ਫਰਜ਼ ਹੈ ਪਰ ਜੇਕਰ ਲੋਕਾਂ ਦੀ ਅਵਾਜ਼ ਜ਼ੋਰ ਜਬਰ ਨਾਲ ਜਾਂ ਪੁਲਸੀਆ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਜਮਹੂਰੀ ਹੱਕਾਂ ਉੱਤੇ ਡਾਕਾ ਮੰਨਿਆ ਜਾਵੇਗਾਇਸ ਸੰਬੰਧੀ ਵਿਦਵਾਨ ਸੋਲਨ ਲਿਖਦਾ ਹੈ, “ਉਹ ਸਰਕਾਰ ਚੰਗੀ ਮੰਨੀ ਜਾਵੇਗੀ ਜੋ ਛੋਟੇ ਤੋਂ ਛੋਟੇ ਮਨੁੱਖ ਨਾਲ ਹੋਈ ਵਧੀਕੀ ਨੂੰ ਵੀ ਸਭਨਾਂ ਦਾ ਅਪਮਾਨ ਮੰਨਦੀ ਹੋਵੇ।”

ਪਿਛਲੇ ਦਿਨੀਂ ਉੱਪਰੋਥਲੀ ਦੋ ਤਿੰਨ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨਾਲ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਬੁਰੀ ਤਰ੍ਹਾਂ ਘਾਣ ਹੋਇਆ ਅਤੇ ਲੋਕਾਂ ਵਿੱਚ ਰੋਸ ਅਤੇ ਵਿਦਰੋਹ ਦੀ ਭਾਵਨਾ ਵਧੀ ਹੈਦੋ ਸਤੰਬਰ 2026 ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸੁਨਾਮ ਲਾਗੇ ਪਿੰਡ ਸ਼ੇਰੋਂ ਵਿੱਚ ਲੋਕ ਮਿਲਣੀ ਕੀਤੀ ਗਈਦਰਅਸਲ ਲੋਕ ਮਿਲਣੀ ਦਾ ਮੁੱਖ ਮੰਤਵ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨੇੜਿਓਂ ਹੋ ਕੇ ਸੁਣਨਾ, ਇਲਾਕੇ ਦੇ ਵਿਕਾਸ ਲਈ ਵਿਚਾਰ ਚਰਚਾ ਕਰਨੀ ਅਤੇ ਸਰਕਾਰ ਦੇ ਕੀਤੇ ਉਸਾਰੂ ਕੰਮਾਂ ਦੀ ਜਾਣਕਾਰੀ ਸਾਂਝੀ ਕਰਨੀ ਹੁੰਦਾ ਹੈਪਰ ਸ਼ੇਰੋ ਪਿੰਡ ਵਿੱਚ ਸਭ ਕੁਝ ਇਸ ਤੋਂ ਉਲਟ ਹੋਇਆਲੋਕ ਮਿਲਣੀ ਤੋਂ ਇੱਕ ਦਿਨ ਪਹਿਲਾਂ ਪਿੰਡ ਪੁਲਿਸ ਛਾਉਣੀ ਵਿੱਚ ਬਦਲ ਗਿਆਇੱਕ ਵਕੀਲ ਸਮੇਤ ਪਿੰਡ ਦੇ ਕਈ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆਉਸ ਪਿੰਡ ਦੇ ਮੋਹਨਜੀਤ ਸਿੰਘ ਨਾਂ ਦੇ ਨੌਜਵਾਨ ਦੇ ਘਰ ਵੀ ਪੁਲਿਸ ਵਾਲਿਆਂ ਨੇ ਦਸਤਕ ਦਿੱਤੀਉਹ ਆਪ ਤਾਂ ਘਰ ਨਹੀਂ ਮਿਲਿਆ, ਉਨ੍ਹਾਂ ਦੇ ਘਰ ਵਾਲਿਆਂ ਨੂੰ ਸਖਤ ਚਿਤਾਵਣੀ ਦਿੱਤੀ ਗਈ ਕਿ ਉਹ ਲੋਕ ਮਿਲਣੀ ਵਾਲੇ ਪੰਡਾਲ ਵਿੱਚ ਦਾਖਲ ਨਾ ਹੋਵੇਪੰਡਾਲ ਵਿੱਚ ਦੂਰੋਂ ਦੂਰੋਂ ਬੱਸਾਂ ਵਿੱਚ ਔਰਤਾਂ ਅਤੇ ਮਰਦ ਲਿਆਂਦੇ ਗਏਪਿੰਡ ਦੇ ਉਹ ਵਿਅਕਤੀ ਪੁਣ-ਛਾਣ ਕਰਨ ਤੋਂ ਬਾਅਦ ਪੰਡਾਲ ਵਿੱਚ ਭੇਜੇ ਗਏ ਜਿਹੜੇ ਜਾਂ ਤਾਂ ਮੂਕ ਦਰਸ਼ਕ ਬਣ ਕੇ ਭਾਸ਼ਣ ਸੁਣਨ ਜਾਂ ਫਿਰ ਤਾੜੀਆਂ ਨਾਲ ਪੰਡਾਲ ਗੂੰਜਣ ਲਾ ਦੇਣ

ਉਸ ਪਿੰਡ ਦਾ ਮੋਹਨਜੀਤ ਸਿੰਘ ਨਾਂ ਦਾ ਵਿਅਕਤੀ 2013-14 ਵਿੱਚ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆ ਸੀਮਾਨਸਿਕ, ਸਰੀਰਕ ਅਤੇ ਆਰਥਿਕ ਤੌਰ ’ਤੇ ਖੁੰਘਲ ਹੋਣ ਉਪਰੰਤ ਉਹ ਅੰਮ੍ਰਿਤ ਛੱਕ ਕੇ ਮੁੱਖਧਾਰਾ ਵਿੱਚ ਆ ਗਿਆਨਸ਼ਾ ਕਰਨ ਸਮੇਂ ਉਸ ਉੱਤੇ ਕਈ ਕੇਸ ਵੀ ਬਣੇ, ਪਰ ਉਨ੍ਹਾਂ ਸਾਰੇ ਕੇਸਾਂ ਵਿੱਚ ਅਦਾਲਤ ਵੱਲੋਂ ਉਸ ਨੂੰ ਬਰੀ ਕਰ ਦਿੱਤਾ ਗਿਆਵਰਤਮਾਨ ਸਮੇਂ ਉਹ ਨਸ਼ਿਆਂ ਵਿਰੁੱਧ ਯੁੱਧਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਜਿੱਥੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦਾ ਯਤਨ ਕਰ ਰਿਹਾ ਹੈ, ਉੱਥੇ ਹੀ ਨਸ਼ੇੜੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਵੀ ਯਤਨਸ਼ੀਲ ਹੈਝਾੜੀਆਂ ਵਿੱਚ ਫਸੀਆਂ ਨਸ਼ੇੜੀਆਂ ਦੀਆਂ ਮ੍ਰਿਤਕ ਦੇਹਾਂ, ਉਜਾੜ ਥਾਂਵਾਂ ਜਾਂ ਸੜਕਾਂ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਨਸ਼ੇੜੀਆਂ ਦੀਆਂ ਵੀ.ਡੀ.ਓ. ਪਾ ਕੇ ਉਹ ਲੋਕਾਂ ਨੂੰ ਇਸ ਗੰਭੀਰ ਸਥਿਤੀ ਤੋਂ ਜਾਣੂ ਕਰਵਾਉਣ ਲਈ ਹਰ ਸੰਭਵ ਯਤਨ ਕਰਦਾ ਹੈਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਇੱਕ ਦਿਨ ਵਿੱਚ ਇਕੱਠੀਆਂ ਚਾਰ ਚਾਰ ਮੌਤਾਂ ਦੀਆਂ ਦਰਦਨਾਕ ਤਸਵੀਰਾਂ ਆਪਣੇ ਮੋਬਾਇਲ ’ਤੇ ਪਾਉਣ ਕਰਕੇ ਪੁਲਿਸ ਵਾਲੇ ਉਸ ’ਤੇ ਕਾਫੀ ਖਫਾ ਸਨਲੋਕ ਮਿਲਣੀ ਸਮੇਂ ਪੰਡਾਲ ਵਿੱਚ ਜਾਣ ’ਤੇ ਪਾਬੰਦੀ ਲੱਗੀ ਹੋਣ ਕਾਰਨ ਉਹ ਲੋਕ ਮਿਲਣੀ ਵਾਲੀ ਥਾਂ ਤੋਂ ਅੰਦਾਜ਼ਨ 200 ਮੀਟਰ ਦੀ ਦੂਰੀ ’ਤੇ ਆਪਣੇ ਇੱਕ ਸਾਥੀ ਨਾਲ ਚੁਬਾਰੇ ਵਿੱਚ ਚੜ੍ਹ ਗਿਆਉੱਥੋਂ ਪੰਡਾਲ ਵੱਲ ਮੂੰਹ ਕਰਕੇ ਕਾਲਾ ਕੱਪੜਾ ਲਹਿਰਾ ਕੇ ਨਸ਼ਿਆਂ ਦੀ ਮਾਰੂ ਸਥਿਤੀ ਸੰਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਦਾ ਮੋਹਨਜੀਤ ਨੇ ਯਤਨ ਕੀਤਾਉਸਦਾ ਕਾਲਾ ਕੱਪੜਾ ਲਹਿਰਾ ਕੇ ਨਸ਼ਿਆਂ ਸੰਬੰਧੀ ਸੋਗ ਦਾ ਪ੍ਰਗਟਾਵਾ ਕਰਨਾ ਭਲਾ ਪੁਲਿਸ ਵਾਲਿਆਂ ਨੂੰ ਕਿੰਜ ਰਾਸ ਆਉਂਦਾ? ਡੀ.ਐੱਸ.ਪੀ. ਦੀ ਅਗਵਾਈ ਵਿੱਚ ਸੱਤ ਅੱਠ ਪੁਲਿਸ ਕਰਮਚਾਰੀ ਚੁਬਾਰੇ ਵਿੱਚ ਜਾ ਚੜ੍ਹੇਉਸ ਨੂੰ ਅਤੇ ਉਸਦੇ ਸਾਥੀ ਨੂੰ ਕੁੱਟਮਾਰ ਕਰਦਿਆਂ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਲੈ ਗਈਉਸਦਾ ਪਿਤਾ ਅਤੇ ਪਿੰਡ ਦੇ ਹੋਰ ਪਤਵੰਤੇ ਲੋਕ ਦੇਰ ਰਾਤ ਤਕ ਵੱਖ-ਵੱਖ ਥਾਣਿਆਂ ਤੋਂ ਉਨ੍ਹਾਂ ਦਾ ਪਤਾ ਕਰਨ ਲਈ ਧੱਕੇ ਖਾਂਦੇ ਰਹੇ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਸੰਬੰਧੀ ਕੋਈ ਥਹੁ ਪਤਾ ਨਹੀਂ ਦੱਸਿਆਅਗਲੇ ਦਿਨ ਜਦੋਂ ਪੁਲਿਸ ਵਾਲੇ ਉਸਨੂੰ ਜ਼ਮਾਨਤ ਲਈ ਲੈ ਕੇ ਜਾ ਰਹੇ ਸਨ ਤਾਂ ਉਸਨੇ ਪੁਲਿਸ ਦੀ ਹਾਜ਼ਰੀ ਵਿੱਚ ਪ੍ਰਗਟਾਵਾ ਕੀਤਾ ਕਿ ਮੇਰੇ ਉੱਤੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ, ਚੱਢੇ ਪਾੜੇ ਗਏ, ਜ਼ਖਮ ਕਰਕੇ ਉਨ੍ਹਾਂ ’ਤੇ ਨਮਕ ਛਿੜਕਿਆ ਗਿਆ ਅਤੇ ਬਿਜਲੀ ਦੇ ਝਟਕੇ ਵੀ ਲਾਏ ਗਏਵੱਡੀ ਗੱਲ ਉਸਨੇ ਆਪਣੇ ਕਕਾਰਾਂ ਦੀ ਬੇਅਦਬੀ ਦਾ ਜ਼ਿਕਰ ਕਰਦਿਆਂ ਆਪਣੀ ਦਾਹੜੀ ਦੇ ਪੁੱਟੇ ਹੋਏ ਵਾਲ ਵੀ ਵਿਖਾਏਉਸ ਉੱਤੇ ਕੀਤੇ ਪੁਲਿਸ ਜਬਰ ਕਾਰਨ ਲੋਕ ਰੋਹ ਵਿੱਚ ਆ ਗਏਹਿਊਮਨ ਰਾਈਟਸ ਕਮਿਸ਼ਨ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਰਾਜਨੀਤਿਕ ਆਗੂ ਉਸਦੀ ਪਿੱਠ ’ਤੇ ਆ ਗਏਲੋਕਾਂ ਵਿੱਚ ਰੋਸ ਸੀ ਕਿ ਲੋਕ ਰਾਜ ਵਿੱਚ ਕਾਲਾ ਕੱਪੜਾ ਵਿਖਾ ਕੇ ਨਸ਼ਿਆਂ ਦੀ ਮਾਰੂ ਸਥਿਤੀ ਦਾ ਪ੍ਰਗਟਾਵਾ ਕਰਨਾ ਕਿਹੜੇ ਪੱਖ ਤੋਂ ਗੁਨਾਹ ਹੈ? ਹਜ਼ਾਰਾਂ ਹੀ ਨੌਜਵਾਨਾਂ, ਸਮਾਜ ਸੇਵੀਆਂ, ਰਾਜਨੀਤਿਕ ਸ਼ਖਸੀਅਤਾਂ ਅਤੇ ਜਾਗਰੂਕ ਔਰਤਾਂ ਨੇ 4 ਸਤੰਬਰ 2026 ਨੂੰ ਐੱਸ.ਐੱਸ. ਪੀ. ਦਫਤਰ ਅੱਗੇ ਰੋਸ ਧਰਨਾ ਦਿੱਤਾਹਜ਼ਾਰਾਂ ਹੀ ਕਾਲੀਆਂ ਪੱਗਾਂ ਅਤੇ ਕਾਲੀਆਂ ਚੁੰਨੀਆਂ ਸਰਕਾਰ ਨੂੰ ਸੁਨੇਹਾ ਦੇ ਰਹੀਆਂ ਸਨ ਕਿ ਇੱਕ ਕਾਲੇ ਕੱਪੜੇ ਨੂੰ ਰੋਕਣ ਦੀ ਥਾਂ ਹਜ਼ਾਰਾਂ ਕਾਲੇ ਕੱਪੜੇ ਨਸ਼ਿਆਂ ਵਿਰੁੱਧ ਵਿਦਰੋਹ ਕਰ ਰਹੇ ਹਨਮੋਹਨਜੀਤ ਰਜਿੰਦਰਾ ਹਸਪਤਾਲ ਵਿੱਚ ਮਾਰੂ ਸੱਟਾਂ ਦਾ ਇਲਾਜ ਕਰਵਾ ਰਿਹਾ ਹੈਲੋਕ-ਵਿਦਰੋਹ ਅੱਗੇ ਝੁਕਦਿਆਂ ਡੀ.ਐੱਸ.ਪੀ. ਅਤੇ ਸਬੰਧਤ ਦੂਜੇ ਪੁਲਿਸ ਕਰਮਚਾਰੀਆਂ ਦੀ ਬਦਲੀ ਕਰ ਦਿੱਤੀਪਰ ਲੋਕਾਂ ਦਾ ਰੋਹ ਹਾਲਾਂ ਮੱਠਾ ਨਹੀਂ ਹੋਇਆ

ਇਸ ਤੋਂ ਪਹਿਲਾਂ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਵੰਗਾਰਨ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਨੂੰ 15 ਜੁਲਾਈ 2025 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਪੰਜਾਬ ਭਰ ਦੇ ਲੋਕਾਂ ਵੱਲੋਂ ਕੀਤੇ ਵਿਦਰੋਹ ਕਾਰਨ ਉਸ ਨੂੰ ਪੁਲਿਸ ਦੇ ਕਬਜ਼ੇ ਵਿੱਚੋਂ ਛੁਡਾਇਆ ਗਿਆ ਸੀ

6 ਸਤੰਬਰ 2026 ਨੂੰ ਸੰਗਰੂਰ ਦੇ ਪਿੰਡ ਤੂਰ ਬੰਨਜਾਰਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏਇਲਾਕੇ ਦੇ ਘੜੰਮ ਚੌਧਰੀ ਉਸਦੇ ਅੱਗੇ ਪਿੱਛੇ ਫਿਰਦੇ ਸਨਦਲਿਤ ਪਰਿਵਾਰ ਨਾਲ ਸੰਬੰਧਤ ਅੰਦਾਜ਼ਨ 50 ਕੁ ਵਰ੍ਹਿਆਂ ਦਾ ਵਿਅਕਤੀ ਇਕੱਠ ਵਿੱਚੋਂ ਖੜ੍ਹਾ ਹੋਇਆਉਸਨੇ ਗੱਚ ਭਰ ਕੇ ਦੋਨੋਂ ਹੱਥ ਜੋੜਦਿਆਂ ਬੇਨਤੀ ਕੀਤੀ, “ਮੇਰਾ ਮੁੰਡਾ ਨਸ਼ਾ ਕਰਦਾ ਹੈ ਜੀਘਰ ਦਾ ਸਾਰਾ ਸਮਾਨ ਉਸਨੇ ਨਸ਼ਿਆਂ ਦੇ ਲੇਖੇ ਲਾ ਦਿੱਤੈਉਹਦਾ ਕਿਤੇ ਇਲਾਜ ਕਰਵਾ ਦਿਉਪਿੰਡ ਵਿੱਚ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਨੇ, ਨਸ਼ਾ ਪਿੰਡ ਵਿੱਚ ਆਮ ਵਿਕਦੈਕੋਈ ਬੰਨ੍ਹ ਸੁੱਬ ਕਰੋ।”

ਮੰਤਰੀ ਨੇ ਉਸ ਨੂੰ ਕੋਲ ਬੁਲਾ ਕੇ ਨਸ਼ਾ ਵੇਚਣ ਵਾਲਿਆਂ ਦੇ ਨਾਂ ਪੁੱਛੇਗੁਲਜ਼ਾਰ ਸਿੰਘ ਨਾਂ ਦੇ ਉਸ ਕਿਰਤੀ ਵਿਅਕਤੀ ਨੇ ਫਿਰ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦਾ ਸਭ ਨੂੰ ਪਤਾ ਹੈਮੰਤਰੀ ਨੇ ਨਸ਼ਾ ਵੇਚਣ ਵਾਲਿਆਂ ਅਤੇ ਨਸ਼ੇੜੀ ਮੁੰਡੇ ਦੇ ਇਲਾਜ ਸੰਬੰਧੀ ਅਧਿਕਾਰੀਆਂ ਨੂੰ ਕੋਈ ਆਦੇਸ਼ ਨਹੀਂ ਦਿੱਤੇਮੰਤਰੀ ਦੇ ਜਾਣ ਬਾਅਦ ਪ੍ਰਬੰਧਕ ਗੁਲਜ਼ਾਰ ਸਿੰਘ ’ਤੇ ਔਖੇ ਹੋ ਗਏ ਅਤੇ ਉਸਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਤੂੰ ਚਲਦੇ ਪ੍ਰੋਗਰਾਮ ਵਿੱਚ ਵਿਘਨ ਪਾਇਆ ਹੈ ਅਤੇ ਮੰਤਰੀ ਨੂੰ ਵੀ ਨਰਾਜ਼ ਕੀਤਾ ਹੈਲੇਡੀ ਸਰਪੰਚ ਦੇ ਪਤੀ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਕਿ ਸਾਰੀ ਪੰਚਾਇਤ ਦੇ ਸਾਹਮਣੇ ਮੁਆਫੀ ਮੰਗ, ਨਹੀਂ ਫਿਰ ਗੰਭੀਰ ਨਤੀਜਿਆਂ ਲਈ ਤਿਆਰ ਰਹਿ ਗੁਲਜ਼ਾਰ ਸਿੰਘ ਦੀ ਲਾਹ ਪਾਹ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਗਿਆਗੁਲਜ਼ਾਰ ਸਿੰਘ ਇੱਕ ਪਾਸੇ ਨਸ਼ੇੜੀ ਪੁੱਤ ਕਰਕੇ ਅੰਤਾਂ ਦਾ ਦੁਖੀ ਅਤੇ ਦੂਜੇ ਪਾਸੇ ਆਪਣਾ ਦੁੱਖ ਮੰਤਰੀ ਕੋਲ ਦੱਸਣ ਕਰਕੇ ਜ਼ਲਾਲਤ ਦਾ ਸਾਹਮਣਾ ਕਰਨ ਨਾਲ ਉਹ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਿਆਮਾਨਸਿਕ ਤੌਰ ’ਤੇ ਅੰਤਾਂ ਦਾ ਦੁਖੀ ਹੋਣ ਕਰਕੇ ਉਸਨੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈਇਹ ਦੁਖਦਾਈ ਘਟਨਾ ਸਮੁੱਚੇ ਪੰਜਾਬ ਵਿੱਚ ਫੈਲ ਗਈਲੋਕ ਗੰਭੀਰ ਹੋ ਕੇ ਪੁੱਛ ਰਹੇ ਹਨ ਕਿ ਕੀ ਨਸ਼ੇ ਸਬੰਧੀ ਬੋਲਣਾ ਗੁਨਾਹ ਹੈ? ਨਸ਼ੇੜੀ ਪੁੱਤ ਸੰਬੰਧੀ ਆਪਣਾ ਦੁੱਖ ਮੰਤਰੀ ਨੂੰ ਦੱਸਣ ਦੀ ਸਜ਼ਾ ਮੌਤ ਹੈ? ਜੇ ਪੀੜਿਤ ਨੇ ਆਪਣਾ ਦੁੱਖ ਦੱਸਿਆ ਸੀ ਤਾਂ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਮੰਤਰੀ ਵਜੋਂ ਕੀ ਕਾਰਵਾਈ ਕੀਤੀ? ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਅਵਾਜ਼ ਬੁਲੰਦ ਕਰ ਰਹੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author