“ਸਾਡੇ ਮੁੰਡਿਆਂ ਦਾ ਵੱਡਾ ਹਿੱਸਾ ... ਹੁਣ ਮੁੰਡੀਹਰ ਵਿੱਚ ਬਦਲ ਗਿਆ ਹੈ ... ਮੁੰਡੀਹਰ, ਜਿਨ੍ਹਾਂ ਨੇ ਨੈਤਿਕ ਕਦਰਾਂ-ਕੀਮਤਾਂ ਨੂੰ ...”
(2 ਜੁਲਾਈ 2022)
ਮਹਿਮਾਨ: 31.
1. ਮੁੰਡੀਹਰ
ਕਦੇ ਸਾਡੇ ਪਿੰਡ ਦੇ ਮੁੰਡਿਆਂ ਨੂੰ
ਗੱਭਰੂ, ਚੋਬਰ, ਦਰਸ਼ਨੀ ਜਵਾਨ
ਜਾਂ ਫਿਰ ਬਾਂਕਾ, ਛੈਲ-ਛਬੀਲਾ ਕਿਹਾ ਜਾਂਦਾ ਸੀ।
ਉਹ ਜਿਹੜੇ ਪਾਸੇ ਵੀ ਜਾਂਦੇ ਸਨ,
ਜਿੱਤ ਉਨ੍ਹਾਂ ਦੇ ਪੈਰ ਚੁੰਮਦੀ ਸੀ।
ਵੱਡਿਆਂ ਦੈ ਪੈਰੀਂ ਹੱਥ,
ਬਰਾਬਰ ਦੇ ਹਾਣੀਆਂ ਨੂੰ ਗੱਲਵਕੜੀ
ਅਤੇ ਛੋਟੇ ਬੱਚਿਆਂ ਨੂੰ ਗੋਦੀ ਵਿੱਚ ਲੈ ਕੇ ਦੁਲਾਰਨਾ
ਉਨ੍ਹਾਂ ਦਾ ਨਿੱਤ ਨੇਮ ਸੀ।
ਮਾਂ-ਬਾਪ ਦੇ ਸਰਵਣ ਪੁੱਤ ਸਨ ਉਹ!
ਖੇਤਾਂ ਦੀ ਮਿੱਟੀ ਨੂੰ ਜ਼ਰਖੇਜ਼ ਕਰਨਾ
ਅਤੇ ਫਸਲ ਬੀਜਣ ਤੋਂ ਵੱਢਣ ਤਕ
ਉਨ੍ਹਾਂ ਦਾ ਖੇਤ ਹੀ ਘਰ ਬਣ ਜਾਂਦਾ ਸੀ।
ਕਿਰਤ ਦਾ ਸੰਕਲਪ
ਉਨ੍ਹਾਂ ਦੇ ਅੰਗ-ਸੰਗ ਸੀ।
ਮੋਹ, ਅਪਣੱਤ, ਸਤਿਕਾਰ, ਰਿਸ਼ਤਿਆਂ ਦੀ
ਲਾਜ ਰੱਖਣ ਦੀ ਜਾਚ ਉਨ੍ਹਾਂ ਦੇ ਅੰਗ-ਸੰਗ ਸੀ।
ਸਰਵਣ ਪੁੱਤਾਂ ਵਾਲੀਆਂ ਬਹਿੰਗੀਆਂ ਵੀ
ਉਨ੍ਹਾਂ ਦੇ ਹੱਥਾਂ ਦਾ ਸਿੰਗਾਰ ਸਨ।
ਸਾਂਝੇ ਚੁੱਲ੍ਹੇ ਦੀ ਮੱਠੀ-ਮੱਠੀ ਅੱਗ ’ਤੇ
ਮਾਂ ਦੀਆਂ ਪੱਕੀਆਂ ਰੋਟੀਆਂ ਅਤੇ ਕਾੜ੍ਹਨੀ ਦਾ ਦੁੱਧ
ਜ਼ਿੰਦਗੀ ਵਿੱਚ ਮੁਹੱਬਤੀ ਰੰਗ ਭਰ ਦਿੰਦਾ ਸੀ।
ਪਰ ਹੁਣ ਸਮੇਂ ਨੇ ਕਰਵਟ ਬਦਲੀ ਹੈ।
ਸਾਡੇ ਮੁੰਡਿਆਂ ਦਾ ਵੱਡਾ ਹਿੱਸਾ
ਹੁਣ ਮੁੰਡੀਹਰ ਵਿੱਚ ਬਦਲ ਗਿਆ ਹੈ।
ਮੁੰਡੀਹਰ, ਜਿਨ੍ਹਾਂ ਨੇ ਨੈਤਿਕ ਕਦਰਾਂ-ਕੀਮਤਾਂ ਨੂੰ
ਤਿਲਾਂਜਲੀ ਦੇ ਦਿੱਤੀ ਹੈ
ਅਤੇ ਸਰਵਣ ਪੁੱਤਾਂ ਦੀਆਂ ਬਹਿੰਗੀਆਂ ਵੀ
ਹੁਣ ਉਦਾਸ ਨੇ, ਬਹੁਤ ਹੀ ਉਦਾਸ!
ਬਾਪ ਨੂੰ ਚੌਰਾ, ਬੁੱਢਾ ਖੁੰਢ, ਕੁੱਤਾ, ਕਮੀਨਾ, ਲੰਡਰ,
ਅਤੇ ਮਾਂ ਨੂੰ ਕੁੱਤੀ, ਕਮੀਨੀ, ਫਫੇਕੁੱਟਣੀ
ਜਿਹੇ ਕੋਝੇ ਵਿਸ਼ੇਸ਼ਣਾਂ ਅਤੇ ਤਿਜ਼ਾਬੀ ਬੋਲਾਂ ਨਾਲ
ਮਾਂ-ਪਿਓ ਦਾ ਕਾਲਜਾ ਛਲਨੀ ਕਰ ਦਿੰਦੇ ਨੇ।
ਕਿਰਤ ਦਾ ਸੰਕਲਪ
ਮੁੰਡੀਹਰ ਤੋਂ ਕੋਹਾਂ ਦੂਰ ਹੈ।
ਉਦਾਸ ਖੇਤ ਪਰਵਾਸੀ ਮਜ਼ਦੂਰਾਂ ਦੇ ਹਵਾਲੇ ਨੇ।
ਬਾਪ ਵੱਲੋਂ ਉਸਾਰੇ ਮੋਟਰ ਵਾਲੇ ਕਮਰੇ ਵਿੱਚ
ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲ੍ਹਦੇ ਨੇ।
ਚਿੱਟੇ ਨਾਲ ਭਰੀਆਂ ਢਾਈ-ਤਿੰਨ ਇੰਚ ਦੀਆਂ
ਸਰਿੰਜਾਂ ਨਾਲ ਬਾਹਾਂ ਵਿੰਨ੍ਹੀਆਂ ਜਾਂਦੀਆਂ ਨੇ।
ਅਤੇ ਇਹ ਸਭ ਕੁਝ ਕਰਕੇ
ਮੁੰਡੀਹਰ ਵਹਿਸ਼ੀ ਹਾਸਾ ਹੱਸਦੀ ਹੈ।
ਸਾਂਝੀਵਾਲਤਾ, ਸਦ ਭਾਵਨਾ ਅਤੇ
ਭਾਈਚਾਰਕ ਤੰਦਾਂ ਦੀ ਤਾਣੀ ਉਲਝ ਗਈ ਹੈ।
ਨਸ਼ਿਆਂ ਕਾਰਨ ਕਮਲੀ ਬੌਲ਼ੀ ਹੋਈ ਮੁੰਡੀਹਰ
ਹੁਣ ਪਹਾੜਾਂ ਨਾਲ ਟੱਕਰ ਨਹੀਂ ਲੈਂਦੀ,
ਸਗੋਂ ਕੰਧਾਂ ਨਾਲ ਟੱਕਰਾਂ ਮਾਰਦੀ ਹੈ।
ਮਾਂ-ਬਾਪ ਦੇ ਚਿਹਰਿਆਂ ਦੀਆਂ ਝੁਰੜੀਆਂ,
ਘੋਰ ਉਦਾਸੀ, ਡਿਗੂੰ-ਡਿਗੂੰ ਕਰਦੇ ਅੱਥਰੂ
ਅਤੇ ਅੰਦਰੋਂ ਪੈ ਰਹੇ ਹੌਲਾਂ ਨੂੰ
ਮੁੰਡੀਹਰ ਟਿੱਚ ਸਮਝਦੀ ਹੈ।
**
2.
ਪਰਵਾਸੀ ਦੋਸਤ ਨੂੰ ਸੁਨੇਹਾ
ਹਾੜ੍ਹਾ! ਮੇਰੇ ਦੋਸਤ
ਤੂੰ ਇੱਥੇ ਹੁਣ ਨਾ ਆਵੀਂ।
ਤਿੰਨ ਦਹਾਕੇ ਪਹਿਲਾਂ
ਤੂੰ ਰੰਗਲੇ ਪੰਜਾਬ ਦਾ ਜਿਹੜਾ ਮੌਸਮ ਵੇਖਿਆ ਸੀ
ਉਹ ਹੁਣ ਖੁਦਕੁਸ਼ੀ ਕਰ ਗਿਆ ਹੈ।
ਬਜ਼ੁਰਗਾਂ ਦੇ ਚਿਹਰਿਆਂ ਦੀਆਂ ਝੁਰੜੀਆਂ
ਜ਼ਰਬ ਹੋ ਕੇ ਹੁਣ ਤਾਂ ਇੰਜ ਲਗਦਾ ਹੈ
ਜਿਵੇਂ ਝੁਰੜੀਆਂ ਨੇ ਚਿਹਰੇ ’ਤੇ ਛਾਉਣੀ ਪਾ ਲਈ ਹੋਵੇ।
ਕਰਜ਼ੇ ਦੀ ਪੰਡ ਨੇ ਉਨ੍ਹਾਂ ਦਾ ਕੁੱਬ ਕੱਢ ਦਿੱਤਾ ਹੈ।
ਨਿਰੰਤਰ ਮਾਰੂ ਸੋਚਾਂ
ਉਨ੍ਹਾਂ ਦੇ ਮਨ ’ਤੇ ਦਸਤਕ ਦੇ ਕੇ
ਅੰਤਾਂ ਦਾ ਪਰੇਸ਼ਾਨ ਕਰਦੀਆਂ ਨੇ।
ਧੀ-ਧਿਆਣੀਆਂ ਲਈ ਵੀ
ਹੁਣ ਇਹ ਥਾਂ ਸੁਰੱਖਿਅਤ ਨਹੀਂ।
ਧੀਆਂ ਨੂੰ ਬਾਹਰ ਭੇਜਣ ਵੇਲੇ
ਜਿੱਥੇ ਮਾਂ-ਬਾਪ ਕਾਲਜੇ ’ਤੇ ਹੱਥ ਰੱਖ ਕੇ
ਉਨ੍ਹਾਂ ਦੇ ਸੁਰੱਖਿਅਤ ਵਾਪਸ ਆਉਣ ਦੀ
ਦੁਆ ਕਰਦੇ ਨੇ, ਉੱਥੇ ਹੀ
ਧੀਆਂ ਆਪਣਾ ਪਰਸ ਅਤੇ ਮੋਬਾਇਲ
ਸਾਂਭਣ ਦੇ ਨਾਲ ਨਾਲ
ਅਜਨਬੀਆਂ ਦੇ ਲਾਗੇ ਆਉਣ ’ਤੇ
ਥਰ-ਥਰ ਕੰਬ ਜਾਂਦੀਆਂ ਨੇ।
“ਕੀ ਪਤਾ … … ... ...।”
ਡਰ ਨਾਲ ਡੰਗ ਮਾਰਦੀਆਂ ਸੋਚਾਂ
ਉਨ੍ਹਾਂ ਨੂੰ ਧੁਰ ਅੰਦਰ ਤਕ
ਹਿਲਾ ਦਿੰਦੀਆਂ ਨੇ।
ਆਬਰੂ ਦੀ ਸੁਰੱਖਿਆ, ਲੁੱਟ-ਖੋਹ
ਅਤੇ ਭੱਦੇ ਸ਼ਬਦਾਂ ਦੇ ਅਗਨਬਾਣਾਂ ਦਾ ਭੈਅ
ਉਨ੍ਹਾਂ ਦੇ ਅੰਗ-ਸੰਗ ਰਹਿੰਦਾ ਹੈ।
ਕਈ ਵਾਰ ਤਾਂ ਮਾਸੂਮ ਕੁੜੀ ਦੀਆਂ ਚੀਖ਼ਾਂ
ਵਹਿਸ਼ੀ ਹਾਸੇ ਹੇਠ ਹੀ ਦਫ਼ਨ ਹੋ ਜਾਂਦੀਆਂ ਨੇ।
ਇੱਥੇ ਤਾਂ ਧੀ ਦੇ ਸਾਹਮਣੇ ਬਾਬਲ ਦੇ ਹੋਏ
ਦਿਨ ਦਿਹਾੜੇ ਕਤਲ ’ਤੇ ਵੀ
ਡਰਾਉਣੀ ਸੁੰਨ ਵਰਤ ਜਾਂਦੀ ਹੈ
ਅਤੇ ਕੋਈ ਡਰਦਾ ਜ਼ਬਾਨ ਵੀ ਨਹੀਂ ਖੋਲ੍ਹਦਾ।
ਕਾਨੂੰਨ ਸਬੂਤ ਮੰਗਦਾ ਹੈ।
ਬੱਸ, ਸਬੂਤਾਂ ਦੀ ਘਾਟ ਕਾਰਨ
ਸੰਗੀਨ ਜੁਰਮ ’ਤੇ ਵੀ ਪੜਦਾ ਪੈ ਜਾਂਦਾ ਹੈ
ਅਤੇ ਦੋਸ਼ੀ ਦਨਦਨਾਉਂਦੇ
ਖੁੱਲ੍ਹੀ ਜੀਪ ਵਿੱਚ ਬਿਨਾਂ ਖੌਫ ਤੋਂ
ਬੱਕਰੇ ਬੁਲਾਉਂਦੇ ਹੋਏ
ਇਨਸਾਫ ਪਸੰਦ ਲੋਕਾਂ ਦਾ
ਮਖੌਲ ਉਡਾਉਂਦੇ ਹਨ।
ਭਲਾ ਜਵਾਨੀ ਬਾਰੇ ਹੋਰ ਕੀ ਦੱਸਾਂ?
ਅੱਧੀ ਤੋਂ ਜ਼ਿਆਦਾ ਤਾਂ
ਨਸ਼ਿਆਂ ਦੇ ਦਰਿਆ ਵਿੱਚ ਗੋਤੇ ਲਾ ਰਹੀ ਹੈ।
ਨਸ਼ਿਆਂ ਦੇ ਮਾਰੂ ਅਸਰ ਕਾਰਨ
ਸਿਵਿਆਂ ਵੱਲ ਜਾਂਦੀ ਭੀੜ ਵਿੱਚ
ਨਿਰੰਤਰ ਵਾਧਾ ਹੋ ਰਿਹਾ ਹੈ
ਅਤੇ ਸਿਵਿਆਂ ਦੀ ਅੱਗ ਹਰ ਰੋਜ਼
ਕਿੰਨੇ ਹੀ ਨਸ਼ਈ ਨੌਜਵਾਨਾਂ ਦੀਆਂ
ਲਾਸ਼ਾਂ ਨੂੰ ਰਾਖ ਵਿੱਚ ਬਦਲ ਰਹੀ ਹੈ।
ਮਾਰੂ ਦੁਖਾਂਤ ਹੈ
ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ
ਬਾਪ ਮੋਢਾ ਦੇ ਰਹੇ ਹਨ।
ਨਸ਼ਿਆਂ ਦੀ ਪੂਰਤੀ ਲਈ
ਚੇਨ ਝੱਪਟਮਾਰੀ, ਲੁੱਟ-ਖੋਹ, ਕਤਲੇਆਮ
ਆਮ ਜਿਹੀ ਗੱਲ ਹੋ ਗਈ ਹੈ।
ਜੁਰਮਾਂ ਕਾਰਨ ਥਾਣਿਆਂ ਵਿੱਚ
ਰੋਜ਼ਨਾਮਚਾ ਹਰ ਰੋਜ਼ ਭਰਿਆ ਜਾ ਰਿਹਾ ਹੈ।
ਜੇਲ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ
ਅਧਖੜ੍ਹ ਉਮਰ ਦੇ ਹਵਾਲਾਤੀਆਂ ਨਾਲੋਂ
ਕਿਤੇ ਜ਼ਿਆਦਾ ਹੈ।
ਹਾਂ, ਇੱਥੇ ਫੁੱਟਪਾਥਾਂ, ਕੁੱਲੀਆਂ ਜਾਂ ਫਿਰ
ਟੱਪਰੀਵਾਸਾਂ ਨੂੰ ਵਿਦੇਸ਼ੀ ਰਾਜਨੀਤਿਕ
ਲੋਕਾਂ ਦੀ ਨਜ਼ਰ ਤੋਂ ਛੁਪਾਉਣ ਲਈ
ਓਹਲਿਆਂ ਦਾ ਇੰਜ ਹੀ ਸਹਾਰਾ ਲਿਆ ਜਾਂਦਾ ਹੈ
ਜਿਵੇਂ ਫਟੀ ਪੁਰਾਣੀ ਰਜਾਈ ’ਤੇ
ਸ਼ਨੀਲ ਦਾ ਗਿਲਾਫ਼ ਚੜ੍ਹਾਇਆ ਹੋਵੇ।
ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਦਾ ਮੋਹ
ਪੰਜਾਬ ਤੋਂ ਭੰਗ ਹੋ ਗਿਆ ਹੈ ਅਤੇ ਉਹ
ਆਪਣੀ ਜਨਮ ਭੂਮੀ ਨੂੰ ਬੇਦਾਵਾ ਕਹਿ ਕੇ
ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ।
ਉਨ੍ਹਾਂ ਨੂੰ ਇੱਥੇ ਨਾਲੋਂ ਵਿਦੇਸ਼ਾਂ ਵਿੱਚ
ਆਪਣੀ ਜਾਨ ਅਤੇ ਭਵਿੱਖ ਦੋਨੋਂ ਹੀ
ਸੁਰੱਖਿਅਤ ਜਾਪਦੇ ਨੇ।
ਪੜ੍ਹੇ-ਲਿਖੇ ਬੇਰੁਜ਼ਗਾਰ ਮੁੰਡੇ-ਕੁੜੀਆਂ
ਤਪਦੀ ਸੜਕ ’ਤੇ ਸਰਕਾਰ ਖਿਲਾਫ਼
ਰੋਸ ਧਰਨੇ ਦੇਣ ਲੱਗਿਆਂ
ਪੁਲਿਸ ਦੀਆਂ ਲਾਠੀਆਂ ਜਾਂ
ਲੀਡਰਾਂ ਦੀਆਂ ਧਮਕੀਆਂ ਤੋਂ
ਬਿਲਕੁਲ ਨਹੀਂ ਡਰਦੇ।
ਉਹ ਤਾਂ ਵਿਚਾਰੇ ਰੋਸ ਧਰਨਿਆਂ ਦੇ ਨਾਲ ਨਾਲ
ਪਾਣੀ ਦੀਆਂ ਟੈਂਕੀਆਂ ਉੱਪਰ
ਭੁੱਖ ਹੜਤਾਲ ’ਤੇ ਬੈਠੇ ਹਨ।
ਕਈ ਵਿਆਹੀਆਂ ਵਰੀਆਂ ਕੁੜੀਆਂ
ਆਪਣੇ ਸੁਹਾਗ ਲਈ ਕਰੂਏ ਦਾ ਰੱਖਿਆ ਵਰਤ ਵੀ
ਟੈਂਕੀ ’ਤੇ ਹੀ ਚੰਦਰਮਾ ਨੂੰ ਅਰਗ ਦੇ ਕੇ
ਵਰਤ ਖੋਲ੍ਹ ਰਹੀਆਂ ਨੇ।
ਮੇਰੇ ਦੋਸਤ! ਜੇ ਤੂੰ ਵਿਦੇਸ਼ੀ ਧਰਤੀ ਤੋਂ
ਆਪਣੀ ਜਨਮ ਭੂਮੀ ’ਤੇ ਆਉਣਾ ਹੀ ਹੈ
ਫਿਰ ਐਵੇਂ ਭਾਰੀ ਸੋਨੇ ਦੀ ਚੇਨੀ,
ਮੁੰਦਰੀਆਂ, ਕੜਾ ਜਾਂ ਤੜਕ-ਭੜਕ
ਵਾਲੀਆਂ ਚੀਜ਼ਾਂ ਦਾ ਵਿਖਾਵਾ ਨਾ ਕਰੀਂ।
ਨਹੀਂ ਤਾਂ ਪਤਾ ਨਹੀਂ ਕਦੋਂ
ਖੁੰਬਾਂ ਵਾਂਗ ਉੱਗ ਰਹੇ ਗੈਂਗਸਟਰਾਂ ਦਾ
ਮੋਟੀ ਰਕਮ ਦੀ ਫਿਰੌਤੀ ਲਈ
ਮੋਬਾਇਲ ਜਾਂ ਧਮਕੀ ਭਰਿਆ ਖ਼ਤ
ਤੇਰੇ ਹਿੱਸੇ ਵੀ ਆ ਸਕਦਾ ਹੈ।
ਉਂਜ, ਚੰਗਾ ਹੈ ਤੂੰ ਨਾ ਹੀ ਆਵੇਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3661)
(ਸਰੋਕਾਰ ਨਾਲ ਸੰਪਰਕ ਲਈ: