MohanSharma7ਮੈਂ ਮੰਨਦਾਂ, ਮੇਰਾ ਪੁੱਤ ਨਸ਼ੇ ਦੀ ਓਵਰਡੋਜ਼ ਨਾਲ ਮਰਿਐ। ਪਰ ਇਹਦੇ ਕੋਲ ਨਸ਼ਾ ਆਇਆ ਕਿੱਥੋਂ? ...
(8 ਜੁਲਾਈ 2020)

 

ਪਿਛਲੇ ਦਿਨੀਂ ਵਾਪਰੀਆਂ ਕੁਝ ਹਿਰਦੇਵੇਧਕ ਘਟਨਾਵਾਂ ਨੇ ਮਨੁੱਖੀ ਹਿਰਦਿਆਂ ਨੂੰ ਵਲੂੰਧਰਿਆ ਹੈ। ਪੰਜਾਬ ਵਿੱਚ ਰਿਉੜੀਆਂ ਦੀ ਤਰ੍ਹਾਂ ਗਲੀ ਗਲੀ ਵਿੱਚ ਵਿਕਦੇ ਨਸ਼ਿਆਂ ਨੇ ਰਾਜ ਸਤਾ ਭੋਗ ਰਹੇ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦਾ ਇਹ ਦਾਅਵਾ- “ਪੰਜਾਬ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤ ਹੈ” ਨੂੰ ਬੁਰੀ ਤਰ੍ਹਾਂ ਝੁਠਲਾਇਆ ਹੈ। ਚਿੰਤਾ ਅਤੇ ਚਿੰਤਨ ਕਰਦਿਆਂ ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਇਸ ਵੇਲੇ ਕਿਸਾਨਾਂ ਦੀਆਂ ਫਸਲਾਂ ’ਤੇ ਹੀ ਨਹੀਂ ਸਗੋਂ ਪੰਜਾਬ ਦੀਆਂ ਨਸਲਾਂ ’ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਜੇਕਰ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਦੈਂਤ ਨਿਗਲ ਜਾਵੇਗਾ। ਬੇਰਾਂ ਵਾਂਗ ਵਿਕ ਰਹੇ ਨਸ਼ਿਆਂ ਕਾਰਨ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਬੇਬਸ ਅਤੇ ਖੂਨ ਦੇ ਅੱਥਰੂ ਕੇਰਦੇ ਮਾਪੇ ਮੋਢਾ ਦੇ ਰਹੇ ਹਨ। ਵਿਹੜਿਆਂ ਵਿੱਚ ਵਿਛੇ ਸੱਥਰਾਂ ’ਤੇ ਸਵਾਲ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਨੇ ਘਰਾਂ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ, ਬਰਕਤ ਗੁੰਮ ਹੋ ਗਈ ਹੈ।

ਲੋਕ ਹੁਣ ਸਿਆਸੀ ਆਗੂਆਂ ਨੂੰ ਮਿਹਣਾ ਮਾਰਦਿਆਂ ਸਿਵਾ ਬਾਲਣ ਲਈ ਲੱਕੜਾਂ ਦੀ ਮੰਗ ਕਰ ਰਹੇ ਹਨ। ਪੀੜਤ ਔਰਤਾਂ ਨੇ ਉਨ੍ਹਾਂ ਲਈ ਚਿੱਟੀਆਂ ਚੁੰਨੀਆਂ ਭੇਜਣ ਦੀ ਮੰਗ ਕੀਤੀ ਹੈ। ਕਦੇ ਕਦਾਈਂ ਪਿੰਡ ਵਿੱਚ ਗੇੜਾ ਮਾਰਦੇ ਸਿਆਸੀ ਆਗੂ ਹਾਲਾਂ ਵੀ ਵਿਕਾਸ ਦੀ ਝੜੀ ਲਾਉਣ ਦੇ ਦਾਅਵਿਆਂ ’ਤੇ ਜੋਰ ਲਾ ਰਹੇ ਹਨ। ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਵਿਕਾਸ ਨਿਰਾ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ, ਦਰਵਾਜ਼ੇ ਉਸਾਰਨੇ, ਧਰਮਸ਼ਾਲਾਂ ਉਸਾਰਨੀਆਂ, ਸਕੂਲਾਂ ਦੇ ਕਮਰੇ ਉਸਾਰਨੇ ਜਾਂ ਫਿਰ ਫਿਰਨੀਆਂ ਪੱਕੀਆਂ ਕਰਨੀਆਂ ਨਹੀਂ ਹੈ, ਸਗੋਂ ਗੰਭੀਰ ਹੋ ਕੇ ਇਹ ਸੋਚਣ ਲੋੜ ਦੀ ਹੈ ਕਿ ਇਹ ਸਹੂਲਤਾਂ ਪ੍ਰਾਪਤ ਕਰਨ ਵਾਲੇ ਹੀ ਜੇਕਰ ਨਾ ਰਹੇ, ਫਿਰ ਭਲਾ ਇਹੋ ਜਿਹੇ ਵਿਕਾਸ ਦਾ ਕੀ ਅਰਥ ਰਹਿ ਜਾਂਦਾ ਹੈ?

28 ਜੂਨ ਨੂੰ ਬਰਨਾਲੇ ਜ਼ਿਲ੍ਹੇ ਦੇ ਮਹਿਲ ਕਲਾਂ ਨਾਲ ਸਬੰਧਤ 26 ਸਾਲਾਂ ਦਾ ਨੌਜਵਾਨ, ਜੋ ਗਾਇਕੀ ਦੇ ਖੇਤਰ ਵਿੱਚ ਵੀ ਸਥਾਪਤੀ ਲਈ ਯਤਨਸ਼ੀਲ ਸੀ, ਬੇਹੋਸ਼ੀ ਦੀ ਹਾਲਤ ਵਿੱਚ ਘਰ ਦੇ ਵਿਹੜੇ ਵਿੱਚ ਗਿਰ ਗਿਆ। ਬਾਂਹ ਵਿੱਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਹ ਆਪਣੀ ਬਾਂਹ ਦੀ ਨਾੜ ਵਿੱਚੋਂ ਬਾਹਰ ਨਹੀਂ ਕੱਢ ਸਕਿਆ ਅਤੇ ਦਮ ਤੋੜ ਗਿਆ। ਉਸਦੇ ਪਿਤਾ ਨੇ ਆਪਣੇ ਪੁੱਤ ਦੀ ਲਾਸ਼ ’ਤੇ ਅੱਥਰੂ ਕੇਰਦਿਆਂ ਦੱਸਿਆ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਉਹ ਅੰਦਾਜ਼ਨ ਡੇਢ ਕਰੋੜ ਦਾ ਚਿੱਟਾ ਪੀ ਕੇ ਜਿੱਥੇ ਘਰ ਦੀ ਆਰਥਿਕ ਸਥਿਤੀ ਡਾਵਾਂ ਡੋਲ ਕਰ ਗਿਆ, ਉੱਥੇ ਹੀ ਆਪ ਵੀ ਸਿਵਿਆਂ ਦੇ ਰਾਹ ਤੁਰ ਗਿਆ। ਦੋ ਸਾਲ ਪਹਿਲਾਂ ਇਸਦਾ ਵਿਆਹ ਕੀਤਾ, ਪਰ ਨਸ਼ਈ ਪਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਤਨੀ ਪੇਕੀਂ ਚਲੀ ਗਈ ਅਤੇ ਵਾਪਸ ਨਹੀਂ ਆਈ। ਬਾਪ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਸ਼ਰੇਆਮ ਵਿਕ ਰਹੇ ਨਸ਼ਿਆਂ ਸਬੰਧੀ ਉਹ ਪਿੰਡ ਵਿੱਚ ਹੀ ਸਥਾਪਿਤ ਪੁਲਿਸ ਚੌਂਕੀ ਵਿੱਚ ਜਾ ਕੇ ਸੂਚਿਤ ਕਰਦਾ ਰਿਹਾ ਹੈ, ਨਸ਼ੇ ਦੇ ਸੁਦਾਗਰਾਂ ਨੂੰ ਕਾਬੂ ਕਰਨ ਲਈ ਦੁਹਾਈਆਂ ਪਾਉਂਦਾ ਰਿਹਾ ਹੈ, ਪਰ ਪੁਲਿਸ ਨੇ ਅਮਲੀਆਂ ਨੂੰ ਫੜਨ ’ਤੇ ਤਾਂ ਸਾਰਾ ਜੋਰ ਲਾ ਦਿੱਤਾ, ਪਰ ਤਸਕਰਾਂ ਵੱਲ ਪਿੱਠ ਕਰਕੇ ਰੱਖੀ। ਉਹ ਹਟਕੋਰੇ ਭਰਦਿਆਂ ਆਖ ਰਿਹਾ ਸੀ, “ਆਹ ਵੇਖ ਲਉ, ਨਸ਼ਿਆਂ ਕਾਰਨ ਇਕਲੌਤਾ ਪੁੱਤ ਵੀ ਗਿਆ, ਮੈਂ ਅਤੇ ਮੇਰੀ ਪਤਨੀ ਦੋਨੋਂ ਹੀ ਸਰਕਾਰੀ ਸੇਵਾ ਤੋਂ ਮੁਕਤ ਹੋਏ ਹਾਂ। ਦੋਨਾਂ ਪਤੀ ਪਤਨੀ ਦੀ ਕਮਾਈ ਨਸ਼ਿਆਂ ਦੇ ਲੇਖੇ ਲੱਗਦੀ ਰਹੀ ਹੈ। ... ਇਸ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਤਾਂ ਕੋਈ ਟਾਵਾਂ ਟਾਵਾਂ ਹੀ ਮਰਦੈ, ਪਰ ਜਿਸ ਘਰ ਵਿੱਚ ਨਸ਼ਾ ਵੜ ਗਿਆ ਉਸ ਘਰ ਦਾ ਝੁੱਗਾ ਚੌੜ ਹੋਣ ਦੇ ਨਾਲ ਨਾਲ ਨਸ਼ਈ ਵੀ ਛੇਤੀ ਹੀ ਮਰ ਜਾਂਦੈ। ਪਿੱਛੋਂ ਮਾਂ ਬਾਪ ਨਾ ਜਿਉਂਦਿਆਂ ਵਿੱਚ ਹੁੰਦੇ ਨੇ, ਨਾ ਮੋਇਆਂ ਵਿੱਚ। ਇਸ ਪਿੰਡ ਦੇ ਨਾਲ ਨਾਲ ਗਵਾਂਢੀ ਪਿੰਡਾਂ ਦੇ ਬਹੁਤ ਸਾਰੇ ਜਵਾਨ ਮੁੰਡੇ ਨਸ਼ਿਆਂ ਨੇ ਨਿਗਲ ਲਏ ਨੇ। ਇਸ ਤਰ੍ਹਾਂ ਲੋਕਾਂ ਦੀ ਗਰੀਬੀ ਤਾਂ ਨੀ ਮੁਕਣੀ, ਪਰ ਗਰੀਬ ਜਰੂਰ ਮੁੱਕ ਜਾਣਗੇ।”

ਏਵੇਂ ਹੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਵਿੱਚ 24 ਜੂਨ ਨੂੰ ਨਸ਼ਾ ਤਸਕਰਾਂ ਦੇ ਘਰ ਵਿੱਚ ਇੱਕੋ ਸਮੇਂ ਵਿਛੇ ਪੰਜ ਸੱਥਰ ਵੀ ਅਖਬਾਰਾਂ ਦੀ ਸੁਰਖੀ ਬਣੇ ਹਨ। ਘਰ ਦੇ ਹੀ ਨੌਜਵਾਨ ਲੜਕੇ ਨੇ ਆਪਣੇ ਪਿਤਾ, ਭਰਾ, ਦੋ ਭਰਜਾਈਆਂ, ਇੱਕ ਡਰਾਈਵਰ ਨੂੰ ਨਸ਼ਿਆਂ ਦੀ ਅੰਨ੍ਹੀ ਕਮਾਈ ਵਿੱਚੋਂ ਆਪਣਾ ਬਣਦਾ ਹਿੱਸਾ ਨਾ ਮਿਲਣ ’ਤੇ ਮੌਤ ਦੇ ਘਾਟ ਉਤਾਰ ਦਿੱਤਾ। ਘਰ ਦਾ ਮੁਖੀ ਆਪਣੇ ਬਚਾਉ ਲਈ ਭੱਜਣ ਦੀ ਸਥਿਤੀ ਵਿੱਚ ਵੀ ਨਹੀਂ ਸੀ। ਬਿਮਾਰੀ ਕਾਰਨ ਉਸ ਦੇ ਪੈਰ ਗਲ ਗਏ ਸਨ। ਇਸ ਤੋਂ ਪਹਿਲਾਂ ਘਰ ਦੇ ਮੁਖੀ ਦੀ ਪਤਨੀ ਨਸ਼ਿਆਂ ਦੀ ਤਸਕਰੀ ਕਾਰਨ ਜੇਲ੍ਹ ਵਿੱਚ ਸਜ਼ਾ ਭੁਗਤਦਿਆਂ ਮਰ ਚੁੱਕੀ ਸੀ ਦੋ ਪੁੱਤਰ ਨਸ਼ਿਆਂ ਦੇ ਧੰਦੇ ਕਾਰਨ ਜੇਲ਼੍ਹ ਕੱਟ ਰਹੇ ਹਨ ਅਤੇ ਧੀ ’ਤੇ ਵੀ ਨਸ਼ਾ ਤਸਕਰੀ ਦਾ ਕੇਸ ਚੱਲ ਰਿਹਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਤਸਕਰੀ ਦਾ ਕਾਲਾ ਧੰਦਾ ਕਰਨ ਵਾਲੇ ਇਸ ਪਰਿਵਾਰ ਨੇ ਕੈਰੋਂ ਪਿੰਡ ਦੇ ਨਾਲ ਨਾਲ ਇਲਾਕੇ ਭਰ ਦੇ ਨੌਜਵਾਨਾਂ ਨੂੰ ਖੁੰਘਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਹੋ ਜਿਹੀ ਮਾਰੂ ਵਾਰਦਾਤ ਅਜਿਹਾ ਅਰਥ ਭਰਪੂਰ ਸੁਨੇਹਾ ਵੀ ਦਿੰਦੀ ਹੈ ਕਿ ਨਸ਼ੇ ਦੇ ਤਸਕਰ ਇਹ ਨਾ ਸੋਚਣ ਕਿ ਅਜਿਹੀ ਅੰਨ੍ਹੀ ਕਮਾਈ ਨਾਲ ਵਿਆਹ ਦਾ ਜੋੜਾ ਖਰੀਦਿਆ ਜਾ ਸਕਦਾ ਹੈ, ਸਗੋਂ ਇਹ ਵੀ ਸੋਚਣ ਕਿ ਅਜਿਹੀ ਕਮਾਈ ਨਾਲ ਕਫ਼ਨ ਵੀ ਖਰੀਦਣਾ ਪੈ ਸਕਦਾ ਹੈ। ਹੋਰਾਂ ਦਾ ਘਰ ਉਜਾੜਨ ਵਾਲੇ ਆਪ ਵੀ ਅੱਗਾਂ ਦੀਆਂ ਲਪਟਾਂ ਦਾ ਸ਼ਿਕਾਰ ਹੋ ਸਕਦੇ ਹਨ।

ਇਸੇ ਤਰ੍ਹਾਂ ਹੀ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਦਿਨ ਦਿਹਾੜੇ ਇੱਕ ਨੌਜਵਾਨ ਦੀ ਲਾਸ਼ ਕਾਰ ਵਿੱਚੋਂ ਮਿਲੀ ਸੀ। ਪੁਲਿਸ ਨੇ ਪ੍ਰਗਟਾਵਾ ਕੀਤਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਡਾਵਾਂਡੋਲ ਸਥਿਤੀ ਵਿੱਚ ਲਾਗੇ ਖੜ੍ਹਾ ਬਾਪ ਥਾਣੇਦਾਰ ਨੂੰ ਮੁਖਾਤਿਬ ਹੋ ਕੇ ਅੰਤਾਂ ਦੀ ਗਮਗ਼ੀਨ ਆਵਾਜ਼ ਵਿੱਚ ਕਹਿ ਰਿਹਾ ਸੀ, “ਮੈਂ ਮੰਨਦਾਂ, ਮੇਰਾ ਪੁੱਤ ਨਸ਼ੇ ਦੀ ਓਵਰਡੋਜ਼ ਨਾਲ ਮਰਿਐ। ਪਰ ਇਹਦੇ ਕੋਲ ਨਸ਼ਾ ਆਇਆ ਕਿੱਥੋਂ? ਤੁਸੀਂ ਤਾਂ ਹਰ ਰੋਜ਼ ਆਪਣੀ ਪਿੱਠ ਆਪ ਹੀ ਥਪਥਪਾਕੇ ਕਹਿੰਦੇ ਹੋਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਹੈ। ਫਿਰ ਇਹ ... ?” ਉਸ ਵਿਚਾਰੇ ਦਾ ਸਵਾਲ ਹਵਾ ਵਿੱਚ ਹੀ ਗਵਾਚ ਗਿਆ ਅਤੇ ਪੁਲਿਸ ਅਧਿਕਾਰੀ ਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ।

ਅਜਿਹੀ ਮਾਰੂ ਅਤੇ ਦੁਖਾਂਤਮਈ ਸਥਿਤੀ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਹੁਣ ਰਾਜਸੀ ਲੋਕਾਂ ਦੇ ਦਿਲ ਲੁਭਾਊ ਵਾਅਦਿਆਂ ਅਤੇ ਦਾਵਿਆਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ। ਲੋਕਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਕਿ ਵਰਤਮਾਨ ਸਿਆਸਤ ਵਿੱਚ ਨਿੱਜੀ, ਵਪਾਰਿਕ ਅਤੇ ਰਾਜਸੀ ਹਿੱਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲੋਕਾਂ ਦੇ ਅੱਥਰੂ, ਪੀੜ ਅਤੇ ਜੀਵਨ ਲੋੜਾਂ ਦਾ ਖਿਆਲ ਚੋਣਾਂ ਤੋਂ ਸਿਰਫ ਦੋ ਕੁ ਮਹੀਨੇ ਪਹਿਲਾਂ ਖੁਦਗਰਜ਼ੀ ਦੀ ਭਾਵਨਾ ਨੂੰ ਮੁੱਖ ਰੱਖਕੇ ਕੀਤਾ ਜਾਂਦਾ ਹੈ। ਆਮ ਲੋਕ ਅਸੁਰੱਖਿਆ ਦੀ ਭਾਵਨਾ ਅਧੀਨ ਡੰਗ ਟਪਾਈ ਕਰ ਰਹੇ ਹਨ। ਪੰਜਾਬ ਵਿੱਚ ਕੋਈ ਵੀ ਖਿੱਤਾ ਜਾਂ ਜ਼ਿਲ੍ਹਾ ਅਜਿਹਾ ਨਹੀਂ ਜਿੱਥੇ ਕਤਲ, ਗੁੰਡਾਗਰਦੀ, ਲੁੱਟਾਂ ਖੋਹਾਂ, ਚੋਰੀਆਂ, ਬਲਾਤਕਾਰ ਦੀਆਂ ਵਾਰਦਾਤਾਂ ਨਹੀਂ ਹੋ ਰਹੀਆਂ। ਅਜਿਹੀਆਂ ਵਾਰਦਾਤਾਂ ਦਾ ਦਿਨ ਦਿਹਾੜੇ ਵਾਪਰਨਾ ਕੋਈ ਸ਼ੁਭ ਸੰਕੇਤ ਨਹੀਂ ਹੈ।

ਤਾਲਾਬੰਦੀ ਅਤੇ ਕਰਫਿਊ ਦੇ ਦਰਮਿਆਨ ਜਿੱਥੇ ਦੁਕਾਨਾਂ, ਸ਼ਾਪਿੰਗ ਮਾਲਜ਼, ਅਤੇ ਸ਼ਰਾਬ ਦੇ ਠੇਕੇ ਬੰਦ ਰਹੇ, ਉੱਥੇ ਹੀ ਰਾਜਪੁਰਾ ਇਲਾਕੇ ਦੇ ਸ਼ੰਭੂ ਬੈਰੀਅਰ ਲਾਗੇ ਇੱਕ ਪਿੰਡ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ ਵਿੱਚੋਂ 2680 ਪੇਟੀਆਂ ਸ਼ਰਾਬ ਦੀਆਂ ਫੜੀਆਂ ਜਾਣੀਆਂ ਅਤੇ ਫਿਰ ਖੰਨਾ ਲਾਗੇ ਸ਼ਰਾਬ ਦੀ ਜਾਅਲੀ ਫੈਕਟਰੀ ਵਿੱਚੋਂ 22 ਹਜ਼ਾਰ ਅੰਗ੍ਰੇਜੀ ਸ਼ਰਾਬ ਦੀਆਂ ਪੇਟੀਆਂ ਦੇ ਫੜੇ ਜਾਣ ਨਾਲ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਵੱਲ ਉਂਗਲ ਉੱਠਦੀ ਹੈ। ਇਹ ਸ਼ਰਾਬ ਦੀਆਂ ਪੇਟੀਆਂ ਸ਼ਰਾਬ ਦੇ ਠੇਕੇ ਬੰਦ ਹੋਣ ਕਾਰਨ ‘ਲੋਕਾਂ ਦੀ ਸੇਵਾ’ ਵਿੱਚ ਵੰਡੀਆਂ ਜਾਣੀਆਂ ਸਨ ਅਤੇ ਚਰਚਾ ਹੈ ਕਿ ਇਸ ਤੋਂ ਪਹਿਲਾਂ 405 ਕਰੋੜ ਦੀ ਸ਼ਰਾਬ ਵੰਡੀ ਵੀ ਗਈ ਸੀ। ਹੈਰਾਨੀ ਇਸ ਗੱਲ ਦੀ ਹੈ 8-9 ਸ਼ਰਾਬ ਦੀਆਂ ਬੋਤਲਾਂ ਦੀ ਬਰਾਮਦਗੀ ਵਾਲੇ ਅਦਾਲਤਾਂ ਵਿੱਚ ਪੇਸ਼ੀਆਂ ਭੁਗਤ ਰਹੇ ਹਨ, ਪਰ ਟਰੱਕਾਂ ਦੇ ਟਰੱਕ ਨਜ਼ਾਇਜ਼ ਸ਼ਰਾਬ ਵੰਡਣ ਵਾਲੇ ਦਨਦਨਾਉਂਦੇ ਫਿਰਦੇ ਹਨ। ਹੋਰ ਤਾਂ ਹੋਰ ਲੋਕ ਰਾਜ ਦੀ ਮੁੱਢਲੀ ਇਕਾਈ ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਨ ਸਬੰਧੀ ਪਾਏ ਮਤੇ ਵੀ ਆਬਕਾਰੀ ਵਿਭਾਗ ਵਲੋਂ ਇਸ ਅਧਾਰ ’ਤੇ ਦਰਕਿਨਾਰ ਕੀਤੇ ਗਏ ਕਿ ਸਬੰਧਤ ਪਿੰਡ ਵਿੱਚ ਕਿਸੇ ਕੋਲੋਂ ਪੰਜ-ਛੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਸਨ ਅਤੇ ਇਸ ਅਧਾਰ ’ਤੇ ‘ਨਜ਼ਾਇਜ਼ ਸ਼ਰਾਬ’ ਦੀ ਵਿਕਰੀ ਕਾਰਨ ਪੰਚਾਇਤ ਦੋਸ਼ੀ ਹੈ। ਪੰਚਾਇਤਾਂ ਦਾ ਸਰਕਾਰ ਨੂੰ ਇਹ ਪ੍ਰਸ਼ਨ ਕਿ ਟਰੱਕਾਂ ਦੇ ਟਰੱਕ ਨਜਾਇਜ਼ ਸ਼ਰਾਬ ਵੇਚਣ ਵਾਲੇ ਦੁੱਧ ਧੋਤੇ ਹਨ ਅਤੇ ਸਾਰੇ ਪਿੰਡ ਵਿੱਚ ਇੱਕ ਦੋ ਵਿਅਕਤੀਆਂ ਕੋਲ ਪੰਜ-ਚਾਰ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜਨ ਨਾਲ ਸਾਰਾ ਪਿੰਡ ਦੋਸ਼ੀ ਕਿਵੇਂ ਬਣ ਗਿਆ? ਇਸ ਸਬੰਧ ਵਿੱਚ ਕੁਝ ਸਰਪੰਚ ਹਾਈ ਕੋਰਟ ਦੀ ਸ਼ਰਨ ਵਿੱਚ ਵੀ ਗਏ ਹਨ।

ਬਿਨਾਂ ਸ਼ੱਕ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਬੇਰੁਜ਼ਗਾਰੀ, ਗੁਰਬਤ, ਕਿਰਸਾਨੀ ਸੰਕਟ, ਨਸ਼ੇ ਜਿਹੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਕਈ ਜਨਤਕ ਅੰਦੋਲਨ ਵੀ ਸਾਹਮਣੇ ਆਏ ਪਰ ਪੈਸੇ ਅਤੇ ਸਤਾ ਦੇ ਗਠਜੋੜ ਨੇ ਇਨ੍ਹਾਂ ਅੰਦੋਲਨਾਂ ਨੂੰ ਜਨਤਕ ਅੰਦੋਲਨ ਨਹੀਂ ਬਣਨ ਦਿੱਤਾ। ਪੈਸਾ ਇਕੱਠਾ ਕਰਨ ਦੀ ਦੌੜ ਵਿੱਚ ਨੈਤਿਕਤਾ, ਸਮਾਜਿਕ ਸਰੋਕਾਰ, ਧਰਮ ਦਰਸ਼ਨ ਅਤੇ ਸਭਿਆਚਾਰ ਵੀ ਦਾਅ ’ਤੇ ਲੱਗਿਆ ਹੋਇਆ ਹੈ। ਭਲਾ ਜਦ ਮਾਲੀ ਹੀ ਦਗਾਬਾਜ਼ ਹੋ ਜਾਣ, ਦਰਬਾਨਾਂ ਦੀ ਅੱਖਾਂ ਚੋਰਾਂ ਨਾਲ ਰਲ ਜਾਣ, ਫਿਰ ਆਰਥਿਕ, ਮਾਨਸਿਕ, ਸਰੀਰਕ ਅਤੇ ਬੌਧਿਕ ਕੰਗਾਲੀ ਨੂੰ ਕਿੰਜ ਰੋਕਿਆ ਜਾ ਸਕਦਾ ਹੈ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2241)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author