MohanSharma8ਫਿਰ ਉਸ ਔਰਤ ਨੇ ਲੇਡੀ ਪੁਲਿਸ ਮੁਲਾਜ਼ਮ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਤੇਰੀ ਪੈਸੇ ਲੈਂਦੀ ਦੀ ਵੀਡੀਓ ...
(22 ਮਈ 2025)


ਪੰਜਾਬ ਸਰਕਾਰ ਨੇ ਇੱਕ ਅਪਰੈਲ
2025 ਤੋਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ ਹੈ। ਆਗੂਆਂ ਦੇ ਭਾਸ਼ਣ, ਰੈਲੀਆਂ, ਪੰਚਾਂ–ਸਰਪੰਚਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਨਸ਼ਾ ਰੋਕਣ ਅਤੇ ਨਸ਼ਾ ਨਾ ਕਰਨ ਦੀਆਂ ਸਹੁੰਆਂ ਵੀ ਖਵਾਈਆਂ ਜਾ ਰਹੀਆਂ ਹਨ। ਤਸਕਰਾਂ ਦੀ ਫੜੋਫੜੀ ਦੇ ਨਾਲ ਨਾਲ ਕਈ ਥਾਂਵਾਂ ’ਤੇ ਤਸਕਰਾਂ ਦੇ ਘਰ ਬੁੱਲਡੋਜ਼ਰ ਦੀ ਮਾਰ ਹੇਠ ਵੀ ਆਏ ਹਨ। ਪੰਜਾਬ ਦੀਆਂ 26 ਜੇਲ੍ਹਾਂ ਵੀ ਨਸ਼ੇ ਦੇ ਤਸਕਰਾਂ ਅਤੇ ਹੋਰ ਗੁਨਾਹਗਾਰਾਂ ਨਾਲ ਨੱਕੋ ਨੱਕ ਭਰੀਆਂ ਹੋਈਆਂ ਹਨ। ਇੱਕ ਪਾਸੇ ਤਾਂ ਇਸ ਤਰ੍ਹਾਂ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਹੈ ਪਰ ਦੂਜੇ ਪਾਸੇ ਨਸ਼ੇ ਦੀ ਮਾਰ ਕਾਰਨ ਪਿੰਡਾਂ ਦੇ ਸੋਗੀ ਵਿਹੜਿਆਂ ਵਿੱਚ ਸੱਥਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਔਸਤ ਚਾਰ ਹੈ। ਬਹੁਤ ਸਾਰੀਆਂ ਮੌਤਾਂ ਵੱਖ ਵੱਖ ਕਾਰਨਾਂ ਕਰਕੇ ਗਿਣਤੀ ਵਿੱਚ ਨਹੀਂ ਆਉਂਦੀਆਂ। ਅਜੇ ਤਕ ਨਾ ਮਾਵਾਂ ਦੇ ਵੈਣ ਰੁਕੇ ਹਨ ਅਤੇ ਨਾ ਹੀ ਭੈਣਾਂ ਦੇ ਆਪ ਮੁਹਾਰੇ ਵਹਿੰਦੇ ਖੂਨ ਦੇ ਹੰਝੂ। ਬਾਪ ਦੇ ਚਿਹਰੇ ਤੇ ਪਸਰਿਆ ਸੋਗੀ ਸੰਨ੍ਹਾਟਾ ਵਰਤਮਾਨ ਅਤੇ ਭਵਿੱਖ ਦੀ ਸੋਗੀ ਤਸਵੀਰ ਪੇਸ਼ ਕਰਦਾ ਹੈ। ਕਈ ਥਾਂਵਾਂ ’ਤੇ ਤਾਂ ਭੈਣਾਂ ਨੇ ਆਪਣੇ ਕੁਆਰੇ ਭਰਾ ਦੇ ਚਿਹਰੇ ਤੇ ਸਿਹਰਾ ਬੰਨ੍ਹ ਕੇ ਭੁੱਬਾਂ ਮਾਰਦਿਆਂ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ।

ਚਿੱਟੇ ਦੀ ਮਾਰ ਦੇ ਨਾਲ ਨਾਲ ਮਜੀਠਾ ਇਲਾਕੇ ਦੇ ਪਿੰਡ ਭੰਗਾਲੀ ਕਲਾਂ, ਕੱਥੂ ਨੰਗਲ, ਮਰਾੜੀ ਕਲਾਂ, ਥਰੀਏ ਵਾਲਾ, ਗਾਲੇਵਾਲ ਕੁਲੀਆਂ ਵਿੱਚ 28 ਅਭਾਗੇ ਕਾਮੇ ਅਤੇ ਮਜ਼ਦੂਰਾਂ ਦਾ ਜ਼ਹਿਰੀਲੀ ਸ਼ਰਾਬ ਨੇ ਸਾਹ ਸੂਤ ਲਿਆ। ਇਨ੍ਹਾਂ ਕਹਿਰ ਦੀਆਂ ਮੌਤਾਂ ਨੇ ਨਸ਼ਿਆਂ ਵਿਰੁੱਧ ਯੁੱਧ ਦੇ ਬਾਣਾਂ ਨੂੰ ਖੁੰਢਾ ਕਰ ਦਿੱਤਾ ਹੈ। ਨਸ਼ੇ ਦੇ ਤਸਕਰਾਂ, ਪੁਲਿਸ ਵਿਭਾਗ ਦੇ ਕਰਮਚਾਰੀ, ਐਕਸਾਈਜ਼ ਵਿਭਾਗ ਦੇ ਅਧਿਕਾਰੀ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਸੰਬੰਧੀ ਉਸ ਇਲਾਕੇ ਦੇ ਲੋਕ ਦੁਹਾਈ ਪਾ ਰਹੇ ਹਨ। ਪੰਜਾਬ ਦੇ ਹੋਰਾਂ ਥਾਂਵਾਂ ਤੋਂ ਨਸ਼ੇ ਦੇ ਸੁਦਾਗਰਾਂ ਦੀ ਪੁਲਿਸ ਅਤੇ ਸਿਆਸੀ ਆਗੂਆਂ ਨਾਲ ਗੱਠਜੋੜ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸੰਗਰੂਰ ਜੇਲ੍ਹ ਦਾ ਡੀ.ਐੱਸ.ਪੀ. (ਸੁਰੱਖਿਆ) ਦੋ ਦਿਨ ਪਹਿਲਾਂ ਨਸ਼ਾ ਸਪਲਾਈ ਕਰਦਾ ਰੰਗੇ ਹੱਥੀਂ ਫੜਿਆ ਗਿਆ। ਦਰਅਸਲ ਜਦੋਂ ਮਾਲੀ ਦਗਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ ਅਤੇ ਜਦੋਂ ਦਰਬਾਨ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਮਾਲਕ ਦੀ ਜਾਨ ਅਤੇ ਮਾਲ ਨੂੰ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। ਨਸ਼ਾ ਮੁਕਤ ਸਮਾਜ ਸਿਰਜਣ ਲਈ ਇਸ ਤਰ੍ਹਾਂ ਦੇ ਯਤਨ ਹੋ ਰਹੇ ਹਨ ਕਿ ਛੱਤ ਚੋਅ ਰਹੀ ਹੈ ਅਤੇ ਫਰਸ਼ ਸਾਫ ਕੀਤਾ ਜਾ ਰਿਹਾ ਹੈ। ਬੂਟਾ ਸੁੱਕ ਰਿਹਾ ਹੈ ਅਤੇ ਸਪਰੇਅ ਫਰਸ਼ ’ਤੇ ਕੀਤਾ ਜਾ ਰਿਹਾ ਹੈ। ਫਟੀ ਹੋਈ ਰਜਾਈ ਉੱਤੇ ਸੁਨੀਲ ਦਾ ਗਿਲਾਫ਼ ਚੜ੍ਹਾਕੇ ਬੁੱਤਾ ਸਾਰਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਿਛਲੇ ਦਿਨੀਂ ਪੁਲਿਸ ਪਾਰਟੀ ਨੇ ਇੱਕ ਤਸਕਰ ਔਰਤ ਦੇ ਘਰ ਛਾਪਾ ਮਾਰਿਆ। ਪੁਲਿਸ ਪਾਰਟੀ ਵਿੱਚ ਦੋ ਲੇਡੀ ਪੁਲਿਸ ਕਰਮਚਾਰੀ ਵੀ ਸ਼ਾਮਲ ਸਨ। ਰੋਅਬ ਨਾਲ ਬੂਹਾ ਖੜਕਾਉਣ ’ਤੇ ਔਰਤ ਨੇ ਬੂਹਾ ਖੋਲਿਆ। ਪਾਰਟੀ ਦੇ ਪੁਲਿਸ ਮੁਖੀ ਨੇ ਗੁੱਸੇ ਨਾਲ ਸੰਬੋਧਨ ਹੁੰਦਿਆਂ ਕਿਹਾ, “ਤੈਨੂੰ ਕਿੰਨੀ ਵਾਰ ਵਾਰਨਿੰਗ ਦੇ ਕੇ ਛੱਡਿਐ, ਪਰ ਤੂੰ ਨਸ਼ਾ ਵੇਚਣੋ ਨਹੀਂ ਹਟੀ। ਚੱਲ ਸਾਡੇ ਨਾਲ ਥਾਣੇ, ਤੇਰੀ ਕੱਢਦੇ ਆਂ ਸਾਰੀ ਮੜ੍ਹਕ। ਇਉਂ ਨਹੀਂ ਤੂੰ ਨਸ਼ਾ ਵੇਚਣੋ ਹਟਣਾ।”

ਔਰਤ ਨੇ ਸਹਿਜ ਮਤੇ ਨਾਲ ਜਵਾਬ ਦਿੱਤਾ, “ਮੈਨੂੰ ਥਾਣੇ ਜਾਣ ਵਿੱਚ ਕੋਈ ਇਤਰਾਜ਼ ਨਹੀਂ।”

ਫਿਰ ਉਸ ਔਰਤ ਨੇ ਨਾਲ ਆਈਆਂ ਦੋ ਲੇਡੀ ਮੁਲਾਜ਼ਮਾਂ ਵਿੱਚੋਂ ਇੱਕ ਵੱਲ ਇਸ਼ਾਰਾ ਕਰਦਿਆਂ ਕਿਹਾ, “ਮੇਰੇ ਨਾਲ ਆਪਣੀ ਇਸ ਪੁਲਿਸ ਮੁਲਾਜ਼ਮ ਨੂੰ ਵੀ ਅੰਦਰ ਕਰੋ। ਇਹ ਮੇਰੇ ਕੋਲੋਂ ਹਰ ਮਹੀਨੇ ਸੱਤ ਹਜ਼ਾਰ ਰੁਪਏ ਲੈ ਕੇ ਜਾਂਦੀ ਹੈ।”

ਲੇਡੀ ਪੁਲਿਸ ਮੁਲਾਜ਼ਮ ਨੇ ਉਡੇ ਜਿਹੇ ਮੂੰਹ ਨਾਲ ਜਦੋਂ ਨਾਂਹ ਨੁੱਕਰ ਕੀਤੀ ਤਾਂ ਉਸਨੇ ਦ੍ਰਿੜ੍ਹ ਵਿਸ਼ਵਾਸ ਨਾਲ ਕਿਹਾ, “ਮੈਂ ਆਪਣੇ ਪੁੱਤ ਨੂੰ ਨਾਲ ਲੈਕੇ ਧਾਰਮਿਕ ਅਸਥਾਨ ’ਤੇ ਜਾਕੇ ਇਹ ਗੱਲ ਕਹਿਣ ਨੂੰ ਤਿਆਰ ਹਾਂ। ਪਰ ਨਾਲ ਇਹ ਵੀ ਧਾਰਮਿਕ ਅਸਥਾਨ ’ਤੇ ਜਾ ਕੇ ਕਹਿ ਦੇਵੇ ਕਿ ਮੈਂ ਸੱਤ ਹਜ਼ਾਰ ਹਰ ਮਹੀਨੇ ਨਹੀਂ ਵਸੂਲੇ।”

ਕੁਝ ਪਲ ਦੀ ਖਾਮੋਸ਼ੀ ਤੋਂ ਬਾਅਦ ਤਸਕਰ ਔਰਤ ਨੇ ਫਿਰ ਕਿਹਾ, “ਮੈਂ ਕਈ ਵਾਰ ਨਸ਼ਾ ਨਾ ਵੇਚਣ ਦਾ ਫੈਸਲਾ ਕੀਤਾ ਪਰ ਇਹ ਅੜਕੇ ਮੇਰੇ ਕੋਲੋਂ ਮਹੀਨਾ ਵਸੂਲਦੀ ਰਹੀ। ਮੈਨੂੰ ਕਾਲਾ ਧੰਦਾ ਕਰਨ ਲਈ ਇਹ ਮੁਲਾਜ਼ਮ ਮਜਬੂਰ ਕਰਦੀ ਰਹੀ।”

ਨਾਲ ਆਏ ਅਧਿਕਾਰੀ ਅਤੇ ਦੂਜੇ ਪੁਲਿਸ ਕਰਮਚਾਰੀਆਂ ਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ। ਉਹਨੇ ਫਿਰ ਦ੍ਰਿੜ੍ਹਤਾ ਨਾਲ ਕਿਹਾ, “ਇਹ ਸਿਰਫ ਮੈਂਥੋਂ ਹੀ ਉਗਰਾਹੀ ਨਹੀਂ ਕਰਦੀ, ਸਗੋਂ 15-20 ਹੋਰ ਥਾਂਵਾਂ ਤੋਂ ਵੀ ਉਗਰਾਹੀ ਕਰਦੀ ਹੈ। ਇਹਦਾ ਬੈਂਕ ਖਾਤਾ ਦੇਖੋ, ਇਹਨੇ ਆਪਣੀ ਤਨਖਾਹ ਕਦੇ ਨਹੀਂ ਕਢਵਾਈ। ਬੱਸ, ਸਾਡੇ ਵਰਗਿਆਂ ਕੋਲੋਂ ਉਗਰਾਹੀ ਕਰਕੇ ਐਸ਼ ਕਰਦੀ ਹੈ।”

ਫਿਰ ਉਸ ਔਰਤ ਨੇ ਲੇਡੀ ਪੁਲਿਸ ਮੁਲਾਜ਼ਮ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਤੇਰੀ ਪੈਸੇ ਲੈਂਦੀ ਦੀ ਵੀਡੀਓ ਵੀ ਮੇਰੇ ਕੋਲ ਹੈ। ਜੇ ਕਹੇ ਤਾਂ ਹੁਣੇ ਵਿਖਾਵਾਂ?” ਪਿੰਡ ਦੇ ਲੋਕਾਂ ਦਾ ਉੱਥੇ ਇਕੱਠ ਹੋ ਗਿਆ ਸੀ। ਲੋਕਾਂ ਨੇ ਵੀ ਹਾਮੀ ਭਰੀ ਕਿ ਇਹ ਲੇਡੀ ਪੁਲਿਸ ਮੁਲਾਜ਼ਮ ਗਾਹੇ-ਬਗਾਹੇ ਇਹਦੇ ਕੋਲ ਆਉਂਦੀ ਰਹੀ ਹੈ।

ਲੋਕਾਂ ਦੇ ਇਕੱਠ ਵਿੱਚੋਂ ਹੀ ਇੱਕ ਵਿਅਕਤੀ ਨੇ ਗੱਲ ਸੁਣਾਈ, “ਕੱਲ੍ਹ ਮੈਂ ਸ਼ਹਿਰ ਗਿਆ ਸੀ। ਪੁਲਿਸ ਕਰਮਚਾਰੀਆਂ ਨੇ ਵਿਦਿਆਰਥੀਆਂ ਨੂੰ ਨਾਲ ਲੈਕੇ ਸ਼ਹਿਰ ਵਿੱਚ ਰੈਲੀ ਕੱਢੀ ਸੀ। ਥੋਡੀ ਇਹ ਪੁਲਿਸ ਮੁਲਾਜ਼ਮ ਸਭ ਤੋਂ ਮੂਹਰਲੀ ਕਤਾਰ ਵਿੱਚ ਬੜੇ ਜੋਸ਼ ਨਾਲ ਨਾਅਰਾ ਲਾ ਰਹੀ ਸੀ, “ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ, ਨਸ਼ਈ ਕਿਸੇ ਨੂੰ ਕਹਿਣ ਨਹੀਂ ਦੇਣਾ।”

ਲੋਕਾਂ ਦੇ ਚਿਹਰਿਆਂ ’ਤੇ ਵਿਅੰਗਮਈ ਮੁਸਕਰਾਹਟ ਆ ਗਈ। ਗੱਲ ਨੂੰ ਵਿਗੜਦੀ ਦੇਖਕੇ ਪੁਲਿਸ ਪਾਰਟੀ ਦੇ ਮੁਖੀ ਨੇ ਆਪਣਾ ਮੋਬਾਇਲ ਨੰਬਰ ਤਸਕਰ ਔਰਤ ਨੂੰ ਦਿੰਦਿਆਂ ਕਿਹਾ, “ਤੇਰੇ ਕੋਲੋਂ ਜੇ ਕੋਈ ਉਗਰਾਹੀ ਲੈਣ ਆਵੇ ਤਾਂ ਮੈਨੂੰ ਤੁਰੰਤ ਇਸ ਫੋਨ ਨੰਬਰ ’ਤੇ ਦੱਸੀਂ। ਪਰ ਤੂੰ ਅੱਗੇ ਤੋਂ ਨਸ਼ਾ ਨਹੀਂ ਵੇਚਣਾ।”

ਤਸਕਰ ਔਰਤ ਨੇ ਭਰੇ ਇਕੱਠ ਵਿੱਚ ਇਹ ਕਹਿਕੇ ਵਾਅਦਾ ਕੀਤਾ, “ਠੀਕ ਐ ਜੀ, ਜੇ ਕੋਈ ਪੁਲਿਸ ਵਾਲਾ ਮੇਰੇ ਕੋਲੋਂ ਪੈਸਾ ਨਹੀਂ ਮੰਗੇਗਾ ਤਾਂ ਫਿਰ ਮੈਂ ਨਸ਼ਾ ਵੀ ਨਹੀਂ ਵੇਚਣਾ। ਫਿਰ ਭਾਵੇਂ ਥੋਡੇ ਸਮੇਤ ਸਾਰਾ ਪਿੰਡ ਮੇਰੇ ਭਿਉਂ ਭਿਉਂ ਕੇ ਛਿੱਤਰ ਲਾਵੇ।”

ਪੁਲਿਸ ਪਾਰਟੀ ਚਲੀ ਗਈ। ਉਹ ਲੇਡੀ ਪੁਲਿਸ ਮੁਲਾਜ਼ਮ ਇੰਜ ਮਹਿਸੂਸ ਕਰ ਰਹੀ ਸੀ, ਜਿਵੇਂ ਉਹਦੇ ਧੋਤੇ ਮੂੰਹ ਉੱਤੇ ਚਪੇੜ ਵੱਜੀ ਹੋਵੇ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author