“ਰਾਜੂ ਵਰਗੇ ਨੇਕ ਇਨਸਾਨ ਸੜਕ ’ਤੇ ਰਾਤ ਨੂੰ ਜਗਦੀਆਂ ਉਨ੍ਹਾਂ ਲਾਈਟਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਰੋਸ਼ਨੀ ਨਾਲ ...”
(1 ਅਪਰੈਲ 2022)
ਪੰਜਾਬ ਦੇ ਮੁੱਖ ਮੰਤਰੀ ਨੇ ਇਨਕਲਾਬੀ ਕਦਮ ਚੁੱਕਦਿਆਂ ਪੰਜਾਬ ਦੇ ਵਿਧਾਇਕਾਂ ਅਤੇ ਸਾਬਕਾਂ ਵਿਧਾਇਕਾਂ ਲਈ ਇੱਕ ਕਾਰਜਕਾਲ ਦੀ ਇੱਕ ਪੈਨਸ਼ਨ ਦਾ ਫਾਰਮੂਲਾ ਲਾਗੂ ਕਰਦਿਆਂ ਸਾਬਕਾਂ ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀਆਂ ਦੀ ਆਪਣੇ ਕਈ ਕਈ ਕਾਰਜਕਾਲਾਂ ਦੀ ਲੱਖਾਂ ਦੇ ਰੂਪ ਵਿੱਚ ਲਈ ਜਾ ਰਹੀ ਪੈਨਸ਼ਨ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 17 ਅਗਸਤ 2021 ਨੂੰ ਇਸ ਪਾਰਟੀ ਦੇ ਹੀ ਵਿਰੋਧੀ ਧਿਰ ਦਾ ਰੋਲ ਨਿਭਾਉਂਦਿਆਂ ਹਰਪਾਲ ਚੀਮਾ ਨੇ ਵੀ ਉਸ ਸਮੇਂ ਦੇ ਸਪੀਕਰ ਨੂੰ ਪੱਤਰ ਲਿਖ ਕੇ ਇਹ ਪੈਨਸ਼ਨਾਂ ਬੰਦ ਕਰਨ ਦੀ ਬੇਨਤੀ ਕੀਤੀ ਸੀ। ਹੁਣ ਇਸ ਮੰਗ ਨੂੰ ਤਾਕਤ ਵਿੱਚ ਆਉਂਦਿਆਂ ਆਪਣੇ ਮੁਢਲੇ ਦਿਨਾਂ ਵਿੱਚ ਹੀ ਮੁੱਖ ਮੰਤਰੀ ਨੇ ਅਮਲੀ ਜਾਮਾ ਪਹਿਨਾ ਦਿੱਤਾ ਹੈ। ਪੰਜਾਬ ਦੇ ਲੋਕਾਂ, ਕਿਰਤੀ ਵਰਗ, ਮੁਲਾਜ਼ਮ ਵਰਗ ਅਤੇ ਦੂਜੇ ਵਰਗਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ਇਸ ਨੂੰ ਸਰਮਾਏਦਾਰੀ ਨਿਜ਼ਾਮ ’ਤੇ ਇੱਕ ਕਰਾਰੀ ਚੋਟ ਵੀ ਕਿਹਾ ਹੈ। 50 ਹਜ਼ਾਰ ਰੁਪਏ ਪ੍ਰਤੀ ਕਾਰਜ ਕਾਲ ਇੰਕਰੀਮੈਂਟ ਦਾ ਜ਼ਿਕਰ ਸੁਣਦਿਆਂ ਨਿਗੂਣੀ ਤਨਖਾਹ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਹੌਕਾ ਭਰ ਕੇ ਪ੍ਰਗਟਾਵਾ ਕੀਤਾ ਹੈ ਕਿ ਇੰਕਰੀਮੈਂਟ ਦੀ ਤਾਂ ਖਾਧੀ ਕੜ੍ਹੀ, ਸਾਡੀ ਤਾਂ ਤਨਖਾਹ ਵੀ ਬਜਟ ਨਾ ਆਉਣ ਕਾਰਨ ਕਈ ਕਈ ਮਹੀਨੇ ਨਹੀਂ ਮਿਲਦੀ ਅਤੇ ਕਿਰਤੀ ਵਰਗ ਵੀ ਪ੍ਰਗਟਾਵਾ ਕਰ ਰਿਹਾ ਹੈ ਕਿ ਕਈ ਵਾਰ ਦਿਹਾੜੀ ਨਾ ਮਿਲਣ ਕਾਰਨ ਸ਼ਾਮ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਜਾਂਦਾ ਹੈ। ਦਿਵਾਲੀ ਦੇ ਤਿਉਹਾਰ ’ਤੇ ਬੱਚਿਆਂ ਦੀਆਂ ਪਟਾਖ਼ਿਆਂ ਅਤੇ ਮਠਿਆਈ ਦੀ ਮੰਗ ਪੂਰੀ ਨਾ ਹੋਣ ਕਾਰਨ ਸ਼ਰਮਿੰਦਗ਼ੀ ਦਾ ਅਹਿਸਾਸ ਹੁੰਦਾ ਹੈ। ਗੁਰਬਤ ਦਾ ਸਾਹਮਣਾ ਕਰ ਰਹੇ ਅਜਿਹੇ ਵਿਅਕਤੀਆਂ ਨੇ ਅਜਿਹੇ ਇੰਕਰੀਮੈਂਟ, ਮੋਟੀਆਂ ਤਨਖਾਹਾਂ ਅਤੇ ਹੋਰ ਸਹੂਲਤਾਂ ਨੂੰ ‘ਅੰਨ੍ਹੀ ਲੁੱਟ’ ਕਰਾਰ ਦਿੱਤਾ ਹੈ ਅਤੇ ਨਾਲ ਹੀ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲਣ ’ਤੇ ਦੁਹਾਈ ਦਿੰਦਿਆਂ ਕਿਹਾ ਹੈ ਕਿ ਪੰਜ ਸਾਲਾਂ ਲਈ ਚੁਣੇ ਗਏ ਵਿਧਾਇਕਾਂ ਨੂੰ ਜ਼ਿੰਦਗੀ ਭਰ ਲਈ 75100 ਰੁਪਏ ਪ੍ਰਤੀ ਮਹੀਨਾ ਅਤੇ ਹੋਰ ਸਹੂਲਤਾਂ ਦੇ ਨਾਲ ਨਾਲ ਬਾਅਦ ਵਿੱਚ ਪਰਿਵਾਰ ਨੂੰ ਫੈਮਲੀ ਪੈਨਸ਼ਨ ਦੇਣਾ ਅਤੇ ਦੂਜੇ ਪਾਸੇ ਵੱਖ ਵੱਖ ਮਹਿਕਮਿਆਂ ਵਿੱਚ 58 ਸਾਲ ਦੀ ਉਮਰ ਤਕ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਪੈਨਸ਼ਨ ਤੋਂ ਰਿਟਾਇਰ ਕਰ ਦੇਣਾ ਲੋਕਤੰਤਰ ਵਿੱਚ ਲੋਕਾਂ ਦੇ ਹਿਤਾਂ ਦਾ ਘਾਣ ਹੈ। ਪਬਲਿਕ ਨੇ ਇੱਕ ਪਾਸੇ ਕਈ ਸਾਲਾਂ ਤੋਂ 5-7 ਹਜ਼ਾਰ ਰੁਪਏ ਪ੍ਰਤੀ ਮਹੀਨਾ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਕਈ ਕਈ ਘੰਟੇ ਨਿਗੂਣੀ ਜਿਹੀ ਤਨਖਾਹ ਪ੍ਰਾਪਤ ਕਰਕੇ ਭੁੱਖ ਨੰਗ ਨਾਲ ਲੜਦਿਆਂ ਜੀਵਨ ਬਸਰ ਕਰ ਰਹੇ ਹਨ ਅਤੇ ਦੂਜੇ ਪਾਸੇ ਕਈ ਕਈ ਲੱਖ ਰੁਪਏ ਪ੍ਰਤੀ ਮਹੀਨਾ ਲੈ ਰਹੇ ਸਾਬਕਾ ਵਿਧਾਇਕ ਸੇਵਾ ਦੇ ਨਾਂ ’ਤੇ ਖ਼ਜਾਨੇ ਨੂੰ ਲੁੱਟ ਰਹੇ ਸਨ। ਬਹੁਤ ਚਿਰ ਤੋਂ ਲੋਕ ਇਹ ਵੀ ਮੰਗ ਕਰ ਰਹੇ ਸਨ ਕਿ ਜੇਕਰ ਰਾਜਨੀਤੀ ਸੇਵਾ ਹੈ ਫਿਰ ਮੋਟੀਆਂ ਤਨਖ਼ਾਹਾਂ ਕਿਉਂ ਅਤੇ ਜੇਕਰ ਤਨਖਾਹਾਂ ਲੈਂਦੇ ਨੇ ਫਿਰ ਯੋਗਤਾ ਅਤੇ ਉਮਰ ਨਿਰਧਾਰਿਤ ਕਿਉਂ ਨਹੀਂ? ਇੱਥੇ ਤਾਂ ਕਈ ਅਜਿਹੇ ਰਾਜਨੀਤਿਕ ਲੋਕ ਵੀ ਮੋਟੀਆਂ ਪੈਨਸ਼ਨਾਂ ਲੈ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਪੈਸੇ ਅਤੇ ਬਾਹੂਬਲ ਦੇ ਜ਼ੋਰ ਤੇ ਸਤਾ ਵਿੱਚ ਭਾਈਵਾਲੀ ਸੰਭਾਲੀ ਅਤੇ ਆਪਣੇ ਕਾਰੋਬਾਰ ਨੂੰ ਨਜਾਇਜ਼ ਢੰਗ ਨਾਲ ਅੰਦਾਜ਼ਨ 20 ਫੀਸਦੀ ਤੋਂ 500 ਫੀਸਦੀ ’ਤੇ ਪਹੁੰਚਾ ਕੇ ਟ੍ਰਾਂਸਪੋਰਟ ’ਤੇ ਕਬਜ਼ਾ ਕਰਨ ਦੇ ਨਾਲ ਨਾਲ ਕੇਬਲ ਮਾਫ਼ੀਆ, ਲੈਂਡ ਮਾਫ਼ੀਆ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਕੁਰੱਪਸ਼ਨ ਨੂੰ ਪ੍ਰਫੁੱਲਿਤ ਕਰਨ ਵਿੱਚ ਭਰਵਾਂ ਯੋਗਦਾਨ ਪਾ ਕੇ ਲੋਕਾਂ ਵਿੱਚ ਇੱਕ ’ਸੇਵਕ’ ਵਜੋਂ ਵਿਚਰਦਿਆਂ ਜਾਂ ਤਾਂ ਭੋਗਾਂ ’ਤੇ ਆਪਣੀ ਹਾਜ਼ਰੀ ਲਵਾਉਂਦੇ ਰਹੇ ਹਨ ਅਤੇ ਜਾਂ ਫਿਰ ਤਸਕਰਾਂ ਅਤੇ ਹੋਰ ਮੁਜਰਮਾਨਾ ਗਤੀਵਿਧੀਆਂ ਵਾਲਿਆਂ ਨੂੰ ਛੁਡਵਾ ਕੇ ’ਸਮਾਜ ਸੇਵਾ’ ਵਿੱਚ ਯਤਨਸ਼ੀਲ ਰਹੇ ਹਨ। ਹੁਣ ਇਹ ਪੈਨਸ਼ਨਾਂ ਬੰਦ ਹੋਣ ’ਤੇ ਕਈ ਸਿਆਸੀ ਆਗੂਆਂ ਨੇ ਆਪਣੇ ਟੱਬਰ ਪਾਲਣ ਦਾ ਵਾਸਤਾ ਪਾਉਂਦੇ ਹੋਏ ਕਿਹਾ ਹੈ ਕਿ 75100 ਰੁਪਏ ਨਾਲ ਲੋਕਾਂ ਦੀ ਚੱਜ ਨਾਲ ਸੇਵਾ ਨਹੀਂ ਕੀਤੀ ਜਾਣੀ। ਇਹ ਕਹਿੰਦਿਆਂ ਉਹ ਇਹ ਭੁੱਲ ਗਏ ਹਨ ਕਿ ਬਹੁਤ ਸਾਰੇ ਦਿਹਾੜੀਦਾਰਾਂ ਦਾ ਗੁਜ਼ਾਰਾ ਮਗਨਰੇਗਾ ਸਕੀਮ ਤਹਿਤ ਮਿਲਦੇ ਰੁਜ਼ਗਾਰ ’ਤੇ ਨਿਰਭਰ ਹੈ, ਜਿਸ ਵਿੱਚ ਮਿਹਨਤਾਨਾ ਘੱਟੋ ਘੱਟ ਉਜ਼ਰਤ ਤੋਂ ਵੀ ਘੱਟ ਹੋਣ ਕਾਰਨ ਚੁੱਲ੍ਹਾ ਬਲਦਾ ਰੱਖਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਅਸਲ ‘ਸੇਵਾ’ ਸ਼ਬਦ ਦੀ ਵਰਤੋਂ ਕਰਦਿਆਂ ਹੀ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਇਸ ਸ਼ਬਦ ਨੂੰ ਕਲੰਕਿਤ ਕੀਤਾ ਹੈ। ਅਸਲੀ ਸ਼ਬਦਾਂ ਵਿੱਚ ਸੇਵਾ ਕਹਿੰਦੇ ਕਿਸ ਨੂੰ ਨੇ, ਲੋਕਾਂ ਦੇ ਅੱਥਰੂ ਕਿੰਝ ਪੂੰਝੇ ਜਾਂਦੇ ਨੇ, ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਅਤੇ ਕੁੱਲੀ, ਗੁੱਲੀ, ਜੁੱਲੀ ਤੋਂ ਵਾਂਝੇ ਲੋਕਾਂ ਦੀ ਕਿੰਝ ਮਦਦ ਕੀਤੀ ਜਾਂਦੀ ਹੈ, ਇਸਦੀ ਇੱਕ ਤਾਜ਼ਾ ਉਦਾਹਰਣ ਦਿੰਦਿਆਂ ਹੀ ਪਠਾਨਕੋਟ ਦੇ ਅੰਗਹੀਨ ਅਤੇ ਬੇਸਹਾਰਾ ਨੌਜਵਾਨ ਪ੍ਰਤੀ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ। ਇਸ ਨੌਜਵਾਨ ਨੇ ਅਪਾਹਿਜ ਹੋ ਕੇ ਵੀ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਨੂੰ ਸਮੱਰਪਿਤ ਹੁੰਦਿਆਂ ਸਰਮਾਏਦਾਰਾਂ ਅਤੇ ਅਜਿਹੇ ਦੇਸ਼ ਭਗਤਾਂ ਨੂੰ ਸੁਨੇਹਾ ਦਿੱਤਾ ਹੈ ਕਿ ਆਪਣੇ ਲਈ ਮੰਗਣ ਵਾਲੇ ਨੂੰ ਭਿਖਾਰੀ ਅਤੇ ਹੋਰਾਂ ਲਈ ਮੰਗਣ ਵਾਲੇ ਨੂੰ ਦਾਤਾ ਕਿਹਾ ਜਾਂਦਾ ਹੈ। 40 ਕੁ ਸਾਲਾਂ ਦਾ ਰਾਜੂ ਜਿੱਥੇ ਬਚਪਨ ਵਿੱਚ ਹੀ ਕੁਦਰਤ ਦੀ ਮਾਰ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ, ਉੱਥੇ ਹੀ ਮਾਂ-ਬਾਪ ਦੇ ਸਦੀਵੀ ਵਿਛੋੜੇ ਕਾਰਨ ਉਨ੍ਹਾਂ ਦੇ ਸਹਾਰੇ ਅਤੇ ਪਿਆਰ ਤੋਂ ਵੀ ਵਾਂਝਾ ਹੋ ਗਿਆ। ਤੀਜੀ ਮਾਰ ਉਸ ਨੂੰ ਉਸ ਵੇਲੇ ਝੱਲਣੀ ਪਈ ਜਦੋਂ ਵਿਆਹੇ ਵਰ੍ਹੇ ਭਰਾਵਾਂ ਨੇ ਉਹਨੂੰ ਬੋਝ ਸਮਝਦਿਆਂ ਘਰੋਂ ਕੱਢ ਦਿੱਤਾ। ਪਰ ਉਹਨੇ ਹਿੰਮਤ ਨਹੀਂ ਹਾਰੀ। ਲੋਕਾਂ ਅੱਗੇ ਹੱਥ ਟੱਡਦਿਆਂ ਪਹਿਲਾਂ ਉਹਨੇ ਆਪਣੇ ਲਈ ਵੀਲਚੇਅਰ ਦਾ ਪ੍ਰਬੰਧ ਕੀਤਾ। ਲੋਕਾਂ ਦੀ ਰਹਿਮਦਿਲੀ ਉਹਦੇ ਅੰਗ-ਸੰਗ ਰਹੀ। ਰੁੱਖੀ ਸੁੱਕੀ ਖਾ ਕੇ ਉਹ ਪੇਟ ਪੂਰਤੀ ਕਰਦਾ ਰਿਹਾ। ਬੱਸ ਸਟੈਂਡ ਦਾ ਸ਼ੈੱਡ ਉਹਦੇ ਰਾਤ ਨੂੰ ਸੌਣ ਦਾ ਸਹਾਰਾ ਬਣਿਆ। ਸਾਰੇ ਦਿਨ ਵਿੱਚ ਦਾਨ ਦੇ ਰੂਪ ਵਿੱਚ ਜੋ ਕੁਝ ਵੀ ਉਸ ਨੂੰ ਮਿਲਦਾ, ਉਸ ਵਿੱਚੋਂ ਰੋਟੀ ਜੋਗੇ ਪੈਸੇ ਆਪਣੇ ਕੋਲ ਰੱਖ ਕੇ ਬਾਕੀ ਪੈਸੇ ਉਹ ਲੋੜਵੰਦਾਂ ਵਿੱਚ ਵੰਡਦਾ ਰਿਹਾ। ਕਈ ਵਾਰ ਉਹ ਆਪਣੀ ਵੀਲਚੇਅਰ ਇੱਕ ਪਾਸੇ ਖੜ੍ਹੀ ਕਰਕੇ ਰੀਂਘ ਰੀਂਘ ਕੇ ਜਾਂਦਿਆਂ ਵੀ ਭਿੱਖਿਆ ਮੰਗਦਾ ਰਿਹਾ। ਕਿਉਂਕਿ ਵੀਲਚੇਅਰ ’ਤੇ ਜਾਂਦਿਆਂ ਭੀੜ ਵਿੱਚ ਭਿੱਖਿਆ ਮੰਗਣ ਦੀ ਉਸ ਨੂੰ ਦਿੱਕਤ ਆਉਂਦੀ ਸੀ। ਹੌਲੀ-ਹੌਲੀ ਲੋਕ ਉਸਦੇ ਰਹਿਮਦਿਲ ਅਤੇ ਦਿਆਲੂ ਸੁਭਾਅ ਤੋਂ ਜਾਣੂ ਹੋ ਗਏ ਅਤੇ ਉਸ ਨੂੰ ਦਿਲ ਖੋਲ੍ਹ ਕੇ ਦਾਨ ਦੇਣਾ ਸ਼ੁਰੂ ਕਰ ਦਿੱਤਾ। ਕਰੋਨਾ ਕਾਲ ਵਿੱਚ ਲਾਕਡਾਊਨ ਸਮੇਂ ਉਸ ਨੇ ਪੰਜ ਹਜ਼ਾਰ ਮਾਸਕ, 3 ਲੱਖ ਦਾ ਰਾਸ਼ਨ, 20 ਟ੍ਰਾਈਸਾਇਕਲ ਅਤੇ 20 ਸਿਲਾਈ ਮਸ਼ੀਨਾਂ ਵੰਡ ਕੇ ਮਨੁੱਖਤਾ ਦੀ ਸੇਵਾ ਕੀਤੀ। ਗ਼ਰੀਬ ਵਿਦਿਆਰਥੀਆਂ ਲਈ ਕਿਤਾਬਾਂ-ਕਾਪੀਆਂ, ਗਰੀਬ ਕੁੜੀਆਂ ਦੀ ਸ਼ਾਦੀ, ਹਰ 15 ਅਗਸਤ ਨੂੰ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਵਾਰਡ ਵਿੱਚ ਸਟਰੀਟ ਲਾਈਟਾਂ, ਦੂਜੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਿੱਤੀ ਸਹਿਯੋਗ ਦੇ ਨਾਲ ਨਾਲ ਲੋੜਵੰਦਾਂ ਦੇ ਅੱਥਰੂ ਪੂੰਝਣ ਦੇ ਨਾਲ ਨਾਲ ਉਹ ਪ੍ਰੇਰਨਾ ਦਾ ਸੋਮਾ ਬਣਿਆ। ਮਹਾ ਸ਼ਿਵਰਾਤਰੀ ’ਤੇ ਲੰਗਰ ਲਾਉਣਾ ਵੀ ਉਹਦੇ ਨੇਕ ਕੰਮਾਂ ਵਿੱਚ ਸ਼ਾਮਿਲ ਰਿਹਾ। ਪਠਾਨਕੋਟ ਦੇ ਧਾਂਗੂ ਰੋਡ ’ਤੇ ਬਣੇ ਪੁਲ ਦੀ ਮੁਰੰਮਤ ਕਰਵਾਉਣ ਦਾ ਸਿਹਰਾ ਵੀ ਰਾਜੂ ਨੂੰ ਹੀ ਜਾਂਦਾ ਹੈ। ਇਹੋ-ਜਿਹੇ ਹੋਰ ਅਨੇਕਾਂ ਕਾਰਜਾਂ ਵਿੱਚ ਲੋਕ ਤਾਂ ਉਸ ਨੂੰ ਭਰਵਾਂ ਸਹਿਯੋਗ ਦਿੰਦੇ ਰਹੇ, ਪਰ ਕਿਸੇ ਸਿਆਸੀ ਆਗੂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ’ਮਨ ਕੀ ਬਾਤ’ ਵਿੱਚ ਰਾਜੂ ਦੀ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਉਸ ਨੂੰ ਹੋਰਾਂ ਲਈ ਪ੍ਰੇਰਨਾ ਦਾ ਸੋਮਾ ਕਿਹਾ। ਚੌਕ ਵਿੱਚ ਵੀਲਚੇਅਰ ’ਤੇ ਬੈਠੇ ਰਾਜੂ ਨੂੰ ਹੁਣ ਤਾਂ ਬਹੁਤ ਸਾਰੇ ਲੋਕ ਆਪ ਮੁਹਾਰੇ ਦਾਨ ਵੀ ਦਿੰਦੇ ਹਨ ਅਤੇ ਸਿਜਦਾ ਵੀ ਕਰਦੇ ਹਨ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਦਿੱਤਾ ਪੈਸਾ ਕਿਸੇ ਗ਼ਰੀਬ ਦੇ ਅੱਥਰੂ ਪੂੰਝਣ ਵਿੱਚ ਸਹਾਈ ਹੋਵੇਗਾ। ਦਰਅਸਲ ਰਾਜੂ ਵਰਗੇ ਨੇਕ ਇਨਸਾਨ ਸੜਕ ’ਤੇ ਰਾਤ ਨੂੰ ਜਗਦੀਆਂ ਉਨ੍ਹਾਂ ਲਾਈਟਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਰੋਸ਼ਨੀ ਨਾਲ ਸਫ਼ਰ ਦਾ ਫਾਸਲਾ ਭਾਵੇਂ ਘੱਟ ਨਹੀਂ ਹੁੰਦਾ ਪਰ ਸੁਖਾਲਾ ਜ਼ਰੂਰ ਹੋ ਜਾਂਦਾ ਹੈ। ਕਾਸ਼! ਸਿਆਸਤਦਾਨਾਂ ਦਾ ਜੀਵਨ ਵੀ ਰਾਜੂ ਦੇ ਕਰਮਾਂ ਵਰਗਾ ਹੋ ਜਾਵੇ। ਫਿਰ ਹੀ ਗੰਧਲਾ ਪੰਜਾਬ ਰੰਗਲਾ ਪੰਜਾਬ ਹੋ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3471)
(ਸਰੋਕਾਰ ਨਾਲ ਸੰਪਰਕ ਲਈ: