MohanSharma8ਉਸ ਪਿੰਡ ਦਾ ਧਾਰਮਿਕ ਵਿਅਕਤੀ ਦਰਦ ਭਰੀ ਆਵਾਜ਼ ਵਿੱਚ ਲੋਕਾਂ ਨੂੰ ਹੋਕਾ ਦਿੰਦਿਆਂ ਕਹਿ ਰਿਹਾ ਹੈ, “ਮੈਨੂੰ ...
(2 ਜੂਨ 2023)
ਇਸ ਸਮੇਂ ਪਾਠਕ: 377.


ਬਿਨਾਂ ਸ਼ੱਕ ਨਸ਼ਿਆਂ ਦੇ ਮਕੜਜਾਲ਼ ਨੇ ਪੰਜਾਬੀਆਂ ਨੂੰ ਆਰਥਿਕ
, ਮਾਨਸਿਕ, ਸਮਾਜਿਕ, ਬੌਧਿਕ, ਪਰਿਵਾਰਕ ਅਤੇ ਸਰੀਰਕ ਪੱਖ ਤੋਂ ਖੋਖਲ਼ਾ ਕਰ ਦਿੱਤਾ ਹੈ। ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਵਾਲੀ ਗੋਲ਼ੀ ਲੈਣ ਵਾਲੇ ਨਸ਼ਈਆਂ ਦੀਆਂ ਲੰਬੀਆਂ ਲਾਈਨਾਂ, ਕੰਧਾਂ ਕੌਲਿਆਂ ਵਿੱਚ ਵੱਜਦੇ ਨਸ਼ਈ, ਲਾਵਾਰਿਸ ਬਿਲਡਿੰਗਾਂ, ਸਟੇਡੀਅਮਾਂ, ਖੋਲ਼ਿਆਂ ਅਤੇ ਸੜਕਾਂ ਉੱਤੇ ਓਵਰਡੋਜ਼ ਨਾਲ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਲਾਸ਼ਾਂ, ਮਾਵਾਂ ਦੇ ਦਿਲ ਕੰਬਾਊ ਕੀਰਨੇ, ਭੈਣਾਂ ਵੱਲੋਂ ਅੰਤਿਮ ਵਿਦਾਈ ਵੇਲੇ ਖੂਨ ਦੇ ਅੱਥਰੂ ਕੇਰਦਿਆਂ ਵੀਰਾਂ ਦੇ ਗੁੱਟ ’ਤੇ ਬੰਨ੍ਹੀਆਂ ਰੱਖੜੀਆਂ, ਕੁਵਾਰੇ ਵੀਰਾਂ ਦੀਆਂ ਲਾਸ਼ਾਂ ਦੇ ਚਿਹਰਿਆਂ ਤੇ ਬੰਨ੍ਹੇ ਸਿਹਰੇ, ਬੈਗ ਲਟਕਾਈ ਮਾਸੂਮ ਬੱਚਿਆਂ ਦਾ ਆਪਣੇ ਲਾਸ਼ ਬਣੇ ਪਿਤਾ ਨੂੰ ਹਲੂਣ ਕੇ ਕਹਿਣਾ, “ਪਾਪਾ, ਮੈਨੂੰ ਸਕੂਲ ਛੱਡ ਆਉ!” ਅਜਿਹੇ ਦਿਲ ਕੰਬਾਊ ਦ੍ਰਿਸ਼ ਪੱਥਰਾਂ ਨੂੰ ਵੀ ਰੁਆ ਦਿੰਦੇ ਹਨ। ਇੱਕ ਮਾਂ ਵੱਲੋਂ ਆਪਣੇ ਇਕਲੌਤੇ ਪੁੱਤ ਦੀ ਮੌਤ ’ਤੇ ਕੀਰਨੇ ਪਾਉਂਦਿਆਂ ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਵੰਗਾਰ ਕੇ ਕਹਿਣਾ, “ਮੇਰਾ ਪੁੱਤ ਤਾਂ ਨਸ਼ੇ ਨੇ ਖਾ ਲਿਆ, ਹੋਰਾਂ ਦੇ ਪੁੱਤ ਬਚਾ ਲਵੋ।” ਦਰਅਸਲ, ਅਜਿਹੇ ਬੋਲ ਜਿੱਥੇ ਸਮਾਜ ਦੋਖ਼ੀਆਂ, ਨਸ਼ੇ ਦੇ ਤਸਕਰਾਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਲਈ ਇੱਕ ਮਿਹਣਾ ਹੈ, ਉੱਥੇ ਹੀ ਸਮਾਜ ਸੇਵਕਾਂ, ਚਿੰਤਕਾਂ, ਬੁੱਧੀਜੀਵੀਆਂ, ਲੇਖਕਾਂ, ਅਧਿਆਪਕਾਂ, ਪੱਤਰਕਾਰਾਂ, ਅਧਿਕਾਰੀਆਂ ਅਤੇ ਸਮੇਂ ਦੀ ਸਰਕਾਰ ਨੂੰ ਰੋਸਿਆਂ ਭਰਪੂਰ ਅਰਜ਼ੋਈ ਹੈ।

ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਦੀ ਵਿਡੀਓ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ, ਜਿਸ ਵਿੱਚ ਉਸ ਪਿੰਡ ਦਾ ਧਾਰਮਿਕ ਵਿਅਕਤੀ ਦਰਦ ਭਰੀ ਆਵਾਜ਼ ਵਿੱਚ ਲੋਕਾਂ ਨੂੰ ਹੋਕਾ ਦਿੰਦਿਆਂ ਕਹਿ ਰਿਹਾ ਹੈ, “ਮੈਨੂੰ ਇਹ ਗੱਲ ਥੋਡੇ ਨਾਲ ਸਾਂਝੀ ਕਰਦਿਆਂ ਦੁੱਖ ਵੀ ਹੋ ਰਿਹਾ ਹੈ ਕਿ ਸਾਡੇ ਪਿੰਡ ਦੇ ਬਹੁਤ ਸਾਰੇ ਮੁੰਡੇ ਨਾੜਾਂ ਵਿੱਚ ਨਸ਼ੇ ਦੇ ਟੀਕੇ ਲਾਉਣ ਕਰਕੇ ਨਾਮਰਦ ਹੋ ਗਏ ਹਨ ਅਤੇ ਕਈ ਲਾਇਲਾਜ ਬਿਮਾਰੀ ਏਡਜ਼ ਤੋਂ ਪੀੜਤ ਹਨ। ਥੋਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਪਿੰਡ ਵਿੱਚ ਮੁੰਡੇ ਨੂੰ ਰਿਸ਼ਤਾ ਕਰਨ ਵੇਲੇ ਚੰਗੀ ਤਰ੍ਹਾਂ ਪੜਤਾਲ ਕਰ ਲਉ। ਐਵੇਂ ਆਪਣੀ ਕੁੜੀ ਨੂੰ ਨਰਕ ਵਿੱਚ ਨਾ ਸੁੱਟਿਉ।”

ਦਰਅਸਲ ਇਹ ਕਹਾਣੀ ਇੱਕ ਪਿੰਡ ਦੀ ਨਹੀਂ, ਸਗੋਂ ਬਹੁਤ ਸਾਰੇ ਪਿੰਡ ਇਸ ਮਾਰੂ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ। ਮੀਡੀਆ ਵਿੱਚ ਜਿੱਥੇ ਹਰ ਰੋਜ਼ ਚਾਰ-ਪੰਜ ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਕਾਰਨ ਵਿਛੇ ਸੱਥਰਾਂ ਦਾ ਜ਼ਿਕਰ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਪੁਲਿਸ ਵਿਭਾਗ ਵੱਲੋਂ ਭਾਰੀ ਮਾਤਰਾ ਵਿੱਚ ਤਸਕਰਾਂ ਕੋਲੋਂ ਫੜੇ ਨਸ਼ਿਆਂ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਹਨ। ਖ਼ਬਰਾਂ ਪੜ੍ਹ ਕੇ ਇੱਕ ਪ੍ਰਸ਼ਨ ਬਾਰ-ਬਾਰ ਸਾਹਮਣੇ ਆਉਂਦਾ ਹੈ ਕਿ ਜੇਕਰ ਭਾਰੀ ਮਾਤਰਾ ਵਿੱਚ ਨਸ਼ਾ ਫੜ ਕੇ ਤਸਕਰਾਂ ਨੂੰ ਸੀਖਾਂ ਅੰਦਰ ਕੀਤਾ ਜਾ ਰਿਹਾ ਹੈ, ਫਿਰ ਨੌਜਵਾਨਾਂ ਦੇ ਹੱਥਾਂ ਵਿੱਚ ਚਿੱਟਾ ਕਿੰਝ ਪਹੁੰਚ ਰਿਹਾ ਹੈ? ਸਪਲਾਈ ਲਾਈਨ ਜਿਉਂ ਦੀ ਤਿਉਂ ਕਿਉਂ ਕਾਇਮ ਹੈ?

ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਹੱਡੀਆਂ ਦਾ ਮੁੱਠ ਬਣੇ ਗੱਭਰੂ ਸਾਢੇ ਤੇਰਾਂ ਕਰੋੜ ਦਾ ਚਿੱਟਾ ਹਰ ਰੋਜ਼ ਪੀ ਜਾਂਦੇ ਹਨ, ਤੇਰਾਂ ਕਰੋੜ ਦੀ ਸ਼ਰਾਬ ਪੀ ਕੇ ਪੰਜਾਬੀ ਹੱਥਲ ਹੋ ਰਹੇ ਹਨ ਅਤੇ 50 ਕਰੋੜ ਰੋਜ਼ਾਨਾ ਪਰਵਾਸ ਦੇ ਲੇਖੇ ਲੱਗ ਰਿਹਾ ਹੈ। ਇਕਲੌਤੇ ਪੁੱਤ ਨੂੰ 15-20 ਲੱਖ ਦਾ ਜੁਗਾੜ ਫਿੱਟ ਕਰਕੇ ਵਿਦੇਸ਼ ਭੇਜਣ ਵਾਲੇ ਮਾਪੇ ਹੌਕਾ ਭਰ ਕੇ ਸੋਚਦੇ ਹਨ, “ਅੱਖਾਂ ਤੋਂ ਦੂਰ ਸਹੀ, ਨਸ਼ਿਆਂ ਦੀ ਮਾਰ ਤੋਂ ਬਚਿਆ ਤਾਂ ਰਹੂ। ਇੱਧਰ ਰਿਹਾ ਤਾਂ ਹੋਰਾਂ ਮੁੰਡਿਆਂ ਵਾਂਗ ਸਿਵਿਆਂ ਦੇ ਰਾਹ ਨਾ ਪੈ ਜਾਵੇ।”

ਸਰਵੇਖਣ ਅਨੁਸਾਰ ਪੰਜਾਬ ਵਿੱਚ ਅੰਦਾਜ਼ਨ 15-35 ਸਾਲ ਦੀ ਅਮਰ ਦੇ 30 ਲੱਖ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆਏ ਹੋਏ ਹਨ, ਜੋ ਪੰਜਾਬ ਦੀ ਕੁੱਲ ਆਬਾਦੀ ਦਾ 15.4 ਫੀਸਦੀ ਬਣਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ 478 ਓਟ ਸੈਂਟਰਾਂ ਰਾਹੀਂ ਜੀਭ ਉੱਤੇ ਰੱਖਣ ਵਾਲੀ ਗੋਲੀ ਦੇ ਕੇ ਇਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਓਟ ਸੈਂਟਰਾਂ ਵਿੱਚ ਨਸ਼ਈ ਮਰੀਜ਼ਾਂ ਨੂੰ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ ਜਦੋਂ ਕਿ ਪਰਾਈਵੇਟ ਸੈਂਟਰਾਂ ਵਿੱਚ ਇਹ ਦਵਾਈ ਨਿਰਧਾਰਿਤ ਕੀਮਤ ’ਤੇ ਵੇਚੀ ਜਾਂਦੀ ਹੈ। ਸਰਕਾਰੀ ਰਿਕਾਰਡ ਅਨੁਸਾਰ ਪੌਣੇ ਨੌਂ ਲੱਖ ਨਸ਼ਈ ਵੱਖ-ਵੱਖ ਓਟ ਸੈਂਟਰਾਂ ਤੋਂ ਇਹ ਦਵਾਈ ਪ੍ਰਾਪਤ ਕਰਦੇ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਸਵਾ ਛੇ ਸਾਲਾਂ ਵਿੱਚ ਜਿਹੜੇ ਨੌਂ ਲੱਖ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ, ਉਨ੍ਹਾਂ ਵਿੱਚੋਂ ਸਿਰਫ 4105 ਨਸ਼ਈ ਮਰੀਜ਼ (1/2 ਫੀਸਦ ਤੋਂ ਵੀ ਘੱਟ) ਠੀਕ ਹੋਏ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਦਵਾਈ ਤੋੜ ਘਟਾਉਣ ਵਿੱਚ ਤਾਂ ਸਹਾਈ ਹੁੰਦੀ ਹੈ, ਪਰ ਨਸ਼ਾ ਛੱਡਣ ਲਈ ਇੱਛਾ ਸ਼ਕਤੀ ਨਹੀਂ ਵਧਾਉਂਦੀ। ਇਸ ਕਾਰਨ ਹੀ ਬਹੁਤ ਸਾਰੇ ਨਸ਼ਈ ਮਰੀਜ਼ ਪਿਛਲੇ 8-10 ਸਾਲਾਂ ਤੋਂ ਇਹ ਗੋਲੀ ਖਾ ਰਹੇ ਹਨ, ਪਰ ਨਸ਼ਾ ਮੁਕਤ ਨਹੀਂ ਹੋਏ।

ਗੰਭੀਰ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਨਸ਼ੇ ਕਾਰਨ ਜਿੱਥੇ ਬਹੁਤ ਸਾਰੇ ਨਸ਼ਈ ਨਿਪੁੰਸਕ ਹੋ ਰਹੇ ਹਨ, ਉੱਥੇ ਹੀ ਇੱਕੋ ਸਰਿੰਜ ਨਾਲ ਕਈ ਕਈ ਨਸ਼ਈਆਂ ਵੱਲੋਂ ਨਸ਼ੇ ਦਾ ਟੀਕਾ ਲਾਉਣਾ ਅਤੇ ਹੱਦੋਂ ਵੱਧ ਚਿੱਟੇ ਦੇ ਨਾਲ ਨਾਲ ਹੋਰ ਮਾਰੂ ਨਸ਼ਿਆਂ ਦੀ ਵਰਤੋਂ ਕਰਨ ਕਰਕੇ 2022-23 ਵਿੱਚ 16136 ਨਸ਼ਈ ਮਰੀਜ਼ ਕਾਲੇ ਪੀਲੀਏ ਦੀ ਲਪੇਟ ਵਿੱਚ ਆ ਗਏ ਅਤੇ 27 ਫੀਸਦੀ ਜੇਲ੍ਹਾਂ ਵਿੱਚ ਬੰਦ ਕੈਦੀਆਂ ਦਾ ਇਸ ਰੋਗ ਨਾਲ ਪੀੜਤ ਹੋਣਾ ਗੰਭੀਰ ਖ਼ਤਰੇ ਦੀ ਨਿਸ਼ਾਨੀ ਹੈ।

ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਪਿੰਜਰ ਬਣੇ ਬਹੁਤ ਸਾਰੇ ਨੌਜਵਾਨ ਹੁਣ ਫੌਜੀ ਅਤੇ ਪੁਲਿਸ ਭਰਤੀ ਦੇ ਵੀ ਯੋਗ ਨਹੀਂ ਰਹੇ। ਫੌਜ ਦੇਸ਼ ਦੀ ਬਾਹਰੀ ਸੁਰੱਖਿਆ ਕਰਦੀ ਹੈ ਅਤੇ ਪੁਲਿਸ ਅੰਦਰੂਨੀ ਸੁਰੱਖਿਆ। ਭਲਾ ਜਦੋਂ ਸਾਡੇ ਜਵਾਨ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਕਰਨ ਲਈ ਯੋਗ ਹੀ ਨਹੀਂ ਹੋਣਗੇ ਤਾਂ ਦੇਸ਼ ਦੀ ਸੁਰੱਖਿਆ ਲਈ ਬਣਦਾ ਯੋਗਦਾਨ ਕਿੰਜ ਪਾਉਣਗੇ? ਕਦੇ ਪੰਜਾਬੀ ਨੌਜਵਾਨਾਂ ਦੀ ਭਰਤੀ 17 ਫੀਸਦੀ ਹੁੰਦੀ ਸੀ ਅਤੇ ਹੁਣ ਸਿਮਟ ਕੇ 4.5 ਫੀਸਦੀ ’ਤੇ ਆ ਗਈ ਹੈ। ਇਸ ਸਬੰਧ ਵਿੱਚ ਹੀ 07.2.2023 ਨੂੰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਚੀਫ ਲੈਫਟੀਨੈਂਟ ਨਾਲ ਮੁਲਾਕਾਤ ਵਿੱਚ ਫੌਜੀ ਭਰਤੀ ਘਟਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ।

ਹੁਣ ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਜਵਾਨੀ ਨੂੰ ਨਸ਼ੇ ਦੇ ਪ੍ਰਕੋਪ ਤੋਂ ਕਿੰਝ ਬਚਾਇਆ ਜਾਵੇ? ਗੰਭੀਰਤਾ ਨਾਲ ਸੋਚਣ ’ਤੇ ਸਾਡੇ ਸਾਹਮਣੇ ਆਉਂਦਾ ਹੈ ਕਿ ਸਭ ਤੋਂ ਪਹਿਲਾ ਅਸਰ ਬੱਚਿਆਂ ਉੱਤੇ ਘਰ ਦੇ ਮਾਹੌਲ ਦਾ ਪੈਂਦਾ ਹੈ। ਜੇਕਰ ਮਾਪੇ ਚਾਹੁੰਦੇ ਹਨ ਕਿ ਸਾਡੀ ਔਲਾਦ ਨਸ਼ਾ ਰਹਿਤ ਹੋਵੇ, ਨੈਤਿਕ ਕਦਰਾਂ ਕੀਮਤਾਂ ਦੀ ਧਾਰਨੀ ਹੋਵੇ ਤਾਂ ਉਨ੍ਹਾਂ ਨੂੰ ਆਪਣੀ ਔਲਾਦ ਲਈ ਰੋਲ ਮਾਡਲ ਬਣਨਾ ਹੋਵੇਗਾ। ਇਹ ਕੌੜੀ ਸਚਾਈ ਹੈ ਕਿ ਪਦਾਰਥਕ ਦੌੜ ਦਾ ਸ਼ਿਕਾਰ ਹੋਏ ਮਾਪੇ ਇਹ ਭੁੱਲੀ ਬੈਠੇ ਹਨ ਕਿ ਉਨ੍ਹਾਂ ਦਾ ਅਸਲੀ ਸਰਮਾਇਆ ਉਨ੍ਹਾਂ ਦੀਆਂ ਫੁੱਲੀਆਂ ਜੇਬਾਂ ਨਹੀਂ, ਸਗੋਂ ਔਲਾਦ ਹੈ। ਉਨ੍ਹਾਂ ਨੂੰ ਮਹਿੰਗਾ ਮੋਬਾਇਲ, ਮੋਟਰਸਾਇਕਲ, ਮਹਿੰਗੀ ਟਿਊਸ਼ਨ ਅਤੇ ਖੁੱਲ੍ਹਾ ਜੇਬ ਖਰਚ ਦੇਣ ਨਾਲ ਫਰਜ਼ ਦੀ ਪੂਰਤੀ ਨਹੀਂ ਹੋ ਜਾਂਦੀ ਸਗੋਂ ਉਨ੍ਹਾਂ ਲਈ ਆਪ ਇੱਕ ਆਦਰਸ਼ਕ ਬਾਪ ਬਣ ਕੇ ਆਪਣੇ ਫ਼ਰਜ਼ ਦੀ ਪੂਰਤੀ ਕਰਨਾ ਹੈ। ਅੱਜ ਦੇ ਬੱਚੇ ਸੁਣਨ ਸੁਣਾਉਣ ਵਿੱਚ ਨਹੀਂ, ਨਕਲ ਕਰਨ ਵਿੱਚ ਯਕੀਨ ਕਰਦੇ ਹਨ। ਸਰਵੇਖਣ ਵਿੱਚ ਆਇਆ ਹੈ ਕਿ ਅੰਦਾਜ਼ਨ 78 ਫੀਸਦੀ ਮਾਪੇ ਆਪਣੇ ਬੱਚਿਆਂ ਦੀ ਮੌਜ਼ੂਦਗੀ ਵਿੱਚ ਆਪ ਘਰ ਵਿੱਚ ਸ਼ਰਾਬ, ਸਿਗਰੇਟ ਅਤੇ ਜ਼ਰਦੇ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੀ ਇਹ ਆਦਤ ਬੱਚਿਆਂ ਨੂੰ ਨਸ਼ਿਆਂ ਦੀ ਲਤ ਲਾਉਣ ਵਿੱਚ ਸਹਾਈ ਹੁੰਦੀ ਹੈ।

ਵਿਦਵਾਨ ਵਾਲਟੇਅਰ ਦੇ ਬੋਲ ਹਨ, “ਚੰਗੇ ਲੋਕਾਂ ਦੀ ਖਾਮੋਸ਼ੀ ਬੁਰੇ ਲੋਕਾਂ ਨੂੰ ਸ਼ਹਿ ਦਿੰਦੀ ਹੈ।” ਐਦਾਂ ਹੀ ਚਾਣਕਯ ਨੇ ਲਿਖਿਆ ਹੈ, “ਸਮਾਜ ਦਾ ਬੇੜਾ ਬੁਰੇ ਬੰਦਿਆਂ ਕਾਰਨ ਨਹੀਂ, ਸਗੋਂ ਚੰਗਿਆਂ ਬੰਦਿਆਂ ਕਾਰਨ ਡੁੱਬ ਰਿਹਾ ਹੈ ਕਿਉਂਕਿ ਉਹ ਬੁਰੇ ਨੂੰ ਬੁਰਾ ਕਹਿਣ ਦੀ ਜੁਰਅਤ ਨਹੀਂ ਕਰਦੇ।” ਤੀਜੇ ਘਰ ਜੇ ਅੱਗ ਲੱਗੀ ਹੈ ਤਾਂ ਨਾਲ ਲੱਗਦੇ ਦੋਨੋਂ ਘਰਾਂ ਦੀ ਸੋਚ ਹੈ, “ਸਾਨੂੰ ਕੀ? ਇਹਦਾ ਘਰ ਫੂਕ ਹੋ ਰਿਹਾ ਹੈ।” ਦਰਅਸਲ, ਇਹ “ਸਾਨੂੰ ਕੀ” ਦੀ ਸੋਚ ਹੀ ਘਾਤਕ ਹੈ। ਸਮਾਂ ਆਉਣ ’ਤੇ ਤੀਜੇ ਘਰ ਵਿੱਚ ਲੱਗੀ ਅੱਗ ਨਾਲ ਦੂਜੇ ਘਰ ਵੀ ਲਪੇਟ ਵਿੱਚ ਆ ਜਾਣਗੇ। ਨਸ਼ੇ ਦਾ ਪਸਾਰ ਵੀ ਇੰਝ ਹੀ ਹੋ ਰਿਹਾ ਹੈ। ਇਸ ਪੱਖ ਤੋਂ ਕਈ ਪੀੜਤ ਪਿੰਡਾਂ ਦੇ ਲੋਕਾਂ ਨੇ ਪੰਚਾਇਤ ਅਤੇ ਨੌਜਵਾਨ ਸਭਾ ਨੂੰ ਨਾਲ ਲੈ ਕੇ ਆਪਣੇ ਪੱਧਰ ’ਤੇ ‘ਪੁੱਛ-ਗਿੱਛ ਨਾਕੇ’ ਲਾ ਦਿੱਤੇ ਹਨ ਅਤੇ ਉਹ ਬਾਹਰੋਂ ਨਸ਼ੇ ਦੇ ਸੌਦਾਗਰਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੰਦੇ। ਇਸ ਮੰਤਵ ਲਈ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਜਿੱਥੇ ਪਿੰਡ ਦੇ ਨਸ਼ਈ ਨੌਜਵਾਨਾਂ ਨੂੰ ਇਲਾਜ ਕਰਵਾ ਕੇ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕਿਆ ਜਾਂਦਾ ਹੈ, ਉੱਥੇ ਹੀ ਖੁੱਲ੍ਹੇ ਤੌਰ ’ਤੇ ਐਲਾਨ ਕੀਤਾ ਜਾਂਦਾ ਹੈ ਕਿ ਨਸ਼ਾ ਵੇਚਣ ਵਾਲੇ ਦਾ ਮੂੰਹ ਕਾਲ਼ਾ ਕਰਕੇ ਪਿੰਡ ਵਿੱਚ ਫੇਰਿਆ ਜਾਵੇਗਾ। ਕਿਸੇ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਪਿੰਡ ਵਾਸੀਆਂ ਵੱਲੋਂ ਨਹੀਂ ਕਰਵਾਈ ਜਾਵੇਗੀ। ਇੰਜ ਡਿਮਾਂਡ ਅਤੇ ਸਪਲਾਈ ਲਾਈਨ ਉੱਤੇ ਸੱਟ ਮਾਰਨ ਵਿੱਚ ਉਹ ਕਾਫ਼ੀ ਹੱਦ ਤਕ ਸਫਲ ਹੋ ਰਹੇ ਹਨ। ਉਨ੍ਹਾਂ ਨੇ ਖੁੱਲ੍ਹੇ ਤੌਰ ’ਤੇ ਨਸ਼ਾ ਵੇਚਣ ਵਾਲਿਆਂ ਨੂੰ ਵੰਗਾਰ ਕੇ ਉਨ੍ਹਾਂ ਦੀਆਂ ਸ਼ੀਸ਼ੀਆਂ ਅਤੇ ਚਿੱਟੇ ਦੀਆਂ ਪੁੜੀਆਂ ਨੂੰ ਅੱਗ ਹਵਾਲੇ ਕਰਕੇ ਮੁੱਖ ਧਾਰਾ ਵਿੱਚ ਆਉਣ ਲਈ ਮਜ਼ਬੂਰ ਕੀਤਾ ਹੈ।

ਦਰਅਸਲ ਸਮੇਂ ਦੀਆਂ ਸਰਕਾਰਾਂ ਦੀਆਂ ਦ੍ਰਿੜ੍ਹ ਇੱਛਾ ਸ਼ਕਤੀ, ਪੁਲਿਸ ਪ੍ਰਸ਼ਾਸ਼ਨ ਦੀ ਚੌਕਸੀ, ਲੋਕਾਂ ਦਾ ਭਰਵਾਂ ਸਹਿਯੋਗ ਪੰਜਾਬ ਦੇ ਮੱਥੇ ਤੋਂ ਨਸ਼ਿਆਂ ਦਾ ਧੱਬਾ ਲਾਹ ਸਕਦਾ ਹੈ। ਪ੍ਰਸਿੱਧ ਰੰਗ ਕਰਮੀ ਗੁਰਸ਼ਰਨ ਸਿੰਘ ਜੀ ਇੱਕ ਇੰਜਨੀਅਰ ਵਜੋਂ ਭਾਖੜਾ ਡੈਮ ’ਤੇ ਕੰਮ ਕਰਦੇ ਸਨ ਅਤੇ ਇੱਕ ਰੰਗ ਕਰਮੀ ਵਜੋਂ ਸਮਾਜ ਦਾ ਮੂੰਹ ਮੱਥਾ ਸਵਾਰਨ ਲਈ ਸਾਰੀ ਉਮਰ ਯਤਨਸ਼ੀਲ ਰਹੇ। ਅਜਿਹੀ ਸ਼ਖਸੀਅਤ ਦੇ ਇਹ ਬੋਲ ਪੰਜਾਬੀਆਂ ਦੇ ਅੰਗ-ਸੰਗ ਰਹਿਣੇ ਅਤਿਅੰਤ ਜ਼ਰੂਰੀ ਹਨ, “ਜੇਕਰ ਅਸੀਂ ਦਰਿਆਵਾਂ ਦੇ ਵਹਿਣ ਦਾ ਰੁਖ਼ ਬਦਲ ਸਕਦੇ ਹਾਂ, ਫਿਰ ਭਲਾ ਉਸਾਰੂ ਸੋਚ ਨਾਲ ਸਮਾਜ ਦਾ ਰੁਖ਼ ਕਿਉਂ ਨਹੀਂ ਬਦਲ ਸਕਦੇ?”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4006)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author