“ਜਾਂਦਿਆਂ ਹੀ ਮੋਰਚਾ ਸੰਭਾਲਦਿਆਂ ਉਸਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਵੇਖਿਆ ਕਿ ...”
(29 ਮਈ 2022)
ਉਹ ਵਿਅਕਤੀ ਜਿਹੜੇ ਆਪਣੀ ਜ਼ਿੰਦਗੀ ਨੂੰ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਨੂੰ ਸਮਰਪਿਤ ਹੁੰਦੇ ਹਨ, ਲੋਕਾਂ ਦੇ ਅੱਥਰੂ ਪੁੰਝਣ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਆਪਣੇ ਮਨ ਦੇ ਪਿੰਡਿਆਂ ’ਤੇ ਹੰਢਾਉਂਦੇ ਹਨ, ਅਜਿਹੇ ਵਿਅਕਤੀ ਲੋਕਾਂ ਦੇ ਚੇਤਿਆਂ ਵਿੱਚ ਵਸ ਜਾਂਦੇ ਹਨ ਅਤੇ ਅਸੀਸਾਂ ਦਾ ਮੀਂਹ ਵੀ ਅਜਿਹੇ ਵਿਅਕਤੀਆਂ ਦੇ ਹਿੱਸੇ ਹੀ ਆਉਂਦਾ ਹੈ।
ਗੁਰਿੰਦਰ ਸਿੰਘ ਗਿੱਦੀ ਵੀ ਨੇਕੀ ਦੇ ਰਾਹ ’ਤੇ ਚੱਲ ਕੇ ਨਾਮਣਾ ਖੱਟ ਚੁੱਕਿਆ ਹੈ। 38 ਕੁ ਵਰ੍ਹਿਆਂ ਦਾ ਇਹ ਨੌਜਵਾਨ ਸਭ ਤੋਂ ਪਹਿਲਾਂ ਉਦੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੜ੍ਹਿਆ ਜਦੋਂ ਅੰਦਾਜ਼ਨ ਤਿੰਨ ਕੁ ਸਾਲ ਪਹਿਲਾਂ ਸੁਨਾਮ ਦੇ ਲਾਗੇ ਭਗਵਾਨਪੁਰਾ ਪਿੰਡ ਦੇ ਖੇਤਾਂ ਵਿੱਚ ਅਣ ਢਕੇ ਬੋਰਵੈੱਲ ਵਿੱਚ ਦੋ ਸਾਲਾਂ ਦਾ ਫਤਹਿਵੀਰ ਗਿਰ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ ਅਤੇ ਫੌਜ ਦਾ ਐੱਨ.ਡੀ.ਆਰ.ਐੱਫ ਵਿੰਗ 120 ਫੁੱਟ ਡੁੰਘੇ ਬੋਰਵੈੱਲ ਵਿੱਚੋਂ ਫਤਹਿਵੀਰ ਨੂੰ ਕੱਢਣ ਲਈ ਯਤਨਸ਼ੀਲ ਰਿਹਾ। ਜਿੱਥੇ ਜੇ.ਸੀ.ਬੀ. ਮਸ਼ੀਨਾਂ, ਬੋਰ ਦਾ ਆਲਾ-ਦੁਆਲਾ ਪੁੱਟ ਰਹੀਆਂ ਸਨ, ਉੱਥੇ ਹੀ ਸਿਹਤ ਵਿਭਾਗ ਫਤਹਿਵੀਰ ਤਕ ਆਕਸੀਜਨ ਪਹੁੰਚਾਉਣ ਦਾ ਯਤਨ ਕਰ ਰਿਹਾ ਸੀ। ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਬੱਚੇ ਦੀ ਮਿੰਟ ਮਿੰਟ ਦੀ ਹਰਕਤ ਨੋਟ ਕੀਤੀ ਜਾ ਰਹੀ ਸੀ।
6 ਜੂਨ, 2019 ਨੂੰ ਬੱਚਾ ਬੋਰਵੈਲ ਵਿੱਚ ਡਿਗਿਆ ਸੀ। ਅਗਲੇ ਦਿਨ ਹੀ ਗੁਰਿੰਦਰ ਘਟਨਾ ਵਾਲੀ ਥਾਂ ’ਤੇ ਪੁੱਜ ਗਿਆ। ਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ ਉਹ ਬੋਰਵੈਲ ਕੋਲ ਪਹੁੰਚ ਗਿਆ। ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਉਸਨੇ ਬੋਰਵੈਲ ਦੀ ਅੰਦਰੂਨੀ ਸਥਿਤੀ ਦਾ ਜਾਇਜ਼ਾ ਲਿਆ। ਉਸਨੇ ਇਹ ਭਾਂਪ ਲਿਆ ਸੀ ਕਿ ਮਾਸੂਮ ਬੱਚੇ ਦੇ ਸਰੀਰ ਦੁਆਲੇ ਬੋਰੀ ਲਿਪਟ ਗਈ ਹੈ ਅਤੇ ਉਹ ਬੱਚੇ ਨੂੰ ਉੱਪਰ ਲਿਆਉਣ ਵਿੱਚ ਰੁਕਾਵਟ ਬਣਦੀ ਹੈ। ਉਸ ਨੇ ਆਲੇ-ਦੁਆਲੇ ਖੜ੍ਹੇ ਅਧਿਕਾਰੀਆਂ ਨੂੰ ਮਿੰਨਤ ਨਾਲ ਕਿਹਾ ਕਿ ਉਹ ਬੱਚੇ ਨੂੰ ਬਾਹਰ ਕੱਢ ਸਕਦਾ ਹੈ। ਭਲਾ ਵੱਡੇ ਵੱਡੇ ਇੰਜਨੀਅਰ, ਫੌਜ ਦੇ ਐੱਨ.ਡੀ.ਆਰ.ਐੱਫ ਦੇ ਅਧਿਕਾਰੀ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਸਾਹਮਣੇ ਇੱਕ ਮਾਮੂਲੀ ਮਿਸਤਰੀ ਦੀ ਕੀ ਅਹਿਮੀਅਤ ਸੀ? ਉਸਦੀ ਬੇਨਤੀ ਠੁਕਰਾ ਦਿੱਤੀ ਗਈ। 8 ਜੂਨ ਨੂੰ ਉਸਦੀ ਮਾਂ ਜਾਈ ਭੈਣ ਦੀ ਮੌਤ ਹੋ ਗਈ। 9 ਜੂਨ ਨੂੰ ਆਪਣੀ ਭੈਣ ਦੇ ਸੰਸਕਾਰ ਉਪਰੰਤ ਉਹ ਫਿਰ ਫਤਿਹਵੀਰ ਨੂੰ ਕੱਢਣ ਲਈ ਬੋਰਵੈਲ ’ਤੇ ਪਹੁੰਚ ਗਿਆ। ਜਦੋਂ ਸਾਰੇ ਅਧਿਕਾਰੀ ਹੰਭ ਗਏ ਤਾਂ 11 ਜੂਨ ਰਾਤੀਂ ਬਾਰਾਂ ਵਜੇ ਤੋਂ ਬਾਅਦ ਉਹਦੇ ਤਰਲਿਆਂ ਨੂੰ ਬੂਰ ਪਿਆ। ਅਧਿਕਾਰੀਆਂ ਨੇ ਪਹਿਲਾਂ ਉਹਦੀ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਅਤੇ ਫਿਰ ਉਸ ਨੂੰ ਫਤਹਿਵੀਰ ਨੂੰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੀ ਝੰਡੀ ਦੇ ਦਿੱਤੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਉਸਨੇ ਆਪਣਾ ਜੁਗਾੜ ਤਿਆਰ ਕਰ ਕੀਤਾ। ਪਹਿਲਾਂ ਮਾਸੂਮ ਬੱਚੇ ਦੇ ਆਲੇ-ਦੁਆਲਿਓਂ ਬੋਰੀ ਪਰ੍ਹਾਂ ਕੀਤੀ ਅਤੇ ਫਿਰ ਆਪਣੀ ਤਕਨੀਕ ਰਾਹੀਂ ਸਵੇਰੇ 4.15 ਤੇ ਬੱਚੇ ਨੂੰ ਬਾਹਰ ਕੱਢ ਲਿਆ। ਉਸਨੇ ਪ੍ਰਗਟਾਵਾ ਕੀਤਾ ਕਿ ਬੱਚੇ ਦੀ ਬੋਰਵੈਲ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਪ੍ਰਸ਼ਾਸਨ ਨੇ ਉਸ ਦੀ ਫਰਿਆਦ ਉਦੋਂ ਸੁਣੀ ਜਦੋਂ ਉਨ੍ਹਾਂ ਦੇ ਹੋਰ ਸਾਰੇ ਹੀਲੇ ਸਮਾਪਤ ਹੋ ਗਏ ਸਨ ਅਤੇ ਦੇਰ ਹੋਣ ਕਾਰਨ ਉਹ ਬੱਚੇ ਨੂੰ ਬਚਾ ਨਹੀਂ ਸਕਿਆ।
ਐਦਾਂ ਹੀ ਤਾਮਿਲਨਾਡੂ ਦੇ ਪਿੰਡ ਤੀਰਾਚੂਰਾਪਾਲੀ ਵਿੱਚ 98 ਫੁੱਟ ਡੂੰਘੇ ਬੋਰਵੈਲ ਵਿੱਚ ਢਾਈ ਸਾਲਾਂ ਦੇ ਡਿਗੇ ਬੱਚੇ ਨੂੰ ਕੱਢਣ ਲਈ ਉੱਥੋਂ ਦੇ ਪ੍ਰਸ਼ਾਸਨ ਨੇ ਗੁਰਿੰਦਰ ਸਿੰਘ ਗਿੱਦੀ ਨੂੰ ਲਿਆਉਣ ਲਈ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾ। ਗੁਰਿੰਦਰ ਹਵਾਈ ਜਹਾਜ਼ ਰਾਹੀਂ ਨਿਸ਼ਚਿਤ ਅਸਥਾਨ ’ਤੇ ਪਹੁੰਚ ਗਿਆ। ਕੁਝ ਘੰਟਿਆਂ ਦੀ ਜੱਦੋਜਹਿਦ ਉਪਰੰਤ ਬੱਚਾ ਬਾਹਰ ਕੱਢ ਲਿਆ ਗਿਆ। ਪ੍ਰਸ਼ਾਸਨ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਸ਼ੁਕਰਾਨੇ ਵਜੋਂ ਦਿੱਤੇ ਗਏ, ਪਰ ਉਸਨੇ ਸਿਰਫ ਪੰਜ ਹਜ਼ਾਰ ਰੁਪਏ ਰੱਖ ਕੇ ਬਾਕੀ ਹੱਥ ਜੋੜ ਕੇ ਇਹ ਕਹਿੰਦਿਆਂ ਮੋੜ ਦਿੱਤੇ, “ਇਹ ਮੇਰੀ ਸੇਵਾ ਭਾਵਨਾ ਹੈ, ਕਮਾਈ ਦਾ ਸਾਧਨ ਨਹੀਂ।” ਏਅਰ ਪੋਰਟ ਤੇ ਜਦੋਂ ਅਧਿਕਾਰੀ ਉਸ ਨੂੰ ਛੱਡਣ ਆਏ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਗੁਰਿੰਦਰ ਪ੍ਰਤੀ ਅਪਣੱਤ ਅਤੇ ਸਤਿਕਾਰ ਡੁੱਲ੍ਹ ਡੁੱਲ੍ਹ ਪੈਂਦਾ ਸੀ।
ਇਸ ਤਰ੍ਹਾਂ ਹੀ ਪਿਛਲੇ ਦਿਨੀਂ ਹੁਸ਼ਿਆਰਪੁਰ ਤੋਂ 40 ਕਿਲੋਮੀਟਰ ਦੂਰ ਖਿਆਲਾਂ ਪਿੰਡ ਵਿੱਚ ਰਿਤਿਕ ਨਾਂ ਦਾ ਬੱਚਾ 22 ਮਈ 2022 ਨੂੰ ਸਵੇਰੇ 9 ਵਜੇ 85 ਫੁੱਟ ਡੂੰਘੇ ਬੋਰਵੈਲ ਵਿੱਚ ਡਿਗ ਪਿਆ। ਮਾਪਿਆਂ ਨੂੰ ਹੱਥ ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜ ਗਿਆ। ਸੋਸ਼ਲ ਮੀਡੀਏ ’ਤੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਨੇ ਪੋਸਟ ਪਾਕੇ ਮਦਦ ਲਈ ਗੁਹਾਰ ਲਗਾਈ। ਕਿਸੇ ਫਿਕਰਮੰਦ ਵਿਅਕਤੀ ਨੇ ਉਨ੍ਹਾਂ ਨੂੰ ਗਿੱਦੀ ਦਾ ਮੋਬਾਇਲ ਨੰਬਰ ਦੇ ਦਿੱਤਾ। ਉਨ੍ਹਾਂ ਦੇ ਮੋਬਾਇਲ ’ਤੇ ਸ਼ਾਮੀ ਪੰਜ ਕੁ ਵਜੇ ਉਸ ਨਾਲ ਸੰਪਰਕ ਹੋ ਗਿਆ। ਉਸਨੇ ਉਸੇ ਵੇਲੇ ਆਪਣੇ ਭਰਾਵਾਂ ਵਰਗੇ ਦੋਸਤ ਤੋਂ ਗੱਡੀ ਮੰਗੀ ਅਤੇ ਨਾਲ ਆਪਣਾ ਦੋਸਤ ਲੈ ਕੇ ਖਿਆਲਾਂ ਪਿੰਡ ਵੱਲ ਕੂਚ ਕਰ ਦਿੱਤਾ। ਅੰਦਾਜ਼ਨ ਚਾਰ ਕੁ ਘੰਟਿਆਂ ਵਿੱਚ ਉਹ ਉੱਥੇ ਪੁੱਜ ਗਿਆ। ਜਾਂਦਿਆਂ ਹੀ ਮੋਰਚਾ ਸੰਭਾਲਦਿਆਂ ਉਸਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਵੇਖਿਆ ਕਿ ਬੱਚੇ ਦੀਆਂ ਦੋਨੋਂ ਬਾਹਾਂ ਉਸਦੇ ਮੱਥੇ ’ਤੇ ਆਈਆਂ ਹੋਈਆਂ ਸਨ। ਆਪਣੇ ਜੁਗਾੜ ਰਾਹੀਂ ਪਹਿਲਾਂ ਬੱਚੇ ਦੀਆਂ ਦੋਨੋਂ ਬਾਹਾਂ ਨੂੰ ਸਿੱਧਾ ਕੀਤਾ ਅਤੇ ਫਿਰ ਬੱਚੇ ਨੂੰ ਬਾਹਰ ਕੱਢ ਲਿਆ। ਜਦੋਂ ਬਾਹਰ ਕੱਢਿਆ ਤਾਂ ਬੱਚੇ ਦਾ ਸਰੀਰ ਗਰਮ ਸੀ। ਪਰ ਹਸਪਤਾਲ ਜਾਂਦਿਆਂ ਸਾਹ ਘੁੱਟਣ ਕਾਰਨ ਬੱਚਾ ਦਮ ਤੋੜ ਗਿਆ। ਗੁਰਿੰਦਰ ਨੇ ਭਰੇ ਮਨ ਨਾਲ ਕਿਹਾ ਕਿ ਉਸ ਨੂੰ ਸੁਨੇਹਾ ਹੀ ਦੇਰ ਨਾਲ ਮਿਲਿਆ। ਉੱਥੇ ਪੁੱਜਣ ਵੇਲੇ ਬੱਚੇ ਨੂੰ ਬੋਰਵੈਲ ਵਿੱਚ ਗਿਰਿਆਂ ਅੰਦਾਜ਼ਨ 12 ਘੰਟੇ ਹੋ ਚੁੱਕੇ ਸਨ। ਬੱਚੇ ਨੂੰ ਨਾ ਬਚਾਉਣ ਦੀ ਮਾਨਸਿਕ ਪੀੜ ਕਾਰਨ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਉਸਦੀ ਪਿੱਠ ਥਾਪੜਦਿਆਂ ਉਸ ਨੂੰ ਢੁਕਵੇਂ ਸਮੇਂ ਸਨਮਾਨ ਦੇਣ ਦਾ ਵਾਅਦਾ ਵੀ ਕੀਤਾ।
ਗੁਰਿੰਦਰ ਸਿੰਘ ਗਿੱਦੀ ਦਸ ਜਮਾਤਾਂ ਪਾਸ ਹੈ। ਉਸਨੇ ਭਰੇ ਮਨ ਨਾਲ ਦੱਸਿਆ ਕਿ ਆਰਥਿਕ ਮੰਦਹਾਲੀ ਕਾਰਨ ਉਹ ਅਗਾਂਹ ਨਹੀਂ ਪੜ੍ਹ ਸਕਿਆ। ਆਪਣੇ ਚੌਕੀਦਾਰ ਪਿਤਾ, ਪਤਨੀ, ਭਰਾ ਗੁਰਜੀਤ ਅਤੇ ਬੇਟੀ ਲਵਲੀਨ ਨਾਲ ਉਹ ਪਿੰਡ ਮੰਗਵਾਲ ਨਜ਼ਦੀਕ ਸੰਗਰੂਰ ਵਿਖੇ ਬੋਰਵੈੱਲ ਵਿੱਚ ਡਿਗੀਆਂ ਮੋਟਰਾਂ ਕੱਢਣ ਦਾ ਕੰਮ ਕਰਦਾ ਹੈ। ਇਸ ਕੰਮ ਵਿੱਚ ਮੁਹਾਰਤ ਹੋਣ ਕਾਰਨ ਆਲੇ-ਦੁਆਲੇ ਦੇ ਕਿਰਸਾਨ ਆਪਣੀਆਂ ਡਿੱਗੀਆਂ ਮੋਟਰਾਂ ਉਸ ਤੋਂ ਹੀ ਕਢਵਾਉਂਦੇ ਹਨ। ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਹੈ। ਬੂਟਿਆਂ ਦੀ ਸੰਭਾਲ ਕਰਨੀ ਅਤੇ ਗੁਰੂ ਘਰ ਜਾ ਕੇ ਸੇਵਾ ਕਰਨੀ ਉਸਦਾ ਨਿੱਤ ਨੇਮ ਹੈ।
ਬੋਰਵੈੱਲਾਂ ਵਿੱਚ ਡਿਗੇ ਬੱਚਿਆਂ ਨੂੰ ਕੱਢਣ ਦੇ ਹੁਨਰ ਸਬੰਧੀ ਉਸਨੇ ਆਪਣੇ ਗੁਰੂ ਲਾਲੀ ਸੰਗਰੂਰ ਅਤੇ ਗੁਰਜੀਤ ਸਿੰਘ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਈ ਵੀ ਲੋੜਵੰਦ ਮੋਬਾਇਲ ਨੰਬਰ 70099-13793 ਅਤੇ 76966-42217 ਤੇ ਉਸ ਨਾਲ ਸੰਪਰਕ ਕਰ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3594)
(ਸਰੋਕਾਰ ਨਾਲ ਸੰਪਰਕ ਲਈ: