“ਜਦੋਂ ਮੁੱਖ ਮੰਤਰੀ ਨੇ ਇਹ ਕਿਹਾ ਕਿ ਤੁਸੀਂ ਇਸਦੀ ਸੂਚਨਾ ਥਾਣੇ ਵਿੱਚ ਦੇਣੀ ਸੀ, ਲੋਕਾਂ ਨੇ ਸ਼ਿਕਵੇ ਭਰਪੂਰ ਲਹਿਜ਼ੇ ਵਿੱਚ ਕਿਹਾ ...”
(28 ਮਾਰਚ 2024)
ਇਸ ਸਮੇਂ ਪਾਠਕ: 335.
ਪੰਜਾਬ ਏਸ਼ੀਆ ਮਹਾਂਦੀਪ ਦਾ ਉਹ ਖਿੱਤਾ ਹੈ ਜਿੱਥੇ ਨਸ਼ਿਆਂ ਕਾਰਨ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਮਾਰੂ ਦੁਖਾਂਤ ਕਾਰਨ ਨੌਜਵਾਨ ਮੁੰਡੇ ਬੇਰਾਂ ਵਾਂਗ ਝੜ ਰਹੇ ਨੇ ਅਤੇ ਸਿਵਿਆਂ ਵਿੱਚ ਸੋਗੀ ਚਿਹਰਿਆਂ ਦੀ ਭੀੜ ਲਗਾਤਾਰ ਵਧ ਰਹੀ ਹੈ। ਇਸ ਵੇਲੇ ਕਈ ਪਿੰਡ ‘ਵਿਧਵਾਵਾਂ ਦੇ ਪਿੰਡਾਂ’ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਉੱਥੇ ਨਸ਼ਿਆਂ ਦੇ ਕਹਿਰ ਨੇ ਮਨੁੱਖੀ ਜ਼ਿੰਦਗੀਆਂ ਨੂੰ ਨਿਗਲ ਲਿਆ ਹੈ। ਕਈ ਪਿੰਡਾਂ ਦੀ ਪਛਾਣ ‘ਛੜਿਆਂ ਦਾ ਪਿੰਡ’ ਵਜੋਂ ਬਣੀ ਹੋਈ ਹੈ, ਕਿਉਂਕਿ ਸ਼ਰਾਬ ਅਤੇ ਚਿੱਟੇ ਕਾਰਨ ਨਖਿੱਧ ਹੋਈ ਜਵਾਨੀ ਨੂੰ ਕੋਈ ਆਪਣੀ ਧੀ ਦੇਣ ਲਈ ਤਿਆਰ ਨਹੀਂ। ਕਈ ਪਿੰਡ ਘਰ ਦੀ ਕੱਢੀ ਸ਼ਰਾਬ ਅਤੇ ਚਿੱਟੇ ਦੀ ਸ਼ਰੇਆਮ ਵਿਕਰੀ ਲਈ ਪ੍ਰਸਿੱਧ ਹਨ। ਜਦੋਂ ਵੀ ਨਸ਼ਿਆਂ ਕਾਰਨ ਮਾਰੂ ਦੁਖਾਂਤ ਵਾਪਰਦਾ ਹੈ ਤਾਂ ਇੱਕ ਵਾਰ ਹਿਲਜੁਲ ਜਿਹੀ ਹੁੰਦੀ ਹੈ। ਰਾਜ ਸੱਤਾ ਭੋਗ ਰਹੇ ਆਗੂ ਪੀੜਤ ਪਰਿਵਾਰਾਂ ਕੋਲ ਮਗਰਮੱਛ ਦੇ ਹੰਝੂ ਕੇਰਦੇ ਹਨ। ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੇਣ ਦੇ ਨਾਲ ਨਾਲ ਨਸ਼ਿਆਂ ਦਾ ਲੱਕ ਤੋੜਨ ਦਾ ਦਾਅਵਾ ਵੀ ਕਰ ਦਿੰਦੇ ਹਨ। ਵਿਰੋਧੀ ਪਾਰਟੀਆਂ ਉਸ ਵਾਪਰੇ ਮਾਰੂ ਦੁਖਾਂਤ ਦਾ ਲਾਹਾ ਲੈਂਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਲਈ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਰੁਜ਼ਗਾਰ ਦੀ ਮੰਗ ਕਰਦਿਆਂ ਸਰਕਾਰ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਇੰਜ ਨਸ਼ਿਆਂ ਦੇ ਮਾਰੂ ਦੁਖਾਂਤ ਅਤੇ ਸਿਵਿਆਂ ਦੀ ਪ੍ਰਚੰਡ ਹਵਾ ਸਮੇਂ ਵੀ ਸਿਆਸਤ ਆਪਣੇ ਰੰਗ ਬਿਖੇਰਨ ਵਿੱਚ ਕੋਈ ਕਸਰ ਨਹੀਂ ਛੱਡਦੀ।
ਸਾਲ 2020 ਵਿੱਚ ਕੈਪਟਨ ਸਰਕਾਰ ਸਮੇਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 114 ਮੌਤਾਂ ਹੋਈਆਂ। 15 ਲੋਕ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਬੈਠੇ। ਉਸ ਸਮੇਂ ਦੋ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਦੋਵੇਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਸਿਆਸੀ ਸਰਪ੍ਰਸਤੀ ਹੇਠ ਧੜੱਲੇ ਨਾਲ ਚੱਲ ਰਹੀਆਂ ਸਨ। ਉਸ ਸਮੇਂ ਲੋਕਾਂ ਅੰਦਰ ਇਹ ਪ੍ਰਸ਼ਨ ਧੁਖਦੇ ਰਹੇ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤਾਂ ਖੇਤ ਸੁਰੱਖਿਅਤ ਨਹੀਂ ਰਹੇਗਾ। ਜੇਕਰ ਮਾਲੀ ਦਗਾਬਾਜ਼ ਹੋ ਜਾਵੇ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ ਅਤੇ ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਫਿਰ ਮਾਲਕ ਦੀ ਜਾਨ-ਮਾਲ ਨੂੰ ਗੰਭੀਰ ਖਤਰਾ ਪੈਦਾ ਹੋ ਜਾਂਦਾ ਹੈ। ਇਸ ਮਾਰੂ ਦੁਖਾਂਤ ਸਮੇਂ ਕੈਪਟਨ ਸਰਕਾਰ ਪੰਜਾਬ ’ਤੇ ਰਾਜ ਕਰ ਰਹੀ ਸੀ। ਉਸ ਸਮੇਂ ਆਮ ਆਦਮੀ ਪਾਰਟੀ ਦੇ ਸਾਂਸਦ (ਹੁਣ ਮੁੱਖ ਮੰਤਰੀ) ਸ਼੍ਰੀ ਭਗਵੰਤ ਮਾਨ ਨੇ ਮੰਗ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕੋਲ ਗ੍ਰਹਿ ਅਤੇ ਐਕਸਾਈਜ਼ ਵਿਭਾਗ ਹੋਣ ਕਾਰਨ ਇਸ ਮਾਰੂ ਦੁਖਾਂਤ ਲਈ ਉਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਉੱਤੇ ਧਾਰਾ 302 ਅਧੀਨ ਕਤਲ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਵਿਖੇ ਪੀੜਤਾਂ ਨੂੰ ਇਕੱਠੇ ਕਰਕੇ ਦੋ ਲੱਖ ਪ੍ਰਤੀ ਪੀੜਤ ਪਰਿਵਾਰ ਦਿੱਤੇ ਸਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ। ਇਸ ਦੁਖਾਂਤ ਦਾ ਕੁਝ ਦੇਰ ਰਾਮ-ਰੌਲਾ ਪੈਂਦਾ ਰਿਹਾ, ਫਿਰ ਕੁਝ ਦੇਰ ਬਾਅਦ ਲੋਕਾਂ ਦੇ ਚੇਤਿਆਂ ਵਿੱਚੋਂ ਮਨਫ਼ੀ ਹੋ ਗਿਆ। ਪਰ ਉਨ੍ਹਾਂ ਪੀੜਤ ਪਰਿਵਾਰਾਂ ਦੇ ਜ਼ਖ਼ਮ ਹੁਣ ਵੀ ਰਿਸ ਰਹੇ ਨੇ। ਭਲਾ ਕੀ ਮਨੁੱਖੀ ਜਾਨ ਦੀ ਕੀਮਤ ਦੋ ਲੱਖ ਰੁਪਏ ਹੀ ਹੈ? ਉਹ ਪੈਸੇ ਤਾਂ ਕਬੀਲਦਾਰੀ ਦੀਆਂ ਲੋੜਾਂ ਨੇ ਇੱਕ ਦੋਂਹ ਸਾਲ ਵਿੱਚ ਹੀ ਨਿਗਲ ਲਏ। ਪਿੱਛੋਂ ਉਨ੍ਹਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ। ਪਰ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਸਾਰ ਨਾ ਲਈ।
ਸਾਲ 2010 ਵਿੱਚ ਦਸੂਹਾ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ 16 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਉਸ ਸਮੇਂ ਵਿਰੋਧੀ ਪਾਰਟੀ ਕਾਂਗਰਸ ਨੇ ਇਹ ਮੁੱਦਾ ਉਭਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਵਿਧਾਨ ਸਭਾ ਵਿੱਚ ਵੀ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਸਰਕਾਰ ਨੂੰ ਭੰਡਿਆ ਗਿਆ। ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਭਵਿੱਖ ਵਿੱਚ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੇ ਵਾਅਦੇ ਨਾਲ ਇਸ ਦੁਖਾਂਤ ’ਤੇ ਵੀ ਮਿੱਟੀ ਪਾ ਦਿੱਤੀ ਗਈ।
8 ਅਪਰੈਲ 2023 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਵਿੱਚ ਤਿੰਨ ਵਿਅਕਤੀਆਂ ਨੂੰ ਜ਼ਹਿਰੀਲੀ ਸ਼ਰਾਬ ਨੇ ਨਿਗਲ ਲਿਆ। ਖਬਰ ਅਖਬਾਰਾਂ ਦੀ ਸੁਰਖੀ ਬਣੀ। ਸਿਆਸੀ ਲੋਕਾਂ ਦੇ ਲੰਮੇ ਚੌੜੇ ਬਿਆਨ ਵੀ ਆਏ। ਮੁਆਵਜ਼ੇ ਦੀ ਕੁਝ ਰਾਸ਼ੀ ਨਾਲ ਪੀੜਤ ਪਰਿਵਾਰਾਂ ਦੇ ਅੱਥਰੂ ਪੂੰਝਣ ਦਾ ਸਰਕਾਰ ਵੱਲੋਂ ਯਤਨ ਵੀ ਕੀਤਾ ਗਿਆ।
ਇਸ ਤਰ੍ਹਾਂ ਦੀਆਂ ਮਾਰੂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 20 ਮਾਰਚ 2024 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਲੋਕਾਂ ਦੀ ਇੱਕ ਦਿਨ ਵਿੱਚ ਹੀ ਮੌਤ ਹੋਣ ਨਾਲ ਤਰਥੱਲੀ ਮੱਚ ਗਈ। ਇਸ ਮਾਰੂ ਦੁਖਾਂਤ ਕਾਰਨ ਪਿੰਡ ਵਿੱਚ ਸੋਗੀ ਹਵਾ ਪਸਰ ਗਈ। ਇਸ ਦੁਖਾਂਤ ਤੋਂ ਤਿੰਨ ਦਿਨਾਂ ਬਾਅਦ ਸੁਨਾਮ ਦੀ ਟਿੱਬੀ ਰਵਿਦਾਸਪੁਰਾ ਬਸਤੀ ਵੀ ਇਸ ਦੁਖਾਂਤ ਦਾ ਸ਼ਿਕਾਰ ਹੋ ਗਈ। ਇਨ੍ਹਾਂ ਦੋਨਾਂ ਥਾਵਾਂ ਦੇ ਨਾਲ ਲਗਦੇ ਕਈ ਹੋਰ ਪਿੰਡਾਂ ਵਿੱਚ ਵੀ ਜ਼ਹਿਰੀਲੀ ਸ਼ਰਾਬ ਨੇ ਭਾਣਾ ਵਰਤਾਇਆ। ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਹੁਣ ਤਕ ਕੁੱਲ 21 ਮੌਤਾਂ ਹੋਣ ਦੇ ਨਾਲ ਨਾਲ 49 ਮਰੀਜ਼ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। 4 ਮਰੀਜ਼ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਹਨ। ਇਸ ਸੰਬੰਧ ਵਿੱਚ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਦੋਸ਼ੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਈਪੁਰ ਦਾ ਹਰਮਨਪ੍ਰੀਤ ਸਿੰਘ ਹੈ, ਜਿਸ ਨੇ ਆਪਣੇ ਸਾਥੀ ਗੁਰਲਾਲ ਸਿੰਘ ਨਾਲ ਮਿਲਕੇ ਸੰਗਰੂਰ ਜੇਲ੍ਹ ਵਿੱਚ ਕਿਸੇ ਹੋਰ ਜੁਰਮ ਕਰਕੇ ਕੈਦ ਕੱਟਦਿਆਂ ਇੰਟਰਨੈੱਟ ਰਾਹੀਂ ਯੂ-ਟਿਊਬ ’ਤੇ ਨਜਾਇਜ਼ ਸ਼ਰਾਬ ਤਿਆਰ ਕਰਨ ਦਾ ਤਰੀਕਾ ਸਿੱਖਿਆ। ਜੇਲ੍ਹ ਤੋਂ ਬਾਹਰ ਆ ਕੇ ਉਸਨੇ ਆਪਣੇ ਪਿੰਡ ਤੇਈਪੁਰ ਵਿੱਚ ਨਜਾਇਜ਼ ਸ਼ਰਾਬ ਦੀ ਮਿੰਨੀ ਫੈਕਟਰੀ ਲਾਈ। ਸ਼ਰਾਬ ਤਿਆਰ ਕਰਨ ਲਈ ਉਸਨੇ ਜ਼ਹਿਰੀਲਾ ਕੈਮੀਕਲ ਨੋਇਡਾ ਤੋਂ ਮੰਗਵਾਇਆ। ਪੈਸਿਆਂ ਦੀ ਅਦਾਇਗੀ ਵੀ ਇੰਟਰਨੈੱਟ ਰਾਹੀਂ ਕੀਤੀ। ਖਾਲੀ ਬੋਤਲਾਂ, ਬੋਤਲ ’ਤੇ ਲੇਬਲ ਲਾਉਣ ਲਈ ਪ੍ਰਿੰਟਰ, ਢੱਕਣ ਅਤੇ ਹੋਰ ਸਾਜ਼ੋ ਸਾਮਾਨ ਲੁਧਿਆਣੇ ਤੋਂ ਖਰੀਦਿਆ। ਦੁਖਾਂਤ ਇਹ ਵੀ ਹੈ ਕਿ ਜਿੱਥੇ ਹਰਮਨਪ੍ਰੀਤ ਨੇ ਸ਼ਰਾਬ ਦੀ ਮਿੰਨੀ ਫੈਕਟਰੀ ਲਾਈ ਸੀ, ਉੱਥੋਂ ਪੁਲਿਸ ਦੀ ਚੌਂਕੀ ਦੋ ਕਿਲੋਮੀਟਰ ’ਤੇ ਹੈ।
ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ। ਵਿਰੋਧੀਆਂ ਪਾਰਟੀਆਂ ਜਿੱਥੇ ਮੁੱਖ ਮੰਤਰੀ ਉੱਤੇ ਸਾਂਸਦ ਹੋਣ ਸਮੇਂ ਸਾਲ 2020 ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਦਿੱਤੇ ਬਿਆਨ ’ਤੇ ਅਮਲ ਕਰਨ ਲਈ ਜ਼ੋਰ ਪਾ ਰਹੇ ਹਨ, ਉੱਥੇ ਰਾਜ ਸਤਾ ਨਾਲ ਸਬੰਧਤ ਆਗੂ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋਸ਼ੀਆਂ ਨੂੰ ਕਰੜੀ ਸਜ਼ਾ ਦੇਣ ਦੇ ਨਾਲ ਨਾਲ ਪੀੜਤਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
24 ਮਾਰਚ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪਿੰਡ ਗੁੱਜਰਾਂ (ਸੰਗਰੂਰ) ਦਾ ਦੌਰਾ ਕੀਤਾ। ਉਸ ਸਮੇਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਅਤੇ ਦੂਜੇ ਮਾਰੂ ਨਸ਼ਿਆਂ ਦੀ ਵਿਕਰੀ ਪਿਛਲੇ 7-8 ਸਾਲਾਂ ਤੋਂ ਲਗਾਤਾਰ ਹੋ ਰਹੀ ਹੈ। ਜਦੋਂ ਮੁੱਖ ਮੰਤਰੀ ਨੇ ਇਹ ਕਿਹਾ ਕਿ ਤੁਸੀਂ ਇਸਦੀ ਸੂਚਨਾ ਥਾਣੇ ਵਿੱਚ ਦੇਣੀ ਸੀ, ਲੋਕਾਂ ਨੇ ਸ਼ਿਕਵੇ ਭਰਪੂਰ ਲਹਿਜ਼ੇ ਵਿੱਚ ਕਿਹਾ ਕਿ ਪੁਲਿਸ ਤੰਤਰ, ਖੁਫੀਆ ਵਿਭਾਗ ਅਤੇ ਐਕਸਾਈਜ਼ ਵਿਭਾਗ ਮੌਤ ਦਾ ਫਰਮਾਨ ਵੰਡਣ ਵਾਲਿਆਂ ਸੰਬੰਧੀ ਸਭ ਕੁਝ ਜਾਣਦਾ ਹੈ।
ਸਰਕਾਰ ਨੂੰ ਸਰਕਾਰੀ ਸ਼ਰਾਬ ਦੇ ਠੇਕਿਆਂ ਰਾਹੀਂ ਮਾਲੀਆਂ ਵਧਾਉਣ ਦੀ ਚਿੰਤਾ ਦੀ ਥਾਂ ਨਜਾਇਜ਼ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਉੱਤੇ ਪੂਰਨ ਪਾਬੰਦੀ ਲਾਉਣ ਲਈ ਦ੍ਰਿੜ੍ਹ ਰਾਜਸੀ ਇੱਛਾ ਸ਼ਕਤੀ ਨਾਲ ਠੋਸ ਕਦਮ ਚੁੱਕਣੇ ਜ਼ਰੂਰੀ ਹਨ। ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਜ਼ਹਿਰੀਲੀ ਸ਼ਰਾਬ ਮਨੁੱਖੀ ਜਾਨਾਂ ਦੀ ਭਵਿੱਖ ਵਿੱਚ ਵੀ ਬਲੀ ਲੈਂਦੀ ਰਹੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4842)
(ਸਰੋਕਾਰ ਨਾਲ ਸੰਪਰਕ ਲਈ: (