MohanSharma8ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਮੈਂ ਅਤੇ ਮੇਰੀ ਮਾਂ ਲੋਕਾਂ ਦੇ ਘਰੀਂ ਗੋਹਾ-ਕੂੜਾ ...
(2 ਦਸੰਬਰ 2020)

 

ਜ਼ਿੰਦਗੀ ਵਿੱਚ ਕਈ ਘਟਨਾਵਾਂ ਇਸ ਤਰ੍ਹਾਂ ਦਸਤਕ ਦਿੰਦੀਆਂ ਨੇ ਕਿ ਉਹ ਬਾਅਦ ਵਿੱਚ ਹੁਸੀਨ ਯਾਦਾਂ ਵਿੱਚ ਸ਼ਾਮਲ ਹੋ ਜਾਂਦੀਆਂ ਨੇ ਅਤੇ ਉਹ ਪਲ ਜ਼ਿੰਦਗੀ ਦੇ ਸੁਨਹਿਰੀ ਪਲ ਬਣਕੇ ਮਨ ਨੂੰ ਸਕੂਨ ਵੀ ਦਿੰਦੇ ਨੇ, ਹੌਸਲਾ ਵੀ ਅਤੇ ਤਰੋਤਾਜ਼ਾ ਵੀ ਕਰੀ ਰੱਖਦੇ ਨੇ

ਗੱਲ ਸਾਲ 1997-98 ਦੀ ਹੈਉਸ ਵੇਲੇ ਮੈਂ ਸੰਗਰੂਰ ਵਿਖੇ ਸੀਨੀਅਰ ਜ਼ਿਲ੍ਹਾ ਬੱਚਤ ਅਫਸਰ ਵਜੋਂ ਸੇਵਾ ਨਿਭਾ ਰਿਹਾ ਸਾਂ ਉਦੋਂ ਰੋਸ ਧਰਨਿਆਂ, ਮੁਜ਼ਾਹਰਿਆਂ ਦਾ ਇੰਨਾ ਜ਼ੋਰ ਨਹੀਂ ਸੀ ਹੁੰਦਾ ਮੰਤਰੀਆਂ ਦਾ ਘਿਰਾਉ ਕਰਨ ਦੀ ਵੀ ਨੌਬਤ ਨਹੀਂ ਸੀ ਆ ਰਹੀ ਅਤੇ ਨਾ ਹੀ ਬੇਰੁਜ਼ਗਾਰੀ ਦੇ ਝੰਬੇ ਪਏ ਟਰੇਂਡ ਅਧਿਆਪਕ ਟੈਂਕੀਆਂ ’ਤੇ ਚੜ੍ਹ ਕੇ ਰੁਜ਼ਗਾਰ ਲਈ ਗਿੜਗਿੜਾ ਰਹੇ ਸਨਉਨ੍ਹਾਂ ਦਿਨਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਹਿੱਸੇ ਹੁਣ ਵਾਲੀ ਭਟਕਣਾ, ਮਾਯੂਸੀ, ਗੁਰਬਤ ਨਹੀਂ ਸੀ ਆਈ ਅਤੇ ਨਾ ਹੀ ਤਪਦੀਆਂ ਸੜਕਾਂ ’ਤੇ ਬੱਚੇ ਗੋਦੀ ਚੁੱਕ ਕੇ ਬੇਰੁਜ਼ਗਾਰ ਅਧਿਆਪਕਾਵਾਂ ਨੂੰ ਰੋਸ਼ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣਾ ਪਿਆ ਸੀਉਨ੍ਹਾਂ ਦਿਨਾਂ ਵਿੱਚ ਕਿਸੇ ਦੂਰਅੰਦੇਸ਼ੀ ਮੰਤਰੀ ਜਾਂ ਅਧਿਕਾਰੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਅਧਿਆਪਕਾਂ ਦੀ ਚੋਣ ਲਈ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਸੈਨਿਕ ਵੈੱਲਫੇਅਰ ਅਫਸਰ, ਜ਼ਿਲ੍ਹਾ ਭਲਾਈ ਅਫਸਰ ਅਤੇ ਇੱਕ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਸ਼ਾਮਲ ਕਰਕੇ ਚੋਣ ਕਮੇਟੀ ਗਠਿਤ ਕੀਤੀ ਜਾਵੇ, ਜਿਸਦਾ ਚੇਅਰਮੈਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੋਵੇਗਾ ਅਤੇ ਇਹ ਕਮੇਟੀ ਆਪਣੇ-ਆਪਣੇ ਜ਼ਿਲ੍ਹੇ ਵਿੱਚ ਅਧਿਆਪਕਾਂ ਦੀ ਮੈਰਿਟ ਲਿਸਟ ਬਣਾ ਕੇ ਵਿੱਦਿਆ ਵਿਭਾਗ ਦੇ ਮੁੱਖ ਦਫਤਰ ਨੂੰ ਭੇਜੇਗੀ ਅਤੇ ਉੱਥੇ ਹੀ ਸਾਰੇ ਜ਼ਿਲ੍ਹਿਆਂ ਦੀਆਂ ਮੈਰਿਟ ਲਿਸਟਾਂ ਦੇ ਆਧਾਰ ’ਤੇ ਫਾਈਨਲ ਚੋਣ ਹੋਵੇਗੀ

ਇੱਕ ਦਿਨ ਰੋਜ਼ਾਨਾ ਵਾਂਗ ਜਦੋਂ ਮੈਂ ਦਫਤਰ ਪੁੱਜਿਆਂ ਤਾਂ ਮੈਥੋਂ ਪਹਿਲਾਂ ਡੀ.ਸੀ. ਦਫਤਰ ਦਾ ਕਰਮਚਾਰੀ ਜ਼ਰੂਰੀ ਪੱਤਰ ਦੇਣ ਲਈ ਦਫਤਰ ਵਿੱਚ ਮੇਰੀ ਉਡੀਕ ਕਰ ਰਿਹਾ ਸੀਪੱਤਰ ਡਿਪਟੀ ਕਮਿਸ਼ਨਰ ਵਲੋਂ ਸੀ ਜਿਸ ਵਿੱਚ ਅਧਿਆਪਕਾਂ ਦੀ ਚੋਣ ਕਮੇਟੀ ਵਿੱਚ ਡਿਪਟੀ ਕਮਿਸ਼ਨਰ ਨੇ ਆਪਣੇ ਨੁਮਾਇੰਦੇ ਵਜੋਂ ਭਾਗ ਲੈਣ ਲਈ ਮੇਰੀ ਜ਼ਿੰਮੇਵਾਰੀ ਲਾਈ ਸੀਨਵੀਂ ਫਰਜ਼ਾਂ ਭਰਪੂਰ ਜ਼ਿੰਮੇਵਾਰੀ ਦੇ ਨਾਲ ਨਾਲ ਇਸ ਗੱਲ ਦਾ ਇਹਸਾਸ ਵੀ ਸ਼ਿੱਦਤ ਨਾਲ ਹੋਇਆ ਕਿ ਡਿਪਟੀ ਕਮਿਸ਼ਨਰ ਨੇ ਮੈਂਨੂੰ ਇਸ ਅਹਿਮ ਜ਼ਿੰਮੇਵਾਰੀ ਦੇ ਯੋਗ ਸਮਝਿਆ ਹੈ

ਅਗਲੇ ਦਿਨ ਹੀ ਇੰਟਰਵਿਊ ਸ਼ੁਰੂ ਹੋ ਗਈਉਮੀਦਵਾਰਾਂ ਦੀ ਗਿਣਤੀ ਅਨੁਸਾਰ ਇਹ ਕੰਮ ਅੰਦਾਜ਼ਨ ਦੋ ਮਹੀਨੇ ਚੱਲਣਾ ਸੀਕਮੇਟੀ ਮੈਂਬਰਾਂ ਦੀ ਆਪਸੀ ਸਹਿਮਤੀ ਬਣੀ ਕਿ ਦੁਪਹਿਰ ਤਕ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਬਾਅਦ ਦੁਪਹਿਰ ਦਫਤਰ ਦੇ ਕੰਮ ਨਿਪਟਾਏ ਜਾਣਗੇਸੈਨਿਕ ਵੈੱਲਫੇਅਰ ਅਧਿਕਾਰੀ ਦਾ ਕੰਮ ਸੈਨਿਕਾਂ ਦੇ ਹਿਤ ਦਾ ਧਿਆਨ ਰੱਖਣਾ, ਵੈੱਲਫੇਅਰ ਅਧਿਕਾਰੀ ਨੇ ਅਨੁਸੂਚਿਤ ਅਤੇ ਬੈਕਵਰਡ ਕਲਾਸਾਂ ਨਾਲ ਸਬੰਧਤ ਉਮੀਦਵਾਰਾਂ ਦੇ ਹਿਤਾਂ ’ਤੇ ਨਿਗਰਾਨੀ ਕਰਨਾ, ਮੇਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਉਮੀਦਵਾਰਾਂ ਦੇ ਹਿਤ ਨੂੰ ਵੇਖਣਾ ਸੀਹਾਲਾਂ ਇੰਟਰਵਿਊ ਲੈਂਦਿਆਂ ਦਸ ਕੁ ਦਿਨ ਹੀ ਹੋਏ ਸਨ, ਇੱਕ ਦਿਨ ਕਮੇਟੀ ਸਾਹਮਣੇ ਕਿਸੇ ਪਿੰਡ ਨਾਲ ਸਬੰਧਤ ਲੜਕੀ ਪੇਸ਼ ਹੋਈਸਾਧਾਰਨ ਜਿਹੇ ਕੱਪੜੇ ਅਤੇ ਚਿਹਰੇ ’ਤੇ ਨਜ਼ਰ ਮਾਰਿਆਂ ਅਨੁਭਵ ਹੁੰਦਾ ਸੀ ਜਿਵੇਂ ਇਸ ਕੁੜੀ ਨੂੰ ਚੱਜ ਨਾਲ ਹੱਸਿਆਂ ਬਹੁਤ ਸਮਾਂ ਹੋ ਗਿਆ ਹੋਵੇਕਮੇਟੀ ਦੇ ਮੈਂਬਰਾਂ ਨੇ ਜਦੋਂ ਉਸ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ ਤਾਂ ਕੁੜੀ ਬੌਂਦਲ ਜਿਹੀ ਗਈਕੁੜੀ ਨੇ ਗੱਚ ਭਰ ਕੇ ਜਵਾਬ ਦਿੱਤਾ, “ਜੀ, ਮੇਰੀ ਇੱਕ ਬੇਨਤੀ ਹੈਛੇ ਮਹੀਨੇ ਪਹਿਲਾਂ ਮੇਰੇ ਬਾਪੂ ਜੀ ਗੁਜ਼ਰ ਗਏਉਹ ਪਿੰਡ ਦੇ ਜਿੰਮੀਦਾਰ ਕੋਲ ਸੀਰੀ ਸਨਤਿੰਨ ਭੈਣਾਂ ਹਾਂ ਅਸੀਂ ਅਤੇ ਇੱਕ ਛੋਟਾ ਭਰਾ ਹੈਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਮੈਂ ਅਤੇ ਮੇਰੀ ਮਾਂ ਲੋਕਾਂ ਦੇ ਘਰੀਂ ਗੋਹਾ-ਕੂੜਾ ਕਰਨ ਜਾਂਦੀਆਂ ਹਾਂਉਸ ਜਿਮੀਦਾਰ ਦੇ ਘਰ ਵੀ ਕੰਮ ਕਰਨ ਜਾਂਦੀਆਂ ਹਾਂ, ਜਿੱਥੇ ਮੇਰਾ ਬਾਪੂ ਸੀਰੀ ਰਲਿਆ ਹੋਇਆ ਸੀਉਨ੍ਹਾਂ ਤੋਂ ਸੀਰੀ ਰਲਣ ਵੇਲੇ ਲਿਆ ਕਰਜ਼ਾ ਕੰਮ ਕਰਕੇ ਮੋੜਨ ਦੀ ਕੋਸ਼ਿਸ਼ ਮਾਂਵਾਂ ਧੀਆਂ ਰਲ ਕੇ ਕਰ ਰਹੀਆਂ ਹਾਂ।”

ਕੁੜੀ ਨੇ ਚੁੰਨ੍ਹੀ ਦੇ ਲੜ ਨਾਲ ਅੱਥਰੂ ਪੂੰਝਦਿਆਂ ਆਪਣੀ ਦਰਦ ਭਰੀ ਵਿਥਿਆ ਨੂੰ ਅਗਾਂਹ ਤੋਰਿਆ, “ਆਹ ਵੇਖੋ ਜੀ ਮੇਰੇ ਹੱਥਨਹੁੰਆਂ ਵਿੱਚ ਗੋਹਾ ਫਸਿਆ ਹੋਇਆ ਹੈਹੱਥ ਵੀ ਗੋਹੇ ਰੰਗੇ ਹੋਏ ਪਏ ਨੇਤੁਸੀਂ ਮੈਥੋਂ ਮੇਰੇ ਪਿੰਡ ਦੇ ਕਿਰਤੀਆਂ ਸਬੰਧੀ ਸਵਾਲ ਪੁੱਛ ਲਵੋ, ਜਿਹੜੇ ਚੱਜ ਨਾਲ ਰੋਟੀ ਖਾਂਦੇ ਨੇ, ਉਨ੍ਹਾਂ ਸਬੰਧੀ ਵੀ ਮੈਂ ਕੁਝ ਨਾ ਕੁਝ ਦੱਸ ਸਕਦੀ ਹਾਂਸਾਰਾ ਦਿਨ ਊਰੀ ਵਾਂਗ ਘੁੰਮਦਿਆਂ ਹੋਰ ਕੁਝ ਸੁੱਝਦਾ ਹੀ ਨਹੀਂ।”

ਕੁੜੀ ਦੀਆਂ ਗੱਲਾਂ ਨੇ ਮਾਹੌਲ ਨੂੰ ਗੰਭੀਰ ਜਿਹਾ ਕਰ ਦਿੱਤਾਉਹਦੀਆਂ ਅੱਖਾਂ ਵਿੱਚੋਂ ਅੱਥਰੂ ਛਲਕ ਰਹੇ ਸਨਮੇਰਾ ਆਪਣਾ ਆਪ ਕੁੜੀ ਦੀ ਹਾਲਤ ਨਾਲ ਝੰਜੋੜਿਆ ਜਿਹਾ ਗਿਆਕੁੜੀ ਨੂੰ ਹੌਸਲਾ ਦਿੰਦਿਆਂ ਮੈਂ ਕਿਹਾ, “ਅੱਜ ਮਾੜੇ ਦਿਨ ਨੇ ਤਾਂ ਚੰਗੇ ਦਿਨ ਵੀ ਜ਼ਰੂਰ ਆਉਣਗੇਹਨੇਰੇ ਪਿੱਛੋਂ ਚਾਨਣ ਵੀ ਤਾਂ ਆਉਂਦਾ ਹੈਹੌਸਲਾ ਨਾ ਹਾਰੋ।”

ਚੋਣ ਕਮੇਟੀ ਦੇ ਕਿਸੇ ਮੈਂਬਰ ਨੇ ਉਸ ਤੋਂ ਅਗਾਂਹ ਹੋਰ ਕੋਈ ਪ੍ਰਸ਼ਨ ਨਹੀਂ ਪੁੱਛਿਆ ਅਤੇ ਕੁੜੀ ਦੇ ਜਾਣ ਬਾਅਦ ਮੈਂ ਸੱਚ ਵਰਗਾ ਝੂਠ ਕਮੇਟੀ ਦੇ ਦੂਜੇ ਮੈਂਬਰਾਂ ਕੋਲ ਬੋਲਦਿਆਂ ਕਿਹਾ, “ਇਸ ਕੁੜੀ ਦੀ ਮਦਦ ਕਰਨ ਲਈ ਮੈਂਨੂੰ ਡੀ.ਸੀ. ਸਾਹਿਬ ਨੇ ਕਿਹਾ ਸੀ।” ਇੰਜ ਵੱਧ ਤੋਂ ਵੱਧ ਇੰਟਰਵਿਊ ਦੇ ਨੰਬਰ ਸਾਰੇ ਮੈਂਬਰਾਂ ਵੱਲੋਂ ਲਾ ਦਿੱਤੇ ਗਏਕੁੜੀ ਦੇ ਪੜ੍ਹਾਈ ਵਿੱਚ ਪਹਿਲਾਂ ਹੀ ਨੰਬਰ ਚੰਗੇ ਸਨਰਿਜ਼ਰਵ ਕੈਟਾਗਰੀ ਦਾ ਵੀ ਉਸ ਨੂੰ ਲਾਭ ਮਿਲ ਜਾਣਾ ਸੀ

ਅੰਦਾਜ਼ਨ ਦੋ ਮਹੀਨੇ ਇੰਟਰਵਿਊ ਲੈਂਦਿਆਂ ਬੀਤ ਗਏਮੈਰਿਟ ਲਿਸਟ ਡੀ.ਪੀ.ਆਈ. ਦਫਤਰ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾ ਦਿੱਤੀ ਗਈਚਾਰ-ਪੰਜ ਸਾਲ ਬਾਅਦ ਬਜ਼ਾਰ ਵਿੱਚ ਜਾਂਦਿਆਂ ਇੱਕ ਕੁੜੀ ਨੇ ਰੁਕਣ ਦਾ ਇਸ਼ਾਰਾ ਕੀਤਾਰੁਕਦਿਆਂ ਹੀ ਅਦਬ ਨਾਲ ਸਿਰ ਝੁਕਾ ਕੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮੈਂਨੂੰ ਸਿਆਣਿਆ ਜੀ ਤੁਸੀਂ?” ਮੇਰੇ ਨਾਂਹ ਵਿੱਚ ਸਿਰ ਹਿਲਾਉਣ ’ਤੇ ਉਹਦਾ ਜਵਾਬ ਸੀ, “ਉਹੀ ਹਾਂ ਜੀ ਮੈਂ, ਜਿਹਨੇ ਅਧਿਆਪਕ ਚੋਣ ਕਮੇਟੀ ਸਾਹਮਣੇ ਆਪਣੀ ਕਬੀਲਦਾਰੀ ਦਾ ਰੋਣਾ ਰੋਇਆ ਸੀਗੋਹੇ ਕੂੜੇ ਦਾ ਜ਼ਿਕਰ ਕੀਤਾ ਸੀ ...ਤੁਸੀਂ ਮੈਂਨੂੰ ਹੌਸਲਾ ਦਿੰਦਿਆਂ ਚੰਗੇ ਦਿਨ ਆਉਣ ਦੀ ਆਸ ਸਬੰਧੀ ਦੱਸਿਆ ਸੀਸੱਚੀਂ ਸਰ, ਥੋਡੇ ਬੋਲ ਮੈਂ ਬੜੀ ਵਾਰ ਯਾਦ ਕੀਤੇ ਨੇਸਰ, ਮੇਰੀ ਸਿਲੈਕਸ਼ਨ ਹੋ ਗਈ ਸੀ।”

ਨਾਲ ਖੜ੍ਹੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ, “ਇਹ ਮੇਰੇ ਹਸਬੈਂਡ ਨੇਇਹ ਵੀ ਅਧਿਆਪਕ ਨੇਸੱਚੀਂ ਸਰ, ਹੁਣ ਜ਼ਿੰਦਗੀ ਚਾਨਣ-ਚਾਨਣ ਹੈਪੇਕੀਂ ਮੇਰੇ ਭੈਣ ਭਰਾਵਾਂ ਅਤੇ ਮਾਂ ਦਾ ਵੀ ਪੂਰਾ ਖਿਆਲ ਰੱਖੀਦੈਮੇਰੇ ਪਤੀ ਮੈਂਨੂੰ ਹਮੇਸ਼ਾ ਉਨ੍ਹਾਂ ਦੀ ਮਦਦ ਕਰਨ ਲਈ ਕਹਿੰਦੇ ਰਹਿੰਦੇ ਨੇਸੱਚੀਂ ਸਰ ... ਤੁਸੀਂ ...।” ਕੁੜੀ ਦੇ ਖੁਸ਼ੀ ਵਿੱਚ ਅੱਥਰੂ ਛਲਕ ਆਏ ਸਨ

ਇੰਟਰਵਿਊ ਦੇਣ ਵੇਲੇ ਕੁੜੀ ਦੇ ਛਲਕਦੇ ਅੱਥਰੂਆਂ ਅਤੇ ਹੁਣ ਨਿਕਲੇ ਅੱਥਰੂਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਸੀ ਅਤੇ ਮੈਂ ਮਾਨਸਿਕ ਸਕੂਨ ਨਾਲ ਲਬਰੇਜ਼ ਕੁੜੀ ਦਾ ਸਿਰ ਪਲੋਸ ਰਿਹਾ ਸਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2441)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author