“ਜਿਹੜੇ ਵਿਅਕਤੀ ਆਪਣੀਆਂ ਜੜ੍ਹਾਂ ਨਾਲ ਜੁੜਕੇ ਨਹੀਂ ਰਹਿੰਦੇ, ਉਨ੍ਹਾਂ ਦਾ ਭਵਿੱਖ ...”
(3 ਜੂਨ 2025)
ਮਨੁੱਖੀ ਜ਼ਿੰਦਗੀ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ, ਬਚਪਨ, ਜਵਾਨੀ ਅਤੇ ਬੁਢਾਪਾ। ਅਕਸਰ ਤਿੰਨ ਪੜਾਵਾਂ ਨੂੰ ਪਾਰ ਕਰਨ ਉਪਰੰਤ ਮੌਤ ਜ਼ਿੰਦਗੀ ਦੇ ਦਰ ’ਤੇ ਦਸਤਕ ਦਿੰਦੀ ਹੈ। ਆਮ ਦੇਖਿਆ ਗਿਆ ਹੈ ਕਿ ਵਿਅਕਤੀ ਦੇ ਪਹਿਲੇ ਅਤੇ ਦੂਜੇ ਪੜਾਅ ਤਾਂ ਧਿਆਨ ਵਿੱਚ ਰਹਿੰਦੇ ਹਨ ਅਤੇ ਜਿਊਂਦੇ ਜੀਅ ਤੀਜੇ ਪੜਾਅ ਬੁਢਾਪਾ ਅਤੇ ਚੌਥੇ ਪੜਾਅ ਮੌਤ ਉਹਦੇ ਚੇਤਿਆਂ ਵਿੱਚੋਂ ਮਨਫ਼ੀ ਰਹਿੰਦੀ ਹੈ। ਉਹਦੇ ਇਹ ਤਾਂ ਚੇਤਿਆਂ ਵਿੱਚ ਹੀ ਨਹੀਂ ਰਹਿੰਦਾ ਕਿ ਇਸ ਖੂਬਸੂਰਤ ਧਰਤੀ ਦੇ ਅਸੀਂ ਮਹਿਮਾਨ ਹਾਂ, ਮਾਲਕ ਨਹੀਂ। ਦਰਅਸਲ ਮਲਕੀਅਤ ਦਾ ਹੱਕ ਜਿਤਾਉਣ ਖਾਤਰ ਹੀ ਵਿਅਕਤੀ ਲੋਭ-ਲਾਲਚ, ਹਉਮੈਂ, ਸਵਾਰਥੀ ਅਤੇ ਨਿੱਜ ਤੋਂ ਨਿੱਜ ਤਕ ਦੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ। ਛੋਟੀ ਛੋਟੀ ਗੱਲ ’ਤੇ ਤਕਰਾਰ, ਲੈਣ-ਦੇਣ ਪਿੱਛੇ ਝਗੜੇ, ਜ਼ਮੀਨ-ਜਾਇਦਾਦ ਦੀ ਵੰਡ ਵੰਡਾਈ ਸਮੇਂ ਲੜਾਈਆਂ ਆਮ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਕਈਆਂ ਦੀ ਤਾਂ ਸਾਰੀ ਉਮਰ ਹੀ ਮੁਕੱਦਮੇ ਬਾਜ਼ੀ ਵਿੱਚ ਲੰਘ ਜਾਂਦੀ ਹੈ ਅਤੇ ਜ਼ਿੰਦਗੀ ਜਿਊਣ ਦਾ ਚਾਅ, ਸਲੀਕਾ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਕਚਹਿਰੀਆਂ ਵਿੱਚ ਵਕੀਲਾਂ ਦੇ ਆਲੇ ਦੁਆਲੇ ਜਾਂ ਫਿਰ ਪੇਸ਼ੀ ਭੁਗਤਣ ਦੇ ਚੱਕਰ ਵਿੱਚ ਜੱਜ ਦੇ ਅਰਦਲੀ ਦੀ ਅਵਾਜ਼ ਸੁਣਨ ਵਿੱਚ ਹੀ ਲੰਘ ਜਾਂਦੀ ਹੈ। ਇੰਜ ਮੋਹ-ਮਾਇਆ ਦੇ ਲਾਲਚ ਵਿੱਚ ਅਸੀਂ ਖੂਨ ਦੇ ਰਿਸ਼ਤਿਆਂ ਨੂੰ ਵੀ ਕਲੰਕਤ ਕਰ ਦਿੰਦੇ ਹਾਂ। ਕਈ ਥਾਂ ਜਾਇਦਾਦ ਪਿੱਛੇ ਪੁੱਤ ਵੱਲੋਂ ਬਾਪ ਦਾ ਕਤਲ, ਭਰਾ ਵੱਲੋਂ ਭਰਾ ਦਾ ਕਤਲ, ਕਿਸੇ ਰਿਸ਼ਤੇਦਾਰ ਦਾ ਕਤਲ ਕਰਕੇ ਉਮਰ ਦਾ ਬਾਕੀ ਹਿੱਸਾ ਜੇਲ੍ਹਾਂ ਵਿੱਚ ਗੁਜ਼ਾਰਨਾ ਪੈ ਜਾਂਦਾ ਹੈ। ਕਤਲ ਕੀਤਾ ਕਿਸਦੇ ਪਿੱਛੇ? ਕਤਲ ਕਰਕੇ ਖੱਟਿਆ ਕੀ? ਜਿਹੜੀ ਜਾਇਦਾਦ ਪਿੱਛੇ ਇਹ ਘਿਨਾਉਣੀ ਵਾਰਦਾਤ ਕੀਤੀ, ਉਸ ਨੂੰ ਹਿੱਕ ’ਤੇ ਧਰਕੇ ਕੌਣ ਨਾਲ ਲੈ ਕੇ ਜਾਵੇਗਾ? ਇਨ੍ਹਾਂ ਸਵਾਲਾਂ ਦਾ ਜਵਾਬ ਗੁਨਾਹ ਕਰਨ ਵਾਲੇ ਨੂੰ ਬਾਅਦ ਵਿੱਚ ਪਛਤਾਵੇ ਦੇ ਰੂਪ ਵਿੱਚ ਹੀ ਮਿਲਦਾ ਹੈ। ਪਿਛਲੇ ਦਿਨੀਂ ਇੱਕ ਪਰਿਵਾਰ ਦੇ ਮੁਖੀ ਨੇ ਪਾਲਤੂ ਕੁੱਤਾ ਖਰੀਦ ਕੇ ਲਿਆਂਦਾ। ਪਿੰਡ ਦੇ ਦੋ ਤਿੰਨ ਭੂਤਰੇ ਨੌਜਵਾਨਾਂ ਨੇ ਉਹ ਪਾਲਤੂ ਕੁੱਤਾ ਉਸ ਕੋਲੋਂ ਧੱਕੇ ਨਾਲ ਲੈਣ ਦੀ ਮੰਗ ਕੀਤੀ। ਉਸਦੇ ਨਾਂਹ ਵਿੱਚ ਜਵਾਬ ਦੇਣ ’ਤੇ ਉਸ ਨੂੰ ਅਤੇ ਉਸਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਨੂੰ ਮਾਰਨ ਉਪਰੰਤ ਆਪ ਫਰਾਰ ਹੋ ਗਏ। ਇੰਜ ਗਾਜਰ ਮੂਲੀ ਦੀ ਤਰ੍ਹਾਂ ਵੱਢ ਕੇ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ। ਇੰਜ ਹੀ ਪਰਿਵਾਰ ਦੇ ਮੈਂਬਰਾਂ ਨੇ ਜਾਇਦਾਦ ਪਿੱਛੇ ਘਰ ਦੇ ਬਜ਼ੁਰਗ ਨੂੰ ਮਾਰ ਕੇ ਲਾਸ਼ ਨਹਿਰ ਵਿੱਚ ਰੋੜ੍ਹ ਦਿੱਤੀ ਸੀ ਅਤੇ ਫਿਰ ਥਾਣੇ ਜਾਕੇ ਘਰ ਦੇ ਬਜ਼ੁਰਗ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾ ਦਿੱਤੀ ਸੀ। ਪਰ ਮਰਨ ਵਾਲੇ ਬਜ਼ੁਰਗ ਨੇ ਨੇੜੇ ਹੀ ਰਹਿੰਦੇ ਆਪਣੇ ਛੋਟੇ ਭਰਾ ਕੋਲ ਦੋ ਦਿਨ ਪਹਿਲਾਂ ਆਪਣਾ ਦੁੱਖ ਦੱਸਦਿਆਂ ਕਿਹਾ ਸੀ ਕਿ ਮੈਨੂੰ ਡਰ ਹੈ, ਕਿਤੇ ਘਰ ਦੇ ਮੈਨੂੰ ਮਾਰ ਹੀ ਨਾ ਦੇਣ। ਛੋਟੇ ਭਰਾ ਨੇ ਵੱਡੇ ਭਰਾ ਨੂੰ ਮਾਰਨ ਵਾਲੇ ਪਰਿਵਾਰ ਸੰਬੰਧੀ ਥਾਣੇ ਸੂਚਨਾ ਦੇਕੇ ਉਨ੍ਹਾਂ ਨੂੰ ਜੇਲ੍ਹ ਭਿਜਵਾਇਆ ਸੀ। ਇੰਜ ਦੇ ਲਾਲਚ ਵੱਸ ਹੋ ਕੇ ਹੀ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਉੱਥੇ ਹੀ ਨਫ਼ਰਤ ਦੀ ਦਿਵਾਰ ਖੜ੍ਹੀ ਕਰਕੇ ਰਿਸ਼ਤਿਆਂ ਨੂੰ ਕਲੰਕਤ ਵੀ ਕੀਤਾ ਜਾ ਰਿਹਾ ਹੈ। ਇੰਜ ਖੁਦਗਰਜ਼ੀ ਦੀ ਲਪੇਟ ਵਿੱਚ ਆਕੇ ਖੂਨ ਦੇ ਰਿਸ਼ਤਿਆਂ ਵਿੱਚ ਕੁੜੱਤਣ ਅਤੇ ਨਫ਼ਰਤ ਦੀ ਦਿਵਾਰ ਖੜ੍ਹੀ ਹੋ ਰਹੀ ਹੈ।
ਇੱਕ ਰਿਸ਼ਤੇ ਸਾਡੇ ਖੂਨ ਦੇ ਹਨ, ਦੂਜੇ ਰਿਸ਼ਤੇ ਸਾਡੇ ਸਾਕ ਸਬੰਧੀਆਂ ਨਾਲ ਬਣੇ ਹੋਏ ਹਨ ਅਤੇ ਤੀਜੇ ਰਿਸ਼ਤੇ ਦੋਸਤੀ ਵਾਲਾ ਹੱਥ ਵਧਾਕੇ ਅਸੀਂ ਆਪ ਸਿਰਜਦੇ ਹਾਂ। ਸਿਆਣਾ, ਸੂਝਵਾਨ ਅਤੇ ਦੂਰ ਅੰਦੇਸ਼ੀ ਇਨ੍ਹਾਂ ਤਿੰਨਾਂ ਤਰ੍ਹਾਂ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਰਿਸ਼ਤਿਆਂ ਨੂੰ ਮੋਹ, ਅਪਣੱਤ ਅਤੇ ਸਤਕਾਰ ਦੇ ਪਾਣੀ ਨਾਲ ਸਿੰਜਦਾ ਹੈ। ਖੂਨ ਦੇ ਰਿਸ਼ਤਿਆਂ ਅਤੇ ਬਾਕੀ ਰਿਸ਼ਤਿਆਂ ਦੀ ਗੰਢ ਕਿਸ ਤਰ੍ਹਾਂ ਪੀਡੀ ਰੱਖਣੀ ਹੈ, ਇਸ ਸੰਬੰਧੀ ਇੱਕ ਛੋਟੀ ਜਿਹੀ ਕਹਾਣੀ ਚੇਤੇ ਆ ਰਹੀ ਹੈ:
ਇੱਕ ਵਿਅਕਤੀ ਆਪਣੀ ਪਤਨੀ ਨਾਲ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦੀ ਅੱਠ ਕੁ ਵਰ੍ਹਿਆਂ ਦੀ ਇਕਲੌਤੀ ਧੀ ਵੀ ਉਨ੍ਹਾਂ ਦੇ ਨਾਲ ਸੀ। ਰਾਹ ਵਿੱਚ ਸੜਕ ਦੇ ਕਿਨਾਰੇ ਇੱਕ ਬਾਰ੍ਹਾਂ-ਤੇਰ੍ਹਾਂ ਵਰ੍ਹਿਆਂ ਦੀ ਕੁੜੀ ਰੇਹੜੀ ’ਤੇ ਤਰਬੂਜ਼ ਰੱਖ ਕੇ ਵੇਚ ਰਹੀ ਸੀ। ਕਾਰ ਵਿੱਚ ਬੈਠਿਆਂ ਲੜਕੀ ਦੀ ਨਜ਼ਰ ਤਰਬੂਜ਼ ਵਾਲੀ ਰੇਹੜੀ ’ਤੇ ਪਈ ਅਤੇ ਉਸਨੇ ਤਰਬੂਜ਼ ਲੈਣ ਦੀ ਜ਼ਿਦ ਕੀਤੀ। ਲੜਕੀ ਦੀ ਮੰਗ ਨੂੰ ਮੁੱਖ ਰੱਖਦਿਆ ਕਾਰ ਰੋਕੀ ਗਈ। ਲੜਕੀ ਦੀ ਮਾਂ ਨੇ ਰੇਹੜੀ ਵਾਲੀ ਕੁੜੀ ਨੂੰ ਬੁਲਾਕੇ ਪੁੱਛਿਆ, “ਕਿਵੇਂ ਲਾਇਐ ਤਰਬੂਜ਼?” ਉਸਨੇ ਜਵਾਬ ਦਿੱਤਾ, “ਪੰਜਾਹ ਰੁਪਏ ਦਾ ਇੱਕ ਤਰਬੂਜ਼ ਹੈ। ਜਿਹੜਾ ਮਰਜ਼ੀ ਲੈ ਲਵੋ।” ਲੜਕੀ ਦੀ ਮਾਂ ਤਰਬੂਜ਼ ਦੇ ਤੀਹ ਰੁਪਏ ਦੇਣ ਦੀ ਜ਼ਿਦ ਕਰ ਰਹੀ ਸੀ। ਕੁੜੀ ਦੀ ਮਾਂ ਨੇ ਘੱਟ ਪੈਸੇ ਦੇਣ ਦੇ ਲਾਲਚ ਵਿੱਚ ਕਿਹਾ, “ਇਹ ਤੇਰੀ ਛੋਟੀ ਭੈਣ ਵਰਗੀ ਹੈ, ਇਹ ਤਰਬੂਜ਼ ਲੈਣ ਲਈ ਜ਼ਿਦ ਕਰ ਰਹੀ ਐ। ਇੱਕ ਤਰਬੂਜ਼ ਦੇ ਦੇ।” ਕੁੜੀ ਦੀ ਮਾਂ ਨੇ ਸੋਚਿਆ ਕਿ ਭੈਣ ਕਹਿਣ ’ਤੇ ਉਹ ਘੱਟ ਪੈਸੇ ਲੈ ਲਵੇਗੀ। ਲੜਕੀ ਨੇ ਰੇਹੜੀ ਤੋਂ ਇੱਕ ਤਰਬੂਜ਼ ਚੁੱਕਿਆ। ਅੱਠ ਵਰ੍ਹਿਆਂ ਦੀ ਕੁੜੀ ਜਦੋਂ ਚਾਅ ਨਾਲ ਤਰਬੂਜ਼ ਫੜਨ ਲੱਗੀ ਤਾਂ ਉਸਦੇ ਹੱਥ ਵਿੱਚੋਂ ਤਰਬੂਜ਼ ਹੇਠਾਂ ਡਿਗ ਪਿਆ ਅਤੇ ਡਿਗਦਿਆਂ ਹੀ ਉਸਦੇ ਦੋ ਤਿੰਨ ਟੁਕੜੇ ਹੋ ਗਏ। ਤਰਬੂਜ਼ ਵੇਚਣ ਵਾਲੀ ਕੁੜੀ ਨੇ ਕਿਹਾ, “ਕੋਈ ਗੱਲ ਨਹੀਂ, ਮੈਂ ਹੋਰ ਤਰਬੂਜ਼ ਦੇ ਦਿੰਦੀ ਹਾਂ।” ਅੰਦਰ ਬੈਠੀ ਕੁੜੀ ਦੀ ਮਾਂ ਸੋਚ ਰਹੀ ਸੀ ਕਿ ਮੇਰੀ ਕੁੜੀ ਤੋਂ ਹੀ ਹੇਠਾਂ ਤਰਬੂਜ਼ ਡਿਗਿਆ ਹੈ, ਹੁਣ ਦੁੱਗਣੇ ਪੈਸੇ ਦੇਣੇ ਪੈਣਗੇ। ਕੁੜੀ ਨੇ ਦੂਜਾ ਤਰਬੂਜ਼ ਬੜੇ ਪਿਆਰ ਨਾਲ ਕੁੜੀ ਨੂੰ ਦੇ ਦਿੱਤਾ। ਜਦੋਂ ਉਸਦੀ ਮਾਂ ਪੈਸੇ ਦੇਣ ਲੱਗੀ ਤਾਂ ਰੇਹੜੀ ਵਾਲੀ ਕੁੜੀ ਨੇ ਬਹੁਤ ਹੀ ਅਪਣੱਤ ਨਾਲ ਕਿਹਾ, “ਤੁਸੀਂ ਆਪ ਹੀ ਤਾਂ ਕਿਹਾ ਹੈ ਕਿ ਭੈਣ ਨੂੰ ਤਰਬੂਜ਼ ਦੇ ਦੇ। ਭਲਾ ਭੈਣ ਨੂੰ ਤਰਬੂਜ਼ ਦੇ ਕੇ ਮੈਂ ਪੈਸੇ ਕਿਵੇਂ ਲੈ ਲਵਾਂ? ਜਿੱਥੇ ਇਸ ਤਰ੍ਹਾਂ ਦਾ ਰਿਸ਼ਤਾ ਹੋਵੇ, ਉੱਥੇ ਪੈਸਿਆਂ ਦਾ ਕੀ ਕੰਮ? ਇਹ ਸਭ ਕੁਝ ਮੇਰੀ ਮਾਂ ਦੀ ਸਿੱਖਿਆ ਹੈ।”
ਕਾਰ ਵਾਲੀ ਔਰਤ ਨੂੰ ਉਸ ਲੜਕੀ ਦੇ ਬੋਲਾਂ ਨੇ ਝੰਜੋੜ ਦਿੱਤਾ। ਉਹ ਕਾਰ ਤੋਂ ਹੇਠਾਂ ਉੱਤਰੀ। ਉਸਨੂੰ ਬੁੱਕਲ ਵਿੱਚ ਲੈਂਦਿਆਂ ਆਪਣੀ ਬਾਂਹ ਵਿੱਚੋਂ ਸੋਨੇ ਦਾ ਕੰਗਣ ਲਾਹ ਕੇ ਉਸਦੀ ਬਾਹ ਵਿੱਚ ਪਾਉਂਦਿਆਂ ਕਿਹਾ, “ਜਦ ਤੂੰ ਮੇਰੀ ਧੀ ਨੂੰ ਭੈਣ ਸਮਝਿਆ ਹੈ, ਫਿਰ ਤੂੰ ਮੇਰੀ ਧੀ ਲੱਗੀ। ਇਹ ਕੰਗਣ ਮੈਂ ਆਪਣੀ ਧੀ ਨੂੰ ਦੇ ਰਹੀ ਹਾਂ।”
ਤਰਬੂਜ਼ ਵੇਚਣ ਵਾਲੀ ਕੁੜੀ ਨੇ ਕਿਹਾ, “ਇਹ ਕੰਗਣ ਬਹੁਤ ਮਹਿੰਗਾ ਹੈ, ਇਹ ਮੈਂ ਨਹੀਂ ਲੈ ਸਕਦੀ।”
ਔਰਤ ਨੇ ਡਾਢੇ ਹੀ ਮੋਹ ਨਾਲ ਕਿਹਾ, “ਤੂੰ ਆਪ ਹੀ ਤਾਂ ਕਿਹਾ ਹੈ ਕਿ ਜਿੱਥੇ ਰਿਸ਼ਤਾ ਹੋਵੇ, ਉੱਥੇ ਪੈਸੇ ਦੀ ਕੋਈ ਵੁੱਕਤ ਨਹੀਂ ਹੁੰਦੀ। ਬੱਸ ਧੀਏ, ਰੱਖ ਲੈ ਇਹ।”
ਕਾਰ ਵਿੱਚ ਬੈਠਾ ਔਰਤ ਦਾ ਪਤੀ ਇਹ ਸਭ ਕੁਝ ਦੇਖ ਕੇ ਮੁਸਕਰਾ ਰਿਹਾ ਸੀ। ਉਸਨੇ ਕੁਝ ਪਲ ਸੋਚਣ ਤੋਂ ਬਾਅਦ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ, “ਵੀਰਿਆ, ਜਿਹੜਾ ਮੈਂ ਜਾਇਦਾਦ ਦੇ ਸੰਬੰਧ ਵਿੱਚ ਥੋਡੇ ਵਿਰੁੱਧ ਕੇਸ ਕੀਤਾ ਹੋਇਆ ਹੈ, ਉਹ ਮੈਂ ਵਾਪਸ ਲੈ ਰਿਹਾ ਹਾਂ। ਮੈਨੂੰ ਮੇਰਾ ਭਰਾ ਚਾਹੀਦਾ ਹੈ, ਜਾਇਦਾਦ ਨਹੀਂ।”
ਅੱਗਿਉਂ ਉਸਦੇ ਵੱਡੇ ਭਰਾ ਦੀ ਅਪਣੱਤ ਭਰੀ ਆਵਾਜ਼ ਆਈ, “ਛੋਟੂ, ਆਪਾਂ ਤਾਂ ਮਿਲਣ ਨੂੰ ਵੀ ਤਰਸ ਗਏ। ਕੱਲ੍ਹ ਨੂੰ ਘਰ ਭਰਜਾਈ ਅਤੇ ਬੇਟੀ ਨੂੰ ਨਾਲ ਲੈਕੇ ਆਵੀਂ। ਇਕੱਠੇ ਰੋਟੀ ਖਾਵਾਂਗੇ।”
ਗੱਲਾਂ ਕਰਦਿਆਂ ਦੋਨਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਉੱਮਡ ਆਏ।
ਦਰਅਸਲ ਸਿਆਸਤਦਾਨ ਜਦੋਂ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਸੱਤਾ ਦੇ ਹੰਕਾਰ ਵਿੱਚ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਤੋਂ ਦੂਰੀ ਬਣਾ ਲੈਂਦੇ ਹਨ। ਉਨ੍ਹਾਂ ਨੂੰ ਚਿੰਤਾ ਹੁੰਦੀ ਹੈ ਕਿ ਇਹ ਸਾਰੇ ਮੁਫ਼ਤਖ਼ੋਰੇ ਹਨ ਅਤੇ ਇਨ੍ਹਾਂ ਤੋਂ ਮੈਂ ਕੀ ਲੈਣਾ ਹੈ। ਇਹੀ ਸੋਚ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਵੀ ਅੰਗ ਸੰਗ ਹੁੰਦੀ ਹੈ। ਪਰ ਉਹ ਇਹ ਭੁੱਲ ਜਾਂਦੇ ਹਨ ਕਿ:
ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ-ਏ-ਦੌਲਤ,
ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ।
ਅਜਿਹੇ ਵਿਅਕਤੀ ਹਉਮੈਂ ਦਾ ਸ਼ਿਕਾਰ ਹੋਕੇ ਸਮਾਜ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨਾਲੋਂ ਟੁੱਟ ਜਾਂਦੇ ਹਨ ਅਤੇ ਸੱਤਾ ਵਿੱਚ ਹੋਣ ਕਾਰਨ ਖੁਦਗਰਜ਼ ਅਤੇ ਚਾਪਲੂਸਾਂ ਵਿੱਚ ਘਿਰਕੇ ਉਨ੍ਹਾਂ ਦੇ ਪੈਰ ਵੀ ਧਰਤੀ ਤੋਂ ਗਿੱਠ ਕੁ ਉੱਪਰ ਹੀ ਹੁੰਦੇ ਹਨ। ਦਰਅਸਲ ਜਿਹੜੇ ਵਿਅਕਤੀ ਆਪਣੀਆਂ ਜੜ੍ਹਾਂ ਨਾਲ ਜੁੜਕੇ ਨਹੀਂ ਰਹਿੰਦੇ, ਉਨ੍ਹਾਂ ਦਾ ਭਵਿੱਖ ਧੁੰਦਲਾ ਹੀ ਹੁੰਦਾ ਹੈ। ਅਜਿਹੇ ਵਿਅਕਤੀ ਜਦੋਂ ਸੱਤਾ ਤੋਂ ਵਾਂਝੇ ਹੁੰਦੇ ਹਨ ਜਾਂ ਅਧਿਕਾਰੀ ਜਦੋਂ ਸੇਵਾ ਤੋਂ ਮੁਕਤ ਹੁੰਦੇ ਹਨ ਤਾਂ ਉਹ ਇਕੱਲਤਾ ਦਾ ਸ਼ਿਕਾਰ ਹੋ ਕੇ ਮਾਨਸਿਕ ਤੌਰ ’ਤੇ ਉੱਖੜੇ ਉੱਖੜੇ ਜਿਹੇ ਰਹਿੰਦੇ ਹਨ। ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪਹਿਲਾਂ ਹੀ ਦੂਰੀ ਬਣਾਕੇ ਰੱਖੀ ਹੁੰਦੀ ਹੈ। ਇੰਜ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿਅਕਤੀਆਂ ਦੀ ਛੇਤੀ ਹੀ ਮੰਜੇ ਨਾਲ ਸਾਂਝ ਪੈ ਜਾਂਦੀ ਹੈ ਅਤੇ ਉਹ ਬੀਤੇ ਸਮੇਂ ਨੂੰ ਯਾਦ ਕਰਕੇ ਝੁਰਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਦੇ ਦਰ ਵੀ ਦਸਤਕ ਤੋਂ ਸੱਖਣੇ ਰਹਿੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)