MohanSharma8ਭਲਾ ਮੈਂ ਹਰ ਰੋਜ਼ ਕਿੱਥੋਂ ਦਿੰਦਾ ਐਨੀ ਰਕਮ? ਬੱਸ ਮੇਰੇ ਨਾਂਹ ਕਰਨ ’ਤੇ ਡਾਂਗ ਚੁੱਕ ਲਈ। ਇਹਦੀ ਮਾਂ ਰੋਕਣ ਵਾਸਤੇ ...
(5 ਜੁਲਾਈ 2024)
ਇਸ ਸਮੇਂ ਪਾਠਕ: 420.


ਇਸ ਵੇਲੇ ਦੋ ਭਰਵੇਂ ਦਰਿਆ ਪੰਜਾਬ ਵਿੱਚ ਵਗ ਰਹੇ ਨੇ
ਨਸ਼ਿਆਂ ਦੇ ਦਰਿਆ ਨੂੰ ਪੰਜਾਬ ਵਿੱਚ ਵਹਿੰਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਜਦੋਂ ਕਿ ਜਵਾਨੀ ਦੇ ਵਿਦੇਸ਼ਾਂ ਵੱਲ ਰੁਝਾਨ ਨੇ ਸੱਤਵੇਂ ਦਰਿਆ ਦਾ ਰੂਪ ਧਾਰਨ ਕਰ ਲਿਆ ਹੈਦੋਨਾਂ ਦਰਿਆਵਾਂ ਨੇ ਘਰਾਂ ਦੇ ਵਿਹੜਿਆਂ ਦੀ ਰੌਣਕ ਗੁੰਮ ਕਰ ਦਿੱਤੀ ਹੈਗਲੀਆਂ, ਕਾਲਜ ਅਤੇ ਤਕਨੀਕੀ ਕਾਲਜਾਂ ਵਿੱਚ ਸੁੰਨ ਜਿਹੀ ਪਸਰੀ ਹੋਈ ਹੈ“ਕਿਤੇ ਸਾਡਾ ਮੁੰਡਾ ਨਸ਼ਿਆਂ ਦੇ ਭਰ ਵਗਦੇ ਦਰਿਆ ਵਿੱਚ ਹੀ ਨਾ ਰੁੜ੍ਹ ਜਾਵੇ, ਕਿਤੇ ਹੋਰ ਮੁੰਡਿਆਂ ਦੇ ਧੱਕੇ ਚੜ੍ਹਕੇ ਇਹ ਵੀ … …।” ਇਸ ਸੋਚ ਨਾਲ ਮਾਂ-ਬਾਪ ਕੰਬ ਉੱਠਦੇ ਨੇਪਿੰਡ ਦੇ ਖੋਲਿਆਂ, ਬੇਅਬਾਦ ਥਾਵਾਂ, ਜਾਂ ਫਿਰ ਸੁੰਨੀਆਂ ਗਲੀਆਂ ਵਿੱਚ ਪਿੰਡ ਦੇ ਮੁੰਡਿਆਂ ਨੂੰ ਨਸ਼ੇ ਦੇ ਟੀਕੇ ਲਾਉਂਦਿਆਂ ਮਾਪੇ ਵੇਖਦੇ ਹਨ ਤਾਂ ਉਹ ਕੰਬ ਜਾਂਦੇ ਹਨਇਕਲੌਤੇ ਪੁੱਤ ਦੀ ਜਾਨ ਦੀ ਸਲਾਮਤੀ ਲਈ ਉਹ ਕਾਲਜੇ ’ਤੇ ਹੱਥ ਧਰਕੇ ਉਹ ਉਸ ਨੂੰ ਵਿਦੇਸ਼ ਭੇਜਣ ਲਈ ਸਿਰ ਤੋੜ ਯਤਨ ਕਰਦੇ ਨੇਘਰ ਦੀ ਰਹਿੰਦ-ਖੂੰਹਦ, ਗਹਿਣੇ, ਇੱਕ ਦੋ ਕਿੱਲੇ ਜ਼ਮੀਨ ਗਹਿਣੇ ਕਰਕੇ ਉਹ ਪੁੱਤ ਨੂੰ ਵਿਦੇਸ਼ ਭੇਜਣ ਦਾ ਹੂਲਾ ਫੱਕਦੇ ਹਨਅੰਦਰੋ ਅੰਦਰੀ ਉਹ ਆਪਣੇ ਆਪ ਨੂੰ ਦਿਲਾਸਾ ਵੀ ਦਿੰਦੇ ਨੇ, “ਉਹ ਜਾਣੇ, ਇਹਦਾ ਵਿਗੋਚਾ ਤਾਂ ਕਿਵੇਂ ਨਾ ਕਿਵੇਂ ਝੱਲ ਲਵਾਂਗੇ, ਪਰ ਇਹ ਇੱਥੋਂ ਦੇ ਮੌਤ ਜਾਲ ਤੋਂ ਤਾਂ ਬਚਿਆ ਰਹੂ।” ਅੰਦਾਜ਼ਨ 62.50 ਕਰੋੜ ਰੋਜ਼ਾਨਾ ਪਰਵਾਸ ਦੇ ਲੇਖੇ ਲੱਗਣ ਕਾਰਨ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਖੋਰਾ ਲੱਗ ਰਿਹਾ ਹੈ, ਉੱਥੇ ਹੀ ਬੌਧਿਕਤਾ, ਜਿਸਮਾਨੀ ਤਾਕਤ ਅਤੇ ਹੁਨਰ ਪੱਖੋਂ ਵੀ ਪੰਜਾਬ ਸੱਖਣਾ ਹੋ ਰਿਹਾ ਹੈ ਇਸਦੇ ਨਾਲ ਹੀ ਹੋਰ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਵੀ ਜੁੜ ਗਈਆਂ ਹਨ

ਛੇਵੇਂ ਦਰਿਆ ਦੇ ਪ੍ਰਕੋਪ ਕਾਰਨ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਕਰ ਦਿੱਤੀ ਹੈਘਰਾਂ ਦੇ ਚੁੱਲ੍ਹੇ ਠੰਢੇ, ਮਾਪਿਆਂ ਦੇ ਚਿਹਰੇ ’ਤੇ ਛਾਈ ਉਦਾਸੀ ਦੀ ਇਬਾਰਤ ਅਤੇ ਭਾਂਅ ਭਾਂਅ ਕਰਦੇ ਮਕਾਨ ਉਨ੍ਹਾਂ ਨੂੰ ਵੱਢ ਵੱਢ ਖਾਣ ਨੂੰ ਪੈਂਦੇ ਹਨਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਅਜਿਹੇ ਮਾਪਿਆਂ ਦੀ ਬੇਵਸੀ ਵੇਖਕੇ ਰੂਹ ਕੰਬ ਜਾਂਦੀ ਸੀਐਦਾਂ ਹੀ ਇੱਕ ਬਜ਼ੁਰਗ ਆਪਣੇ ਨੌਜਵਾਨ ਨਸ਼ਈ ਪੁੱਤ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਨਸ਼ਾ ਛੁਡਾਊ ਕੇਂਦਰ ਵਿਖੇ ਲੈ ਕੇ ਆਇਆਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆਉਣ ਕਾਰਨ ਅਤੇ ਬਾਪ ਪੁੱਤ ਦੀ ਚਿੰਤਾ ਕਾਰਨ ਮਰਨਹਾਕੀ ਹਾਲਤ ਵਿੱਚ ਸਨਨੌਜਵਾਨ ਨਸ਼ਈ ਦੀ ਕੌਂਸਲਿੰਗ ਲਈ ਮੈਂ ਆਪਣੇ ਕਰਮਚਾਰੀ ਦੀ ਡਿਊਟੀ ਲਾਈ ਅਤੇ ਆਪ, ਬਜ਼ੁਰਗ ਦਾ ਅੰਦਰਲਾ ਫਰੋਲਣ ਦਾ ਯਤਨ ਕਰਨ ਲੱਗ ਪਿਆ ਕੁਝ ਮਿੰਟ ਗੱਲਾਂ ਕਰਨ ਤੋਂ ਬਾਅਦ ਬਜ਼ੁਰਗ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿਣ ਲੱਗੇਫਿਰ ਉਸਨੇ ਗੱਚ ਭਰਕੇ ਕਿਹਾ, “ਮੇਰਾ ਦੁੱਖ ਸੁਣੋਗੇ?”

ਮੇਰੇ ਹਮਦਰਦੀ ਭਰੇ ਹੁੰਗਾਰੇ ਨਾਲ ਉਸਨੇ ਮੇਰੇ ਵੱਲ ਪਿੱਠ ਕੀਤੀ। ਪਿੱਠ ਤੋਂ ਕਮੀਜ਼ ਚੁੱਕ ਕੇ ਡੁਸਕਦਿਆਂ ਕਹਿਣ ਲੱਗਿਆ, “ਇਹ ਮੇਰੀ ਪਿੱਠ ਤੇ ਲਾਸ਼ਾਂ ਦੇ ਨਿਸ਼ਾਨ ਵੇਖਦੇ ਹੋਓਂ ਨਾ, ਇਹ ਅੱਜ ਸਵੇਰੇ ਮੇਰੇ ਇਸੇ ਪੁੱਤ ਨੇ ਮੈਨੂੰ ਛੱਲੀਆਂ ਵਾਂਗ ਡਾਂਗ ਨਾਲ ਕੁੱਟਿਐਇਹ ਨਸ਼ੇ ਲਈ ਹਜ਼ਾਰ ਰੁਪਇਆ ਮੰਗਦਾ ਸੀ, ਭਲਾ ਮੈਂ ਹਰ ਰੋਜ਼ ਕਿੱਥੋਂ ਦਿੰਦਾ ਐਨੀ ਰਕਮ? ਬੱਸ ਮੇਰੇ ਨਾਂਹ ਕਰਨ ’ਤੇ ਡਾਂਗ ਚੁੱਕ ਲਈਇਹਦੀ ਮਾਂ ਰੋਕਣ ਵਾਸਤੇ ਆਈ, ਉਹਦੇ ਵੀ ਇੱਕ ਦੋ ਡਾਂਗਾਂ ਜੜ ਦਿੱਤੀਆਂਉਹ ਇਹਦੇ ਦੁੱਖ ਵਿੱਚ ਮੰਜੇ ’ਤੇ ਪਈ ਐਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏਉਨ੍ਹਾਂ ਦੇ ਸਮਝਾਉਣ ’ਤੇ ਇਹ ਥੋਡੇ ਕੋਲੋਂ ਦਵਾਈ ਲੈਣ ਆਇਐਰੱਬ ਦਾ ਵਾਸਤਾ ਇਹਨੂੰ ਦਾਖ਼ਲ ਕਰ ਲਵੋ, ਨਹੀਂ ਫਿਰ ਸਾਡੇ ਵਿੱਚੋਂ ਇੱਕ ਅੱਧਾ ਮਰਜੂਗਾ।”

ਬਜ਼ੁਰਗ ਦੀ ਹਾਲਤ ਵੇਖਕੇ ਮੁੰਡੇ ਨੂੰ ਤੁਰੰਤ ਦਾਖ਼ਲ ਕਰ ਲਿਆਬਜ਼ੁਰਗ ਦੇ ਮੋਢੇ ’ਤੇ ਹੱਥ ਰੱਖਕੇ ਹਮਦਰਦੀ ਨਾਲ ਕਿਹਾ, “ਤੁਸੀਂ ਹੁਣ ਘਰ ਜਾਉਅਸੀਂ ਇਸ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ।”

ਬਜ਼ੁਰਗ ਨੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ ਅਤੇ ਫਿਰ ਅੱਖਾਂ ਪੂੰਝਦਿਆਂ ਨਸ਼ਾ ਛੁਡਾਉ ਕੇਂਦਰ ਤੋਂ ਬਾਹਰ ਜਾਣ ਲੱਗਿਆ

ਵਾਰਡ ਵਿੱਚੋਂ ਜਿਉਂ ਹੀ ਉਸ ਨਸ਼ਈ ਨੌਜਵਾਨ ਦੀ ਨਜ਼ਰ ਆਪਣੇ ਜਾਂਦੇ ਬਾਪ ’ਤੇ ਪਈ ਤਾਂ ਉਹ ਉੱਚੀ ਆਵਾਜ਼ ਵਿੱਚ ਗੁੱਸੇ ਨਾਲ ਬੋਲਿਆ, “ਮੈਨੂੰ ਇੱਥੇ ਛੱਡ ਤਾਂ ਚੱਲਿਐਂ, ਆਪਣੇ ਭਣੋਈਏ ਨੂੰ ਛੇਤੀ ਆਕੇ ਲੈ ਜਾਈਂ।”

ਬਜ਼ੁਰਗ ਇੰਜ ਨੀਵੀਂ ਪਾ ਕੇ ਜਾ ਰਿਹਾ ਸੀ, ਜਿਵੇਂ ਉਸਨੇ ਪੁੱਤ ਨੂੰ ਜਨਮ ਦੇਕੇ ਕੋਈ ਬਹੁਤ ਮਾੜਾ ਗੁਨਾਹ ਕੀਤਾ ਹੋਵੇ

ਇੱਕ ਹੋਰ ਨਸ਼ਈ ਨੌਜਵਾਨ ਨੂੰ ਉਸਦੇ ਮਾਪੇ ਲੈ ਕੇ ਆਏਨਾਲ ਪਿੰਡ ਦੀ ਪੰਚਾਇਤ ਦੇ ਦੋ ਮੈਂਬਰ ਵੀ ਸਨਆਉਂਦਿਆਂ ਹੀ ਬਾਪ ਨੇ ਭਰੇ ਮਨ ਨਾਲ ਦੱਸਿਆ, “ਨਸ਼ਈ ਪੁੱਤ ਨੇ ਅੰਤਾਂ ਦਾ ਤਪਾ ਰੱਖਿਐ ਸਾਨੂੰਜਿਹੜਾ ਇਹਨੂੰ ਸਮਝਾਉਂਦੈ, ਉਹਦੇ ਗਲ਼ ਪੈ ਜਾਂਦਾ ਐ, ਮੰਦਾ ਚੰਗਾ ਬੋਲਦਾ ਐਪਹਿਲਾਂ ਘਰੋਂ ਚੋਰੀ ਕਰਕੇ ਸਮਾਨ ਵੇਚਦਾ ਸੀ, ਹੁਣ ਬਾਹਰੋਂ ਵੀ ਉਲਾਂਭੇ ਆਉਣੇ ਸ਼ੁਰੂ ਹੋ ਗਏ ਹਨਸਾਡੇ ਪਿੰਡ ਕੱਪੜੇ ਦੀ ਦੁਕਾਨ ਐਦੁਕਾਨਦਾਰ ਬੜਾ ਭਲ਼ਾ ਮਾਣਸ ਐਉਹਨੇ ਪਿਛਲੇ ਹਫ਼ਤੇ ਇਹਨੂੰ ਰੋਕ ਕੇ ਸਮਝਾਉਣਾ ਸ਼ੁਰੂ ਕਰ ਦਿੱਤਾਉਦੋਂ ਤਾਂ ਇਹ ਕੁਛ ਨਾ ਬੋਲਿਆਰਾਤ ਨੂੰ ਇੱਕ ਹੋਰ ਨਸ਼ਈ ਨੂੰ ਨਾਲ ਲੈਕੇ ਉਹਦੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ ਨੂੰ ਅੱਗ ਲਾ ਦਿੱਤੀਉੱਥੇ ਲੱਗੇ ਹੋਏ ਕੈਮਰਿਆਂ ਵਿੱਚ ਇਹਦੀ ਕਰਤੂਤ ਸਾਹਮਣੇ ਆ ਗਈਪੁਲਿਸ ਕੇਸ ਬਣ ਗਿਆਸੇਠ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਅਤੇ ਪੁਲਿਸ ਤੋਂ ਖਹਿੜਾ ਛੁਡਵਾਉਣ ਲਈ ਕਿੱਲਾ ਜ਼ਮੀਨ ਬੈਅ ਕਰਨੀ ਪੈ ਗਈਬਾਪ ਅਤੇ ਪੰਚਾਇਤ ਮੈਂਬਰਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਰੇਖਾਵਾਂ ਸਨ, ਪਰ ਮੁੰਡੇ ਦੇ ਚਿਹਰੇ ’ਤੇ ਸ਼ਰਮਿੰਦਗੀ ਦੀ ਥਾਂ ਢੀਠਤਾ ਦੇ ਨਿਸ਼ਾਨ ਵਿਖਾਈ ਦੇ ਰਹੇ ਸਨ

ਐਦਾਂ ਹੀ ਇੱਕ ਹੋਰ ਨਸ਼ਈ ਨੂੰ ਮਾਪੇ ਲੈ ਕੇ ਆਏ ਪੁੱਛਣ ’ਤੇ ਬਜ਼ੁਰਗ ਨੇ ਪ੍ਰਗਟਾਵਾ ਕੀਤਾ, “ਘਰੋਂ ਜਿਹੜਾ ਕੁਝ ਵੀ ਇਹਦੇ ਹੱਥ ਲਗਦਾ ਹੈ, ਚੋਰੀ ਕਰਕੇ ਨਸ਼ਾ ਡੱਫ ਲੈਂਦਾ ਹੈ ਕੱਲ੍ਹ ਅਸੀਂ ਤਾਂ ਖੇਤ ਗਏ ਹੋਏ ਸੀ, ਇਹਦੀ ਮਾਂ ਘਰ ਸੀਕਣਕ ਵਾਲੇ ਢੋਲ ਨੂੰ ਅਸੀਂ ਜੰਦਰਾ ਲਾਇਆ ਹੋਇਆ ਸੀਇਹਨੇ ਕਿਵੇਂ ਨਾ ਕਿਵੇਂ ਜੰਦਰਾ ਖੋਲ੍ਹਿਆਜਦੋਂ ਕਣਕ ਵਾਲੇ ਢੋਲ ’ਤੇ ਚੜ੍ਹਕੇ ਕੋਢਾ ਹੋਕੇ ਕਣਕ ਕੱਢਣ ਲੱਗਿਆ ਤਾਂ ਇਹ ਸਿਰ ਪਰਨੇ ਢੋਲ ਵਿੱਚ ਗਿਰ ਗਿਆਇਹਦੀ ਮਾਂ ਨੂੰ ਜਦੋਂ ਖੜਕਾ ਸੁਣਿਆ ਤਾਂ ਭੱਜ ਕੇ ਆਈਵੇਖਿਆ ਇਹ ਅੰਦਰ ਮੂਧੇ ਮੂੰਹ ਗਿਰਿਆ ਬਾਹਰ ਆਉਣ ਲਈ ਤਰਲੋਮੱਛੀ ਹੋ ਰਿਹਾ ਸੀਇਹਦੀ ਮਾਂ ਨੇ ਗਲੀ ਵਿੱਚ ਰੌਲਾ ਪਾ ਕੇ ਬੰਦੇ ਇਕੱਠੇ ਕੀਤੇ, ਫਿਰ ਇਹਨੂੰ ਬੜੀ ਮੁਸ਼ਕਿਲ ਨਾਲ ਢੋਲ ਵਿੱਚੋਂ ਬਾਹਰ ਕੱਢਿਆ, ਨਹੀਂ ਤਾਂ ਕੱਲ੍ਹ ਇਹਨੇ ਮਰ ਜਾਣਾ ਸੀ

ਐਂਦਾਂ ਦੇ ਹਰ ਰੋਜ਼ ਆ ਰਹੇ ਕੇਸਾਂ ਕਾਰਨ ਸਿਵਿਆ ਦੇ ਰਾਹ ਪਈ ਜਵਾਨੀ, ਮਾਪਿਆਂ ਦੇ ਖੂਨ ਦੇ ਵਹਿੰਦੇ ਅੱਥਰੂ ਅਤੇ ਨਸ਼ਿਆਂ ਦੇ ਵਧ ਰਹੇ ਮਾਰੂ ਪ੍ਰਭਾਵ ਕਾਰਨ ਸਾਡਾ ਸਮਾਜ ਅੱਜ ਬਿਮਾਰ ਹੈ ਅਤੇ ਬਿਮਾਰ ਸਮਾਜ ਦਾ ਭਵਿੱਖ ਹਮੇਸ਼ਾ ਹੀ ਧੁੰਦਲਾ ਹੁੰਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5108)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author