“ਦਰਅਸਲ ਵਿਦਿਆਰਥੀ ਉਸ ਸਮੇਂ ਥਿੜਕਦਾ ਹੈ ਜਦੋਂ ਅਧਿਆਪਕਾਂ, ਮਾਪਿਆਂ, ਪ੍ਰਸ਼ਾਸਨ, ਸਮਾਜ ਅਤੇ ...”
(22 ਫਰਵਰੀ 2026)
ਕਿਸੇ ਵਿਦਵਾਨ ਦੇ ਬੋਲ ਹਨ, “ਜੇ ਤੁਹਾਡੀ ਉਮਰ 20 ਸਾਲ ਦੀ ਹੋ ਗਈ ਹੈ ਅਤੇ ਤੁਹਾਡੀ ਸਿਹਤ ਨਹੀਂ ਬਣੀ ਤਾਂ ਇਹ ਕਦੇ ਨਹੀਂ ਬਣੇਗੀ। ਜੇ ਤੁਹਾਡੀ ਉਮਰ 30 ਸਾਲ ਦੀ ਹੋ ਗਈ ਹੈ ਅਤੇ ਤੁਹਾਨੂੰ ਅਕਲ ਨਹੀਂ ਆਈ, ਤਾਂ ਇਹ ਕਦੇ ਨਹੀਂ ਆਏਗੀ ਅਤੇ ਜੇਕਰ 40 ਸਾਲ ਦੀ ਉਮਰ ਤਕ ਤੁਹਾਡੇ ਕੋਲ ਪੈਸਾ ਨਹੀਂ ਆਇਆ ਤਾਂ ਇਹ ਕਦੇ ਨਹੀਂ ਆਵੇਗਾ।” ਅੰਦਾਜ਼ਨ 24-25 ਸਾਲ ਦੀ ਉਮਰ ਤਕ ਵਿਦਿਆਰਥੀ ਸਕੂਲ ਦੀ ਪੜ੍ਹਾਈ ਉਪਰੰਤ ਕਾਲਜ ਦੀ ਪੜ੍ਹਾਈ ਪੂਰੀ ਕਰਦੇ ਹਨ। ਇਹੀ ਸਮਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦਾ ਹੁੰਦਾ ਹੈ। ਜੇਕਰ ਸਰੀਰਕ ਅਤੇ ਬੌਧਿਕ ਤੌਰ ’ਤੇ ਉਹ ਪੂਰਨ ਤੰਦਰੁਸਤ ਹੈ, ਨੈਤਿਕ ਕਦਰਾਂ ਕੀਮਤਾਂ ਉਸਦੇ ਅੰਗ ਸੰਗ ਹਨ, ਕਿਰਤ ਦੇ ਸੰਕਲਪ ਦਾ ਪੱਲਾ ਘੁੱਟ ਕੇ ਫੜਨ ਦੀ ਉਸਨੂੰ ਜਾਂਚ ਆ ਗਈ ਹੈ, ਫਿਰ ਆਰਥਿਕ ਥੁੜਾਂ ਉਸਦੇ ਅੰਗ ਸੰਗ ਨਹੀਂ ਹੋਣਗੀਆਂ।
ਜਦੋਂ ਅਸੀਂ ਕਿਸੇ ਵੀ ਵਿੱਦਿਅਕ ਸੰਸਥਾ ਜਾਂ ਕਾਲਜ ’ਤੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਅਕਸਰ ਮੁੱਖ ਗੇਟ ’ਤੇ ਲਿਖਿਆ ਹੁੰਦਾ ਹੈ, “ਸਿੱਖਣ ਲਈ ਆਉ, ਸੇਵਾ ਲਈ ਜਾਓ।” ਦੂਜੇ ਸ਼ਬਦਾਂ ਵਿੱਚ ਵਿਦਿਆਰਥੀ ਵਿੱਦਿਅਕ ਸੰਸਥਾ ਵਿੱਚ ਗਿਆਨ ਪ੍ਰਾਪਤ ਕਰਨ ਉਪਰੰਤ ਕਿਤਾਬੀ ਪੜ੍ਹਾਈ ਰਾਹੀਂ ਪ੍ਰੀਖਿਆ ਪਾਸ ਕਰਨ ਦੇ ਨਾਲ ਨਾਲ ਨੈਤਿਕ ਸਿੱਖਿਆ ਗ੍ਰਹਿਣ ਕਰਦਾ ਹੈ। ਇਸ ਉਪਰੰਤ ਉਸਨੇ ਉਸਾਰੂ ਸੋਚ ਦਾ ਧਾਰਨੀ ਹੋ ਕੇ ਸਮਾਜ, ਪ੍ਰਾਂਤ ਅਤੇ ਦੇਸ਼ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰਪਤ ਕਰਨਾ ਹੁੰਦਾ ਹੈ।
ਦੁਖਾਂਤਕ ਪੱਖ ਇਹ ਹੈ ਕਿ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਹਿੰਸਕ ਗਤੀਵਿਧੀਆਂ ਨੇ ਸਾਡੇ ਲਈ ਇੱਕ ਗੰਭੀਰ ਚਿੰਤਾ ਪੈਦਾ ਕੀਤੀ ਹੈ। ਉਹ ਵਿਦਿਆਰਥੀ, ਜਿਨ੍ਹਾਂ ਦੇ ਹੱਥਾਂ ਵਿੱਚ ਪੁਸਤਕਾਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਕੋਲ ਕਿਰਤ ਦਾ ਸੰਕਲਪ ਹੋਣਾ ਚਾਹੀਦਾ ਹੈ, ਜਿਹੜੇ ਚੰਗੇ ਸੰਸਕਾਰਾਂ ਦੇ ਧਾਰਨੀ ਹੋਣੇ ਚਾਹੀਦੇ ਹਨ, ਉਹਨਾਂ ਵਿੱਚੋਂ ਬਹੁਤ ਸਾਰਿਆਂ ਦੇ ਹੱਥਾਂ ਵਿੱਚ ਕਿਰਚਾਂ, ਪਿਸਤੌਲ ਅਤੇ ਮਾਰੂ ਹਥਿਆਰਾਂ ਦਾ ਹੋਣਾ ਵਿੱਦਿਅਕ ਸੰਸਥਾਵਾਂ, ਮਾਪਿਆਂ, ਸਮਾਜ, ਪ੍ਰਾਂਤ ਅਤੇ ਦੇਸ਼ ਲਈ ਘਾਤਕ ਹੈ। ਸਾਡੇ ਦੇਸ਼ ਦਾ ਭਵਿੱਖ ਇਹ ਵਿਦਿਆਰਥੀ ਹਨ, ਮਾਪਿਆਂ ਦੇ ਭਵਿੱਖ ਦੀ ਡੰਗੋਰੀ ਵੀ ਉਹਨਾਂ ਦੇ ਸਕੂਲ ਜਾਂ ਕਾਲਜਾਂ ਵਿੱਚ ਪੜ੍ਹਦੇ ਪੁੱਤ ਧੀਆਂ ਹੀ ਹਨ। ਸਕੂਲਾਂ ਜਾਂ ਕਾਲਜਾਂ ਵਿੱਚ ਹੁੰਦੀਆਂ ਹਿੰਸਕ ਗਤੀਵਿਧੀਆਂ ਜਿੱਥੇ ਵਿਦਿਆਰਥੀ ਵਰਗ ਦੀ ਜ਼ਿੰਦਗੀ ਨੂੰ ਖ਼ੋਰਾ ਲਾਉਂਦੀਆਂ ਹਨ, ਉੱਥੇ ਹੀ ਔਲਾਦ ਦੀਆਂ ਘਟੀਆ ਪੱਧਰ ਦੀਆਂ ਹਰਕਤਾਂ ਕਾਰਨ ਮਾਪਿਆਂ ਦੇ ਸਾਹ ਸੂਤੇ ਜਾਂਦੇ ਹਨ। ਥਾਣਿਆਂ ਅਤੇ ਕਚਹਿਰੀਆਂ ਦੇ ਚੱਕਰ ਮਾਪਿਆਂ ਦਾ ਕਚੂਮਰ ਕੱਢ ਦਿੰਦੇ ਹਨ।
ਪਿਛਲੇ ਦਿਨੀਂ ਤਰਨਤਾਰਨ ਲਾਗੇ ਉਸਮਾ ਪਿੰਡ ਦੇ ਲਾਅ ਕਾਲਜ ਵਿੱਚ ਇੱਕ ਨੌਜਵਾਨ ਨੇ ਆਪਣੀ ਲਾਅ ਵਿੱਚ ਪੜ੍ਹਦੀ ਹਮ-ਜਮਾਤਣ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪਿੱਛੋਂ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਲੜਕੀ ਦੀ ਮੌਤ ਮੌਕੇ ’ਤੇ ਹੀ ਹੋ ਗਈ ਅਤੇ ਲੜਕਾ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਦਮ ਤੋੜ ਗਿਆ। ਇਸ ਮਨਹੂਸ ਖ਼ਬਰ ਨੇ ਹਰ ਸੁਣਨ ਵਾਲੇ ਨੂੰ ਅੰਤਾਂ ਦਾ ਉਦਾਸ ਕਰਨ ਦੇ ਨਾਲ ਨਾਲ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਕੀਤਾ ਹੈ ਕਿ ਸਾਡੇ ਨੌਜਵਾਨ ਵਰਗ ਕੋਲੋਂ ਸਹਿਜਤਾ, ਠਰ੍ਹੰਮਾ, ਬਰਦਾਸ਼ਤ ਕਰਨ ਦੀ ਤਾਕਤ, ਦੂਰ ਅੰਦੇਸ਼ੀ ਕਿਉਂ ਅਲੋਪ ਹੁੰਦੀ ਜਾ ਰਹੀ ਹੈ? ਮੁੰਡੇ ਦੀ ਵਿਆਹ ਵਾਲੀ ਪ੍ਰਪੋਜ਼ਲ ਦੇ ਕੁੜੀ ਵੱਲੋਂ ਨਾਂਹ ਪੱਖੀ ਹੁੰਗਾਰੇ ਦਾ ਅੰਜਾਮ ਖੂਨ ਦੀ ਹੋਲੀ ਖੇਡ ਕੇ ਕੀਤਾ ਗਿਆ। ਸਿਆਣਾ ਵਿਦਿਆਰਥੀ ਆਪਣੇ ਪੈਰਾਂ ਸਿਰ ਹੋਣ ਉਪਰੰਤ ਗ੍ਰਹਿਸਥੀ ਜੀਵਨ ਬਾਰੇ ਸੋਚਦਾ ਹੈ। ਪਰ ਅਧੂਰੀ ਜ਼ਿੰਦਗੀ, ਅਧੂਰੀ ਪੜ੍ਹਾਈ ਸਮੇਂ ਵਿਆਹ ਦੀ ਵਿਉਂਤਬੰਦੀ ਕਰਨ ਤੋਂ ਭਾਵ ਹੈ ਕਿ ਆਪਣੀ ਜ਼ਿੰਦਗੀ ਰੂਪੀ ਕਿਸ਼ਤੀ ਨੂੰ ਮੰਝਧਾਰ ਵਿੱਚ ਡੋਬਿਆ ਜਾ ਰਿਹਾ ਹੈ। ਅਜਿਹੇ ਅਨੇਕਾਂ ਕੇਸਾਂ ਵਿੱਚ ਤਲਾਕ ਜਾਂ ਫਿਰ ਆਤਮ ਹੱਤਿਆ ਜਿਹੇ ਚੁੱਕੇ ਕਦਮ ਸਾਡੇ ਸਾਹਮਣੇ ਆ ਜਾਂਦੇ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਸਕੂਲਾਂ ਵਿੱਚ ਨੌਂਵੀਂ ਦਸਵੀਂ ਦੇ ਵਿਦਿਆਰਥੀਆਂ ਦੇ ਬੈਗਾਂ ਵਿੱਚੋਂ ਪਿਸਤੌਲ ਅਤੇ ਰੌਂਦ ਮਿਲੇ ਹਨ। ਮਾਪਿਆਂ ਅਤੇ ਅਧਿਆਪਕਾਂ ਨੂੰ ਮੌਕੇ ’ਤੇ ਪਤਾ ਲੱਗਣ ਕਰਕੇ ਕਿਸੇ ਅਣਹੋਣੀ ਤੋਂ ਬਚਾਉ ਹੋ ਗਿਆ। ਪਰ ਫਿਰ ਗੰਭੀਰ ਪ੍ਰਸ਼ਨ ਹੈ ਕਿ ਵਿਦਿਆਰਥੀਆਂ ਦੇ ਬੈਗਾਂ ਵਿੱਚ ਪਿਸਤੌਲ ਆਏ ਕਿੱਥੋਂ? ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇੱਕ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਤਾਂ ਘਰੋਂ 50 ਹਜ਼ਾਰ ਰੁਪਏ ਚੋਰੀ ਕਰਕੇ 20 ਹਜ਼ਾਰ ਦਾ ਨਾਜਾਇਜ਼ ਅਸਲਾ ਖਰੀਦਿਆ। 30 ਹਜ਼ਾਰ ਰੁਪਏ ਐਸ਼ ਪ੍ਰਸਤੀ ਵਿੱਚ ਖਰਚ ਕਰ ਦਿੱਤੇ। ਬਜ਼ਾਰ ਵਿੱਚ ਕੁਝ ਪੈਸਿਆਂ ਦੇ ਲਾਲਚ ਵਿੱਚ ਨਾਬਾਲਗ ਵਿਦਿਆਰਥੀਆਂ ਨੂੰ ਨਜਾਇਜ਼ ਅਸਲਾ ਵੇਚਣ ਵਾਲੇ ਵੀ ਸਾਡੇ ਬੱਚਿਆਂ ਵਿੱਚ ਖੂੰਖ਼ਾਰ ਰੁਚੀਆਂ ਪੈਦਾ ਕਰਨ ਲਈ ਦੋਸ਼ੀ ਹਨ। ਅਜਿਹੇ ਘਿਨਾਉਣੇ ਕੰਮ ਕਰਨ ਵਾਲਿਆਂ ’ਤੇ ਕਾਨੂੰਨੀ ਸ਼ਿਕੰਜਾ ਕੱਸਣਾ ਜ਼ਰੂਰੀ ਹੈ। ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦਾ ਖੂਨ ਖ਼ਰਾਬਾ, ਸਕੂਲ ਵਿਦਿਆਰਥੀਆਂ ਦਾ ਇੱਕ ਦੂਜੇ ’ਤੇ ਜਾਨਲੇਵਾ ਹਮਲਾ, ਕਈ ਸੰਸਥਾਵਾਂ ਵਿੱਚ ਵਿਦਿਆਰਥੀਆਂ ਵਿੱਚ ਸਿਕਿਓਰਟੀ ਗਾਰਡਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਕੇਸ ਸਾਹਮਣੇ ਆਉਣ ਨਾਲ ਵਿੱਦਿਆ ਦੇ ਮੰਦਰ ਵੀ ਸਵਾਲਾਂ ਦੇ ਘੇਰੇ ਵਿੱਚ ਆਏ ਹਨ।
ਦਰਅਸਲ ਵਿਦਿਆਰਥੀਆਂ ਦੀ ਮੁਢਲੀ ਪਾਠਸ਼ਾਲਾ ਉਸਦੇ ਮਾਪੇ ਹਨ। ਮਾਪਿਆਂ ਵੱਲੋਂ ਮਿਲੇ ਸੰਸਕਾਰ, ਸਿੱਖਿਆ ਅਤੇ ਨੈਤਿਕਤਾ ਦਾ ਮੁਢਲਾ ਪਾਠ ਘਰੋਂ ਹੀ ਮਿਲਦਾ ਹੈ। ਵਰਤਮਾਨ ਸਮੇਂ ਵਿੱਚ ਦਾਦਾ-ਦਾਦੀ ਦੀਆਂ ਸਿੱਖਿਆ ਭਰਪੂਰ ਕਹਾਣੀਆਂ ਸੁਣਨ ਦੀ ਹੁਣ ਬੱਚਿਆਂ ਕੋਲ ਵਿਹਲ ਹੀ ਨਹੀਂ। ਮਾਂ ਬਾਪ ਪਦਾਰਥਕ ਦੌੜ ਵਿੱਚ ਰੁੱਝੇ ਹੋਏ ਆਪਣੇ ਬੱਚਿਆਂ ਨੂੰ ਮਹਿੰਗਾ ਮੋਬਾਇਲ, ਮਹਿੰਗਾ ਮੋਟਰਸਾਈਕਲ, ਮਹਿੰਗੀ ਟਿਊਸ਼ਨ ਅਤੇ ਖੁੱਲ੍ਹਾ ਜੇਬ ਖਰਚ ਦੇਣ ਨੂੰ ਹੀ ਆਪਣਾ ਫਰਜ਼ ਸਮਝਦੇ ਹਨ। ਇਹ ਸਭ ਸਹੂਲਤਾਂ ਬੱਚਿਆਂ ਨੂੰ ਵਿਗਾੜਦੀਆਂ ਹਨ ਅਤੇ ਉਹ ਮਿਹਨਤ, ਸੰਘਰਸ਼, ਦ੍ਰਿੜ੍ਹ ਵਿਸ਼ਵਾਸ ਅਤੇ ਦੂਰ ਅੰਦੇਸ਼ੀ ਤੋਂ ਮੂੰਹ ਮੋੜ ਕੇ ਐਸ਼ ਪ੍ਰਸਤੀ ਅਤੇ ਖੂੰਖ਼ਾਰ ਰੁਚੀਆਂ ਦੇ ਧਾਰਨੀ ਹੋ ਜਾਂਦੇ ਹਨ। ਦਰਅਸਲ ਮਾਪਿਆਂ ਦੀਆਂ ਫੁੱਲੀਆਂ ਜੇਬਾਂ, ਮਹਿੰਗੀਆਂ ਕਾਰਾਂ, ਕੋਠੀਆਂ, ਉਹਨਾਂ ਦਾ ਸਰਮਾਇਆ ਨਹੀਂ, ਅਸਲੀ ਸਰਮਾਇਆ ਉਹਨਾਂ ਦੀ ਔਲਾਦ ਹੈ। ਇਸ ਕੀਮਤੀ ਸਰਮਾਏ ਨੂੰ ਸੰਭਾਲਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਰੋਲ ਮਾਡਲ ਬਣਨਾ ਪਵੇਗਾ। ਅੱਜ ਦੇ ਬੱਚੇ ਸੁਣਨ ਸੁਣਾਉਣ ਵਿੱਚ ਯਕੀਨ ਨਹੀਂ ਕਰਦੇ, ਸਗੋਂ ਨਕਲ ਕਰਨ ਵਿੱਚ ਯਕੀਨ ਕਰਦੇ ਹਨ। ਆਪਣੇ ਬੱਚਿਆਂ ਵਿੱਚ ਸੁਚਾਰੂ ਗੁਣ ਪੈਦਾ ਕਰਨ ਲਈ ਮਾਪਿਆਂ ਨੂੰ ਆਪ ਰੋਲ ਮਾਡਲ ਬਣਕੇ ਉਹਨਾਂ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ। ਅਧਿਆਪਕਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਆਪਣੇ ਬੱਚੇ ਦੀ ਕਾਰਗੁਜ਼ਾਰੀ ’ਤੇ ਬਾਜ਼ ਅੱਖ ਰੱਖਣੀ ਅਤਿਅੰਤ ਜ਼ਰੂਰੀ ਹੈ।
ਆਮ ਕਿਹਾ ਜਾਂਦਾ ਹੈ ਕਿ ਜਦੋਂ ਵਿਦਿਆਰਥੀ ਦੇ ਰੂਪ ਵਿੱਚ ਬੱਚਾ ਸਕੂਲ ਵਿੱਚ ਜਾਂਦਾ ਹੈ ਤਾਂ ਉਸ ਕੋਲ ਅੱਖਾਂ ਹੁੰਦੀਆਂ ਹਨ, ਪਰ ਉਸ ਨੂੰ ਨਜ਼ਰ ਅਧਿਆਪਕ ਨੇ ਦੇਣੀ ਹੁੰਦੀ ਹੈ। ਕਿਤਾਬੀ ਪੜ੍ਹਾਈ ਅਤੇ ਜ਼ਿੰਦਗੀ ਦੀ ਪੜ੍ਹਾਈ, ਦੋਨਾਂ ਦੀ ਸਿੱਖਿਆ ਦਾ ਕਾਰਜ ਅਧਿਆਪਕ ਕਰਦਾ ਹੈ। ਕਿਤਾਬੀ ਪੜ੍ਹਾਈ ਵਿੱਚ ਪਹਿਲਾਂ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਪ੍ਰੀਖਿਆ ਬਾਅਦ ਵਿੱਚ ਹੁੰਦੀ ਹੈ। ਜ਼ਿੰਦਗੀ ਦੀ ਪੜ੍ਹਾਈ ਵਿੱਚ ਪ੍ਰੀਖਿਆ ਪਹਿਲਾਂ ਹੁੰਦੀ ਹੈ ਅਤੇ ਪਾਠ ਬਾਅਦ ਵਿੱਚ ਮਿਲਦਾ ਹੈ। ਸੁਚੱਜਾ ਅਧਿਆਪਕ ਦੋਨਾਂ ਤਰ੍ਹਾਂ ਦੀ ਪੜ੍ਹਾਈ ਦੇ ਸੁਮੇਲ ਨਾਲ ਵਿਦਿਆਰਥੀ ਦੀ ਜ਼ਿੰਦਗੀ ਨੂੰ ਸੁਚੱਜੇ ਸਾਂਚੇ ਵਿੱਚ ਢਾਲਦਾ ਹੈ। ਇਸੇ ਕਾਰਨ ਹੀ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ। ਅਧਿਆਪਕ ਨੇ ਹੀ ਵਿਦਿਆਰਥੀਆਂ ਨੂੰ ਆਪਣੇ ਗਿਆਨ, ਦੂਰਅੰਦੇਸ਼ੀ, ਦ੍ਰਿੜ੍ਹ ਵਿਸ਼ਵਾਸ ਅਤੇ ਬੁਲੰਦ ਹੌਸਲੇ ਨਾਲ “ਭਾਈ ਲਾਲੋ ਦੇ ਵਾਰਿਸ” ਬਣਾਉਣਾ ਹੈ। ਇਸ ਸਬੰਧ ਵਿੱਚ ਸਮੇਂ-ਸਮੇਂ ਸਿਰ ਮਾਪਿਆਂ ਨਾਲ ਤਾਲਮੇਲ ਰੱਖਣਾ ਵੀ ਜ਼ਰੂਰੀ ਹੈ।
ਦਰਅਸਲ ਵਿਦਿਆਰਥੀ ਉਸ ਸਮੇਂ ਥਿੜਕਦਾ ਹੈ ਜਦੋਂ ਅਧਿਆਪਕਾਂ, ਮਾਪਿਆਂ, ਪ੍ਰਸ਼ਾਸਨ, ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਇੱਕ ਦੂਜੇ ਵੱਲ ਪਿੱਠ ਹੋ ਜਾਂਦੀ ਹੈ। ਸੰਸਥਾ ਦੇ ਦੁਆਲੇ ਸੁਰੱਖਿਅਤ ਕੰਧ ਖੜ੍ਹੀ ਕਰਨ ਲਈ ਇਨ੍ਹਾਂ ਸਭ ਦਾ ਇੱਕ ਦੂਜੇ ਵੱਲ ਮੂੰਹ ਹੋਣਾ ਅਤਿਅੰਤ ਜ਼ਰੂਰੀ ਹੈ। ਵਿਦਿਆਰਥੀ ਵਰਗ ਅੰਦਰ ਸਮਾਜਿਕ ਅਤੇ ਕਾਨੂੰਨੀ ਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਫਿਰ ਹੀ ਇਹ ਸੰਭਵ ਹੋਵੇਗਾ ਕਿ:
ਏਕ ਪੱਥਰ ਕੀ ਵੀ ਤਕਦੀਰ ਬਦਲ ਸ਼ਕਤੀ ਹੈ,
ਸ਼ਰਤ ਯੇਹ ਹੈ ਕਿ ਉਸੇ ਸਲੀਕੇ ਸੇ ਤਰਾਸ਼ਾ ਜਾਏ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































