“ਇਸ ਵੇਲੇ ਤਾਂ ਜੀ ਕੁੱਤੀ ਚੋਰਾਂ ਨਾਲ ਰਲੀ ਹੋਈ ਐ। ਭਲਾਂ ਜੀ, ਜੇ ਵਾੜ ਹੀ ਖੇਤ ਨੂੰ ...”
(25 ਅਕਤੂਬਰ 2019)
ਪੰਜਾਬ ਨੇ 1978 ਤੋਂ 1993 ਤੱਕ ਅੱਤਵਾਦ ਦਾ ਸੰਤਾਪ ਭੋਗਿਆ ਹੈ। ਪਰ ਨਸ਼ਿਆਂ ਦੇ ਅੱਤਵਾਦ ਦਾ ਸੰਤਾਪ ਇਸ ਤੋਂ ਜ਼ਿਆਦਾ ਭਿਆਨਕ ਹੈ। ਕਿਤੇ ‘ਚਿੱਟੇ’ ਦੀ ਓਵਰਡੋਜ਼ ਨਾਲ ਕੂੜੇ ਦੇ ਢੇਰ ਉੱਤੇ ਮਰਿਆ ਪਿਆ ਨੌਜਵਾਨ, ਮਾਂ ਦੇ ਇੱਕਲੌਤੇ ਪੁੱਤ ਦੀ ਲਾਸ਼ ਉੱਤੇ ਪੱਥਰਾਂ ਨੂੰ ਵੀ ਰਵਾਉਣ ਵਾਲੇ ਕੀਰਨੇ, ਸਦਾ ਲਈ ਸੌਂ ਚੁੱਕੇ ਬਾਪ ਨਾਲ ਚਿੰਬੜਿਆ ਮਾਸੂਮ ਬੱਚਾ ਆਪਣੇ ਹੱਥਾਂ ਨਾਲ ਬਾਪ ਨੂੰ ਹਲੂਣਦਿਆਂ ਕਹਿੰਦਾ ਹੈ, “ਪਾਪਾ, ਮੈਂਨੂੰ ਸਕੂਲ ਛੱਡ ਆਉ …” ਅਜਿਹੀ ਵਿਸਫੋਟਕ ਅਤੇ ਤਬਾਹਕੁੰਨ ਸਥਿਤੀ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ।
ਪਰ ਅਜਿਹੀ ਸਥਿਤੀ ਉੱਤੇ ਕਾਬੂ ਪਾਉਣ ਲਈ ਕੀਤੇ ਗਏ ਯਤਨ ਡਿੱਗ ਰਹੇ ਮਕਾਨਾਂ ਉੱਤੇ ਸਫੈਦੀ ਕਰਨ, ਸੁੱਕ ਰਹੇ ਬੂਟੇ ਦੀਆਂ ਜੜ੍ਹਾਂ ਵੱਲ ਧਿਆਨ ਨਾ ਦੇ ਕੇ ਪੱਤਿਆਂ ਉੱਤੇ ਸਪਰੇਅ ਕਰਨ, ਸਿਰ ਉੱਤੇ ਹੋਏ ਜ਼ਖ਼ਮ ਵੱਲ ਧਿਆਨ ਨਾ ਦੇ ਕੇ ਪੈਰ ਉੱਤੇ ਮਰ੍ਹਮ ਪੱਟੀ ਕਰਨ ਦੇ ਯਤਨਾਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਇਸ ਭਿਆਨਕ ਸਥਿਤੀ ਦੇ ਸਮਾਜਿਕ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਕਾਰਨਾਂ ਉੱਤੇ ਧਿਆਨ ਕੇਂਦਰਿਤ ਨਾ ਕਰਕੇ ਪੰਜਾਬ ਰੂਪੀ ਜੰਗਲ ਦੀ ਅੱਗ ਨੂੰ ਪੀਪਿਆਂ ਨਾਲ ਪਾਣੀ ਪਾ ਕੇ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਕੁਝ ਸਮਾਂ ਪਹਿਲਾਂ ਨਸ਼ਾ ਛੁਡਾਊ ਕੇਂਦਰ ਸੰਗਰੂਰ ਵਿਖੇ ਪੰਜਾਬ ਦੇ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਨੇ ਦੌਰਾ ਕੀਤਾ। ਨਸ਼ਾ ਛੁਡਾਊ ਕੇਂਦਰ ਦੀ ਸਮੁੱਚੀ ਕਾਰਗੁਜ਼ਾਰੀ ਦੇਖਣ ਉਪਰੰਤ ਗੱਲਾਂ-ਬਾਤਾਂ ਦਰਮਿਆਨ ਸੰਸਥਾ ਦੇ ਮੁਖੀ ਨੇ ਪ੍ਰਗਟਾਵਾ ਕੀਤਾ ਕਿ ਨਸ਼ਈ ਮਰੀਜ਼ ਜ਼ਿੰਦਗ਼ੀ ਦੇ ਖ਼ਲਨਾਇਕ ਨਹੀਂ, ਪੀੜਤ ਹਨ। ਨੌਜਵਾਨਾਂ ਦੇ ਨਸ਼ਿਆਂ ਦੀ ਦਲਦਲ ਵਿੱਚ ਧਸਣ ਦੇ ਮੂਲ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਧਰਮ, ਸਾਹਿਤ ਅਤੇ ਕਿਰਤ ਨਾਲ ਜੋੜ ਕੇ ਆਤਮ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ। ਦ੍ਰਿੜ੍ਹ ਇੱਛਾ ਸ਼ਕਤੀ ਹੀ ਨੌਜਵਾਨਾਂ ਨੂੰ ਨਸ਼ਾ ਰਹਿਤ ਕਰ ਸਕਦੀ ਹੈ। ਇਹ ਸਭ ਕੁਝ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਹੀ ਸੰਭਵ ਹੋ ਸਕਦਾ ਹੈ।
ਅਧਿਕਾਰੀ ਸਾਹਿਬ ਦੀ ਇੱਛਾ ਅਨੁਸਾਰ ਨਸ਼ਈ ਮਰੀਜ਼ਾਂ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਅਫਸਰ ਨੇ ਹਮਦਰਦੀ ਭਰੇ ਲਹਿਜ਼ੇ ਨਾਲ ਉਨ੍ਹਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਮੈਨੂੰ ਆਪਣਾ ਦੋਸਤ ਵੀ ਸਮਝੋ ਅਤੇ ਹਮਦਰਦ ਵੀ। ਤੁਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਇਲਾਜ ਕਰਵਾਉਣ ਲਈ ਆਏ ਹੋਂ। ਤੁਹਾਡੇ ਚਿਹਰਿਆਂ ਤੋਂ ਲੱਗਦਾ ਹੈ ਕਿ ਤੁਸੀਂ ਕਾਫ਼ੀ ਹੱਦ ਤੱਕ ਇਸ ਕੋਹੜ ਤੋਂ ਖਹਿੜਾ ਛੁਡਵਾ ਚੁੱਕੇ ਹੋਂ। ਤੁਸੀਂ ਮੈਂਨੂੰ ਬਿਨਾਂ ਕਿਸੇ ਸੰਕੋਚ ਅਤੇ ਭੈਅ ਤੋਂ ਦੱਸੋ ਕਿ ਆਪਣੇ ਪੰਜਾਬ ਨੂੰ ਨਸ਼ਾ ਰਹਿਤ ਕਿਵੇਂ ਕੀਤਾ ਜਾ ਸਕਦਾ ਹੈ? ਸਪਲਾਈ ਲਾਈਨ ਦਾ ਲੱਕ ਕਿਵੇਂ ਤੋੜਿਆ ਜਾ ਸਕਦਾ ਹੈ?”
ਅਧਿਕਾਰੀ ਦੇ ਪ੍ਰਸ਼ਨ ਨਾਲ ਇੱਕ ਵਾਰ ਕਮਰੇ ਵਿੱਚ ਚੁੱਪ ਜਿਹੀ ਪਸਰ ਗਈ। ਨਸ਼ਈ ਮਰੀਜ਼ ਗੰਭੀਰ ਵੀ ਹੋ ਗਏ। ਦਾਖ਼ਲ ਅੰਦਾਜ਼ਨ ਵੀਹ ਮਰੀਜ਼ਾਂ ਵਿੱਚੋਂ ਤਿੰਨ ਪੋਸਟ ਗ੍ਰੈਜੂਏਟ, ਇੱਕ ਬੀ.ਐੱਡ, ਕੁਝ ਗ੍ਰੈਜੂਏਟ ਅਤੇ ਬਾਕੀ ਘੱਟ ਪੜ੍ਹੇ-ਲਿਖੇ ਸਨ। ਪਰ ਜ਼ਿੰਦਗੀ ਜਿਉਣ ਦੀ ਸੋਝੀ ਸਾਰਿਆਂ ਨੂੰ ਹੀ ਆ ਚੁੱਕੀ ਸੀ। ਸਾਰੇ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਸਾਹਮਣੇ ਬੈਠਾ ਅਧਿਕਾਰੀ ਆਪਣਾ ਹਮਦਰਦ ਲੱਗਿਆ। ਉਨ੍ਹਾਂ ਵਿੱਚੋਂ ਇੱਕ ਨੇ ਹੌਸਲਾ ਕਰਕੇ ਕਿਹਾ, “ਸਰ, ਮੈਂ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਹਾਂ। ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਘਰ ਵਿੱਚ ਰੋਟੀ ਪਕਾਉਣ ਲਈ ਜੇਕਰ ਆਟਾ ਨਹੀਂ ਹੈ ਤਾਂ ਦੁਕਾਨ ਤੋਂ ਆਟਾ ਲਿਆਉਣ ਵਿੱਚ ਦੇਰ ਲੱਗ ਸਕਦੀ ਹੈ, ਪਰ ਨਸ਼ੇ ਦੀ ਹੋਮ ਡਲਿਵਰੀ ਇੱਕ ਟੈਲੀਫੋਨ ਉੱਤੇ ਹੀ ਤੁਰੰਤ ਹੋ ਜਾਂਦੀ ਹੈ। ਉਨ੍ਹਾਂ ਨੂੰ ਕਿਸੇ ਦਾ ਡਰ-ਭੈਅ ਨਹੀਂ ਹੈ।”
ਉਸ ਨੌਜਵਾਨ ਦੀ ਕਹੀ ਗੱਲ ਨੇ ਅਧਿਕਾਰੀ ਨੂੰ ਗੰਭੀਰ ਕਰ ਦਿੱਤਾ। ਦੂਜੇ ਮਰੀਜ਼ਾਂ ਵਿੱਚੋਂ ਇੱਕ ਹੋਰ ਨੇ ਗੱਲ ਨੂੰ ਅਗਾਂਹ ਤੋਰਿਆ, “ਮੈਂ ਥੋਨੂੰ ਸਹੀ ਗੱਲ ਦੱਸਦਾ ਹਾਂ ਜੀ, ਪਿੰਡਾਂ ਵਿੱਚ ਚਿੱਟਾ ਅਤੇ ਹਰਿਆਣੇ ਦੀ ਸਸਤੀ ਸ਼ਰਾਬ ਵੇਚਣ ਵਾਲੇ ਹਰਲ-ਹਰਲ ਕਰਦੇ ਫਿਰਦੇ ਨੇ। ਚਿੱਟੇ ’ਤੇ ਜਦੋਂ ਇੱਕ ਮੁੰਡਾ ਲੱਗ ਜਾਂਦਾ ਹੈ ਤਾਂ ਉਹ ਹੋਰਾਂ ਨੂੰ ਵੀ ਚਾਟ ਉੱਤੇ ਲਾ ਦਿੰਦਾ ਹੈ ਅਤੇ ਵਿੱਚੋਂ ਆਪਣਾ ਖਰਚ ਕੱਢ ਲੈਂਦਾ ਹੈ। ਇਉਂ ਅਗਾਹਾਂ ਦੀ ਅਗਾਹਾਂ ਮੁੰਡੇ ਪੱਟੇ ਜਾ ਰਹੇ ਨੇ। ਇਨ੍ਹਾਂ ਤੋਂ ਅੱਕੇ ਹੋਏ ਲੋਕ ਜੇ ਥਾਣੇ ਇਤਲਾਹ ਕਰਦੇ ਨੇ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ - ਤੁਸੀਂ ਪਿੰਡ ਚੱਲੋ, ਅਸੀਂ ਕਰਦੇ ਆਂ ਸਾਲਿਆਂ ਨੂੰ ਲੋਟ। - ਉਹ ਇੱਕ ਪਰਚੀ ਉੱਤੇ ਨਸ਼ਾ ਵੇਚਣ ਵਾਲਿਆਂ ਦਾ ਥਹੁ-ਪਤਾ ਵੀ ਲਿਖ ਲੈਂਦੇ ਨੇ ਅਤੇ ਇਤਲਾਹ ਦੇਣ ਵਾਲਿਆਂ ਦਾ ਵੀ। ਪਰ ਇਤਲਾਹ ਦੇਣ ਵਾਲਿਆਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵਾਲੇ ਤਸਕਰਾਂ ਨੂੰ ਮੋਬਾਇਲ ਉੱਤੇ ਸੂਚਨਾ ਦੇ ਦਿੰਦੇ ਨੇ ਕਿ ਪਿੰਡ ਦੇ ਫਲਾਣੇ-ਫਲਾਣੇ ਬੰਦੇ ਤੁਹਾਡੀ ਸ਼ਿਕਾਇਤ ਕਰਕੇ ਗਏ ਨੇ। ਇਹਦੇ ਨਾਲ ਨਸ਼ੇ ਵੇਚਣ ਵਾਲਿਆਂ ਦਾ ਇਤਲਾਹ ਕਰਨ ਵਾਲਿਆਂ ਨਾਲ ਵੈਰ ਪੈ ਜਾਂਦਾ ਹੈ ਅਤੇ ਦੂਜੇ ਪਾਸੇ ਪੁਲਿਸ ਵਾਲੇ ਆਪਣਾ ਵਸੂਲੀ ਦਾ ਰੇਟ ਵਧਾ ਕੇ ਹੱਥ ਰੰਗ ਲੈਂਦੇ ਨੇ। ਇਸ ਵੇਲੇ ਤਾਂ ਜੀ ਕੁੱਤੀ ਚੋਰਾਂ ਨਾਲ ਰਲੀ ਹੋਈ ਐ। ਭਲਾਂ ਜੀ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤਾਂ ਰੱਬ ਹੀ ਰਾਖਾ ਐ।” ਇਹ ਕਹਿੰਦਿਆਂ ਮੁੰਡੇ ਦੀ ਹਾਲਤ ਰੋਣਹਾਕੀ ਹੋ ਗਈ ਸੀ। ਦੂਜੇ ਮੁੰਡਿਆਂ ਨੇ ਵੀ ਬੇਰੁਜ਼ਗਾਰੀ ਅਤੇ ਪੁਲਸ ਦੀ ਤਸਕਰਾਂ ਨਾਲ ਮਿਲੀ ਭੁਗਤ ਸਬੰਧੀ ਖੁੱਲ੍ਹ ਕੇ ਦੱਸਿਆ।
ਇਸ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਭਖ਼ਦੇ ਮਸਲੇ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਵੀ ਹੋਈ। ਪਰ ਪਰਣਾਲਾ ਉੱਥੇ ਦਾ ਉੱਥੇ ਹੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1781)
(ਸਰੋਕਾਰ ਨਾਲ ਸੰਪਰਕ ਲਈ: