“ਅਜਿਹੇ ਵਰਤਾਰੇ ਲਈ ਇਕੱਲੇ ਸਕੂਲ ਦੇ ਵਿਦਿਆਰਥੀਆਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਸਗੋਂ ਅਜਿਹੀ ...”
(19 ਫਰਵਰੀ 2023)
ਮਹਾਨ ਚਿੰਤਕ ਅਤੇ ਇਨਕਲਾਬੀ ਆਗੂ ਲੈਨਿਨ ਨੇ ਲਿਖਿਆ ਹੈ, “ਮੈਨੂੰ ਦੱਸੋ, ਤੁਹਾਡੇ ਦੇਸ਼ ਦੀ ਜਵਾਨੀ ਅਤੇ ਲੋਕਾਂ ਦੇ ਮੂੰਹ ’ਤੇ ਕਿਸ ਤਰ੍ਹਾਂ ਦੇ ਗੀਤ ਹਨ? ਮੈਂ ਤੁਹਾਨੂੰ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ।” ਭਲਾ, ਨਸ਼ਈ ਪੁੱਤ ਦੀਆਂ ਹਰਕਤਾਂ ਤੋਂ ਪੋਟਾ ਪੋਟਾ ਦੁਖ਼ੀ ਹੋ ਕੇ ਬਾਪ ਦੀ ਹੰਝੂਆਂ ਨਾਲ ਭਰੀ ਚਿੱਟੀ ਦਾੜ੍ਹੀ, ਸ਼ਮਸ਼ਾਨ ਘਰਾਂ, ਖੋਲ਼ਿਆਂ, ਖੇਡ ਮੈਦਾਨਾਂ ਅਤੇ ਧਰਮਸ਼ਾਲਾਵਾਂ ਵਿੱਚ ਨਸ਼ਿਆਂ ਕਾਰਨ ਬੇਸੁੱਧ ਹੋਏ ਨੌਜਵਾਨ, ਬੇਰੁਜ਼ਗਾਰੀ ਦੇ ਝੰਭੇ ਪਏ ਟੈਂਕੀਆਂ ’ਤੇ ਚੜ੍ਹ ਕੇ ਨੌਕਰੀਆਂ ਦੀ ਮੰਗ ਕਰ ਰਹੇ ਪੜ੍ਹੇ-ਲਿਖੇ ਬੇਰੁਜ਼ਗਾਰ ਅਤੇ ਪੰਜਾਬ ਵਿੱਚ ਹੋ ਰਹੀ ਕੁਰੱਪਸ਼ਨ, ਭਾਈ-ਭਤੀਜਾਵਾਦ ਅਤੇ ਹਰਾਮ ਦੀ ਕਮਾਈ ਕਰਨ ਵਾਲੇ ‘ਮਲਿਕ ਭਾਗੋਆਂ’ ਤੋਂ ਦੁਖ਼ੀ ਹੋ ਕੇ ਆਪਣੀ ਜਨਮ ਭੂਮੀ ਪੰਜਾਬ ਨੂੰ ਅਲਵਿਦਾ ਕਹਿ ਕੇ ਵਿਦੇਸ਼ੀ ਧਰਤੀ ’ਤੇ ਵਸਣ ਵਾਲੀ ਜਵਾਨੀ ਦੇ ਹੋਠਾਂ ’ਤੇ ਕਿਸ ਤਰ੍ਹਾਂ ਦੇ ਗੀਤ ਹੋਣਗੇ, ਇਸਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ।
ਪਰ ਪੰਜਾਬ ਦਾ ਇਸ ਤੋਂ ਵੀ ਮਾਰੂ ਦੁਖਾਂਤ ਇਹ ਹੈ ਕਿ ਸਕੂਲ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ ਹਾਲਾਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਨਾ ਹੈ ਅਤੇ ਉਹ ਬਚਪਨ ਅਤੇ ਜਵਾਨੀ ਦੇ ਵਿਚਕਾਰ ਆਪਣੀਆਂ ਕਿਤਾਬਾਂ ਵਾਲਾ ਬੈਗ਼ ਲੈ ਕੇ ਵੱਖ-ਵੱਖ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਕਰਨ ਜਾਂਦੇ ਹਨ, ਉਨ੍ਹਾਂ ਵਿੱਚੋਂ ਹੀ ਕੁਝ ਵਿਦਿਆਰਥੀ ਹੁਣ ਤੋਂ ਹੀ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣੀ ਜ਼ਿੰਦਗੀ ਧੁਆਂਖ ਰਹੇ ਹਨ। ਕਈ ਵਾਰ ਮੌਕੇ ਸਿਰ ਪਤਾ ਨਾ ਲੱਗਣ ਕਰਕੇ ਉਨ੍ਹਾਂ ਦੀ ਸਿਰਫ ਪੜ੍ਹਾਈ ਹੀ ਅਧਵਾਟੇ ਨਹੀਂ ਰਹਿ ਜਾਂਦੀ, ਸਗੋਂ ਨਸ਼ੇ ਦੀ ਪੂਰਤੀ ਲਈ ਪਹਿਲਾਂ ਉਹ ਘਰੋਂ ਪੈਸੇ ਚੋਰੀ ਕਰਦੇ ਹਨ ਅਤੇ ਬਾਅਦ ਵਿੱਚ ਤਸਕਰਾਂ ਦੇ ਧੱਕੇ ਚੜ੍ਹ ਕੇ ਕੋਰੀਅਰ ਵਜੋਂ ਉਨ੍ਹਾਂ ਦਾ ਮਾਲ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਾਉਣ ਲਈ ਪਾਂਡੀ ਵਜੋਂ ਕੰਮ ਕਰਨ ਲੱਗ ਜਾਂਦੇ ਹਨ। ਇੰਜ ਇਹ ਨਾਬਾਲਗ ਨਸ਼ਿਆਂ ਦੇ ਨਾਲ-ਨਾਲ ਜੁਰਮ ਦੀ ਦੁਨੀਆਂ ਵਿੱਚ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ। ਆਮ ਕਿਹਾ ਜਾਂਦਾ ਹੈ ਕਿ ਸਮੇਂ ਸਿਰ ਲੱਗਿਆ ਇੱਕ ਟਾਂਕਾ ਨੌਂ ਟਾਂਕਿਆਂ ਦੀ ਬੱਚਤ ਕਰਦਾ ਹੈ। ਮਾਪਿਆਂ ਦੇ ਧਿਆਨ ਵਿੱਚ ਤਾਂ ਉਦੋਂ ਆਉਂਦਾ ਹੈ ਜਦੋਂ ਇਹ ਬੱਚੇ ਗੋਡਿਆਂ ਤਕ ਨਸ਼ੇ ਵਿੱਚ ਧਸ ਕੇ ਆਪ ਹੁਦਰੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ। ਨਸ਼ਾ ਛੁਡਾਊ ਕੇਂਦਰ ਦੇ ਮੁਖੀ ਵਜੋਂ ਕੰਮ ਕਰਦਿਆਂ ਮੇਰੇ ਕੋਲ ਇੱਕ ਸੱਤਵੀਂ ਜਮਾਤ ਦਾ ਵਿਦਿਆਰਥੀ ਦਾਖ਼ਲ ਹੋਇਆ ਅਤੇ ਇੱਕ ਬਾਰ੍ਹਵੀਂ ਜਮਾਤ ਦਾ, ਜਿਹੜਾ ਸਵੇਰ ਦੀ ਪ੍ਰਾਰਥਨਾ ਸਮੇਂ ਬੇਹੋਸ਼ ਹੋ ਕੇ ਡਿਗ ਪਿਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਚਿੱਟੇ ਦੀ ਵਰਤੋਂ ਕਰਦਾ ਸੀ।
ਪਿਛਲੇ ਦਿਨੀਂ ਇੱਕ ਖ਼ਬਰ ਅਖ਼ਬਾਰਾਂ ਦੀ ਸੁਰਖ਼ੀ ਬਣੀ ਸੀ। ਸਕੂਲ ਦੇ ਦੋ ਵਿਦਿਆਰਥੀ ਸਕੂਲ ਦੀ ਯੂਨੀਫਾਰਮ ਵਿੱਚ ਮੋਢੋ ’ਤੇ ਬੈਗ ਲਟਕਾਈ ਸਵੇਰੇ ਸਵੇਰੇ ਸ਼ਰਾਬ ਦੇ ਠੇਕੇ ਦੀ ਖਿੜਕੀ ਕੋਲ ਜਾਂਦੇ ਹਨ। ਉੱਥੋਂ ਬੋਤਲ ਖ਼ਰੀਦ ਕੇ ਨਾਲ ਲੱਗਦੇ ਅਹਾਤੇ ਦੇ ਕਾਰਿੰਦੇ ਨੂੰ ਕਹਿ ਕੇ ਉਹ ਸ਼ਰਾਬ ਵਾਲੀ ਬੋਤਲ ਆਪਣੀ ਪਾਣੀ ਵਾਲੀ ਥਰਮੋਸ ਵਿੱਚ ਪਵਾ ਲੈਂਦੇ ਹਨ ਅਤੇ ਫਿਰ ਥਰਮੋਸ ਬੈਗ ਵਿੱਚ ਪਾ ਕੇ ਸਕੂਲ ਵੱਲ ਚਾਲੇ ਪਾ ਦਿੰਦੇ ਹਨ। ਅਖ਼ਬਾਰ ਦੇ ਪ੍ਰਤਿਨਿੱਧ ਨੇ ਲੋਕ ਹਿਤ ਵਿੱਚ ਫੋਟੋ ਸਮੇਤ ਖ਼ਬਰ ਅਖ਼ਬਾਰ ਵਿੱਚ ਛਾਪੀ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਵਰਤਾਰਾ ਸਿਰਫ਼ ਦੋ ਵਿਦਿਆਰਥੀਆਂ ਦੇ ਹਿੱਸੇ ਨਹੀਂ ਆਇਆ ਸਗੋਂ ਅਨੇਕਾਂ ਨਾਬਾਲਿਗ ਵਿਦਿਆਰਥੀ ਠੇਕੇ ਤੋਂ ਬੋਤਲਾਂ ਖ਼ਰੀਦ ਕੇ ਸਕੂਲ ਲੈ ਜਾਂਦੇ ਹਨ। ਉਸ ਸ਼ਰਾਬ ਦੇ ਠੇਕੇ ਸਾਹਮਣੇ ਪਾਰਕ, 50 ਕੁ ਗ਼ਜ਼ ’ਤੇ ਧਾਰਮਿਕ ਅਸਥਾਨ ਅਤੇ ਇੰਨੀ ਕੁ ਦੂਰ ਹੀ ਸਕੂਲ ਸਥਿਤ ਹੈ। ਧਾਰਮਿਕ ਅਸਥਾਨਾਂ ਅਤੇ ਸਕੂਲਾਂ ਦੇ ਨੇੜੇ-ਤੇੜੇ ਸ਼ਰਾਬ ਦਾ ਠੇਕਾ ਖੋਲ੍ਹਣਾ ਅਤੇ ਨਾਬਾਲਿਗਾਂ ਨੂੰ ਸ਼ਰਾਬ ਦੀਆਂ ਬੋਤਲਾਂ ਵੇਚਣੀਆਂ ਕਾਨੂੰਨੀ ਜੁਰਮ ਹੈ ਅਤੇ ਇਹ ਕਾਨੂੰਨੀ ਜੁਰਮ ਬਿਨਾਂ ਕਿਸੇ ਡਰ ਭੈਅ ਤੋਂ ਕਰੀ ਜਾਣਾ ਸਮਾਜ ਦੇ ਗਰਕ ਜਾਣ ਦੀ ਨਿਸ਼ਾਨੀ ਹੈ। ਅਜਿਹੇ ਵਰਤਾਰੇ ਲਈ ਇਕੱਲੇ ਸਕੂਲ ਦੇ ਵਿਦਿਆਰਥੀਆਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਸਗੋਂ ਅਜਿਹੀ ਦਰਿੰਦਗੀ ਲਈ ਨਸ਼ਾ ਵਰਤਾਉਣ ਵਾਲੇ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਵੀ ਜ਼ਿੰਮੇਵਾਰ ਹਨ। ਦੋਸ਼ੀ ਸਮਾਜ ਦੀ ਉਹ ਭੀੜ ਵੀ ਹੈ ਜਿਹੜੀ ਅਜਿਹਾ ਵਰਤਾਰਾ ਹਰ ਰੋਜ਼ ਵੇਖਣ ਉਪਰੰਤ ਖਾਮੋਸ਼ ਰਹਿੰਦੀ ਹੈ। ਵਿਦਵਾਨ ਵਾਲਟੇਅਰ ਦੇ ਸ਼ਬਦ ਅਜਿਹੀ ਖ਼ਾਮੋਸ਼ ਭੀੜ ਲਈ ਹੀ ਇੱਕ ਸੁਨੇਹਾ ਹੈ, “ਚੰਗੇ ਲੋਕਾਂ ਦੀ ਚੁੱਪ ਬਦਮਾਸ਼ਾਂ ਦੀ ਜਿੱਤ ਯਕੀਨੀ ਬਣਾ ਦਿੰਦੀ ਹੈ।” ਹਾਂ, ਉਹ ਪ੍ਰੈੱਸ ਪ੍ਰਤੀਨਿਧ ਮੁਬਾਰਕਬਾਦ ਦਾ ਹੱਕਦਾਰ ਹੈ, ਜਿਸਨੇ ਸਹੀ ਤਸਵੀਰ ਲੋਕਾਂ ਅੱਗੇ ਲਿਆ ਕੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਸੁਚੇਤ ਕੀਤਾ ਹੈ। ਬਾਅਦ ਵਿੱਚ ਉਸ ਖ਼ਬਰ ਦੇ ਆਧਾਰ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਕਿ ਵਿਦਿਆਰਥੀਆਂ ਦੇ ਸਕੂਲ ਵਿੱਚ ਦਾਖ਼ਲ ਹੋਣ ਸਮੇਂ ਉਨ੍ਹਾਂ ਦੀਆਂ ਪਾਣੀ ਵਾਲੀਆਂ ਬੋਤਲਾਂ ਚੈੱਕ ਕੀਤੀਆਂ ਜਾਣ। ਆਬਕਾਰੀ ਵਿਭਾਗ ਨੇ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਉਸ ਸ਼ਰਾਬ ਦੇ ਠੇਕੇ ਨੂੰ ਕੁਝ ਦਿਨਾਂ ਲਈ ਬੰਦ ਵੀ ਕਰ ਦਿੱਤਾ।
ਇਸੇ ਤਰ੍ਹਾਂ ਹੀ ਫਿਲੌਰ ਵਿੱਚ 17 ਸਾਲਾਂ ਦਾ ਨਾਬਾਲਿਗ ਲੜਕਾ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਨਸ਼ਈ ਲੜਕੇ ਦੇ ਮਹੱਲੇ ਵਿੱਚ ਹੀ ਨਸ਼ਾ ਤਸਕਰ ਧੜੱਲੇ ਨਾਲ ਨਸ਼ਾ ਵੇਚਦਾ ਸੀ। ਤਸਕਰ ਦੇ ਫਰਾਰ ਹੋਣ ਉਪਰੰਤ ਜਦੋਂ ਪੁਲਿਸ ਪੁੱਛ-ਪੜਤਾਲ ਲਈ ਉੱਥੇ ਪਹੁੰਚੀ ਤਾਂ ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੁਖੀ ਹੋ ਕੇ ਦੱਸਿਆ ਕਿ ਇਸ ਤਸਕਰ ਕੋਲ ਸਵੇਰੇ ਹੀ ਸਕੂਲ ਦੇ ਵਿਦਿਆਰਥੀ ਮੋਢੇ ’ਤੇ ਬੈਗ ਲਟਕਾਈ ਆ ਜਾਂਦੇ ਸਨ। ਤਸਕਰ ਉਨ੍ਹਾਂ ਤੋਂ ਪੈਸੇ ਲੈ ਕੇ ਨਸ਼ੇ ਦੇ ਟੀਕੇ ਲਾਉਂਦਾ ਸੀ ਅਤੇ ਇਹ ਸਿਲਸਿਲਾ ਦੇਰ ਰਾਤ ਤਕ ਚਲਦਾ ਰਹਿੰਦਾ ਸੀ। ਲੋਕਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਜੇਕਰ ਉਸ ਤਸਕਰ ਵਿਰੁੱਧ ਕੋਈ ਬੋਲਦਾ ਸੀ ਤਾਂ ਗੁੰਡਿਆਂ ਨੂੰ ਨਾਲ ਲੈ ਕੇ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ।
ਇਸ ਤਰ੍ਹਾਂ ਹੀ ਸਿਧਵਾਂ ਬੇਟ ਦੇ 11ਵੀਂ ਵਿੱਚ ਪੜ੍ਹਦੇ ਨਾਬਾਲਿਗ ਕਬੱਡੀ ਖਿਡਾਰੀ ਦੀ ਓਵਰਡੋਜ਼ ਨਾਲ ਮੌਤ, ਪਟਿਆਲਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਿਗ ਦਾ ਮੌਤ ਦੀ ਝੋਲੀ ਵਿੱਚ ਪੈਣਾ ਬਦਸ਼ਗਨੀ ਦੀਆਂ ਨਿਸ਼ਾਨੀਆਂ ਹਨ। ਨਾਬਾਲਿਗ ਲੜਕਿਆਂ ਨੂੰ ਪੜ੍ਹਾਈ ਵਾਲੇ ਰਸਤਿਉਂ ਮੋੜ ਕੇ ਨਸ਼ਾ ਤਸਕਰੀ ਅਤੇ ਜੁਰਮ ਦੀ ਦੁਨੀਆਂ ਵਿੱਚ ਧੱਕਣ ਲਈ ਸਮਾਜ-ਦੋਖ਼ੀ ਹਰ ਸੰਭਵ ਯਤਨ ਕਰਦੇ ਹਨ।
ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ 75 ਕਰੋੜ ਦੀ ਹੈਰੋਇਨ ਅਤੇ 8.40 ਲੱਖ ਦੀ ਡਰੱਗ ਮਨੀ ਸਮੇਤ ਨਾਬਾਲਿਗ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਤਰਨਤਾਰਨ ਦੇ ਪਿੰਡ ਸਰਹਾਲੀ ਵਿੱਚ ਰਾਕੇਟ ਹਮਲਿਆਂ ਦੇ ਦੋਸ਼ੀਆਂ ਵਿੱਚ ਨਾਬਾਲਿਗ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਅਨੇਕਾਂ ਹੋਰ ਕੇਸਾਂ ਵਿੱਚ ਨਾਬਾਲਿਗਾਂ ਦੇ ਨਸ਼ਿਆਂ ਰਾਹੀਂ ਜੁਰਮ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਦੇ ਕਈ ਕਿਸੇ ਜੱਗ ਜ਼ਾਹਿਰ ਹੋਏ ਹਨ। ਮਨੋ ਵਿਗਿਆਨੀ ਅਤੇ ਵਿਦਵਾਨ ਲੇਖਕ ਡਾ. ਸ਼ਿਆਮ ਸੁੰਦਰ ਦੀਪਤੀ ਲਿਖਦੇ ਹਨ, “ਸਕੂਲ ਦੇ ਵਿਦਿਆਰਥੀ ਦੇਸ਼ ਦੀ ਨੀਂਹ ਹਨ। ਨੀਂਹ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤਿਅੰਤ ਜ਼ਰੂਰੀ ਹੈ।” ਅਕਸਰ 11-14 ਸਾਲ ਦੀ ਉਮਰ ਵਿੱਚ ਨਾਬਾਲਿਗ ਲੜਕਾ ਬੁਰੀ ਸੰਗਤ ਅਤੇ ਪਰਿਵਾਰਕ ਸੰਸਕਾਰਾਂ ਦੇ ਅਸਰ ਹੇਠ ਬੀੜੀ, ਜ਼ਰਦਾ ਅਤੇ ਸਿਗਰੇਟ ਦੀ ਲਪੇਟ ਵਿੱਚ ਆ ਜਾਂਦਾ ਹੈ। ਇਨ੍ਹਾਂ ਛੋਟੇ ਨਸ਼ਿਆਂ ਨੂੰ ਵੱਡੇ ਨਸ਼ਿਆਂ ਦਾ ਪਰਵੇਸ਼ ਦੁਆਰ ਮੰਨਿਆ ਜਾਂਦਾ ਹੈ। ਜੇਕਰ ਇਸ ਸਟੇਜ ’ਤੇ ਬੱਚੇ ਨੂੰ ਨਾ ਸੰਭਾਲਿਆ ਜਾਵੇ ਤਾਂ ਉਹ 14 ਸਾਲ ਦੀ ਉਮਰ ਵਿੱਚ ਸ਼ਰਾਬ ਦੇ ਨਸ਼ੇ ਤੇ ਲੱਗ ਜਾਵੇਗਾ ਅਤੇ ਜੇਕਰ ਉਸ ਦੀ ਇਸ ਸਟੇਜ ’ਤੇ ਵੀ ਰੋਕ-ਥਾਮ ਨਾ ਕੀਤੀ ਗਈ ਤਾਂ 18 ਸਾਲ ਦੀ ਉਮਰ ਵਿੱਚ ਉਹ ਚਿੱਟੇ ਦੀ ਲਪੇਟ ਵਿੱਚ ਆ ਕੇ ਮੌਤ ਅਤੇ ਜੁਰਮ ਦੀ ਦਹਿਲੀਜ਼ ’ਤੇ ਦਸਤਕ ਦੇਵੇਗਾ। ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਅਜਿਹੇ ਮਾਤਮੀ ਮਾਹੌਲ ਲਈ ਜ਼ਿੰਮੇਵਾਰ ਕੌਣ ਹੈ? ਦਰਅਸਲ ਔਲਾਦ ਦੇ ਥਿੜਕ ਜਾਣ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਮਾਪੇ ਆਪਣੀ ਔਲਾਦ ਲਈ ਰੋਲ ਮਾਡਲ ਦਾ ਫ਼ਰਜ਼ ਨਹੀਂ ਨਿਭਾ ਰਹੇ। ਔਲਾਦ ਪ੍ਰਤੀ ਉਨ੍ਹਾਂ ਦੀ ਸੋਚ ਹੈ ਕਿ ਉਹ 16 ਕਲਾਂ ਸੰਪੁਰਨ ਹੋਵੇ, ਖੇਡਾਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰੇ ਅਤੇ ਘਰ ਦਾ ਕੰਮ ਵੀ ਤਨਦੇਹੀ ਨਾਲ ਕਰੇ। ਪਰ ਉਹ ਇਹ ਭੁੱਲੀ ਬੈਠੇ ਹਨ ਕਿ ਅੱਜ ਦੀ ਪੀੜ੍ਹੀ ਸੁਣਨ ਸੁਣਾਉਣ ਵਿੱਚ ਯਕੀਨ ਨਹੀਂ ਕਰਦੀ, ਨਕਲ ਕਰਨ ਵਿੱਚ ਯਕੀਨ ਕਰਦੀ ਹੈ। ਜੇਕਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਿਸੇ ਕਿਸਮ ਦੀ ਬੁਰਾਈ ਦਾ ਸ਼ਿਕਾਰ ਨਾ ਹੋਣ ਤਾਂ ਉਨ੍ਹਾਂ ਨੂੰ ਆਪ ਰੋਲ ਮਾਡਲ ਬਣ ਕੇ ਉਨ੍ਹਾਂ ਦੀ ਸੁਚੱਜੀ ਅਗਵਾਈ ਕਰਨੀ ਚਾਹੀਦੀ ਹੈ।
ਐਦਾਂ ਹੀ ਅਧਿਆਪਕਾਂ ਦਾ ਰੋਲ ਸਿਰਫ਼ ਉਨ੍ਹਾਂ ਨੂੰ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਜ਼ਿੰਦਗੀ ਦਾ ਪਾਠ ਪੜ੍ਹਾਉਣਾ ਵੀ ਹੈ। ਸਿਆਣਾ ਅਧਿਆਪਕ ਵਿਦਿਆਰਥੀਆਂ ਦਾ ਰਹਿਨੁਮਾ ਬਣ ਕੇ ਉਨ੍ਹਾਂ ਦੇ ਸਰਵ ਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਦਾ ਹੈ। ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਣਾ ਅਤਿਅੰਤ ਜ਼ਰੂਰੀ ਹੈ।
ਸਮਾਜਿਕ ਤੌਰ ’ਤੇ ਲੋਕਾਂ ਨੇ ਵੀ ਜਵਾਨੀ ਨੂੰ ਸਿਵਿਆਂ ਦੇ ਰਾਹ ਤੋਂ ਬਚਾਉਣ ਲਈ ਲਾਮਬੱਧ ਹੋਣਾ ਸ਼ੁਰੂ ਕੀਤਾ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਤਸਕਰਾਂ ਵਿਰੁੱਧ ਧਰਨੇ, ਮੁਜ਼ਾਹਰੇ, ਠੀਕਰੀ ਪਹਿਰੇ ਅਤੇ ਨਸ਼ਾ ਵੇਚਣ ਵਾਲਿਆਂ ਦੇ ਘਰ-ਘਰ ਜਾ ਕੇ ਚਿਤਾਵਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਰਅਸਲ ਲੋਕਾਂ ਦੇ ਲਾਮਬੱਧ ਹੋਣ ਤੋਂ ਬਿਨਾਂ ਜਵਾਨੀ ਦਾ ਨਸ਼ਿਆਂ ਦੇ ਦੈਂਤ ਤੋਂ ਬਚਣਾ ਬਹੁਤ ਮੁਸ਼ਕਲ ਹੈ। ਬੱਚਿਆਂ ਨੂੰ ਮਲਿਕ ਭਾਗੋਆਂ ਦੇ ਰਾਖ਼ਸ਼ੀ ਪੰਜਿਆਂ ਤੋਂ ਬਚਾਉਣ ਲਈ ਲੋਕ ਹੁਣ ਇਸ ਤਰ੍ਹਾਂ ਗੰਭੀਰ ਹੋ ਗਏ ਹਨ:
“ਚਿਰਾਗੋਂ ਕੀ ਹਿਫ਼ਾਜ਼ਤ ਪੇ ਲਗਾ ਦੋ ਜ਼ਿੰਦਗੀ ਆਪਣੀ,
ਹਵਾ ਕਾ ਕਯਾ ਭਰੋਸਾ, ਕਬ ਰੁਕੇ, ਕਬ ਤੇਜ਼ ਹੋ ਜਾਏ।”
ਪਰ ਜੇਕਰ ਅਜਿਹੀ ਵਿਸਫੋਟਕ ਸਥਿਤੀ ’ਤੇ ਕਾਬੂ ਨਾ ਪਾਇਆ ਗਿਆ ਅਤੇ ਚਿਹਰੇ ’ਤੇ ਪਈ ਧੂੜ ਸਾਫ ਕਰਨ ਦੀ ਥਾਂ ਸ਼ੀਸ਼ਾ ਸਾਫ ਕਰਦੇ ਰਹੇ, ਸਿਰ ’ਤੇ ਲੱਗੀ ਸੱਟ ਦੀ ਥਾਂ ਪੈਰ ’ਤੇ ਮਰ੍ਹਮ ਪੱਟੀ ਕਰਦੇ ਰਹੇ ਤਾਂ ਪੰਜਾਬ ਦਾ ਭਵਿੱਖ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਅਤੇ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ। ਇਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ, “ਵਖ਼ਤ ਵੀਚਾਰੈ ਸੋ ਬੰਦਾ ਹੋਏ॥” ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3805)
(ਸਰੋਕਾਰ ਨਾਲ ਸੰਪਰਕ ਲਈ: