MohanSharma8ਓਵਰਡੋਜ਼ ਨਾਲ ਦੇਸ਼ ਵਿੱਚ ਮਰਨ ਵਾਲੇ ਵਿਅਕਤੀਆਂ ਵਿੱਚੋਂ 21% ਪੰਜਾਬ ਨਾਲ ਸੰਬੰਧਤ ...
(5 ਜਨਵਰੀ 2026)
(ਨੋਟ: ਅੰਮ੍ਰਿਤ ਕੌਰ ਬਡਰੁੱਖਾਂ ਦੀ ਕਹਾਣੀ “ਵੱਡਾ ਤਪੱਸਵੀ” ਵੀ ਪਾਠਕ ਜ਼ਰੂਰ ਪੜ੍ਹਨ --- ਸੰਪਾਦਕ)


ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ 1 ਮਾਰਚ 2025 ਤੋਂ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਨਸ਼ਿਆਂ ਦੀ ਰੋਕਥਾਮ
, ਕਾਨੂੰਨ ਦੀ ਅਮਲਦਾਰੀ ਅਤੇ ਨਸ਼ਾ ਛੁਡਵਾਉਣ ਦੇ ਉਪਰਾਲੇ, ਨਸ਼ਾ ਮੁਕਤ ਹੋਏ ਨੌਜਵਾਨਾਂ ਦੇ ਮੁੜ ਵਸੇਬੇ ਦੀ ਯੋਜਨਾ ਉਲੀਕੀ ਗਈ ਸੀ। ਸਰਕਾਰੀ ਤੌਰ ’ਤੇ ਪ੍ਰਗਟਾਵਾ ਕੀਤਾ ਗਿਆ ਹੈ ਕਿ ਮਾਰਚ 2025 ਤੋਂ ਦਸੰਬਰ 2025 ਤਕ ਨੌਂ ਮਹੀਨਿਆਂ ਵਿੱਚ ਐੱਨ.ਡੀ.ਪੀ.ਐੱਸ. ਕਾਨੂੰਨ ਤਹਿਤ 51 ਹਜ਼ਾਰ ਦੇ ਕਰੀਬ ਕੇਸ ਦਰਜ ਹੋਏ। 4600 ਕਿਲੋਗ੍ਰਾਮ ਹੈਰੋਇਨ ਫੜੀ ਗਈ। ਸਮੁੱਚੇ ਭਾਰਤ ਵਿੱਚ ਫੜੀ ਗਈ ਹੈਰੋਇਨ ਵਿੱਚੋਂ 65% ਬਰਾਮਦਗੀ ਪੰਜਾਬ ਦੀ ਹੈ। 263 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। 6600 ਦਰਜ ਮਾਮਲਿਆਂ ਵਿੱਚੋਂ 88% ਮਾਮਲਿਆਂ ਵਿੱਚ ਮਾਣਯੋਗ ਵੱਖ-ਵੱਖ ਅਦਾਲਤਾਂ ਵੱਲੋਂ ਨਸ਼ਾ ਤਸਕਰਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ। 20 ਹਜ਼ਾਰ ਨਸ਼ੇੜੀਆਂ ਦਾ ਨਸ਼ਾ ਛਡਵਾਉਣ ਦਾ ਵੀ ਦਾਅਵਾ ਕੀਤਾ ਗਿਆ ਹੈ। ਰਾਜ ਸਰਕਾਰ ਵੱਲੋਂ ਅੰਦਾਜ਼ਨ 5141 ਕਰੋੜ ਦੀ ਲਾਗਤ ਨਾਲ ਸਰਹੱਦੀ ਜ਼ਿਲ੍ਹਿਆਂ ਵਿੱਚ 9 ਐਂਟੀ ਡਰੋਨ ਪ੍ਰਣਾਲੀਆਂ ਦੀ ਤਾਇਨਾਤੀ ਕਰਕੇ ਸਰਹੱਦ ਪਾਰੋਂ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਵੀ ਉਪਰਾਲਾ ਕੀਤਾ ਗਿਆ ਹੈ।

ਹੁਣ 10 ਜਨਵਰੀ 2026 ਤੋਂ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਪੜਾਅ ਅਧੀਨ 10 ਜਨਵਰੀ ਤੋਂ 30 ਜਨਵਰੀ ਤਕ ਨਸ਼ਿਆਂ ਖਿਲਾਫ ਜਾਗਰੂਕ ਕਰਨਾ, ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਅਤੇ ਨਸ਼ਿਆਂ ਦੇ ਤਸਕਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੈਦਲ ਯਾਤਰਾ ਕਰਨ ਦੇ ਪ੍ਰੋਗਰਾਮ ਉਲੀਕੇ ਗਏ। ਹਰ ਪਿੰਡ ਵਿੱਚ ਨਸ਼ੇ ਦੇ ਤਸਕਰਾਂ ਉੱਤੇ ਬਾਜ਼ ਅੱਖ ਰੱਖਣ ਲਈ ਪਹਿਰੇਦਾਰ ਰੱਖਣ ਦੀ ਯੋਜਨਾ, ਹਰ ਪਿੰਡ ਵਿੱਚ 18-20 ਵਲੰਟੀਅਰਾਂ ਦੀ ਨਿਯੁਕਤੀ ਕਰਨੀ, ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤੇਜ਼ ਕਰਨ ਦੇ ਨਾਲ ਨਾਲ ਨਸ਼ਈਆਂ ਦੇ ਇਲਾਜ ਲਈ ਸਿਰ ਤੋੜ ਯਤਨ ਕਰਨ ਦੀ ਯੋਜਨਾ ਉਲੀਕੀ ਗਈ ਹੈ। ਪੰਜਾਬ ਦੇ 200 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਫੈਕਲਟੀ ਮੈਂਬਰਾਂ ਨੂੰ 20 ਜਨਵਰੀ ਤੋਂ 30 ਜਨਵਰੀ ਤਕ ਵਰਕਸ਼ਾਪ ਆਯੋਜਿਤ ਕਰਕੇ ਸਿਖਲਾਈ ਦਿੱਤੀ ਗਈ ਹੈ, ਜਿਹੜੇ ਨੌਜਵਾਨਾਂ ਨੂੰ ਕਾਲਜ ਅਤੇ ਕਾਲਜ ਤੋਂ ਬਾਹਰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕ ਕਰਨਗੇ।

ਪੈਦਲ ਯਾਤਰਾ ਕਰਕੇ ਨਸ਼ਿਆਂ ਵਿਰੁੱਧ ਲੋਕ ਲਹਿਰ ਪੈਦਾ ਕਰਨ ਦੀ ਯੋਜਨਾ ਨੂੰ ਅਮਲੀ ਜਾਮਾ ਦੇਣ ਸਮੇਂ ਕੁਝ ਪਿੰਡਾਂ ਵਿੱਚ ਅਜਿਹੇ ਪ੍ਰੋਗਰਾਮ ਉਲੀਕੇ ਗਏ ਪਰ ਇਨ੍ਹਾਂ ਪੈਦਲ ਯਾਤਰਾਵਾਂ ਵਿੱਚ ਲੋਕ ਆਪ ਮੁਹਾਰੇ ਸ਼ਾਮਲ ਨਹੀਂ ਹੋਏ। ਕੁਝ ਪੁਲਿਸ ਕਰਮਚਾਰੀ ਅਤੇ ਕੁਝ ਲੋਕਾਂ ਦੀ ਸ਼ਮੂਲੀਅਤ ਨੇ ਆਮ ਪਬਲਿਕ ਉੱਤੇ ਕੋਈ ਬਹੁਤਾ ਪ੍ਰਭਾਵ ਨਹੀਂ ਛੱਡਿਆ। ਕੁਝ ਥਾਂਵਾਂ ’ਤੇ ਯਾਤਰਾ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਵਿਅਕਤੀਆਂ ਅੱਗੇ ਲੋਕਾਂ ਵੱਲੋਂ ਰੋਸ ਦਾ ਪ੍ਰਗਟਾਵਾ ਕਰਦਿਆਂ ਸ਼ਰੇਆਮ ਕਿਹਾ ਗਿਆ ਕਿ ਪਿੰਡ ਵਿੱਚ ਨਸ਼ਾ ਰਿਉੜੀਆਂ ਦੀ ਤਰ੍ਹਾਂ ਵਿਕ ਰਿਹਾ ਹੈਅਜਿਹੇ ‘ਰੌਲੇ ਰੱਪੇ’ ਦੀ ਥਾਂ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਉ। ਇੱਕ ਹੋਰ ਪਿੰਡ ਵਿੱਚ ਇਕੱਠੀਆਂ ਹੋਈਆਂ ਪੀੜਿਤ ਔਰਤਾਂ ਨੇ ਪੈਦਲ ਯਾਤਰਾ ਦੀ ਅਗਵਾਈ ਕਰ ਰਹੇ ਪਿੰਡ ਦੇ ਵਿਅਕਤੀ ਨੂੰ ਵੰਗਾਰ ਕੇ ਕਿਹਾ ਕਿ ਤੂੰ ਤਾਂ ਆਪ ਨਸ਼ਾ ਵੇਚਦਾ ਹੈਂ, ਤੂੰ ਹੋਰਾਂ ਨੂੰ ਕੀ ਰੋਕੇਗਾ? ਉਸ ਥਾਂ ’ਤੇ ਔਰਤਾਂ ਅਤੇ ਉਸ ਵਿਅਕਤੀ ਵਿਚਕਾਰ ਤਲਖ਼ ਕਲਾਮੀ ਵੀ ਹੋਈ।

ਇੱਥੇ ਇਹ ਵੀ ਚਿੰਤਾ ਕਰਨ ਵਾਲੀ ਗੱਲ ਹੈ ਕਿ ਨਸ਼ੇ ਦੀ ਤੋਟ ਨਾਲ ਮਰਨ ਵਾਲਾ ਕੋਈ ਕੇਸ ਸਾਹਮਣੇ ਨਹੀਂ ਆ ਰਿਹਾ ਪਰ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਨੂੰ ਠੱਲ੍ਹ ਨਹੀਂ ਪੈ ਰਹੀ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਨਸ਼ੇ ਦੀ ਸਪਲਾਈ ਲਾਈਨ ’ਤੇ ਪੂਰੀ ਤਰ੍ਹਾਂ ਸੱਟ ਨਹੀਂ ਵੱਜੀ। ਇਸ ਵੇਲੇ ਪੰਜਾਬ ਚਿੰਤਾਜਨਕ ਸੰਕਟ ਨਾਲ ਜੂਝ ਰਿਹਾ ਹੈ। ਹਥਿਆਰਾਂ ਦੀ ਦਹਿਸ਼ਤ ਕਾਰਨ ਡਰ ਨਾਲ ਅੰਦਰ ਵੜੇ ਲੋਕ, ਕੰਧਾਂ ਨਾਲ ਟੱਕਰਾਂ ਮਾਰਦੇ ਨਸ਼ਈ, ਤਸਕਰਾਂ ਦੇ ਅੱਡਿਆਂ ਉੱਤੇ ਨਸ਼ਈਆਂ ਦੀ ਭੀੜ ਨੇ ਜਿੱਥੇ ਪਰਿਵਾਰਕ ਜੀਵਨ ਖੇਰੂੰ ਖੇਰੂੰ ਕੀਤਾ ਹੈ, ਉੱਥੇ ਹੀ ਨਸ਼ਿਆਂ ਕਾਰਨ ਨਿਪੁੰਸਕ ਹੋ ਰਹੇ ਨਸ਼ਈਆਂ ਦੀਆਂ ਪਤਨੀਆਂ ਆਪਣੇ ਆਪ ਨੂੰ ਨਾ ਸੁਹਾਗਣਾਂ ਸਮਝਦੀਆਂ ਹਨ ਅਤੇ ਨਾ ਰੰਡੀਆਂ। ਉਨ੍ਹਾਂ ਦੀਆਂ ਕੁੱਖਾਂ ਸੁੰਨੀਆਂ, ਮਾਪਿਆਂ ਦੇ ਚਿਹਰਿਆਂ ’ਤੇ ਨਸ਼ਈ ਪੁੱਤਾਂ ਦੀਆਂ ਕਰਤੂਤਾਂ ਕਾਰਨ ਛਾਈ ਘੋਰ ਉਦਾਸੀ, ਭਰਾ ਦੇ ਰੱਖੜੀ ਬੰਨ੍ਹਣ ਤੋਂ ਤਰਸ ਰਹੀਆਂ ਭੈਣਾਂ, ਭਾਂਅ ਭਾਂਅ ਕਰਦਾ ਖਾਲੀ ਘਰ, ਠੰਢੇ ਚੁੱਲ੍ਹੇ ਅਤੇ ਸੁੰਨੀਆਂ ਸੱਥਾਂ, ਸਮਾਜਿਕ, ਮਾਨਸਿਕ ਅਤੇ ਬੌਧਿਕ ਨਿਘਾਰ ਨੇ ਸਮਾਜ ਨੂੰ ਰੋਗੀ ਕਰ ਦਿੱਤਾ ਹੈ ਅਤੇ ਰੋਗੀ ਸਮਾਜ ਕਦੇ ਵੀ ਬੁਲੰਦੀਆਂ ਨਹੀਂ ਛੂੰਹਦਾ।

ਸਿੰਧਵਾ ਬੇਟ ਦੇ ਨੇੜੇ ਪਿੰਡ ਸ਼ੇਰੇਵਾਲਾ ਦੇ ਨੌਜਵਾਨ ਦੀ ਲਾਸ਼ 5 ਜਨਵਰੀ ਨੂੰ ਝਾੜੀਆਂ ਵਿੱਚੋਂ ਮਿਲੀ ਸੀ। ਨਸ਼ੇ ਦੀ ਓਵਰਡੋਜ਼ ਦਾ ਸ਼ਿਕਾਰ ਹੋਇਆ ਇਹ ਨੌਜਵਾਨ ਚੋਰੀਆਂ, ਠੱਗੀਆਂ ਅਤੇ ਅਜਿਹੇ ਹੋਰ ਅਨੈਤਿਕ ਕੰਮ ਕਰਕੇ ਨਸ਼ੇ ਦਾ ਝੱਸ ਪੂਰਾ ਕਰਦਾ ਸੀ। ਦੁਖਾਂਤਕ ਪਹਿਲੂ ਇਹ ਹੈ ਕਿ ਮ੍ਰਿਤਕ ਨੌਜਵਾਨ ਦੀ ਬਜ਼ੁਰਗ ਮਾਂ ਇਸ ਤੋਂ ਪਹਿਲਾਂ ਨਸ਼ਿਆਂ ਕਾਰਨ ਆਪਣਾ ਪਤੀ ਅਤੇ ਪੰਜ ਪੁੱਤਰ ਗੁਆ ਚੁੱਕੀ ਹੈ। ਪੋਟਾ ਪੋਟਾ ਦੁਖੀ ਸਿੰਦਰ ਕੌਰ ਨਾਂ ਦੀ ਉਸ ਔਰਤ ਨੇ ਪ੍ਰਗਟਾਵਾ ਕੀਤਾ ਕਿ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਉਸਦੇ ਘਰ ਵਿੱਚ ਵਿਛੇ ਸੱਤ ਸੱਥਰਾਂ ਦੀ ਤਰ੍ਹਾਂ ਕਈ ਹੋਰ ਘਰਾਂ ਵਿੱਚ ਵੀ ਚਿੱਟੇ ਨੇ ਕਾਲਾ ਦਿਨ ਚੜ੍ਹਾਇਆ ਹੈ।

ਇਸੇ ਤਰ੍ਹਾਂ ਹੀ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੀੜਿਤ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਗਟਾਵਾ ਕੀਤਾ ਕਿ ਪਿੰਡ ਵਿੱਚ ਤਸਕਰ ਅੰਦਾਜ਼ਨ 5 ਲੱਖ ਦਾ ਚਿੱਟਾ ਰੋਜ਼ ਵੇਚਦੇ ਹਨ। ਉਨ੍ਹਾਂ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਫਾਸਟ ਫੂਡ ਦੇਣ ਵਾਲਾ ਜੋਮੈਟੋ ਬੋਆਏ ਆਰਡਰ ’ਤੇ ਸਮਾਨ ਦੇਣ ਲਈ ਕੁਝ ਦੇਰ ਲਾ ਸਕਦਾ ਹੈ, ਪਰ ਨਸ਼ੇ ਦੇ ਸੌਦਾਗਰ ਤਾਂ ਕੰਡਾ ਵੀ ਨਾਲ ਹੀ ਚੁੱਕੀ ਫਿਰਦੇ ਹਨ ਅਤੇ ਨਸ਼ੇ ਦੀ ਤੁਰਦੀ ਫਿਰਦੀ ਦੁਕਾਨ ’ਤੇ ਹੋਮ ਡਿਲੀਵਰੀ ਤੁਰੰਤ ਹੋ ਜਾਂਦੀ ਹੈ। ਉਸ ਪਿੰਡ ਵਿੱਚ ਲੋਕਾਂ ਦੇ ਰੋਕਣ ਤੇ ਤਸਕਰਾਂ ਨੇ ਉਨ੍ਹਾਂ ਉੱਤੇ ਘਾਤਕ ਹਮਲੇ ਵੀ ਕੀਤੇ ਹਨ ਅਤੇ ਕੁਝ ਸਮਾਂ ਪਹਿਲਾਂ ਭੂਤਰੇ ਹੋਏ ਤਸਕਰਾਂ ਨੇ ਉਨ੍ਹਾਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਸੀ। ਇੱਕ ਪਾਸੇ ਦੇਸ਼ ਦੀ ਰਾਖੀ ਕਰਦਿਆਂ ਸਾਡੇ ਨੌਜਵਾਨ ਸਰਹੱਦਾਂ ’ਤੇ ਸ਼ਹੀਦ ਹੋ ਰਹੇ ਹਨ, ਦੂਜੇ ਪਾਸੇ ਨਸ਼ੇ ਦੀ ਰੋਕਥਾਮ ਕਰਨ ਵਾਲਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਤੀਜਾ ਦੁਖਾਂਤਕ ਪੱਖ ਇਹ ਹੈ ਕਿ ਨਸ਼ਿਆਂ ਦੀ ਕਰੋਪੀ ਕਾਰਨ ਜਵਾਨੀ ਦਾ ਵੱਡਾ ਹਿੱਸਾ ਬੇਰਾਂ ਵਾਂਗ ਝੜ ਰਿਹਾ ਹੈ ਅਤੇ ਸਿਵਿਆਂ ਦੀ ਭੀੜ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਕੁਝ ਅਖੌਤੀ ਸਮਾਜ ਸੇਵਕਾਂ, ਨੰਬਰਦਾਰਾਂ ਅਤੇ ਇੱਕ ਦੋਂਹ ਸਰਪੰਚਾਂ ਦੀ ਤਸਕਰਾਂ ਨਾਲ ਮਿਲੀਭੁਗਤ ਦੇ ਕੇਸ ਵੀ ਸਾਹਮਣੇ ਆਏ ਹਨ। ਫੜੇ ਗਏ ਤਸਕਰਾਂ ਦੀ ਜ਼ਮਾਨਤ ਕਰਵਾਉਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਵਿੱਚ ਅਜਿਹੀਆਂ ਕਾਲੀਆਂ ਭੇਡਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ।

ਚੌਕਸੀ ਅਤੇ ਸਖ਼ਤੀ ਕਰਨ ਦੇ ਬਾਵਜੂਦ ਕਈ ਜੇਲ੍ਹਾਂ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਨਸ਼ੇ ਨਾਲ ਸੰਬੰਧਿਤ ਪਾਬੰਦੀਸ਼ੁਦਾ ਵਸਤੂਆਂ ਅਤੇ ਮੋਬਾਇਲਾਂ ਦੇ ਮਿਲਣ ਨਾਲ ਸਪਸ਼ਟ ਹੋਇਆ ਹੈ ਕਿ ਜੇਲ੍ਹਾਂ ਵਿੱਚ ਵੀ ਨਸ਼ਾ ਸਪਲਾਈ ਹੋ ਰਿਹਾ ਹੈ ਅਤੇ ਇਸ ਸਬੰਧ ਵਿੱਚ ਕਈ ਜੇਲ੍ਹ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਕਰੜੀ ਕਾਰਵਾਈ ਵੀ ਹੋਈ ਹੈ। ਇਸ ਤਰ੍ਹਾਂ ਹੀ ਮਾਛੀਵਾੜਾ ਇਲਾਕੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਾ ਵੰਡਣ ਦੀ ਵੀਡੀਓ ਉਸ ਇਲਾਕੇ ਦੇ ਅਧਿਆਪਕ ਨੇ ਸੋਸ਼ਲ ਮੀਡੀਆ ’ਤੇ ਪਾ ਕੇ ਆਵਾਜ਼ ਬੁਲੰਦ ਕੀਤੀ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

15 ਜਨਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡਿਗਰੀ ਵੰਡ ਸਮਾਰੋਹ ਸਮੇਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਖੋਰੀ ਪੰਜਾਬ ਵਿੱਚ ਇੱਕ ਗੰਭੀਰ ਸਮੱਸਿਆ ਹੈ। ਇਸ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅੱਗੇ ਆਉਣ ਲਈ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤੰਦਰੁਸਤ ਸਮਾਜ ਸਿਰਜਣ ਲਈ ਔਰਤਾਂ ਦਾ ਅੱਗੇ ਆਉਣਾ ਜ਼ਰੂਰੀ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਦੇ ਕੁਝ ਸ਼ਹਿਰਾਂ ਅਤੇ ਪਿੰਡਾਂ ਵਿੱਚ ਅੱਕੇ ਹੋਏ ਲੋਕਾਂ ਨੇ ਕੰਧਾਂ ਤੇ ਇਹ ਲਿਖਕੇ “ਇੱਥੇ ਚਿੱਟਾ ਆਮ ਮਿਲਦਾ ਹੈ” ਆਪਣੀ ਭੜਾਸ ਕੱਢੀ ਹੈ। ਨਸ਼ਿਆਂ ਕਾਰਨ ਖੁੰਗਲ਼ ਹੋਏ ਇੱਕ ਪਿੰਡ ਦੇ ਲੋਕਾਂ ਨੇ “ਸਾਡਾ ਪਿੰਡ ਵਿਕਾਊ ਹੈ” ਲਿਖਕੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਕਈ ਪਿੰਡਾਂ ਦੇ ਲੋਕਾਂ ਨੇ ਥਾਣੇ ਅੱਗੇ ਰੋਸ ਧਰਨੇ ਦੇ ਕੇ ਪ੍ਰਗਟਾਵਾ ਕੀਤਾ ਕਿ ਸਾਡੇ ਵੱਲੋਂ ਨਸ਼ਾ ਵੇਚਣ ਵਾਲਿਆਂ ਸਬੰਧੀ ਸੂਚਨਾ ਉਸ ਮੋਬਾਇਲ ਨੰਬਰ ’ਤੇ ਦਿੱਤੀ ਜਾਂਦੀ ਹੈ, ਜਿਸ ਸਬੰਧੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ, ਪਰ ਸਾਡੇ ਨਾਲ ਉਲਟ ਹੋ ਰਿਹਾ ਹੈ। ਤਸਕਰਾਂ ਸਬੰਧੀ ਸੂਚਨਾ ਦੇਣ ’ਤੇ ਪੁਲਿਸ ਉਨ੍ਹਾਂ ਨੂੰ ਤਾਂ ਫੜਦੀ ਨਹੀਂ, ਪਰ ਸਾਡੀ ਸ਼ਿਕਾਇਤ ਸਬੰਧੀ ਪੂਰਾ ਵੇਰਵਾ ਤਸਕਰਾਂ ਨੂੰ ਦੇ ਦਿੰਦੀ ਹੈ। ਇੰਜ ਅਸੀਂ ਤਸਕਰਾਂ ਦੀਆਂ ਧਮਕੀਆਂ ਦੇ ਸ਼ਿਕਾਰ ਹੋ ਰਹੇ ਹਾਂ।

ਬਿਨਾਂ ਸ਼ੱਕ ਨਸ਼ਾਖੋਰੀ ਚਿੰਤਾ ਦੇ ਵਿਸ਼ੇ ਦੇ ਨਾਲ ਨਾਲ ਚੁਣੌਤੀਆਂ ਭਰਪੂਰ ਵੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਨਸ਼ਿਆਂ ਸਬੰਧੀ ਇੱਕ ਕੇਸ ਦਾ ਨਿਪਟਾਰਾ ਕਰਦਿਆਂ ਟਿੱਪਣੀ ਕੀਤੀ, “ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਇੱਕ ਵੱਡੇ ਸਮਾਜਿਕ ਸੰਕਟ ਦਾ ਰੂਪ ਧਾਰਨ ਕਰ ਚੁੱਕੀ ਹੈ। ਓਵਰਡੋਜ਼ ਨਾਲ ਦੇਸ਼ ਵਿੱਚ ਮਰਨ ਵਾਲੇ ਵਿਅਕਤੀਆਂ ਵਿੱਚੋਂ 21% ਪੰਜਾਬ ਨਾਲ ਸੰਬੰਧਤ ਹਨ। ਨਸ਼ਿਆਂ ਵਿਰੁੱਧ ਅਭਿਆਨ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਸਿਰਫ ਅੰਕੜੇ ਵਧਾਉਣ ਲਈ ਨਹੀਂ।”

ਇੱਕ ਨਾਮਵਰ ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਅੰਦਾਜ਼ਨ 20 ਸਾਲ ਸੇਵਾ ਕਰਦਿਆਂ ਮੈਂ ਅਨੁਭਵ ਕੀਤਾ ਹੈ ਕਿ ਨਸ਼ਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਿਤ ਹਨ। ਇਨ੍ਹਾਂ ਦੇ ਹਿੱਸੇ ਇਹ ਸਭ ਕੁਝ ਕਿਸ ਤਰ੍ਹਾਂ ਆ ਗਿਆ, ਇਹ ਅਧਿਐਨ ਕਰਨ ਤੋਂ ਬਾਅਦ ਇਲਾਜ ਕਰਦਿਆਂ ਪੀੜਿਤਾਂ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਿਆ ਜਾਵੇ। ਦਵਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣਾ ਅਤਿਅੰਤ ਜ਼ਰੂਰੀ ਹੈ। ਪੰਜਾਬ ਵਿੱਚ ਅੰਦਾਜ਼ਨ 177 ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪ ਮੁਹਾਰੇ ਨਸ਼ਈਆਂ ਅਤੇ ਮਾਪਿਆਂ ਦਾ ਸ਼ੋਸ਼ਣ ਕਰ ਰਹੇ ਹਨ। ਅਜਿਹੇ ਸੈਂਟਰਾਂ ਵਿੱਚ ਮਨੋਵਿਗਿਆਨਕ ਡਾਕਟਰਾਂ ਦਾ ਵੀ ਕੋਈ ਪ੍ਰਬੰਧ ਨਹੀਂ। ਮਾਰਨਾ-ਕੁੱਟਣਾ ਹੀ ਅਜਿਹੇ ਸੈਂਟਰਾਂ ਦੇ ਇਲਾਜ ਦਾ ਢੰਗ ਹੈ। ਅਜਿਹੇ ਸੈਂਟਰਾਂ ਉੱਤੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਬਾਜ਼ ਅੱਖ ਰੱਖਣੀ ਚਾਹੀਦੀ ਹੈ।

ਲੋਕਾਂ ਦਾ ਏਕਾ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਅਤਿਅੰਤ ਜ਼ਰੂਰੀ ਹੈ। ਲੋਕਾਂ ਨੂੰ ਇਹ ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਨਸ਼ਾ ਕਰਨ ਵਾਲਿਆਂ ਦੀਆਂ ਨਾ ਹੀ ਸ਼ੀਸ਼ੀਆਂ ਐਨੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਤੋੜਿਆ ਨਾ ਜਾ ਸਕੇ ਅਤੇ ਨਾ ਹੀ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਹਾਂ, ਲੋਕਾਂ ਦੇ ਏਕੇ ਨਾਲ ਪੁਲਿਸ ਪ੍ਰਸ਼ਾਸਨ ਦਾ ਖੜ੍ਹੇ ਹੋਣਾ ਅਤਿਅੰਤ ਜ਼ਰੂਰੀ ਹੈ।

ਬਹੁਤ ਸਾਰੇ ਸੈਂਟਰਾਂ ਵਿੱਚ ਕੌਂਸਲਰਾਂ ਅਤੇ ਮਨੋਵਿਗਿਆਨਕ ਡਾਕਟਰਾਂ ਦੀ ਘਾਟ ਵੀ ਰੜਕਦੀ ਹੈ। ਇਸ ਘਾਟ ਵੱਲ ਵੀ ਸਰਕਾਰ ਦਾ ਧਿਆਨ ਦੇਣਾ ਜ਼ਰੂਰੀ ਹੈ। ਪੁਲਿਸ ਪ੍ਰਸ਼ਾਸਨ ਸਮਾਜ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ, ਸਿਆਸੀ ਵਿਅਕਤੀਆਂ ਪ੍ਰਤੀ ਨਹੀਂ। ਸਿਆਸੀ ਵਿਅਕਤੀਆਂ ਨੂੰ ਵੀ ਗੰਭੀਰ ਹੋ ਕੇ ਇਸ ਸਮੱਸਿਆ ਦੇ ਹੱਲ ਲਈ ਸਮਰਪਿਤ ਭਾਵਨਾ ਨਾਲ ਅੱਗੇ ਆਉਣਾ ਚਾਹੀਦਾ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਤੇ ਭਾਰਤ ਸਰਕਾਰ ਵੱਲੋਂ “ਨਸ਼ਾ ਮੁਕਤ ਭਾਰਤ” ਮੁਹਿੰਮ ਦਾ ਆਪਸ ਵਿੱਚ ਤਾਲਮੇਲ ਅਤਿਅੰਤ ਜ਼ਰੂਰੀ ਹੈ, ਫਿਰ ਹੀ ਅਲੋਪ ਹੋ ਰਹੀ ਜਵਾਨੀ ਦਾ ਬਚਾਉ ਹੋ ਸਕਦਾ ਹੈ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author