MohanSharma8ਫਿਰ ਵੀ ਪਰਵਿੰਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਨਾ ਤੋੜਨ ...
(21 ਜੁਲਾਈ 2023)


21July2023ਬਿਨਾਂ ਸ਼ੱਕ ਨਸ਼ਿਆਂ ਦੇ ਪ੍ਰਕੋਪ ਕਾਰਨ ਸਿਵਿਆਂ ਦੀ ਅੱਗ ਪ੍ਰਚੰਡ ਹੋਈ ਹੈ। ਸਭ ਤੋਂ ਮਾਰੂ ਦੁਖਾਂਤ ਹੈ ਕਿ ਮਾਪੇ ਆਪਣੇ ਇਕਲੌਤੇ ਪੁੱਤਾਂ ਦੀ ਅਰਥੀ ਨੂੰ ਮੋਢਾ ਦੇ ਰਹੇ ਹਨ। ਇਹ ਦੁਖਾਂਤ ਪੰਜਾਬ ਦੇ ਬਹੁਤ ਸਾਰੇ ਮਾਪਿਆਂ ਦੇ ਹਿੱਸੇ ਆਇਆ ਹੈ। ਵਿਹੜਿਆਂ ਵਿੱਚ ਵਿਛੇ ਸੱਥਰਾਂ ’ਤੇ ਇਹ ਪ੍ਰਸ਼ਨ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਅਤੇ ਬਦਲਾਅ ਹੈ, ਜਿਸ ਨੇ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਭਵਿੱਖ ਦੇ ਕਾਲੇ ਪਰਛਾਵਿਆਂ ਦਾ ਖ਼ਤਰਾ ਵੀ ਮਾਪਿਆਂ ਦੇ ਸਿਰ ਉੱਤੇ ਮੰਡਰਾ ਰਿਹਾ ਹੈ। ਇਸ ਵੇਲੇ ਅੰਦਾਜ਼ਨ 13.10 ਕਰੋੜ ਦਾ ਚਿੱਟਾ, 13 ਕਰੋੜ ਦੀ ਸ਼ਰਾਬ ਅਤੇ ਪਰਵਾਸ ਕਾਰਨ 50 ਕਰੋੜ ਰੁਪਏ ਰੋਜ਼ਾਨਾ ਪੰਜਾਬੀਆਂ ਦੀ ਜੇਬਾਂ ਵਿੱਚੋਂ ਨਿਕਲਣ ਕਰਕੇ ਉਹ ਖੁੰਘਲ ਹੋ ਰਹੇ ਹਨ। ਪੰਜਾਬ ਦੀ ਜਵਾਨੀ ਇਸ ਵੇਲੇ ਦੁਹਰੀ-ਤੀਹਰੀ ਮਾਰ ਦਾ ਸ਼ਿਕਾਰ ਹੋ ਰਹੀ ਹੈ। ਜਵਾਨੀ ਦਾ ਵੱਡਾ ਹਿੱਸਾ ਬੇਰੁਜ਼ਗਾਰੀ ਦੀ ਲਪੇਟ ਵਿੱਚ ਆਉਣ ਕਾਰਨ ਗੁਰਬਤ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਗੁਰਬਤ ਕਾਰਨ ਭਟਕਣ ਦਾ ਸ਼ਿਕਾਰ ਹੋ ਕੇ ਉਹ ਨਸ਼ਿਆਂ ਦੀ ਦਲਦਲ ਵਿੱਚ ਧਸਣ ਉਪਰੰਤ ਸਿਵਿਆਂ ਦੇ ਰਾਹ ਪੈ ਗਏ ਹਨ।

ਮਾਰੂ ਦੁਖਾਂਤ ਹੈ ਕਿ ਗੋਦੜੀਆਂ ਦੇ ਲਾਲ ਦਮੜੀਆਂ ਦੇ ਮੁਥਾਜੀ ਹੋ ਰਹੇ ਹਨ। ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਬੇਰੁਜ਼ਗਾਰੀ, ਗੁਰਬਤ, ਭੁੱਖਮਰੀ ਅਤੇ ਨਸ਼ਿਆਂ ਦੇ ਪ੍ਰਭਾਵ ਨੇ ਪੰਜਾਬ ਦੀਆਂ ਹਵਾਵਾਂ ਹੱਥ ਲੁੱਟਾਂ-ਖੋਹਾਂ, ਠੱਗੀਆਂ, ਮਾਰ-ਧਾੜ, ਨਜਾਇਜ਼ ਕਬਜ਼ਿਆਂ, ਬਲਾਤਕਾਰ, ਭਾੜੇ ਦੇ ਕਾਤਲਾਂ ਅਤੇ ਘਰਾਂ ਅੰਦਰ ਬੈਠਿਆਂ ਨੂੰ ਵੀ ਸੁਰੱਖਿਅਤ ਨਹੀਂ ਛੱਡਿਆ। ਮਾਪਿਆਂ ਦੀਆਂ ਡੰਗੋਰੀਆਂ ਬਣਨ ਵਾਲੇ, ਉਨ੍ਹਾਂ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਪੁੱਤ ਥਾਣਿਆਂ, ਜੇਲ੍ਹਾਂ, ਕਚਹਿਰੀਆਂ ਅਤੇ ਨਸ਼ਾ ਤਸਕਰਾਂ ਦੀ ਸ਼ਰਨ ਵਿੱਚ ਜਾ ਰਹੇ ਹਨ। ਸਰੀਰ, ਮਨ ਅਤੇ ਜ਼ਮੀਰ ਗਹਿਣੇ ਧਰ ਕੇ ਉਹ ਨਿਪੁੰਸਕ, ਲਾਪ੍ਰਵਾਹ, ਵਹਿਮੀ, ਨਕਾਰਾ ਅਤੇ ਕਮਜ਼ੋਰ ਬਣਨ ਦੇ ਨਾਲ ਨਾਲ ਤਣਾਓ ਅਤੇ ਹਿੰਸਕ ਰੁਚੀਆਂ ਦੇ ਧਾਰਨੀ ਬਣ ਰਹੇ ਹਨ।

ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਹੀ ਨਸ਼ੱਈਆਂ ਦੀ ਗਿਣਤੀ ਵਿੱਚ 213 ਫੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿੱਚ 41 ਫੀਸਦੀ ਨਸ਼ਈ ਚਿੱਟੇ ਦਾ ਨਸ਼ਾ ਕਰਦੇ ਹਨ। ਉਨ੍ਹਾਂ ਦਾ ਖ਼ਰਚ ਪ੍ਰਤੀ ਨਸ਼ਈ 1300 ਰੁਪਏ ਰੋਜ਼ਾਨਾ ਹੈ। 5.20 ਲੱਖ ਰੋਜ਼ਾਨਾ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ। ਇਨ੍ਹਾਂ ਨਸ਼ਿਆਂ ਦੇ ਪਰਕੋਪ ਕਾਰਨ ਅੰਦਾਜ਼ਨ 31 ਫੀਸਦੀ ਨਸ਼ਈ ਕਾਲੇ ਪੀਲੀਏ ਦੇ ਸ਼ਿਕਾਰ ਹਨ। ਜੇਲ੍ਹਾਂ ਵਿੱਚ ਵੀ ਕਾਲੇ ਪੀਲੀਏ ਦਾ ਸ਼ਿਕਾਰ ਹੋਏ ਕੈਦੀ ਅੰਦਾਜ਼ਨ 42 ਫੀਸਦੀ ਹਨ। 70 ਹਜ਼ਾਰ ਨਸ਼ੱਈਆਂ ਦੇ ਲਿਵਰ ਵੀ ਖਰਾਬ ਹੋ ਗਏ ਹਨ। ਨਸ਼ਿਆਂ ਕਾਰਨ ਹੀ 60 ਫੀਸਦੀ ਦੁਰਘਟਨਾਵਾਂ, 90 ਫੀਸਦੀ ਤੇਜ਼ ਹਥਿਆਰਾਂ ਨਾਲ ਹਮਲੇ, 69 ਫੀਸਦੀ ਬਲਾਤਕਾਰ, 74 ਫੀਸਦੀ ਡਕੈਤੀਆਂ, 80 ਫੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪਟਮਾਰੀ ਅਤੇ ਹੋਰ ਜੁਰਮ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਨਸ਼ਾ ਵੇਚਣ ਵਾਲਿਆਂ ਨੇ ਘਰ ਬੈਠਿਆਂ ਹੀ ਨਸ਼ੱਈਆਂ ਨੂੰ ਹੋਮ ਡਿਲੀਵਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪੈਸਿਆਂ ਦੀ ਪੂਰਤੀ ਲਈ ਨਸ਼ੱਈਆਂ ਨੇ ਮਾਂ-ਬਾਪ ਦੇ ਗਲ਼ ਗੂਠਾ ਦੇਣ, ਕੋਈ ਹੋਰ ਬੰਨ੍ਹ-ਸੁੱਬ ਕਰਨ ਦੇ ਨਾਲ ਨਾਲ ਨਸ਼ਾ ਵੇਚਣ ਵਾਲਿਆਂ ਦੀ ਸ਼ਰਨ ਵਿੱਚ ਜਾ ਕੇ ਆਪ ਇਹ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਧੰਦੇ ਲਈ ਹੋਰ ਗਾਹਕ ਪੈਦਾ ਕਰਨ ਦੀ ਦੌੜ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ।

ਇਸ ਵਿਸਫੋਟਕ ਸਥਿਤੀ ’ਤੇ ਕਾਬੂ ਪਾਉਣ ਲਈ ਲੋਕਾਂ ਨੇ ਰਾਜਨੀਤਿਕ ਲੋਕਾਂ ’ਤੇ ਟੇਕ ਰੱਖੀ। ਰਾਜਨੀਤਿਕ ਆਗੂਆਂ ਨੇ ਹਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਨੂੰ ਮੁੱਦਾ ਬਣਾ ਕੇ ਉਭਾਰਿਆ। ਪੀੜਤ ਲੋਕਾਂ ਦੀਆਂ ਭਾਵਨਾਵਾਂ ’ਤੇ ਹਮਦਰਦੀ ਦਾ ਫਹਿਆ ਰੱਖ ਕੇ ਸਤਾ ਪ੍ਰਾਪਤੀ ਦਾ ਸਾਧਨ ਬਣਾਇਆ। ਸਤਾ ਪ੍ਰਾਪਤੀ ਉਪਰੰਤ ਹਰ ਰਾਜਨੀਤਿਕ ਪਾਰਟੀ ਦੇ ਦਾਅਵੇ ਅਤੇ ਵਾਅਦੇ ਖੋਖਲੇ ਸਾਬਤ ਹੋਏ ਅਤੇ ਲੋਕਾਂ ਦਾ ਰਾਜਨੀਤਿਕ ਆਗੂਆਂ ਦੀ ਕਹਿਣੀ ਅਤੇ ਕਰਨੀ ਵਿੱਚ ਮਤਰੇਏ ਰਿਸ਼ਤੇ ਕਾਰਨ ਉਨ੍ਹਾਂ ਤੋਂ ਵਿਸ਼ਵਾਸ ਹੀ ਉੱਠ ਗਿਆ। ਪੁਲਿਸ ਵਿਭਾਗ ਵਿੱਚ ਵੀ ਬਹੁਤ ਸਾਰੀਆਂ ਕਾਲੀਆਂ ਭੇਡਾਂ ਦੀ ਤਸਕਰਾਂ ਨਾਲ ਮਿਲੀ ਭੁਗਤ ਕਾਰਨ ਲੋਕ ਇਸ ਪੱਖ ਤੋਂ ਵੀ ਨਿਰਾਸ਼ ਹੋ ਗਏ। ਫਿਰ ਪੋਟਾ-ਪੋਟਾ ਦੁਖੀ ਲੋਕਾਂ ਨੇ ਰੰਗ ਮੰਚ ਦੀ ਪ੍ਰਸਿੱਧ ਸਖ਼ਸੀਅਤ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਜੋ ਪੇਸ਼ੇ ਵਜੋਂ ਭਾਖੜਾ ਡੈਮ ’ਤੇ ਇੰਜਨੀਅਰ ਸਨ ਦੇ ਇਨ੍ਹਾਂ ਬੋਲਾਂ ਨੂੰ ਚੇਤੇ ਰੱਖਿਆ, “ਜੇ ਵਿਅਕਤੀ ਪਾਣੀਆਂ ਦਾ ਰੁਖ ਮੋੜ ਸਕਦਾ ਹੈ, ਫਿਰ ਸਮਾਜ ਦਾ ਰੁਖ ਕਿਉਂ ਨਹੀਂ ਮੋੜ ਸਕਦਾ? ਇਸ ਲਈ ਲੋਕਾਂ ਦੇ ਇੱਕਮੁੱਠ ਹੋਣ ਦੀ ਲੋੜ ਹੈ।” ਮਾਲਵਾ, ਮਾਝਾ ਅਤੇ ਦੁਆਬਾ ਦੇ ਲੋਕਾਂ ਨੇ ਆਪਣੇ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਦੇਣ ਦੇ ਨਾਲ ਨਾਲ ਪੁਲਿਸ ਨਾਕੇ ਦੀ ਥਾਂ ‘ਲੋਕਾਂ ਦਾ ਨਾਕਾ’ ਲਾ ਕੇ ਨਸ਼ੇ ਦੇ ਤਸਕਰਾਂ ’ਤੇ ਬਾਜ਼ ਅੱਖ ਰੱਖੀ। ਜਦੋਂ ਵੀ ਕੋਈ ਤਸਕਰ ਪਿੰਡ ਵਿੱਚ ਨਸ਼ੇ ਦੀ ਸਪਲਾਈ ਕਰਨ ਲਈ ਵੜਦਾ ਸੀ ਤਾਂ ਲੋਕਾਂ ਦੀ ਟਾਸਕ ਫੋਰਸ ਉਸ ਨੂੰ ਤੁਰੰਤ ਫੜ ਕੇ ਠੋਸ ਸਬੂਤਾਂ ਸਮੇਤ ਨੇੜੇ ਦੇ ਪੁਲਿਸ ਸਟੇਸ਼ਨ ਵਾਲਿਆਂ ਨੂੰ ਸੌਂਪ ਦਿੰਦੀ। ਲੋਕ ਉਸ ਵੇਲੇ ਅੰਤਾਂ ਦੇ ਮਾਯੂਸ ਹੋ ਜਾਂਦੇ ਜਦੋਂ ਨਸ਼ੇ ਦਾ ਧੰਦਾ ਕਰਨ ਵਾਲਾ ਮੁਜਰਿਮ ਕੁਝ ਘੰਟਿਆਂ ਬਾਅਦ ਹੀ ਦਨਦਨਾਉਂਦਾ ਬਾਹਰ ਆ ਜਾਂਦਾ।

ਅਜਿਹੇ ਨਿਰਾਸ਼ਤਾ ਦੇ ਦੌਰ ਵਿੱਚ ਹੀ ਫਿਰ ਅੱਕੇ ਹੋਏ ਲੋਕਾਂ ਨੇ ਕਮਾਨ ਆਪਣੇ ਹੱਥਾਂ ਵਿੱਚ ਸੰਭਾਲਣ ਦੀ ਠਾਣ ਲਈ ਅਤੇ ਅਜਿਹੇ ਦਮ-ਘੋਟੂ ਅਤੇ ਨਿਰਾਸ਼ਤਾ ਦੇ ਦੌਰ ਵਿੱਚ ਹੀ ਮਾਨਸਾ ਦਾ ਪਰਵਿੰਦਰ ਸਿੰਘ ਝੋਟਾ ਅੱਗੇ ਆਇਆ, ਜਿਸ ਨੇ ਸਿਰਫ ਮਾਨਸਾ ਦੇ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਾ ਵੇਚਣ ਵਾਲਿਆਂ ਦੇ ਨੱਕ ਵਿੱਚ ਦਮ ਕਰ ਦਿੱਤਾ। ਉਹ ਮੈਡੀਕਲ ਨਸ਼ਾ ਅਤੇ ਦੂਜਾ ਨਸ਼ਾ ਵੇਚਣ ਵਾਲਿਆਂ ਵਿਰੁੱਧ ਠੋਸ ਸਬੂਤ ਪੇਸ਼ ਕਰਦਾ ਅਤੇ ਫਿਰ ਲੋਕਾਂ ਦੀ ਕਚਹਿਰੀ ਵਿੱਚ ਉਸ ਨੂੰ ਫਿੱਟ ਲਾਹਨਤਾਂ ਪਾਉਂਦਾ। ਉਸਨੇ ਅਜਿਹੇ ਮੈਡੀਕਲ ਸਟੋਰ ਵਾਲੇ ਵੀ ਫੜੇ ਜਿਹੜੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਾ ਸਪਲਾਈ ਕਰਦੇ ਸਨ। ਭਲਾ ਪੁਲਿਸ ਵਾਲਿਆਂ ਨੂੰ ਉਸ ਦਾ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕਰਨੀ ਕਿੰਜ ਰਾਸ ਆਉਂਦੀ? ਉਸ ਉੱਤੇ 307 ਦਾ ਕੇਸ ਪਾ ਕੇ ਉਸ ਨੂੰ ਸਲਾਖ਼ਾਂ ਅੰਦਰ ਕਰ ਦਿੱਤਾ। ਪਰ ਲੋਕ-ਪੱਖੀ ਇਸ ਨਾਇਕ ਉੱਤੇ ਪੁਲਿਸ ਦਾ ਜਬਰ ਲੋਕ ਕਿੰਜ ਬਰਦਾਸ਼ਤ ਕਰ ਲੈਂਦੇ? ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਰਵਿੰਦਰ ਦੀ ਪਿੱਠ ’ਤੇ ਆ ਗਏ। ਪਹਿਲੀ ਪੇਸ਼ੀ ’ਤੇ ਹੀ ਉਸ ਨੂੰ ਬਾਇੱਜ਼ਤ ਬਰੀ ਕਰਦਿਆਂ ਮਾਣਯੋਗ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮੁਕੱਦਮਾ ਝੂਠਾ ਬਣਾਇਆ ਗਿਆ ਹੈ।

ਇਸ ਐਂਟੀ ਡਰੱਗ ਟਾਸਕ ਫੋਰਸ ਨਾਲ ਪੀੜਤ ਅਤੇ ਦੁਖੀ ਲੋਕ ਜੁੜਦੇ ਗਏ। ਪਿੰਡਾਂ ਦੇ ਲੋਕ ਉਸ ਨੂੰ ਨਸ਼ਾ ਵੇਚਣ ਵਾਲਿਆਂ ਸਬੰਧੀ ਦੱਸਦੇ। ਪਰਵਿੰਦਰ ਬੇਖੌਫ ਹੋ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਸ਼ਾ ਤਸਕਰਾਂ ਦੇ ਘਰ ਪੁੱਜ ਜਾਂਦਾ। ਉਸ ਨੂੰ ਪਤਾ ਸੀ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਨਾ ਸ਼ੀਸ਼ੀਆਂ ਹੀ ਐਨੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇ ਅਤੇ ਨਾ ਹੀ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਉਸ ਨੇ ਪ੍ਰੇਰਨਾ ਦੇ ਕੇ ਨਸ਼ੱਈਆਂ ਨੂੰ ਜਿੱਥੇ ਆਪਣੇ ਨਾਲ ਜੋੜਿਆ, ਉੱਥੇ ਹੀ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵੀ ਹਰ ਸੰਭਵ ਯਤਨ ਕੀਤਾ। ਦੂਜਾ ਉਸ ਦਾ ਸਾਰਥਿਕ ਯਤਨ ਸੀ ਕਿ ਨਸ਼ੇ ਦੀ ਸਪਲਾਈ ਲਾਇਨ ਨੂੰ ਤੋੜਿਆ ਜਾਵੇ। ਜਦੋਂ ਨਸ਼ੱਈਆਂ ਨੂੰ ਨਸ਼ਾ ਹੀ ਨਹੀਂ ਮਿਲੇਗਾ, ਫਿਰ ਨਸ਼ਈ ਨਸ਼ਾ ਕਰਨਗੇ ਕਿੱਥੋਂ? ਇੰਜ ਨਸ਼ੇ ਦਾ ਲੱਕ ਤੋੜਨ ਲਈ ਉਹ ਨਸ਼ਾ ਵੇਚਣ ਵਾਲਿਆਂ ਵੱਲੋਂ ਮਿਲੀਆਂ ਧਮਕੀਆਂ ਨੂੰ ਟਿੱਚ ਸਮਝ ਕੇ ਸਰਗਰਮ ਰਿਹਾ। ਇਸ ਔਖੇ ਪੈਂਡੇ ’ਤੇ ਚੱਲਦਿਆਂ ਪੀੜਤ ਲੋਕਾਂ ਦੀਆਂ ਅਸੀਸਾਂ ਅਤੇ ਸਮਾਜ ਦਾ ਭਲਾ ਸੋਚਣ ਵਾਲਿਆਂ ਦਾ ਭਰਵਾਂ ਹੁੰਗਾਰਾ ਉਸ ਦੇ ਅੰਗ-ਸੰਗ ਰਿਹਾ। ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਉਹ ਲੋਕਾਂ ਦੇ ਇਕੱਠ ਵਿੱਚ ਤਾੜਨਾ ਵੀ ਕਰਦਾ, ਫਿੱਟ-ਲਾਹਨਤਾਂ ਵੀ ਪਾਉਂਦਾ ਅਤੇ ਫਿਰ ਉਨ੍ਹਾਂ ਕੋਲੋਂ ਨੱਕ ਨਾਲ ਲਕੀਰਾਂ ਕੱਢਵਾ ਕੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਲਈ ਤੋਬਾ ਵੀ ਕਰਵਾਉਂਦਾ। ਅਜਿਹਾ ਕਰਦਿਆਂ ਉਹ ਸਾਰੀ ਕਾਰਗੁਜ਼ਾਰੀ ਦੀ ਵਿਡੀਓਗ੍ਰਾਫੀ ਕਰਕੇ ਸੋਸ਼ਲ ਮੀਡੀਏ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕਰਦਾ ਸੀ। ਅਜਿਹਾ ਕਰਦਿਆਂ ਬਾਬਾ ਨਾਜ਼ਮੀ ਦੇ ਇਹ ਬੋਲ ਉਸ ਦੇ ਅੰਗ ਸੰਗ ਰਹੇ:

ਵਿੰਗੇ ਟੇਢੇ ਮੋੜ ਆਉਣਗੇ।
ਪੈਰਾਂ ਦੇ ਵਿੱਚ ਰੋੜ ਆਉਣਗੇ।
ਧੁੱਪਾਂ ਵੇਖ ਕੇ ਡੋਲ ਨਾ ਜਾਵੀਂ,
ਅਗਲੇ ਰਸਤੇ ਬੋਹੜ ਆਉਣਗੇ।

ਸਮਾਜਿਕ ਦਬਾਓ, ਸਮਾਜਿਕ ਪਹਿਰੇਦਾਰੀ ਅਤੇ ਸਮਾਜ ਰਾਹੀਂ ਨਸ਼ਾ ਵੇਚਣ ਵਾਲਿਆਂ ਨੂੰ ਦੁਰਕਾਰਨ ਵਾਲੀ ਸਕੀਮ ਬਹੁਤ ਹੀ ਕਾਰਗਰ ਸਾਬਤ ਹੋਈ। ਪਰ ਇੱਕ ਪਾਸੇ ਲੋਕ ਰੋਹ ਅਤੇ ਹਮਦਰਦੀ ਪਰਵਿੰਦਰ ਝੋਟੇ ਦੇ ਅੰਗ-ਸੰਗ ਰਹੀ ਅਤੇ ਦੂਜੇ ਪਾਸੇ ਸਮਾਜ ਦੋਖੀ ਅਤੇ ਪੁਲਿਸ ਪ੍ਰਸ਼ਾਸਨ ਦੀ ਕਸੈਲੀ ਨਜ਼ਰ ਪਰਵਿੰਦਰ ਨੂੰ ਸੂਲਾਂ ਵਾਂਗ ਵਿੰਨ੍ਹਣ ’ਤੇ ਲੱਗੀ ਹੋਈ ਸੀ। ਉਹ ਅਡੋਲ ਨਸ਼ਾ ਮੁਕਤ ਸਮਾਜ ਸਿਰਜਣ ਦੇ ਔਖੇ ਪੈਂਡੇ ’ਤੇ ਤੁਰਦਾ ਰਿਹਾ। ਪਿਛਲੇ ਦਿਨੀਂ ਉਸ ਦੀ ਐਂਟੀ ਡਰੱਗ ਟਾਸਕਫੋਰਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ, ਜਿਸ ਕੋਲੋਂ ਤਲਾਸ਼ੀ ਦਰਮਿਆਨ ਨਸ਼ੇ ਵਾਲੀਆਂ ਗੋਲੀਆਂ ਦਾ ਭਰਿਆ ਬੈਗ ਮਿਲਿਆ। ਪੁੱਛ-ਗਿੱਛ ਉਪਰੰਤ ਸਾਹਮਣੇ ਆਇਆ ਕਿ ਉਹ ਨਸ਼ਿਆਂ ਦੀ ਹੋਮ ਡਿਲੀਵਰੀ ਕਮਿਸ਼ਨ ਬੇਸ ’ਤੇ ਕਰਦਾ ਹੈ। ਉਸ ਨੇ ਨਸ਼ਾ ਸਪਲਾਈ ਕਰਨ ਵਾਲੇ ਮੈਡੀਕਲ ਸਟੋਰ ਦਾ ਨਾਂ ਦੱਸ ਕੇ ਉਸ ਦੇ ਸਾਹਮਣੇ ਵੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ। ਲੋਕਾਂ ਦੇ ਹਜ਼ੂਮ ਨੇ, ਜਿਸਦੀ ਅਗਵਾਈ ਪਰਵਿੰਦਰ ਝੋਟਾ ਕਰ ਰਿਹਾ ਸੀ, ਨਸ਼ਾ ਵੇਚਣ ਵਾਲੇ ਦੁਕਾਨਦਾਰ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਸ ਦਾ ਜਲੂਸ ਕੱਢ ਦਿੱਤਾ। ਭਾਵੇਂ ਇਹ ਸਭ ਕੁਝ ਕਾਨੂੰਨੀ ਤੌਰ ’ਤੇ ਗ਼ਲਤ ਹੈ ਅਤੇ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਜੁਰਮ ਵੀ, ਪਰ ਜਦੋਂ ਜੁਰਮ ਕਰਨ ਵਾਲੇ ਸਭ ਹੱਦਾਂ ਬੰਨੇ ਪਾਰ ਕਰ ਜਾਣ ਫਿਰ ਜ਼ੁਲਮ ਸਹਿਣ ਵਾਲਿਆਂ ਵਿੱਚ ਵਿਦਰੋਹ ਪੈਦਾ ਹੋਣਾ ਕੁਦਰਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਜੇਕਰ ਅਜਿਹੀ ਕਾਰਵਾਈ ਨਾ ਕਰਦੇ ਅਤੇ ਉਸ ਨੂੰ ਪੁਲਿਸ ਕੋਲ ਫੜਾ ਦਿੰਦੇ ਤਾਂ ਪਹਿਲਾਂ ਵਾਲੇ ਕੇਸਾਂ ਦੀ ਤਰ੍ਹਾਂ ਇਸ ਨੂੰ ਵੀ ਛੱਡ ਦਿੱਤਾ ਜਾਣਾ ਸੀ।

ਇੱਕ ਪਾਸੇ ਸਮਾਜ ਦੋਖੀਆਂ ਦੀਆਂ ਧਮਕੀਆਂ ਅਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਪਰਵਿੰਦਰ ਪ੍ਰਤੀ ਕਰੜੇ ਰੁਖ ਨੂੰ ਵੇਖਦਿਆਂ ਉਸ ਵੱਲੋਂ 14 ਜੁਲਾਈ ਨੂੰ ਆਪਣੇ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਲੋਕਾਂ ਅੱਗੇ ਕਰ ਦਿੱਤਾ ਸੀ। 15 ਜੁਲਾਈ ਦੀ ਸਵੇਰ ਨੂੰ ਮਾਨਸਾ ਪੁਲਿਸ ਨੇ ਭਾਰੀ ਫੋਰਸ ਨਾਲ ਸਵੇਰੇ ਸਵੇਰੇ ਗੁਆਂਢੀ ਦੀਆਂ ਕੱਧਾਂ ਟੱਪ ਕੇ ਪਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਸਮੇਂ ਪਰਵਿੰਦਰ ਸਿੰਘ ਝੋਟਾ ਜੇਲ੍ਹ ਵਿੱਚ ਬੰਦ ਹੈ।

ਲੋਕਾਂ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਪਰਵਿੰਦਰ ਦੇ ਹੱਕ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਹੈ। 11 ਵਿਅਕਤੀ ਉਸ ਦਿਨ ਤੋਂ ਹੀ ਹਰ ਰੋਜ਼ ਰੋਸ ਧਰਨੇ ’ਤੇ ਬੈਠੇ ਹਨ ਅਤੇ ਅੱਜ (21 ਜੁਲਾਈ) ਨੂੰ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪਰਵਿੰਦਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਲਾਕੇ ਦੇ ਮੋਹਤਵਰ ਵਿਅਕਤੀਆਂ ਨੇ ਐੱਸ.ਐੱਸ.ਪੀ. ਮਾਨਸਾ ਨੂੰ ਮਿਲ ਕੇ ਦੋ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿੱਚੋਂ ਪਹਿਲੀ ਮੰਗ ਅਨੁਸਾਰ ਨਸ਼ਾ ਵੇਚਣ ਵਾਲਿਆਂ ਦੀ ਇੱਕ ਲਿਸਟ ਪੁਲਿਸ ਅਧਿਕਾਰੀ ਨੂੰ ਦਿੱਤੀ ਗਈ ਅਤੇ ਮੰਗ ਕੀਤੀ ਗਈ ਕਿ ਇਨ੍ਹਾਂ ’ਤੇ ਬਣਦੀ ਕਾਰਵਾਈ ਕਰਕੇ ਜਵਾਨੀ ਦੇ ਹੋ ਰਹੇ ਘਾਣ ਨੂੰ ਬਚਾਇਆ ਜਾਵੇ। ਦੂਜੀ ਮੰਗ ਸੀ ਕਿ ਜਿਹੜਾ 307 ਦਾ ਝੂਠਾ ਮੁਕੱਦਮਾ ਪਰਵਿੰਦਰ ਸਿੰਘ ਝੋਟਾ ’ਤੇ ਦਰਜ ਕੀਤਾ ਗਿਆ ਹੈ, ਉਹ ਕੇਸ ਜਿਸ ਵੀ ਪੁਲਿਸ ਅਧਿਕਾਰੀ ਨੇ ਦਰਜ ਕੀਤਾ ਸੀ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।

ਇਸ ਵੇਲੇ ਇਲਾਕੇ ਦੇ ਲੋਕ, ਪ੍ਰੈੱਸ ਅਤੇ ਸੋਸ਼ਲ ਮੀਡੀਆ ਪਰਵਿੰਦਰ ਸਿੰਘ ਦੀ ਪਿੱਠ ’ਤੇ ਖੜੋਤੇ ਹਨ। ਉਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਪ੍ਰਸ਼ਨ ਪੁਲਿਸ ਪ੍ਰਸ਼ਾਸਨ ਤੋਂ ਪੁੱਛੇ ਜਾ ਰਹੇ ਹਨ:

1. ਇਸ ਵੇਲੇ ਮਾਨਸਾ ਇਲਾਕਾ ਘੱਗਰ ਦਰਿਆ ਦੀ ਮਾਰ ਹੇਠ ਹੈ। ਇੱਧਰਲੀ ਚਿੰਤਾ ਅਤੇ ਢੁਕਵੇਂ ਪ੍ਰਬੰਧ ਕਰਨ ਦੀ ਥਾਂ ਪੁਲਿਸ ਨੇ ਸਾਰਾ ਜ਼ੋਰ ਪਰਵਿੰਦਰ ਝੋਟੇ ਨੂੰ ਹੀ ਫੜਨ ’ਤੇ ਕਿਉਂ ਲਾ ਦਿੱਤਾ? ਉਹ ਕੋਈ ਅੱਤਵਾਦੀ ਨਹੀਂ ਹੈ ਅਤੇ ਨਾ ਹੀ ਉਸ ਨੇ ਕੋਈ ਸੰਗੀਨ ਜੁਰਮ ਕੀਤਾ ਹੈ।

2. ਜੇਕਰ ਨਸ਼ਾ ਵੇਚਣ ਵਾਲੇ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮਾਣਹਾਨੀ ਹੋਈ ਹੈ, ਫਿਰ ਨਸ਼ਾ ਵੇਚਣ ਵਾਲਿਆਂ ਵੱਲੋਂ ਕੀਤਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਵਾਲਿਆਂ ’ਤੇ ਕੋਈ ਮਾਣਹਾਨੀ ਦੀ ਧਾਰਾ ਕਿਉਂ ਨਹੀਂ ਲੱਗਦੀ?

3. ਨਸ਼ਾ ਵੇਚਣ ਵਾਲਿਆਂ ’ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ?

4. ਕੀ ਪਰਵਿੰਦਰ ਝੋਟੇ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰਾਂ ਨੂੰ ਸ਼ਹਿ ਨਹੀਂ ਦਿੱਤੀ ਜਾ ਰਹੀ?

5. ਪੁਲਿਸ ਪ੍ਰਸ਼ਾਸਨ ਵੱਲੋਂ ਐੱਫ.ਆਈ.ਆਰ ਵਿੱਚ ਪਰਵਿੰਦਰ ਝੋਟੇ ਵੱਲੋਂ ਨਸ਼ਾ ਵੇਚਣ ਵਾਲੇ ਦੁਕਾਨਦਾਰ ਤੋਂ ਚਾਰ ਸੋ ਰੁਪਏ ਮੰਗਣ ਦੀ ਗੱਲ ਕਹੀ ਗਈ ਹੈ। ਲੋਕਾਂ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਜਾਨ ਤਲੀ ’ਤੇ ਰੱਖ ਕੇ ਨਸ਼ਿਆਂ ਵਿਰੁੱਧ ਲੜਨ ਵਾਲੇ ਪਰਵਿੰਦਰ ਝੋਟੇ ਸਾਹਮਣੇ 400 ਰੁਪਏ ਦੀ ਅਹਿਮੀਅਤ ਹੀ ਕੀ ਹੈ? ਅਜਿਹਾ ਹੋ ਹੀ ਨਹੀਂ ਸਕਦਾ।

6. ਪਰਵਿੰਦਰ ਝੋਟੇ ਦੇ ਦੋਨਾਂ ਬੱਚਿਆਂ ਨੂੰ ਨਸ਼ੇ ਦੇ ਤਸਕਰਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਮੁੱਚੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਵੀ ਦੁਹਾਈ ਦਿੱਤੀ ਜਾ ਰਹੀ ਹੈ।

ਬਿਨਾਂ ਸ਼ੱਕ ਇਸ ਵੇਲੇ ਪਰਵਿੰਦਰ ਝੋਟੇ ਦੇ ਅਨੇਕਾਂ ਵਾਰਸ ਪੈਦਾ ਹੋ ਗਏ ਹਨ, ਜੋ ਨੰਗੇ ਧੜ ਨਸ਼ਿਆਂ ਵਿਰੁੱਧ ਲੜਾਈ ਵਿੱਚ ਕੁੱਦ ਪਏ ਹਨ। ਫਿਰ ਵੀ ਪਰਵਿੰਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਨਾ ਤੋੜਨ ਅਤੇ ਪ੍ਰਸ਼ਾਸਨ ਵਿਰੁੱਧ ਵਾਹ ਲੱਗਦਿਆਂ ਕੁਰਖ਼ਤ ਭਾਸ਼ਾ ਤੋਂ ਵੀ ਸੰਕੋਚ ਕੀਤਾ ਜਾਵੇ। ਸੱਚ ਦੇ ਮਾਰਗ ’ਤੇ ਚੱਲਣ ਵਾਲਿਆਂ ਦੀ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ:

ਸਰ ਕਾਟ ਕੇ ਨੇਜ਼ੇ ਪੇ ਉਠਾਏ ਰੱਖਾ ਹੈ,
ਸਿਰਫ਼ ਯੇ ਜ਼ਿੱਦ ਥੀ ਕੇ ਸਰ ਮੇਰਾ ਵੀ ਊਂਚਾ ਹੋਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4100)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author