MohanSharma8ਅਸੀਂ ਆਪਣਾ ਘਰ ਵੀ ਤੋਰਨੈ,  ਥੋਡੇ ਨਸ਼ਾ ਡੱਫਣ ਵਾਸਤੇ ਕਿੱਥੋਂ ਲਿਆਈਏ ਰੋਕੜੀ?ਆਪ ਤੁਸੀਂ ਕਦੇ ਵੀਹ ਰੁਪਏ ਦੀ ...
(19 ਨਵੰਬਰ 2023)
ਇਸ ਸਮੇਂ ਪਾਠਕ: 205.


ਪੰਜਾਬ ਵਿੱਚ ਨਸ਼ਾ ਮੁਕਤ ਸਮਾਜ ਸਿਰਜਣ ਦਾ ਜਿੰਨਾ ‘ਰਾਮ ਰੌਲਾ’ ਪੈ ਰਿਹਾ ਹੈ
, ਉੰਨੇ ਇਸਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇਇੱਕ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਜੀਭ ’ਤੇ ਰੱਖਣ ਵਾਲੀ ਗੋਲੀ (ਬੁਪਰੀਨੌਰਫਿਨ, ਮਿਥਾਡੋਨ ਅਤੇ ਆਡੋਨਿਕ) ਲੈਣ ਲਈ ਨਸ਼ੱਈਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਨਸ਼ਈ ਦਾਖ਼ਲ ਕਰਕੇ ਉਨ੍ਹਾਂ ਨੂੰ ਵੀ ਇਹ ਗੋਲੀਆਂ ਦਾ ਪ੍ਰਸ਼ਾਦ ਮੁਫ਼ਤ ਵੰਡਿਆ ਜਾਂਦਾ ਹੈਦੂਜੇ ਪਾਸੇ ‘ਹੋਮ ਸਰਵਿਸ. ਦੇਣ ਵਾਲੇ ਪ੍ਰਾਈਵੇਟ ਸੈਂਟਰ ਆਪਣੇ ਲੱਠਮਾਰਾਂ ਨੂੰ ਭੇਜ ਕੇ ਉਨ੍ਹਾਂ ਨੂੰ ਧੱਕੇ ਨਾਲ ਗੱਡੀ ਵਿੱਚ ਸੁੱਟ ਲਿਆਉਂਦੇ ਹਨ ਅਤੇ ਉਨ੍ਹਾਂ ਦੀ ‘ਭੁਗਤ ਸੰਵਾਰਨ ਦੀ ਸੇਵਾ’ ਉਹ ਲੱਠ ਮਾਰ ਰਾਹ ਵਿੱਚ ਹੀ ਸ਼ੁਰੂ ਕਰ ਦਿੰਦੇ ਹਨਪੰਜ-ਛੇ ਮਹੀਨੇ ਉਹ ਅਜਿਹੇ ਤਸੀਹਾ ਕੇਂਦਰ ਵਿੱਚ ਰਹਿਕੇ ਨਰਕ ਭਰਿਆ ਜੀਵਨ ਬਤੀਤ ਕਰਦੇ ਹਨਮਾਪੇ ਹਰ ਮਹੀਨੇ ਮੋਟੀ ਰਕਮ ਅਜਿਹੇ ਨਸ਼ਾ ਛੁਡਾਊ ਕੇਂਦਰ ਦੇ ਮਾਲਕਾਂ ਕੋਲ ਜ਼ਮ੍ਹਾ ਕਰਵਾਉਂਦੇ ਹਨਜਦੋਂ ਮਾਪੇ ਆਪਣੇ ਨਸ਼ਈ ਪੁੱਤ ਨੂੰ ਮਿਲਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਵਿੱਚ ਮੁੰਡੇ ਦੀ ਫੋਟੋ ਵਿਖਾਉਂਦਿਆਂ ‘ਰਿਕਵਰੀ ਜੋਨ ਵਿੱਚ ਐ’ ਕਹਿਕੇ ਮਿਲਾਉਣ ਤੋਂ ਪਾਸਾ ਵੱਟ ਲਿਆ ਜਾਂਦਾ ਹੈਦੂਜੇ ਪਾਸੇ ਅਜਿਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਤਸੀਹੇ ਝੱਲਦਿਆਂ ਨੌਜਵਾਨ ਨਸ਼ਈ ਮਾਪਿਆਂ ਪ੍ਰਤੀ ਵਿਦਰੋਹੀ ਸੁਰ ਧਾਰਨ ਕਰ ਲੈਂਦਾ ਹੈ

ਅਜਿਹੇ ਸੈਂਟਰ ਵਿੱਚ ਕਈ ਮਹੀਨੇ ਲਗਾਉਣ ਤੋਂ ਬਾਅਦ ਕੁੱਟ ਦਾ ਭੰਨਿਆ ਨੌਜਵਾਨ ਘਰ ਆ ਕੇ ਬਾਗੀ ਸੁਰ ਵਿੱਚ ਮਾਪਿਆਂ ਨੂੰ ਕਹਿੰਦਾ ਹੈ, “ਲਾ ਲਉ ਜਿੰਨਾ ਜ਼ੋਰ ਲਾਉਣੈ, ਮੈਂ ਨਹੀਂ ਛੱਡਦਾ ਨਸ਼ਾ” ਅਤੇ ਫਿਰ ਉਹ ਪਹਿਲਾਂ ਲੱਛਣਾਂ ’ਤੇ ਆ ਜਾਂਦਾ ਹੈਦੂਜੇ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਜੋ ਜੀਭ ’ਤੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ, ਉਸ ਵਿੱਚ ਮਾਰਫਿਨ ਦਾ ਸਾਲਟ ਹੋਣ ਕਾਰਨ ਨਸ਼ਈ ਉਸ ਗੋਲੀ ਦਾ ਪੱਕੇ ਤੌਰ ’ਤੇ ਮੁਰੀਦ ਬਣ ਜਾਂਦਾ ਹੈ ਅਤੇ ਫਿਰ ਇਸ ਗੋਲੀ ਤੋਂ ਖਹਿੜਾ ਛੁਡਵਾਉਣ ਲਈ ਦਰ ਦਰ ਦੇ ਧੱਕੇ ਖਾਂਦਾ ਹੈ ਜ਼ਿਆਦਾ ਸਮਾਂ ਇਹ ਗੋਲੀ ਖਾਣ ਨਾਲ ਸਰੀਰ ਉੱਤੇ ਕਈ ਹੋਰ ਮਾਰੂ ਅਸਰ ਵੀ ਪੈਂਦੇ ਹਨਇੰਜ ਨਸ਼ਾ ਮੁਕਤ ਪੰਜਾਬ ‘ਕਾਗਜਾਂ’ ਵਿੱਚ ਪ੍ਰਗਤੀ ’ਤੇ ਹੈ ਪਰ ਅਮਲੀ ਤੌਰ ’ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਕਿਤੇ ਝਾੜੀਆਂ ਵਿੱਚ ਡਿਗੇ ਨੌਜਵਾਨ ਦੀ ਲਾਸ਼, ਕਿਤੇ ਕਿਸੇ ਖੋਲ਼ੇ ਵਿੱਚ ਮੂਧੇ ਮੂੰਹ ਡਿਗਿਆ ਨਸ਼ਈ, ਕਿਤੇ ਬਾਥ ਰੂਮ ਵਿੱਚ ਬੇਹੋਸ਼ ਹੋਇਆ ਨਸ਼ਈ, ਕਿਤੇ ਵਿਹੜੇ ਵਿੱਚ ਵਿਛੇ ਸੱਥਰ ’ਤੇ ਮਾਂ ਦੇ ਪੱਥਰਾਂ ਨੂੰ ਵੀ ਰੁਆਉਣ ਵਾਲੇ ਕੀਰਨੇ, ਕਿਤੇ ਆਪਣੇ ਇਕਲੌਤੇ ਵੀਰ ਦੀ ਲਾਸ਼ ’ਤੇ ਖੂਨ ਦੇ ਅੱਥਰੂ ਵਹਾਉਂਦੀ ਭੈਣ ਵੱਲੋਂ ਉਸਦੇ ਗੁੱਟ ’ਤੇ ਰੱਖੜੀ ਬੰਨ੍ਹਣ ਦਾ ਦਿਲ ਕੰਬਾਊ ਦ੍ਰਿਸ਼ ਅਤੇ ਕਿਤੇ ਅਣਵਿਆਹੇ ਨੌਜਵਾਨ ਦੀ ਲਾਸ਼ ਦੇ ਸਿਹਰਾ ਬੰਨ੍ਹ ਕੇ ਉਸਦੀ ਅਰਥੀ ਨੂੰ ਸ਼ਮਸ਼ਾਨ ਭੂਮੀ ਲੈ ਕੇ ਜਾਣ ਸਮੇਂ ਹਜ਼ੂਮ ਦੀਆਂ ਨਮ ਹੋਈਆਂ ਅੱਖਾਂ ਨਾਲ ਨਸ਼ਈ-ਪੰਜਾਬ ਦੀ ਦਰਦਨਾਕ ਤਸਵੀਰ ਸਾਹਮਣੇ ਆ ਜਾਂਦੀ ਹੈ

ਇੱਕ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਅੰਦਾਜ਼ਨ 18 ਸਾਲ ਸੇਵਾ ਨਿਭਾਉਂਦਿਆਂ ਸੈਂਟਰ ਵਿੱਚ ਸੰਗਰੂਰ ਜ਼ਿਲ੍ਹੇ ਦੇ ਨਾਲ ਨਾਲ ਪੰਜਾਬ ਦੇ ਬਾਕੀ ਜ਼ਿਲ੍ਹਿਆਂ, ਹਰਿਆਣਾ, ਰਾਜਿਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਜ ਲਈ ਆਏ ਨਸ਼ਈ ਮਰੀਜ਼ਾਂ ਨਾਲ ਮੇਰਾ ਵਾਹ ਪਿਆ ਹੈਇਸ ਅਧਾਰ ’ਤੇ ਹੀ ਲਿਖ ਰਿਹਾ ਹਾਂ ਕਿ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪ੍ਰਤੀਬੱਧਤਾ ਅਤੇ ਲੋਕ-ਹਿਤ ਦੀ ਭਾਵਨਾ ਨਾਲ ਲਬਰੇਜ਼ ਸਟਾਫ ਅਤੇ ਮੁਖੀ ਦਾ ਹੋਣਾ ਜ਼ਰੂਰੀ ਹੈਦਵਾਈਆਂ, ਮਹਿੰਗੇ ਟੈਸਟ ਅਤੇ ਭਾਰੀ ਫੀਸਾਂ ਦੀ ਅਦਾਇਗੀ ਕਰਨੀ ਉਨ੍ਹਾਂ ਮਾਪਿਆਂ ਵਾਸਤੇ ਬਹੁਤ ਹੀ ਮੁਸ਼ਕਲ ਹੈ, ਜਿਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੈਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ

ਦੂਜਾ ਅਹਿਮ ਪਹਿਲੂ ਨਸ਼ਈ ਮਰੀਜ਼ ਦੀ ਦ੍ਰਿੜ੍ਹ ਇੱਛਾ ਸ਼ਕਤੀ ’ਤੇ ਕੇਂਦਰਤ ਹੋਣਾ ਚਾਹੀਦਾ ਹੈਇਸ ਪੱਖ ਤੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੀੜਤ ਨਸ਼ੱਈਆਂ ਨੂੰ ਧਰਮ, ਸਾਹਿਤ, ਕਿਰਤ ਅਤੇ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈਇਸ ਸਬੰਧੀ ਉਨ੍ਹਾਂ ਦੇ ਧਰਮ ਅਨੁਸਾਰ ਪਾਠ ਅਤੇ ਧਾਰਮਿਕ ਸਿੱਖਿਆ, ਉਸਾਰੂ ਸਾਹਿਤ, ਨਸ਼ਾ ਛੁਡਾਊ ਕੇਂਦਰ ਵਿੱਚ ਹੀ ਬਾਗਬਾਨੀ ਅਤੇ ਬੂਟਿਆਂ ਦੀ ਸੰਭਾਲ, ਸਾਫ ਸਫਾਈ, ਕਿਸੇ ਲਾਹੇਵੰਦ ਕਿੱਤੇ ਦੀ ਟਰੇਨਿੰਗ ਅਤੇ ਖੇਡਾਂ ਲਈ ਯੋਗ ਪ੍ਰਬੰਧ ਕਰਨਾ ਅਤਿਅੰਤ ਜ਼ਰੂਰੀ ਹੈਇਹ ਉਸਾਰੂ ਕ੍ਰਿਆਵਾਂ ਜਿੱਥੇ ਉਨ੍ਹਾਂ ਅੰਦਰ ਨਵੀਂ ਊਰਜਾ ਭਰਨਗੀਆਂ, ਉੱਥੇ ਹੀ ਜ਼ਿੰਦਗੀ ਜਿਊਣ ਦਾ ਚਾਅ ਵੀ ਪੈਦਾ ਹੋਵੇਗਾਸਮੇਂ ਸਮੇਂ ਪ੍ਰੇਰਨਾ ਦਾਇਕ ਕਹਾਣੀਆਂ ਸੁਣਾਕੇ ਵੀ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਪ੍ਰੇਰਨਾ ਦੇਣੀ ਜ਼ਰੂਰੀ ਹੈਇੰਜ ਕਰਦਿਆਂ ਵਿਹਲ ਤੋਂ ਛੁਟਕਾਰਾ ਪਾ ਕੇ ਇਹ ਸੋਚ ਵੀ ਉਨ੍ਹਾਂ ਦੇ ਅੰਗ ਸੰਗ ਰਹੇਗੀ:

ਬੰਦਾ ਕੰਮ ਕਰਦਾ ਲੋਹਾ,
ਬਹਿ ਗਿਆ ਤਾਂ ਗੋਹਾ,
ਪੈ ਗਿਆ ਤਾਂ ਮੋਇਆ

ਨਸ਼ਾ ਮੁਕਤ ਹੋ ਰਹੇ ਨਸ਼ਈ ਮਰੀਜ਼ਾਂ ਨੂੰ ਚੰਗਾ ਪਤੀ, ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਤਦ ਹੀ ਦਿੱਤੀ ਜਾ ਸਕੇਗੀ ਜੇਕਰ ਇਲਾਜ ਕਰਨ ਵਾਲੇ ਰਹਿਨੁਮਾ ਆਪ ਉਨ੍ਹਾਂ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਗੇਸੰਸਥਾ ਦੇ ਮੁਖੀ ਦੀ ਇਸ ਸਮੇਂ ਰੋਲ ਮਾਡਲ ਵਾਲੀ ਭੂਮਿਕਾ ਬਹੁਤ ਹੀ ਅਹਿਮੀਅਤ ਰੱਖਦੀ ਹੈਦੁਆ ਅਤੇ ਦਵਾਈ ਦੇ ਸੁਮੇਲ ਨਾਲ ਸਾਰਥਿਕ ਨਤੀਜੇ ਜ਼ਰੂਰ ਸਾਹਮਣੇ ਆਉਂਦੇ ਹਨ

ਇਸ ਗੱਲ ਦਾ ਖਾਸ ਧਿਆਨ ਦਿੱਤਾ ਜਾਵੇ ਕਿ ਨਸੱਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨਪੀੜਤ ਵਿਅਕਤੀ ਲਈ ਪਿਆਰ, ਹਮਦਰਦੀ, ਸੁਚੱਜਾ ਵਰਤਾਉ ਅਤੇ ਸਹੀ ਦੇਖ ਭਾਲ ਅਤਿਅੰਤ ਜ਼ਰੂਰੀ ਹੈਇਹ ਸਭ ਕੁਝ ਉਨ੍ਹਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋਵੇਗਾਕਈ ਵਾਰ ਨਸ਼ਈ ਮਰੀਜ਼ ਨੂੰ ਬਾਹਰਲੇ ਮਾਹੌਲ ਜਾਂ ਪਰਿਵਾਰਕ ਮਾਹੌਲ ਵਿੱਚੋਂ ਹੀ ਅਜਿਹੀ ਮਾਨਸਿਕ ਸੱਟ ਵੱਜਦੀ ਹੈ ਕਿ ਉਹ ਆਪ ਹੀ ਨਸ਼ਾ ਮੁਕਤ ਹੋਣ ਲਈ ਦ੍ਰਿੜ੍ਹ ਸੰਕਲਪ ਕਰ ਲੈਂਦਾ ਹੈਅਜਿਹੇ ਵਿਅਕਤੀ ਦਾ ਰਹਿਨੁਮਾ ਬਣਕੇ ਉਸ ਨੂੰ ਅਸਾਨੀ ਨਾਲ ਨਸ਼ਾ ਮੁਕਤ ਕੀਤਾ ਜਾ ਸਕਦਾ ਹੈਇੱਕ 70 ਕੁ ਵਰ੍ਹਿਆਂ ਦਾ ਬਜ਼ੁਰਗ ਨਸ਼ਾ ਛੱਡਣ ਲਈ ਸੈਂਟਰ ਵਿੱਚ ਦਾਖ਼ਲ ਹੋ ਗਿਆਦਾਖ਼ਲ ਕਰਵਾਉਣ ਲਈ ਉਸ ਦਾ ਨੌਜਵਾਨ ਇਕਲੌਤਾ ਪੁੱਤਰ ਨਾਲ ਆਇਆ ਸੀਬਜ਼ੁਰਗ ਦੀ ਰਜ਼ਾਮੰਦੀ ਉਪਰੰਤ ਉਸ ਨੂੰ ਦਾਖ਼ਲ ਕਰ ਲਿਆ ਗਿਆਦਾਖ਼ਲ ਕਰਨ ਵੇਲੇ ਇਹ ਖਿਆਲ ਜ਼ਰੂਰ ਆਇਆ ਕਿ ਇਸ ਬਜ਼ੁਰਗ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਨਸ਼ਿਆਂ ਦੇ ਲੇਖੇ ਲਾ ਦਿੱਤਾਇਸ ਉਮਰ ਵਿੱਚ ਨਸ਼ਾ ਛੱਡਣ ਦਾ ਉਸਨੇ ਇਰਾਦਾ ਕਿਉਂ ਕੀਤਾ? ਦੋ ਤਿੰਨ ਦਿਨ ਬਾਅਦ ਜਦੋਂ ਸ਼ਾਮ ਨੂੰ ਨਸ਼ਈ ਮਰੀਜ਼ਾਂ ਨੂੰ ਯੋਗਾ, ਮੈਡੀਟੇਸ਼ਨ ਅਤੇ ਕਾਉਂਸਲਿੰਗ ਕਰਨ ਲਈ ਮੈਂ ਉਨ੍ਹਾਂ ਦੇ ਵਾਰਡ ਵਿੱਚ ਗਿਆ ਤਾਂ ਯੋਗ ਕਿਰਿਆਵਾਂ ਕਰਵਾਉਣ ਉਪਰੰਤ ਮੈਂ ਬੜੀ ਅਪਣੱਤ ਨਾਲ ਬਜ਼ੁਰਗ ਦਾ ਹੱਥ ਫੜਦਿਆਂ ਕਿਹਾ, “ਪ੍ਰੀਤਮ ਸਿਆਂ, ਤੁਹਾਨੂੰ ਇਸ ਉਮਰ ਵਿੱਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?”

ਮੇਰੇ ਸਵਾਲ ’ਤੇ ਬਜ਼ੁਰਗ ਗੰਭੀਰ ਹੋ ਗਿਆਉਸਨੇ ਗੱਚ ਭਰ ਕੇ ਕਿਹਾ, “ਥੋਡੇ ਕੋਲੋਂ ਕਾਹਦਾ ਲੁਕੋ ਐ ਜੀਇਸ ਉਮਰ ਵਿੱਚ ਮੈਂ ਆਟੇ ਵਾਲੀ ਮਸ਼ੀਨ ’ਤੇ ਰਾਤ ਦੀ ਚੌਕੀਦਾਰੀ ਕਰਦਾ ਸੀਜਿਹੜੇ ਪੈਸੇ ਉੱਥੋਂ ਮਿਲਦੇ, ਉਨ੍ਹਾਂ ਦਾ ਨਸ਼ਾ ਡੱਫ ਲੈਂਦਾਮੁੰਡਾ ਵਿਆਹਿਆ ਵਰ੍ਹਿਆ ਹੈਉਹ ਕਬੀਲਦਾਰੀ ਦਾ ਖ਼ਰਚ ਤੋਰੀ ਜਾਂਦਾ ਸੀਹੁਣ ਇੱਕ ਤਾਂ ਨਸ਼ੇ ਮਹਿੰਗੇ ਹੋ ਗਏ ਅਤੇ ਦੂਜਾ ਮਿਲਾਵਟ ਵੀ ਹੋਣ ਲੱਗ ਗਈਇਸੇ ਕਰਕੇ ਮੇਰੀ ਚੌਕੀਦਾਰ ਵਾਲੀ ਤਨਖ਼ਾਹ ਨਾਲ ਨਸ਼ੇ ਦਾ ਘਰ ਪੂਰਾ ਨਹੀਂ ਸੀ ਹੁੰਦਾਇੱਕ ਦਿਨ ਜਦੋਂ ਮੈਂ ਨਸ਼ੇ ਵਾਸਤੇ ਆਪਣੇ ਪੁੱਤ ਮੂਹਰੇ ਹੱਥ ਟੱਡੇ ਤਾਂ ਪੁੱਤ ਨੇ ਤਾਂ ਕੁਝ ਨਹੀਂ ਕਿਹਾ ਪਰ ਮੇਰੀ ਨੂੰਹ ਸੂਈ ਹੋਈ ਕੁੱਤੀ ਵਾਂਗ ਮੇਰੇ ਗੱਲ ਪੈ ਗਈਉਹਨੇ ਗਰਜ਼ ਕੇ ਕਿਹਾ, “ਬਾਪੂ, ਅਸੀਂ ਆਪਣਾ ਘਰ ਵੀ ਤੋਰਨੈਥੋਡੇ ਨਸ਼ਾ ਡੱਫਣ ਵਾਸਤੇ ਕਿੱਥੋਂ ਲਿਆਈਏ ਰੋਕੜੀ? ਆਪ ਤੁਸੀਂ ਕਦੇ ਵੀਹ ਰੁਪਏ ਦੀ ਸਬਜ਼ੀ ਵੀ ਘਰ ਨਹੀਂ ਲਿਆਏ ਥੋੜ੍ਹੀ ਮੋਟੀ ਸ਼ਰਮ ਕਰੋ।” ਉਦੋਂ ਜੀ ਮੈਨੂੰ ਬਹੁਤ ਨਮੋਸ਼ੀ ਹੋਈਜੀਅ ਕਰੇ ਬਈ ਇਹਦੇ ਨਾਲੋਂ ਤਾਂ … …। ਐਦੂੰ ਪਹਿਲਾਂ ਇੱਕ ਦਿਨ ਨਜ਼ਦੀਕੀ ਰਿਸ਼ਤੇਦਾਰੀ ਵਿੱਚ ਜਾਣਾ ਪਿਆਉਨ੍ਹਾਂ ਦੇ ਕਮਰੇ ਵਿੱਚ ਬੈਠਿਆਂ ਮੈਨੂੰ ਦੂਜੇ ਕਮਰੇ ਵਿੱਚੋਂ ਆਪਣੇ ਰਿਸ਼ਤੇਦਾਰ ਦੀ ਅਵਾਜ਼ ਸੁਣੀਉਹ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਸੀ, “ਆਪਣੇ ਬਟੂਏ ਸਾਂਭ ਲਉ ਚੰਗੀ ਤਰ੍ਹਾਂ, ਕਿਤੇ ਪ੍ਰੀਤਮ ਅਮਲੀ ਆਪਾਂ ਨੂੰ ਥੁੱਕ ਨਾ ਲਾ ਜੇ।”

ਫਿਰ ਉਸ ਬਜ਼ੁਰਗ ਨੇ ਡਾਢੀ ਹੀ ਮਿੰਨਤ ਨਾਲ ਕਿਹਾ, “ਹੁਣ ਥੋਡੀ ਸ਼ਰਨ ਆਇਆਂ ਮੈਨੂੰ ਕੱਢੋ ਇਸ ਦਲਦਲ ਵਿੱਚੋਂ।”

ਉਸ ਬਜ਼ੁਰਗ ਦੇ ਚਿਹਰੇ ਉੱਤੇ ਨਸ਼ਾ ਮੁਕਤ ਹੋਣ ਦਾ ਦ੍ਰਿੜ੍ਹ ਸੰਕਲਪ ਪ੍ਰਤੱਖ ਵਿਖਾਈ ਦੇ ਰਿਹਾ ਸੀਉਹ ਬਜ਼ੁਰਗ ਹੋਰ ਦਾਖ਼ਲ ਮਰੀਜ਼ਾਂ ਲਈ ਵੀ ਪ੍ਰੇਰਨਾ ਸਰੋਤ ਬਣਿਆਇੱਕ ਆਸ਼ਾਵਾਦੀ ਮਾਹੌਲ ਸਿਰਜਣ ਵਿੱਚ ਵੀ ਉਸਨੇ ਅਹਿਮ ਭੂਮਿਕਾ ਨਿਭਾਈਡੇਢ ਕੁ ਮਹੀਨੇ ਵਿੱਚ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਉਪਰੰਤ ਉਸ ਨੂੰ ਵਿਦਾਅ ਕਰਨ ਵੇਲੇ ਇੱਕ ਸੰਖੇਪ ਪਰ ਭਾਵਪੂਰਨ ਸਮਾਗਮ ਕੀਤਾ ਗਿਆਸ਼ਹਿਰ ਦੇ ਪਤਵੰਤੇ ਸ਼ਹਿਰੀ ਵੀ ਬੁਲਾਏ ਗਏ ਉਸ ਨੂੰ ਘਰ ਲੈ ਕੇ ਜਾਣ ਲਈ ਉਸਦਾ ਪੁੱਤ ਅਤੇ ਨੂੰਹ ਵੀ ਆਏਨਸ਼ਾ ਮੁਕਤ ਹੋਏ ਪ੍ਰੀਤਮ ਸਿੰਘ ਨੂੰ ਜਦੋਂ ਆਪਣੇ ਅਨੁਭਵ ਦੱਸਣ ਲਈ ਕਿਹਾ ਗਿਆ ਤਾਂ ਉਹ ਪੂਰੇ ਵਿਸ਼ਵਾਸ ਨਾਲ ਉੱਠਿਆ ਚਿਹਰੇ ’ਤੇ ਇੱਕ ਜੇਤੂ ਮੁਸਕਰਾਹਟ ਲਿਆਉਂਦਿਆਂ ਉਸਨੇ ਕਿਹਾ, “ਸੱਚਮੁੱਚ ਨਸ਼ਿਆਂ ਦੇ ਜੰਜਾਲ ਵਿੱਚੋਂ ਨਿਕਲ ਕੇ ਮੇਰਾ ਨਵਾਂ ਜਨਮ ਹੋਇਆ ਹੈਸੱਚ ਮੰਨਿਉ, ਹੁਣ ਤਕ ਮੈਂ ਨੇਰ੍ਹਾ ਹੀ ਢੋਂਦਾ ਰਿਹਾ ਹਾਂਨਸ਼ਿਆਂ ਕਰਕੇ ਆਪਣੀ ਦੇਹ ਵੀ ਗਾਲ਼ ਲਈ ਸੀਘਰ ਦੇ ਸੁਖ ਨੂੰ ਵੀ ਤਹਿਸ ਨਹਿਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਜਿਹੜੀ ਤੋਏ ਤੋਏ ਕਰਵਾਈ, ਉਹ ਵੱਖਰੀ ਇੱਥੋਂ ਦੇ ਸਟਾਫ ਅਤੇ ਵੱਡੇ ਸਰ ਦਾ ਮੈਂ ਦੇਣਾ ਨਹੀਂ ਦੇ ਸਕਦਾਮੇਰੀ ਚੰਗੀ ਕਿਸਮਤ ਹੈ ਕਿ ਹੁਣ ਮੈਂ ਨਸ਼ਾ ਛੱਡਕੇ ਥੋਡੇ ਵਰਗੇ ਭਲੇਮਾਣਸਾਂ ਵਿੱਚ ਬੈਠਣ ਦੇ ਯੋਗ ਹੋਇਆ ਹਾਂਨਸ਼ਾ ਛੱਡਣ ਦੀ ਕੋਈ ਉਮਰ ਨਹੀਂ ਹੁੰਦੀਬੱਸ, ਜਦੋਂ ਜਾਗੋ, ਉਦੋਂ ਹੀ ਸਵੇਰਾ।”

ਉਸ ਵੇਲੇ ਸੀਨ ਬਹੁਤ ਹੀ ਭਾਵੁਕ ਹੋ ਗਿਆ ਜਦੋਂ ਇੱਕ ਪਤਵੰਤੇ ਸੱਜਣ ਨੇ ਪੰਜ ਪੰਜ ਸੌ ਦੇ ਦੋ ਨੋਟ ਉਹਦੀ ਤਲੀ ’ਤੇ ਰੱਖਦਿਆਂ ਕਿਹਾ, “ਜ਼ਿੰਦਗੀ ਜ਼ਿੰਦਾਬਾਦਇਹ ਮੇਰੇ ਵੱਲੋਂ ਇਨਾਮ ਹੈ ਤੈਨੂੰ।”

ਪ੍ਰੀਤਮ ਸਿੰਘ ਨੇ ਉਹ ਨੋਟ ਧੰਨਵਾਦੀ ਸ਼ਬਦਾਂ ਨਾਲ ਫੜਕੇ ਆਪਣੀ ਨੂੰਹ ਨੂੰ ਦਿੰਦਿਆਂ ਕਿਹਾ, “ਲੈ ਧੀਏ, ਮੇਰੇ ਵੱਲੋਂ ਸ਼ਗਨ।”

ਨੂੰਹ ਨੇ ਉਹ ਨੋਟ ਫੜਕੇ ਪਹਿਲਾਂ ਆਪਣੇ ਮੱਥੇ ਨਾਲ ਲਾਏਫਿਰ ਪ੍ਰੀਤਮ ਸਿੰਘ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ, “ਬਾਪੂ ਜੀ, ਅੱਜ ਭਾਗਾਂ ਵਾਲਾ ਦਿਨ ਹੈਮੇਰੇ ਵਿਆਹ ਨੂੰ ਦਸ ਸਾਲ ਹੋ ਗਏਦਸ ਸਾਲਾਂ ਵਿੱਚ ਪਹਿਲੀ ਵਾਰ ਤੁਸੀਂ ਇਹ ਸ਼ਗਨ ਦਿੱਤੈਨਹੀਂ ਤਾਂ … …।”

ਪੁੱਤ ਅਤੇ ਨੂੰਹ ਮੰਦ ਮੰਦ ਮੁਸਕਰਾ ਰਹੇ ਸਨ

ਜੇਤੂ ਅੰਦਾਜ਼ ਵਿੱਚ ਬਜ਼ੁਰਗ ਪ੍ਰੀਤਮ ਸਿੰਘ ਆਪਣੇ ਨੂੰਹ ਪੁੱਤ ਨਾਲ ਘਰ ਜਾ ਰਿਹਾ ਸੀਤੰਦਰੁਸਤ ਪ੍ਰੀਤਮ ਸਿੰਘ ਨੂੰ ਜਾਂਦਿਆਂ ਵੇਖਕੇ ਇਹ ਕਾਵਿ-ਸਤਰਾਂ ਮੇਰੇ ਅੰਗ-ਸੰਗ ਸਨ:

ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ,
ਮੰਨਿਆ ਸਮਾਂ ਵੀ ਤੰਗ ਤੋਂ ਤੰਗ ਆਉਂਦੈ
ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4489)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author