MohanSharma8ਤੁਸੀਂ ਦੱਸੋ ਜੀ, ਕਿੱਥੇ ਐ ਸਾਡਾ ਬਾਪੂ। ਅਸੀਂ ਮਿੰਨਤ ਕਰਕੇ ਮੋੜ ਲਿਆਵਾਂਗੇ। ਸਾਡੀ ...
(28 ਫਰਵਰੀ 2021)
(ਸ਼ਬਦ: 1450)


ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੀ ਰਾਜਧਾਨੀ ਇੰਦੌਰ ਦੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਬੇਸਹਾਰਾ ਅਤੇ ਬੇਘਰੇ ਬਜ਼ੁਰਗਾਂ ਨੂੰ ਟਰੱਕਾਂ ਵਿੱਚ ਲੱਦ ਕੇ ਸ਼ਹਿਰ ਤੋਂ ਬਾਹਰ ਵਿਰਾਨ ਜਗ੍ਹਾ ਤੇ ਉਤਾਰ ਦਿੱਤਾ
ਇਸ ਘਟੀਆ ਪੱਧਰ ਦੀ ਹਰਕਤ ਨਾਲ ਸਰਕਾਰੀ ਅਤੇ ਪ੍ਰਸ਼ਾਸਨਿਕ ਦਰਿੰਦਗੀ ਬੇਪਰਦ ਹੋ ਗਈਦਰਅਸਲ ਪ੍ਰਸ਼ਾਸਨਿਕ ਅਧਿਕਾਰੀ ਇਸ ਦੌੜ ਵਿੱਚ ਸਨ ਕਿ ਦੇਸ਼ ਦੇ ਸਾਫ਼ ਸੁਥਰੇ ਸ਼ਹਿਰਾਂ ਦੇ ਮੁਕਾਬਲੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਮੋਹਰੀ ਰਿਹਾ ਇੰਦੌਰ ਇਸ ਵਾਰ ਫਿਰ ਇਹ ਖਿਤਾਬ ਜਿੱਤ ਕੇ ਸੁਰਖੀਆਂ ਬਟੋਰ ਸਕੇਬਜ਼ੁਰਗਾਂ ਨੂੰ ਸ਼ਹਿਰ ਤੋਂ ਦੂਰ ਛੱਡ ਕੇ ਉਹ ਨਿਰੀਖਣ ਕਰਨ ਵਾਲੀ ਟੀਮ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੇ ਸਨ ਕਿ ਬਜ਼ੁਰਗ ਆਪਣੇ ਆਪਣੇ ਘਰਾਂ ਵਿੱਚ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਰਹੇ ਹਨਉਨ੍ਹਾਂ ਦਾ ਇਹ ਯਤਨ ਇਸ ਤਰ੍ਹਾਂ ਦਾ ਸੀ ਜਿਵੇਂ ਖੰਡਰ ਹੋਈ ਇਮਾਰਤ ਤੇ ਕਲੀ ਕੂਚੀ ਕਰਕੇ ਉਸ ਦੇ ਗੇਟ ਤੇ ‘ਰੰਗਲੀ ਹਵੇਲੀ’ ਲਿਖ ਦਿੱਤਾ ਜਾਵੇ ਚੰਗੀ ਤਰ੍ਹਾਂ ਤੁਰਨ ਫਿਰਨ ਤੋਂ ਅਸਮਰੱਥ ਬਜ਼ੁਰਗਾਂ ਨੂੰ ਵਿਰਾਨ ਥਾਂ ’ਤੇ ਇੰਜ ਬੇਵਸੀ ਦੀ ਹਾਲਤ ਵਿੱਚ ਛੱਡ ਦੇਣਾ ਜਮਹੂਰੀ ਹੱਕਾਂ ਦਾ ਘਾਣ ਨਹੀਂ?

ਇਹ ਤਾਂ ਇੱਕ ਨਗਰ ਦੀ ਕਹਾਣੀ ਹੈ, ਜੇ ਗੰਭੀਰ ਹੋ ਕੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਬਜ਼ੁਰਗਾਂ ਪ੍ਰਤੀ ਪਰਿਵਾਰ, ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਬੇਰੁਖੀ, ਲਾਪਰਵਾਹੀ ਅਤੇ ਅਨੈਤਿਕ ਵਰਤਾਉ ਹੀ ਕੀਤਾ ਜਾਂਦਾ ਹੈਅਜਿਹਾ ਕੁਝ ਕਰਨ ਵੇਲੇ ਇਹ ਸਭ ਕੁਝ ਅੱਖੋਂ ਓਹਲੇ ਹੋ ਜਾਂਦਾ ਹੈ ਕਿ ਜਿਉਂਦੇ ਜੀਅ ਜ਼ਿੰਦਗੀ ਦੇ ਇਸ ਪੜਾਅ ’ਤੇ ਹਰ ਇੱਕ ਨੇ ਪੁੱਜਣਾ ਹੈ

2011 ਦੀ ਜਨਸੰਖਿਆ ਅਨੁਸਾਰ ਭਾਰਤ ਵਿੱਚ ਪੰਜ ਕਰੋੜ ਦੱਸ ਲੱਖ ਮਰਦ ਬਜ਼ੁਰਗ ਅਤੇ ਪੰਜ ਕਰੋੜ ਤੀਹ ਲੱਖ ਬਜ਼ੁਰਗ ਮਹਿਲਾਵਾਂ ਹਨ ਅਤੇ ਇਨ੍ਹਾਂ ਵਿੱਚੋਂ ਅੰਦਾਜ਼ਨ 80 ਫੀਸਦੀ ਬਜ਼ੁਰਗ ਜਜ਼ਬਾਤਾਂ ਨੂੰ ਛਿਕਲੀ ਪਾ ਕੇ ਦਿਨ ਕਟੀ ਕਰਦੇ ਹਨਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਦਾਰਥਕ ਦੌੜ, ਆਪਹੁਦਰਾਪਣ, ਅਨੈਤਿਕਤਾ ਅਤੇ ਕਦਰਾਂ ਕੀਮਤਾਂ ਦੇ ਘਾਣ ਕਾਰਨ ਰਿਸ਼ਤੇ ਪਾਣੀ ਨਾਲੋਂ ਵੀ ਪਤਲੇ ਹੋ ਗਏ ਹਨ ਅਤੇ ਔਲਾਦ ਦੀ ਅਣਦੇਖੀ ਦਾ ਸ਼ਿਕਾਰ ਹੋਏ ਬਜ਼ੁਰਗ ਆਪਣੇ ਹੀ ਉਸਾਰੇ ਘਰ ਦੀ ਛੱਤ ਹੇਠ ਦਿਨ ਕਟੀ ਕਰਨ ਤੋਂ ਵੀ ਵਾਂਝੇ ਹੋ ਰਹੇ ਹਨਬਜ਼ੁਰਗਾਂ ਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ:

ਲੈਂਦਾ ਸੀ ਤਿੰਨ ਪੀੜ੍ਹੀਆਂ ਇੱਕੋ ਵੇਲੇ ਪਾਲ,
ਹੁਣ ਤਾਂ ਇਕੱਲਾ ਪੁੱਤ ਵੀ ਰਹੇ ਨਾ ਬਾਪੂ ਨਾਲ,

ਤਿੜਕੀ ਇੱਟ ਵਿਸ਼ਵਾਸ ਦੀ ਹਿੱਲ ਗਿਆ ਪਰਿਵਾਰ,
ਖੱਖੜੀ ਖੱਖੜੀ ਹੋ ਗਿਆ ਜੋ ਸੀ ਵਾਂਗ ਅਨਾਰ

ਦਰਅਸਲ ਬਜ਼ੁਰਗਾਂ ਨੇ ਆਪਣੇ ਸਿਰ ਨੂੰ ਗੱਡਾ ਅਤੇ ਪੈਰਾਂ ਨੂੰ ਟਾਇਰ ਬਣਾਕੇ ਹੱਡ ਭੰਨਵੀਂ ਮਿਹਨਤ ਕੀਤੀ ਹੁੰਦੀ ਹੈ, ਪਰ ਔਲਾਦ ਵੱਲੋਂ ਬਜ਼ੁਰਗਾਂ ਦੇ ਆਪਣਾ ਆਪ ਦਾਅ ’ਤੇ ਲਾਉਣ ਨੂੰ ਟਿੱਚ ਸਮਝਕੇ ਉਨ੍ਹਾਂ ਨੂੰ ਦੁਤਕਾਰਿਆ ਜਾਂਦਾ ਹੈ ਅਤੇ ਪ੍ਰੇਸ਼ਾਨ ਕਰਕੇ ਸਾਰੀ ਜਾਇਦਾਦ ਆਪਣੇ ਨਾਂ ਲਵਾਕੇ ਬੇਦਖਲ ਕਰ ਦਿੱਤਾ ਜਾਂਦਾ ਹੈਸਰਵਣ ਜਿਹੇ ਪੁੱਤ ਅਤੇ ਸੁਦਾਮਾ ਜਿਹੇ ਦੋਸਤਾਂ ਦੀ ਘਾਟ ਕਾਰਨ ਉਹ ਨਾ ਘਰ ਦੇ ਰਹਿੰਦੇ ਹਨ ਅਤੇ ਨਾ ਘਾਟ ਦੇਮਜ਼ਬੂਰੀ ਵੱਸ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਦੀ ਸ਼ਰਨ ਲੈਣੀ ਪੈਂਦੀ ਹੈ

ਸੰਗਰੂਰ ਵਿਖੇ ਖੁੱਲ੍ਹੇ ਬਿਰਧ ਆਸ਼ਰਮ ਦਾ ਮੁੱਖ ਸੇਵਾਦਾਰ ਹੋਣ ਵਜੋਂ ਆਸ਼ਰਮ ਦੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਛਾਈ ਘੋਰ ਉਦਾਸੀ ਦੀ ਇਬਾਰਤ ਰੋਜ਼ ਪੜ੍ਹਦਾ ਹਾਂਬਿਰਧ ਆਸ਼ਰਮ ਵਿੱਚ ਸਹਾਰਾ ਲੈਣ ਆਏ ਬਜ਼ੁਰਗਾਂ ਦੀ ਪੀੜ-ਪਰੁੱਚੀ ਜ਼ਿੰਦਗੀ ਦੇ ਪੰਨੇ ਵੇਖਣ ਉਪਰੰਤ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਪੁੱਤਾਂ-ਨੂੰਹਾਂ ਨੂੰ ਸਮਝਾ ਕੇ ਬਜ਼ੁਰਗ ਦੀ ਘਰ ਵਾਪਸੀ ਕਰਵਾਈ ਜਾਵੇਯਤਨਾਂ ਵਿੱਚ ਕਈ ਵਾਰ ਸਫ਼ਲਤਾ ਮਿਲ ਜਾਂਦੀ ਹੈ, ਪਰ ਕਈ ਵਾਰ ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਅਤੇ ਔਲਾਦ ਦੀ ਹਠਧਰਮੀ ਸਾਹਵੇਂ ਕੀਤੇ ਗਏ ਯਤਨਾਂ ਦਾ ਕੱਦ ਬੌਣਾ ਰਹਿ ਜਾਂਦਾ ਹੈਕੁਝ ਸਮਾਂ ਪਹਿਲਾਂ ਸਾਡੇ ਦਫਤਰ ਵਿੱਚ 70 ਕੁ ਵਰ੍ਹਿਆਂ ਦਾ ਇੱਕ ਬਜ਼ੁਰਗ ਆਇਆਉਸ ਦੇ ਚਿਹਰੇ ਉੱਤੇ ਭਾਵੇਂ ਘੋਰ ਉਦਾਸੀ ਦੇ ਚਿੰਨ੍ਹ ਸਨ, ਪਰ ਸਿਹਤ, ਬੋਲਣ-ਚਾਲਣ ਦੇ ਢੰਗ ਅਤੇ ਪਹਿਰਾਵੇ ਤੋਂ ਸਹਿਜੇ ਹੀ ਅੰਦਾਜ਼ਾ ਲਾ ਲਿਆ ਕਿ ਬਜ਼ੁਰਗ ਦੇ ਆਉਣ ਦਾ ਕਾਰਨ ਆਰਥਿਕ ਮੰਦਹਾਲੀ ਨਹੀਂ, ਸਗੋਂ ਰਿਸ਼ਤਿਆਂ ਦੇ ਲੀਰਾਂ ਲੀਰਾਂ ਹੋਣ ਦਾ ਸੰਤਾਪ ਇਸ ਬਜ਼ੁਰਗ ਦੇ ਹਿੱਸੇ ਆਇਆ ਹੈਚਾਹ ਪਾਣੀ ਪਿਲਾਉਣ ਤੋਂ ਬਾਅਦ ਜਦੋਂ ਉਹਦੇ ਸਾਹਵੇਂ ਉਹਦੇ ਹਮਦਰਦ ਵਜੋਂ ਗੱਲਾਂ ਛੁਹੀਆਂ ਤਾਂ ਉਹਦਾ ਮਨ ਛਲਕ ਪਿਆਪਰਲ ਪਰਲ ਨੈਣਾਂ ਵਿੱਚੋਂ ਵਹਿੰਦੇ ਅੱਥਰੂਆਂ ਨੂੰ ਉਹ ਆਪਣੇ ਹੱਥਾਂ ਦੇ ਪੋਟਿਆਂ ਨਾਲ ਪੂੰਝਦਾ ਰਿਹਾਕਿੰਨੀ ਹੀ ਦੇਰ ਸਾਡੇ ਦਰਮਿਆਨ ਖਾਮੋਸ਼ੀ ਛਾਈ ਰਹੀਆਪ ਮੁਹਾਰੇ ਅੱਥਰੂ ਵੀ ਤਾਂ ਉਹਦੇ ਸਾਹਵੇਂ ਹੀ ਆਉਂਦੇ ਨੇ ਜਿਹਦੇ ਸਾਹਵੇਂ ਅੱਥਰੂਆਂ ਦੀ ਝੜੀ ਨਾਲ ਮਨ ਹਲਕਾ ਹੁੰਦਾ ਹੋਵੇਉਹਦੇ ਅਪੱਣਤ ਨਾਲ ਦੋਨੋਂ ਹੱਥ ਘੁੱਟ ਕੇ ਫੜਦਿਆਂ ਮੈਂ ਹੌਂਸਲਾ ਦਿੰਦਿਆਂ ਕਿਹਾ, “ਤੁਹਾਡੇ ਠਹਿਰਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਵੇਗਾ, ਪਰ ਤੁਸੀਂ ਬਿਰਧ ਆਸ਼ਰਮ ਵਿੱਚ ਓਟ ਲੈਣ ਦਾ ਕਾਰਨ ਦੱਸੋਂ?”

ਬਜ਼ੁਰਗ ਨੇ ਅੱਥਰੂਆਂ ਭਿੱਜੀ ਅਵਾਜ਼ ਵਿੱਚ ਆਪਣਾ ਥਹੁ ਟਿਕਾਣਾ ਦੱਸਦਿਆਂ ਜ਼ਿੰਦਗੀ ਦੇ ਕੁਝ ਪੰਨੇ ਸਾਹਵੇਂ ਰੱਖਦਿਆਂ ਕਿਹਾ, “ਜਿਮੀਂਦਾਰ ਘਰਾਣੇ ਨਾਲ ਸਬੰਧਤ ਹਾਂ ਮੈਂਘਰਵਾਲੀ ਦੋ ਸਾਲ ਪਹਿਲਾਂ ਗੁਜ਼ਰ ਗਈਦੋ ਪੁੱਤ ਵਿਆਹੇ ਵਰੇ ਨੇਲਾਣਾ ਇਕੱਠਾ ਹੀ ਐਬਾਰਾਂ ਕਿੱਲੇ ਝੋਟੇ ਦੇ ਸਿਰ ਵਰਗੀ ਜ਼ਮੀਨ ਐਦੋ ਮੋਟਰਾਂ ਵੀ ਲੱਗੀਆਂ ਹੋਈਆਂ ਨੇਇਨ੍ਹਾਂ ਵਿੱਚੋਂ 9 ਕਿੱਲੇ ਤਾਂ ਜੱਦੀ ਜ਼ਮੀਨ ਐ ਅਤੇ ਤਿੰਨ ਕਿੱਲੇ ਮੈਂ ਹੱਡ ਭੰਨਵੀਂ ਮਿਹਨਤ ਕਰਕੇ ਮੁੱਲ ਲਏ ਨੇਦੋਨਾਂ ਪੁੱਤਾਂ ਨੇ ਕਾਰਾਂ ਵੀ ਰੱਖੀਆਂ ਹੋਈਆਂ ਨੇ ਅਤੇ ਮੈਂ ਟੁੱਟੇ ਛਿਤਰਾਂ ਨਾਲ ਧੱਕੇ ਖਾਂਦਾ ਫਿਰਦਾ ਹਾਂਘਰ ਵਿੱਚ ਮੇਰੀ ਭੋਰਾ ਵੁੱਕਤ ਨਹੀਂਨੂੰਹਾਂ, ਪੁੱਤ, ਪੋਤੇ ਡੇਲਿਆਂ ਵੱਟੇ ਨਹੀਂ ਸਿਆਣਦੇਕੋਈ ਕਬੀਲਦਾਰੀ ਦੀ ਰਾਏ ਨਹੀਂ ਲੈਂਦਾਇਕੱਲਾ ਬੈਠਾ ਬਿਟਰ ਬਿਟਰ ਝਾਕੀ ਜਾਨਾਂ ਠੰਢੀ-ਤੱਤੀ ਰੋਟੀ ਵੀ ਇਉਂ ਦਿੰਦੇ ਨੇ ਜਿਵੇਂ ਮੈਂ ਉਨ੍ਹਾਂ ’ਤੇ ਬੋਝ ਹੋਵਾਂਸਭ ਕੁਝ ਹੁੰਦਿਆਂ ਸੁੰਦਿਆਂ ਵੀ ਮੈਂ ਨੰਗ-ਮਲੰਗ ਹਾਂਬੀਮਾਰੀ-ਸ਼ਮਾਰੀ ਜਾਂ ਬਾਹਰ ਆਉਣ ਜਾਣ ਲਈ ਜੇ ਪੈਸੇ ਮੰਗਦਾਂ ਤਾਂ ਵੀ ਘੇਸਲ ਮਾਰ ਜਾਂਦੇ ਨੇਜ਼ਮੀਨ ਹਾਲੇ ਵੀ ਮੇਰੇ ਨਾਂ ’ਤੇ ਐਮੈਂ ਰਹੂੰਗਾ ਥੋਡੇ ਕੋਲੇ, ਪਰ ਉਨ੍ਹਾਂ ਨੂੰ ਧਨੇਸੜੀ ਜ਼ਰੂਰ ਦਿਊਂਗਾ

ਬਜ਼ੁਰਗ ਦੇ ਅਕੇਵੇਂ ਭਰੇ ਬੋਲਾਂ ਵਿੱਚ ਔਲਾਦ ਪ੍ਰਤੀ ਬੇਹੱਦ ਗੁੱਸਾ ਸੀਖੈਰ, ਗੱਲਾਂਬਾਤਾਂ ਵਿੱਚ ਮੈਂ ਉਸਦੇ ਦੋਨਾਂ ਪੁੱਤਰਾਂ ਦਾ ਮੋਬਾਇਲ ਨੰਬਰ ਲੈ ਲਿਆਬਜ਼ੁਰਗ ਲਈ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਕਰਕੇ ਮੈਂ ਫਿਰ ਦਫਤਰ ਵਿੱਚ ਬਹਿ ਕੇ ਅੰਤਾਂ ਦਾ ਗੰਭੀਰ ਹੋ ਕੇ ਸੋਚਣ ਲੱਗ ਪਿਆ, “ਮਾਪੇ ਆਪਣੀ ਔਲਾਦ ਪ੍ਰਤੀ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਸਾਰੀ ਵਾਹ ਲਾ ਦਿੰਦੇ ਨੇ ਪਰ ਔਲਾਦ ਇਸ ਬਜ਼ੁਰਗ ਦੀ ਔਲਾਦ ਵਾਂਗ ਆਪਣੇ ਫਰਜ਼ਾਂ ਤੋਂ ਬੇਮੁਖ ਹੋ ਕੇ ਬਜ਼ੁਰਗਾਂ ਨੂੰ ਛੂਤ ਦੀ ਬਿਮਾਰੀ ਵਾਂਗ ਛੱਡ ਰਹੇ ਨੇਜਿਵੇਂ ਪਾਣੀ ਦਿਨੋਂ ਦਿਨ ਡੂੰਘਾ ਅਤੇ ਤੇਜ਼ਾਬੀ ਹੁੰਦਾ ਜਾ ਰਿਹਾ ਹੈ, ਇੰਜ ਹੀ ਰਿਸ਼ਤਿਆਂ ਦਾ ਰੰਗ ਫਿੱਕਾ ਹੋਣ ਦੇ ਨਾਲ ਨਾਲ ਨਿਘਾਰ ਵੱਲ ਵੀ ਜਾ ਰਿਹਾ ਹੈ ਖੈਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਮੈਂ ਬਜ਼ੁਰਗ ਦੇ ਵੱਡੇ ਪੁੱਤ ਨੂੰ ਫੋਨ ਕਰਕੇ ਪਹਿਲਾਂ ਪੁੱਛਿਆਂ ਕਿ ਤੁਹਾਡੇ ਬਾਪੂ ਜੀ ਕਿੱਥੇ ਨੇ, ਮੈਂ ਉਨ੍ਹਾਂ ਨਾਲ ਗੱਲ ਕਰਨੀ ਐਪੁੱਤ ਦਾ ਲਾਪਰਵਾਹੀ ਨਾਲ ਜਵਾਬ ਸੀ, “ਇੱਥੇ ਕਿਤੇ ਹੀ ਹੋਣੈ, ਤੁਸੀਂ ਆਪਣਾ ਨੰਬਰ ਦੇ ਦਿਉ, ਜਦੋਂ ਆਇਆ ਗੱਲ ਕਰਵਾ ਦਿਆਂਗੇ

ਪੁੱਤਰ ਦੇ ਇਸ ਰੁੱਖੇ ਜਿਹੇ ਜਵਾਬ ’ਤੇ ਮੈਂ ਕਰੜਾ ਜਿਹਾ ਹੋ ਕੇ ਗੱਲ ਨੂੰ ਅਗਾਂਹ ਤੋਰੀ, “ਜਿਸ ਬਾਪ ਵਾਰੇ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਹੈ, ਉਸ ਸਬੰਧੀ ਮੈਂ ਦੱਸ ਦਿਆਂ ਕਿ ਉਸਨੇ ਤੁਹਾਡੇ ਕੋਲੋਂ ਤੰਗ ਹੋ ਕੇ ਬਿਰਧ ਆਸ਼ਰਮ ਦਾ ਸਹਾਰਾ ਲਿਆ ਹੈਦੋ ਗੱਲਾਂ ਮੇਰੀਆਂ ਧਿਆਨ ਨਾਲ ਸੁਣ ਲਵੋ, ਬਜ਼ੁਰਗ ਦੀਆਂ ਅਸੀਸਾਂ ਜੇ ਤੁਹਾਨੂੰ ਖੁਸ਼ਹਾਲ ਕਰ ਸਕਦੀਆਂ ਨੇ ਤਾਂ ਦੁਰਸੀਸਾਂ ਤੁਹਾਨੂੰ ਬਰਬਾਦ ਵੀ ਕਰ ਦੇਣਗੀਆਂਉਹ ਕੁਝ ਬੋਲਣ ਹੀ ਲੱਗਿਆ ਸੀ ਕਿ ਉਹਦੀ ਗੱਲ ਕਟਦਿਆਂ ਮੈਂ ਗੱਲ ਨੂੰ ਅਗਾਂਹ ਤੋਰਿਆ, “ਜਿਸ ਜ਼ਮੀਨ ਅਤੇ ਕੋਠੀ ’ਤੇ ਤੁਹਾਡਾ ਕਬਜ਼ਾ ਹੈ, ਦਰਅਸਲ ਉਹਦਾ ਮਾਲਕ ਤੁਹਾਡਾ ਬਾਪ ਹੈਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਅਨੁਸਾਰ ਉਹ ਸਾਰੀ ਜਾਇਦਾਦ ਤੋਂ ਬੇਦਖ਼ਲ ਕਰਕੇ ਤੁਹਾਨੂੰ ਅਰਸ਼ ਤੋਂ ਫਰਸ਼ ’ਤੇ ਪਟਕਾ ਕੇ ਮਾਰ ਸਕਦਾ ਹੈਅੱਕਿਆ ਹੋਇਆ ਥੋਡਾ ਬਾਪ ਇਹ ਸਭ ਕੁਝ ਕਿਸੇ ਵੇਲੇ ਵੀ ਕਰ ਸਕਦਾ ਹੈ

ਮੇਰੀ ਗੱਲ ਸੁਣਦਿਆਂ ਹੀ ਪੁੱਤ ਦੀ ਅਵਾਜ਼ ਉੱਖੜ ਗਈਉਹਨੇ ਆਪਣੇ ਭਰਾ ਅਤੇ ਪਤਨੀ ਨੂੰ ਘਬਰਾਈ ਅਵਾਜ਼ ਵਿੱਚ ਉੱਚੀ ਦੇ ਕੇ ਕਿਹਾ, “ਓਏ, ਬਾਪੂ ਨੇ ਤਾਂ ਹੋਰ ਈ ਕੰਮ ਕਰ’ਤਾਉਹ ਤਾਂ ਬਿਰਧ ਆਸ਼ਰਮ ਵਿੱਚ ਚਲਾ ਗਿਆਕਹਿੰਦਾ ਹੁਣ ਮੈਂ ਉੱਥੇ ਹੀ ਰਹੂੰਨਾਲੇ ਜਮੀਨ ...”

ਮੁੰਡੇ ਦੀ ਅਵਾਜ਼ ਵਿੱਚ ਅੰਤਾਂ ਦੀ ਘਬਰਾਹਟ ਸੀਫਿਰ ਨਿਮਰਤਾ ਨਾਲ ਉਸ ਮੁੰਡੇ ਨੇ ਕਿਹਾ, “ਤੁਸੀਂ ਦੱਸੋ ਜੀ, ਕਿੱਥੇ ਐ ਸਾਡਾ ਬਾਪੂਅਸੀਂ ਮਿੰਨਤ ਕਰਕੇ ਮੋੜ ਲਿਆਵਾਂਗੇਸਾਡੀ ਮਦਦ ਕਰੋ ਜੀ

ਫਿਰ ਮੈਂ ਇਸ ਸ਼ਰਤ ’ਤੇ ਕਿ ਉਹ ਦੋਨੋਂ ਭਰਾ, ਉਹਨਾਂ ਦੀਆਂ ਪਤਨੀਆਂ ਅਤੇ ਪੂਰਾ ਪਰਿਵਾਰ ਬਜ਼ੁਰਗ ਕੋਲੋਂ ਮਾਫ਼ੀ ਮੰਗ ਕੇ ਭਵਿੱਖ ਵਿੱਚ ਬਜ਼ੁਰਗ ਦੀ ਪੂਰੀ ਦੇਖ ਭਾਲ ਕਰਨ ਦੀ ਜ਼ਿੰਮੇਵਾਰੀ ਲੈਣਗੇ, ਬਿਰਧ ਆਸ਼ਰਮ ਦਾ ਥਹੁ-ਟਿਕਾਣਾ ਦੱਸ ਦਿੱਤਾ

ਦੋ ਘੰਟਿਆਂ ਬਾਅਦ ਬਿਰਧ ਆਸ਼ਰਮ ਦੇ ਅੱਗੇ ਕਾਰ ਰੁਕੀਬਜ਼ੁਰਗ ਦਾ ਸਾਰਾ ਪਰਿਵਾਰ ਕਾਰ ਵਿੱਚੋਂ ਉੱਤਰਿਆਉਨ੍ਹਾਂ ਦੇ ਚਿਹਰਿਆਂ ’ਤੇ ਚਿੰਤਾ ਦੇ ਨਿਸ਼ਾਨ ਇੰਜ ਉੱਭਰੇ ਹੋਏ ਸਨ, ਜਿਵੇਂ ਉਨ੍ਹਾਂ ਦੀ ਕੋਈ ਕੀਮਤੀ ਚੀਜ਼ ਗੁੰਮ ਹੋ ਗਈ ਹੋਵੇਬਜ਼ੁਰਗ ਨੂੰ ਸਾਰੇ ਪਰਿਵਾਰ ਨਾਲ ਮਿਲਾਇਆ ਗਿਆਪਰਿਵਾਰ ਦੇ ਸਾਰੇ ਮੈਂਬਰ ਬਜ਼ੁਰਗ ਦੇ ਪੈਰਾਂ ਵਿੱਚ ਬੈਠ ਗਏਵੱਡੀ ਨੂੰਹ ਬੜੇ ਹੀ ਆਦਰ ਨਾਲ ਆਪਣੇ ਸਹੁਰੇ ਨੂੰ ਕਹਿ ਰਹੀ ਸੀ, “ਬਾਪੂ ਜੀ, ਜਿਹੜਾ ਕੁਝ ਥੋਡਾ ਖਾਣ ਨੂੰ ਜੀਅ ਕਰੇ, ਦੱਸ ਦਿਆ ਕਰੋਅਸੀਂ ਬਣਾ ਦਿਆ ਕਰਾਂਗੀਆਂ ਛੋਟੀ ਨੂੰਹ ਵੀ ਨਾਲ ਹੀ ਸਹਿਮਤੀ ਵਿੱਚ ਸਿਰ ਹਿਲਾ ਰਹੀ ਸੀਪੁੱਤ ਬਾਪ ਦੇ ਸੱਜੇ ਖੱਬੇ ਬਹਿਕੇ ਕਹਿ ਰਹੇ ਸਨ, “ਬਾਪੂ ਜਿਹੜਾ ਕੁਝ ਪਹਿਲਾਂ ਹੋ ਗਿਆ, ਉਹਦੇ ’ਤੇ ਪਾ ਮਿੱਟੀ, ਹੁਣ ਤੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਜਿੱਥੇ ਕਿਤੇ ਜਾਣਾ-ਆਉਣੈ, ਦਸ ਦਿਆ ਕਰ, ਅਸੀਂ ਆਪ ਗੱਡੀ ਵਿੱਚ ਲੈ ਕੇ ਜਾਵਾਂਗੇ ਜਾਂ ਫਿਰ ਡਰਾਈਵਰ ਦਾ ਪ੍ਰਬੰਧ ਕਰਕੇ ਭੇਜ ਦਿਆ ਕਰਾਂਗੇਚੱਲ ਹੁਣ ਆਪਣਾ ਘਰ ਸਾਂਭਸਾਰਾ ਟੱਬਰ ਲੈਣ ਆਇਐ ਤੈਨੂੰ।”

ਬਜ਼ੁਰਗ ਦੇ ਚਿਹਰੇ ’ਤੇ ਤੈਰਦੀ ਨਿਰਛਲ ਮੁਸਕਰਾਹਟ ਧਾਰਮਿਕ ਅਸਥਾਨਾਂ ’ਤੇ ਜਗਦੀਆਂ ਜੋਤਾਂ ਵਰਗੀ ਲੱਗ ਰਹੀ ਸੀਆਪਣਾ ਝੋਲਾ ਸਾਂਭ ਕੇ ਉਹ ਉੱਠ ਖੜੋਤਾਜਾ ਰਹੀ ਕਾਰ ਵੱਲ ਵਿਹੰਦਿਆਂ ਮੈਂ ਗੰਭੀਰ ਹੋ ਕੇ ਸੋਚ ਰਿਹਾ ਸੀ, “ਗਰਜ਼ਾਂ ਨਾਲ ਬੱਝਿਆ ਪਰਿਵਾਰ ਬਜ਼ੁਰਗ ਨੂੰ ਆਦਰ ਨਾਲ ਲੈ ਗਿਆ ਪਰ ਜਿਹੜੇ ਬਜ਼ੁਰਗ ਖਾਲੀ ਜੇਬ ਅਤੇ ਖਾਲੀ ਪੇਟ ਬੇਵਸੀ ਦਾ ਜੀਵਨ ਬਤੀਤ ਕਰ ਰਹੇ ਨੇ, ਉਨ੍ਹਾਂ ਨੂੰ ਕੌਣ ਸੰਭਾਲੇਗਾ?”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2612)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author