“ਬਦਲੀਆਂ, ਪੋਸਟਿੰਗਾਂ, ਇਨਕੁਆਰੀਆਂ ਵਿੱਚ ਪੜਤਾਲ ਦਾ ਰੁੱਖ ਮੋੜਨਾ, ਟੈਕਸ ਚੋਰੀ ਦੇ ਧੰਦੇ ...”
(10 ਨਵੰਬਰ 2025)

ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਨੇ ਦੇਸ਼ ਵਿੱਚ ਗਰੀਬੀ ਅਮੀਰੀ ਦੇ ਪਾੜੇ ਦਾ ਜ਼ਿਕਰ ਇਨ੍ਹਾਂ ਕਾਵਿ-ਮਈ ਬੋਲਾਂ ਰਾਹੀਂ ਕੀਤਾ ਹੈ:
ਦੋ ਟੋਟਿਆਂ ਦੇ ਵਿੱਚ ਭੋਏਂ ਵੰਡੀ,
ਇਕ ਲੋਕਾਂ ਦੀ, ਇੱਕ ਜੋਕਾਂ ਦੀ।
ਇਨ੍ਹਾਂ ਸਤਰਾਂ ਵਿੱਚ ਸਿੱਧੇ ਤੌਰ ’ਤੇ ਗਰੀਬਾਂ, ਮਜ਼ਦੂਰਾਂ, ਲੋੜਵੰਦਾਂ ਅਤੇ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਸਰਮਾਏਦਾਰ ਕਹਾਉਣ ਵਾਲਿਆਂ ਨੂੰ ‘ਜੋਕਾਂ’ ਕਿਹਾ ਗਿਆ ਹੈ। ਭਾਵੇਂ ਉਨ੍ਹਾਂ ਨੇ ਇਹ ਕਾਵਿ-ਮਈ ਸ਼ਬਦ 1961 ਵਿੱਚ ਲਿਖੇ ਸਨ, ਪਰ ਇਹ ਲਹੂ ਪੀਣੀਆਂ ਜੋਕਾਂ ਦਾ ਘੇਰਾ ਪਹਿਲਾਂ ਨਾਲੋਂ ਵੀ ਵਿਸ਼ਾਲ ਹੋ ਗਿਆ ਹੈ। ਅਸਲੀ ਹੱਕਦਾਰਾਂ ਨੂੰ ਪਿੱਛੇ ਧੱਕ ਕੇ ਨਿਕੰਮੇ, ਲਾਪਰਵਾਹ, ਲਾਲਚੀ ਅਤੇ ਦੁਸ਼ਟ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਖ਼ੇਤਰਾਂ ਵਿੱਚ ਅਹਿਮ ਅਹੁਦੇ ਪ੍ਰਾਪਤ ਕੀਤੇ ਹੋਏ ਹਨ। ਅਹਿਮ ਅਹੁਦੇ, ਨਜਾਇਜ਼ ਕੰਮ ਅਤੇ ਕਈ ਵਾਰ ਇਨਸਾਫ ਦੇ ਤਰਾਜੂ ਨੂੰ ਵੀ ਬੇਇਨਸਾਫੀ ਵਾਲੇ ਪਾਸੇ ਉਲਰਨ ਵਿੱਚ ਸਰਮਾਏਦਾਰਾਂ, ਸਰਕਾਰੀ ਤੰਤਰ ਵਿੱਚ ਬੈਠੇ ਉੱਚ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੇ ਦੱਲਿਆਂ ਨੇ ਅਹਿਮ ਭੂਮਿਕਾ ਨਿਭਾ ਕੇ ਜਿੱਥੇ ਸਮਾਜ ਨੂੰ ਖੋਖਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਉੱਥੇ ਹੀ ਵਿੱਦਿਅਕ, ਖੇਡਾਂ, ਕਲਾ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਦੀਆਂ ਪ੍ਰਾਪਤੀਆਂ ਨੂੰ ਖੂੰਜੇ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਭਲਾ ਜਦੋਂ ਇਨ੍ਹਾਂ ਦੱਲਿਆ ਰਾਹੀਂ ਮੋਟੀ ਰਕਮ ਖਰਚ ਕੇ ਅਯੋਗ ਉਮੀਦਵਾਰ ਚੰਗੀਆਂ ਪੋਸਟਾਂ ਪ੍ਰਾਪਤ ਕਰਦੇ ਹਨ, ਫਿਰ ਉਹਨਾਂ ਦੀ ਭਵਿੱਖ ਵਿੱਚ ਕਾਰਗੁਜ਼ਾਰੀ ਕਿਹੋ ਜਿਹੀ ਹੋਵੇਗੀ? ਉਹ ਆਪਣੇ ਰਿਸ਼ਵਤ ਵਿੱਚ ਦਿੱਤੇ ਪੈਸੇ ਤੋਂ ਕਿਤੇ ਜ਼ਿਆਦਾ ਪੈਸਾ ਇਕੱਠਾ ਕਰਨ ਦੀ ਦੌੜ ਵਿੱਚ ਲੱਗੇ ਰਹਿਣਗੇ। ਦੂਜੇ ਪਾਸੇ ਜਿਹੜੇ ਅਸਲੀ ਹੱਕਦਾਰ ਆਪਣੇ ਹੱਕ ਤੋਂ ਵਾਂਝੇ ਰਹਿ ਗਏ, ਉਹ ਘੋਰ ਨਿਰਾਸ਼ਤਾ ਦਾ ਸ਼ਿਕਾਰ ਹੁੰਦਿਆਂ ਹਿੰਸਕ ਪ੍ਰਵਿਰਤੀਆਂ ਦਾ ਸ਼ਿਕਾਰ ਹੋ ਕੇ ਜਾਂ ਤਾਂ ਬਾਗੀ ਸੁਰ ਧਾਰਨ ਕਰਨਗੇ ਜਾਂ ਫਿਰ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਸਿਵਿਆਂ ਵੱਲ ਰੁਖ ਕਰਨਗੇ। ਅਜਿਹੇ ਘਿਨਾਉਣੇ ਵਰਤਾਰੇ ਵਿੱਚ ਸਮਾਜ, ਪ੍ਰਾਂਤ ਅਤੇ ਦੇਸ਼ ਦੀ ਖੁਸ਼ਹਾਲੀ ਉੱਤੇ ਪ੍ਰਸ਼ਨ ਚਿੰਨ੍ਹ ਲੱਗਣਾ ਹੀ ਹੈ।
ਸਾਲ 2015 ਤੋਂ 2017 ਦੇ ਅੱਧ ਤਕ ਜਿੰਨੀਆਂ ਵੀ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀਆਂ ਦੇ ਇਸ਼ਤਿਹਾਰ ਨਿਕਲੇ, ਉਹਨਾਂ ਇਸ਼ਤਿਹਾਰਾਂ ਉੱਤੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਲਖਨਊ ਦੇ ਸੰਜੇ ਕਪੂਰ ਸ੍ਰੀ ਵਾਸਤਵ ਉਰਫ ਗੁਰੂ ਦੀ ਤਿਰਛੀ ਨਜ਼ਰ ਪਈ ਅਤੇ ਉਸਨੇ ਮਾਇਆ ਦਾ ਅਜਿਹਾ ਜਾਲ ਕੁਝ ਅਧਿਕਾਰੀਆਂ, ਕਰਮਚਾਰੀਆਂ ਵੱਲ ਸੁੱਟਿਆ ਕਿ ਉਹ ਉਸ ਜਾਲ ਵਿੱਚ ਫਸ ਗਏ। ਉਮੀਦਵਾਰਾਂ ਦੀ ਯੋਗਤਾ ਪਰਖਣ ਲਈ ਲਿਖਤੀ ਇਮਤਿਹਾਨ ਦੇ ਜਿੱਥੋਂ ਪ੍ਰਸ਼ਨ ਪੱਤਰ ਛਪਦੇ ਸਨ, ਉਹਨਾਂ ਦਾ ਥਹੁ ਟਿਕਾਣਾ ਇਸ ਚਲਾਕ ਦੱਲੇ ਨੇ ਪ੍ਰਾਪਤ ਕਰਕੇ ਫਿਰ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਨਾਲ ਵੀ ਪੈਸੇ ਦੇ ਜ਼ੋਰ ਨਾਲ ਗੰਢ ਤੁਪ ਕਰਨ ਉਪਰੰਤ ਪ੍ਰੀਖਿਆ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਪ੍ਰਾਪਤ ਕਰ ਲਿਆ। ਇਸ ਦੱਲੇ ਨੇ ਅਗਾਂਹ ਹੋਰ ਦੱਲਿਆਂ ਰਾਹੀਂ ਉਮੀਦਵਾਰਾਂ ਨਾਲ ਸੰਪਰਕ ਕਰਕੇ 10 ਲੱਖ ਤੋਂ 50 ਲੱਖ ਤਕ ਪ੍ਰਤੀ ਉਮੀਦਵਾਰ ਪ੍ਰਾਪਤ ਕਰਕੇ ਉਹਨਾਂ ਨੂੰ ਲਖਨਊ ਬੁਲਾ ਕੇ ‘ਇਕ ਦਿਨ ਦੀ ਟ੍ਰੇਨਿੰਗ’ ਦੇਣ ਉਪਰੰਤ ਅਗਲੇ ਦਿਨ ਪੰਜਾਬ ਦੇ ਵੱਖ-ਵੱਖ ਥਾਂਵਾਂ ’ਤੇ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣ ਲਈ ਭੇਜ ਦਿੱਤਾ। ਇੰਜ ਦੱਲਿਆਂ ਨੇ ਜਿੱਥੇ ਕਰੋੜਾਂ ਰੁਪਏ ਇਕੱਠੇ ਕੀਤੇ, ਉੱਥੇ ਹੀ ਪ੍ਰਬੰਧਕੀ ਖੇਤਰ ਵਿੱਚ ਸੰਨ੍ਹ ਲਾ ਕੇ ਅਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਵੀ ਸਫਲ ਹੋਏ। ਮਈ 2017 ਵਿੱਚ ਜਦੋਂ ਇਸ ਦੱਲੇ ਨੂੰ ਫੜਿਆ ਗਿਆ ਤਦ ਹੀ ਵਿਜਲੈਂਸ ਵਿਭਾਗ ਨੂੰ ਉਸਦੇ ਬੁਣੇ ਗਏ ਇਸ ਜਾਲ਼ ਸਬੰਧੀ ਪਤਾ ਲੱਗਿਆ। ਉਨ੍ਹਾਂ ਦਿਨਾਂ ਵਿੱਚ ਹੀ ਹਰਿਆਣੇ ਦੇ ਰਹਿਣ ਵਾਲੇ ਮੁਸ਼ਤਾਕ ਅਹਿਮਦ ਨਾਂ ਦੇ ਦੱਲੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਦੇ ਸਮੇਂ ਜਦੋਂ ਉਸਦਾ ਮੋਬਾਇਲ ਚਾਲੂ ਕੀਤਾ ਗਿਆ ਤਾਂ ਜਿਹੜੇ ਉਮੀਦਵਾਰਾਂ ਨਾਲ ਉਸਨੇ ਸੌਦਾ ਤੈਅ ਕੀਤਾ ਹੋਇਆ ਸੀ, ਉਨ੍ਹਾਂ ਦੇ ਧੜਾਂ ਧੜ ਫੋਨ ਆਉਣੇ ਸ਼ੁਰੂ ਹੋ ਗਏ ਸਨ। ਉਹ ਮੁਸ਼ਤਾਕ ਅਹਿਮਦ ਤੋਂ ਪ੍ਰੀਖਿਆ ਵਿੱਚ ਬੈਠਣ ਤੋਂ ਪਹਿਲਾਂ ਪ੍ਰਸ਼ਨ ਪੱਤਰ ਸਬੰਧੀ ਪੁੱਛ ਰਹੇ ਸਨ।
ਇੰਜ ਹੀ ਸਾਲ 2002 ਵਿੱਚ ਦੱਲਿਆਂ ਨੇ ਪੰਜਾਬ ਸਰਵਿਸ ਕਮਿਸ਼ਨ ਵਿੱਚ ਵੀ ਘੁਸਪੈਠ ਕਰਕੇ ਉਸ ਸਮੇਂ ਦੇ ਚੇਅਰਮੈਨ ਰਵੀ ਸਿੱਧੂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉੱਚੇ ਅਹੁਦਿਆਂ ਦੀ ਨਿਲਾਮੀ ਲਾ ਦਿੱਤੀ ਸੀ। ਇਹ ਭਾਂਡਾ ਉਦੋਂ ਭੰਨ ਹੋਇਆ ਜਦੋਂ ਰਵੀ ਸਿੱਧੂ ਨੂੰ ਪੰਜਾਬ ਵਿਜੀਲੈਂਸ ਵਿਭਾਗ ਨੇ ਕਾਬੂ ਕੀਤਾ ਅਤੇ ਉਸਦੇ ਲਾਕਰਾਂ ਵਿੱਚੋਂ ਅੱਠ ਕਰੋੜ ਦੀ ਰਾਸ਼ੀ ਬਰਾਮਦ ਹੋਈ ਸੀ। ਦੱਲਿਆ ਰਾਹੀਂ ਪੈਸੇ ਦੇ ਜ਼ੋਰ ਨਾਲ ਅਹਿਮ ਨਿਯੁਕਤੀਆਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਨੇ ਨੌਕਰੀਆਂ ਤੋਂ ਵਾਂਝੇ ਵੀ ਕਰ ਦਿੱਤਾ ਸੀ।
ਜੂਨ 2025 ਵਿੱਚ ਪੰਜਾਬ ਦੀ ਇੱਕ ਸਬ ਡਵੀਜ਼ਨ ਨਾਲ ਸੰਬੰਧਿਤ ਐੱਸ.ਡੀ.ਐੱਮ. ਦੇ ਸਟੈਨੋ ਦੀ ਅਲਮਾਰੀ ਵਿੱਚੋਂ ਵਿਜੀਲੈਂਸ ਵਿਭਾਗ ਨੇ 24.06 ਲੱਖ ਦੀ ਰਾਸ਼ੀ ਬਰਾਮਦ ਕੀਤੀ ਸੀ। ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਕਈ ਅਧਿਕਾਰੀਆਂ ਦੇ ਪੀ.ਏ. ਜਾਂ ਸਟੈਨੋ ਦੱਲੇ ਦਾ ਕੰਮ ਕਰਕੇ ਅਫਸਰਾਂ ਨੂੰ ਰਿਸ਼ਵਤਾਂ ਪਹੁੰਚਾਉਂਦੇ ਹਨ। ਦਰਅਸਲ ਜੇ ਪੰਜਾਬ ਬਹੁ-ਪੱਖੀ ਅਤੇ ਬਹੁ-ਪਰਤੀ ਸਮੱਸਿਆਵਾਂ ਵਿੱਚ ਘਿਰ ਕੇ ਰੰਗਲਾ ਪੰਜਾਬ ਦੀ ਥਾਂ ‘ਵਿਚਾਰਾ ਪੰਜਾਬ’ ਬਣ ਗਿਆ ਹੈ ਤਾਂ ਮੁੱਖ ਕਾਰਨਾਂ ਵਿੱਚੋਂ ਇੱਕ ਭ੍ਰਿਸ਼ਟ ਰਾਜ ਤੰਤਰ ਦਾ ਹੋਣਾ ਹੈ। ਦਰਅਸਲ ਬਹੁਤ ਸਾਰੇ ਰਾਜਨੀਤਕ ਆਗੂ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਬੈਠੀਆਂ ਕਾਲੀਆਂ ਭੇਡਾਂ ਨੇ ਜਿੱਥੇ ਲੋਕਤੰਤਰ ਦੀ ਸੰਘੀ ਨੱਪੀ ਹੋਈ ਹੈ, ਉੱਥੇ ਹੀ ਹੱਕਦਾਰ ਲੋਕਾਂ ਦਾ ਖੂਨ ਚੂਸ ਕੇ ਉਹਨਾਂ ਦੀਆਂ ਦੁਰਅਸੀਸਾਂ ਦੇ ਭਾਗੀ ਵੀ ਬਣੇ ਹਨ। ਅਜਿਹੀਆਂ ਦੁਰ ਅਸੀਸਾਂ ਦਾ ਝੰਬਿਆ ਹੋਇਆ ਅਧਿਕਾਰੀ ਜਾਂ ਰਾਜਨੀਤਕ ਆਗੂ ਬਹੁਤ ਵਾਰ ਨਾਇਕ ਤੋਂ ਖਲਨਾਇਕ ਬਣ ਕੇ ਨਰਕ ਭਰੀ ਜ਼ਿੰਦਗੀ ਬਤੀਤ ਕਰਦਾ ਹੈ।
16 ਅਕਤੂਬਰ 2025 ਨੂੰ ਕ੍ਰਿਸ਼ਾਨੂੰ ਸ਼ਾਰਦਾ ਨਾਂ ਦਾ ਦੱਲਾ ਸੀ.ਬੀ.ਆਈ. ਦੇ ਸ਼ਿਕੰਜੇ ਵਿੱਚ ਆਇਆ ਹੈ, ਜਿਸਦੇ ਘਰੋਂ ਤਲਾਸ਼ੀ ਲੈਣ ਤੇ 21 ਲੱਖ ਨਕਦ, ਡੇਢ ਕਿਲੋ ਚਾਂਦੀ ਅਤੇ ਉਸਦੀ ਪਤਨੀ ਦੇ ਬੈਂਕ ਖਾਤੇ ਵਿੱਚ 1.20 ਕਰੋੜ ਰੁਪਏ ਜਮ੍ਹਾਂ ਹੋਣ ਦਾ ਪਤਾ ਲੱਗਿਆ ਹੈ। ਗੋਬਿੰਦਗੜ੍ਹ ਮੰਡੀ ਦੇ ਸਕਰੈਪ ਡੀਲਰ ਆਕਾਸ਼ ਬੱਤਾ ਤੋਂ ਰੋਪੜ ਰੇਂਜ ਦੇ ਡੀ.ਆਈ.ਜੀ. ਲਈ ਦੱਲੇ ਵਜੋਂ 8 ਲੱਖ ਦੀ ਰਿਸ਼ਵਤ ਮੰਗਣ ਸਮੇਂ ਪੰਜ ਲੱਖ ਦੀ ਰਾਸ਼ੀ ਆਕਾਸ਼ ਬੱਤਾ ਵੱਲੋਂ ਦਿੰਦਿਆਂ ਡੀ ਆਈ ਜੀ ਹਰਚਰਨ ਭੁੱਲਰ ਅਤੇ ਦੱਲਾ ਕ੍ਰਿਸ਼ਾਨੂੰ ਸ਼ਾਰਦਾ ਸੀ.ਬੀ.ਆਈ. ਨੇ ਰੰਗੇ ਹੱਥੀਂ ਫੜ ਲਏ ਹਨ। ਡੀ.ਆਈ.ਜੀ. ਅਤੇ ਕ੍ਰਿਸ਼ਾਨੂੰ ਸ਼ਾਰਦਾ ਨੂੰ ਸੀ .ਬੀ .ਆਈ ਵੱਲੋਂ ਰਿਮਾਂਡ ’ਤੇ ਲਿਆ ਗਿਆ ਹੈ। ਕ੍ਰਿਸ਼ਾਨੂੰ ਸ਼ਾਰਦਾ ਤੋਂ ਪੁੱਛਗਿੱਛ ਉਪਰੰਤ ਜੋ ਕੁਝ ਸਾਹਮਣੇ ਆਇਆ ਹੈ, ਉਹ ਸਾਨੂੰ ਸਭ ਨੂੰ ਸੁੰਨ ਕਰਨ ਵਾਲਾ ਹੈ। ਉਸਨੇ ਸਿਰਫ ਹਰਚਰਨ ਭੁੱਲਰ ਲਈ ਹੀ ਦੱਲੇ ਦਾ ਕੰਮ ਨਹੀਂ ਕੀਤਾ ਸਗੋਂ ਬਹੁਤ ਸਾਰੇ ਹੋਰ ਭ੍ਰਿਸ਼ਟ ਅਫਸਰਾਂ ਲਈ ਦੱਲੇ ਦਾ ਕੰਮ ਕਰਦੇ ਹੋਏ ਨਿਯਮਾਂ ਨੂੰ ਛਿੱਕੇ ਟੰਗਦਿਆਂ ਮਨ ਮਰਜ਼ੀ ਦੇ ਕੰਮ ਕਰਵਾਕੇ ਅਫਸਰਾਂ ਦੀਆਂ ਤਿਜੌਰੀਆਂ ਵੀ ਭਰੀਆਂ ਅਤੇ ਆਪਣਾ ਹਿੱਸਾ ਵੀ ਰੱਖਿਆ। ਬਦਲੀਆਂ, ਪੋਸਟਿੰਗਾਂ, ਇਨਕੁਆਰੀਆਂ ਵਿੱਚ ਪੜਤਾਲ ਦਾ ਰੁੱਖ ਮੋੜਨਾ, ਟੈਕਸ ਚੋਰੀ ਦੇ ਧੰਦੇ, ਥਾਣਿਆਂ ਵਿੱਚ ਐੱਫ.ਆਈ.ਆਰ. ਦਰਜ਼ ਕਰਵਾਉਣੀ ਜਾਂ ਫਿਰ ਰੱਦ ਕਰਵਾਉਣੀ ਇਸ ਦੱਲੇ ਦਾ ਕਾਰਜ ਖੇਤਰ ਰਿਹਾ ਹੈ। ਉਸ ਕੋਲੋਂ ਪ੍ਰਾਪਤ ਡਾਇਰੀ ਅਤੇ ਹੋਰ ਅਹਿਮ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਸਕੱਤਰੇਤ ਵਿੱਚ ਬੈਠੇ ਬਹੁਤ ਸਾਰੇ ਅਧਿਕਾਰੀਆਂ ਦਾ ਕ੍ਰਿਸ਼ਾਨੂੰ ਸ਼ਾਰਦਾ ਚਹੇਤਾ ਰਿਹਾ ਹੈ। ਉਨ੍ਹਾਂ ਦਾ ‘ਕਮਾਊ ਪੁੱਤ’ ਜੁ ਸੀ। ਸੀ.ਬੀ.ਆਈ. ਵੱਲੋਂ ਰੀਅਲ ਅਸਟੇਟ ਨਾਲ ਸੰਬੰਧਿਤ ਕਾਰੋਬਾਰੀਆਂ ਦੇ ਦਫਤਰਾਂ ਅਤੇ ਘਰਾਂ ਵਿੱਚ ਕੀਤੀ ਛਾਪੇਮਾਰੀ ਤੋਂ ਇਹ ਵੀ ਸਪਸ਼ਟ ਹੋਇਆ ਹੈ ਕਿ ਰੀਅਲ ਅਸਟੇਟ ਨਾਲ ਸਬੰਧਤ ਕਈ ਕਾਰੋਬਾਰੀਆਂ ਨੇ ਦੱਲੇ ਵਜੋਂ ਕੰਮ ਕਰਦਿਆਂ ਭ੍ਰਿਸ਼ਟ ਅਫਸਰਾਂ ਦੇ ਕਾਲੇ ਧਨ ਨੂੰ ‘ਸ਼ੁੱਧ ਕਮਾਈ’ ਵਿੱਚ ਬਦਲਣ ਲਈ ਅਹਿਮ ਭੂਮਿਕਾ ਨਿਭਾਈ ਹੈ।
ਕ੍ਰਿਸ਼ਾਨੂੰ ਸ਼ਾਰਦਾ ਵਰਗੇ ਪਤਾ ਨਹੀਂ ਕਿੰਨੇ ਕੁ ਦੱਲੇ ਹਰ ਥਾਂ ਗਾਹਕਾਂ ਦੀ ਤਲਾਸ਼ ਵਿੱਚ ਭਟਕਦੇ ਫਿਰਦੇ ਹਨ। ਦੱਲਿਆਂ, ਭ੍ਰਿਸ਼ਟ ਅਫਸਰਾਂ ਅਤੇ ਰਾਜਨੀਤਕ ਆਗੂਆਂ ਨੂੰ ਗੰਭੀਰ ਹੋ ਕੇ ਇਹ ਚਿੰਤਨ ਕਰਨਾ ਚਾਹੀਦਾ ਹੈ ਕਿ ਪੈਸੇ ਦੀ ਅੰਨ੍ਹੀ ਦੌੜ ਮਨ ਦਾ ਚੈਨ ਗੁਆਉਂਦੀ ਹੈ ਅਤੇ ਅਜਿਹਾ ਘਟੀਆ ਕਰਮ ਲੋਕਾਂ ਨਾਲ ਗ਼ਦਾਰੀ ਵੀ ਹੈ। ਕਾਸ਼! ਅਜਿਹੀ ਸੋਚ ਉਹਨਾਂ ਦੇ ਅੰਗ ਸੰਗ ਰਹੇ:
ਦਿਨ ਰਾਤ ਭਟਕਦੀ ਹੈ ਹਵਸ, ਸੋਨੇ ਕੀ ਦੁਕਾਨੋ ਪਰ।
ਗਰੀਬੀ ਕਾਨ ਛਿਦਵਾਤੀ ਹੈ, ਔਰ ਤਿਨਕਾ ਡਾਲ ਲੇਤੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (