MohanSharma8ਹੁਣ ਲੋਕ ਬੇਸਬਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਿਪੋਰਟ ਵਿੱਚ ਦਰਜ ਉਨ੍ਹਾਂ ਕਾਲੀਆਂ ਭੇਡਾਂ ਉੱਤੇ ਸਖ਼ਤ ਕਾਰਵਾਈ ...
(7 ਅਪਰੈਲ 2023)
ਇਸ ਸਮੇਂ ਪਾਠਕ: 340.


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਅਪਰੈਲ ਨੂੰ ਟਵੀਟ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਹਾਈ ਕੋਰਟ ਨੇ ਡਰੱਗ ਨਾਲ ਸਬੰਧਤ ਜਿਹੜੇ ਸੀਲ ਬੰਦ ਲਿਫਾਫੇ 28 ਮਾਰਚ 2023 ਨੂੰ ਖੋਲ੍ਹੇ ਹਨ
, ਉਹ ਉਨ੍ਹਾਂ ਕੋਲ ਪੁੱਜ ਗਏ ਹਨ ਅਤੇ ਛੇਤੀ ਹੀ ਰਿਪੋਰਟ ’ਤੇ ਅਮਲ ਕਰਦਿਆਂ ਇਸ ਕਾਲੇ ਧੰਦੇ ਨਾਲ ਜੁੜੇ ਜ਼ਿੰਮੇਵਾਰ ਵਿਅਕਤੀਆਂ ਉੱਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਦੇ ਇਸ ਟਵੀਟ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਤਸਕਰਾਂ, ਅਫਸਰਾਂ ਅਤੇ ਸਿਆਸਤਦਾਨਾਂ ਦੇ ਮਜ਼ਬੂਤ ਗੱਠਜੋੜ ਖ਼ਿਲਾਫ ਸਖ਼ਤ ਕਾਰਵਾਈ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਬੰਦ ਲਿਫਾਫਿਆਂ ਦੀ ਰਿਪੋਰਟ ਭਾਵੇਂ ਜਨਤਕ ਨਹੀਂ ਹੋਈ ਪਰ ਫਿਰ ਵੀ ‘ਚੋਰ ਦੀ ਦਾੜ੍ਹੀ ਵਿੱਚ ਤਿਨਕਾ’ ਦੇ ਅਨੁਸਾਰ ਸਿਆਸੀ ਗਲਿਆਰਿਆਂ, ਅਫਸਰਸ਼ਾਹੀ ਅਤੇ ਇਸ ਕਾਲੇ ਧੰਦੇ ਦੇ ਕਾਰੋਬਾਰੀਆਂ ਵਿੱਚ ਖ਼ੌਫ਼ ਦੀ ਹਨੇਰੀ ਜ਼ਰੂਰ ਝੁੱਲ ਗਈ ਹੈ।

ਹਾਈ ਕੋਰਟ ਵਿੱਚ ਪੁੱਜੇ ਚਾਰ ਸੀਲਬੰਦ ਲਿਫਾਫਿਆਂ ਦੇ ਪਿਛੋਕੜ ’ਤੇ ਪੰਛੀ ਝਾਤ ਮਾਰਨ ਸਮੇਂ ਸਾਡੇ ਸਾਹਮਣੇ ਪੰਜਾਬ ਦਾ ਨਸ਼ਿਆਂ ਕਾਰਨ ਦਰਦਨਾਕ ਮੰਜ਼ਰ ਸਾਹਮਣੇ ਆ ਜਾਂਦਾ ਹੈ, ਜਿੱਥੇ ਬੇਵੱਸ ਖੂਨ ਦੇ ਅੱਥਰੂ ਕੇਰਦੇ ਮਾਪੇ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਹਨ। ਨਸ਼ਿਆਂ ਕਾਰਨ ਸਿਵਿਆਂ ਦੀ ਅੱਗ ਦਿਨ-ਬ-ਦਿਨ ਪ੍ਰਚੰਡ ਹੋ ਰਹੀ ਹੈ ਅਤੇ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਪੰਜਾਬੀਆਂ ਨੂੰ ਕੱਖੋਂ ਹੌਲੇ ਕਰਨ ਦੇ ਨਾਲ-ਨਾਲ ਮਾਨਸਿਕ, ਬੌਧਿਕ ਅਤੇ ਆਰਥਿਕ ਪੱਖ ਤੋਂ ਸਥਿਤੀ ਪਾਣੀਉਂ ਵੀ ਪਤਲੀ ਕਰ ਦਿੱਤੀ ਹੈ। ਨਸ਼ਿਆਂ ਦੇ ਮਾਰੂ ਪ੍ਰਕੋਪ ਕਾਰਨ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸੇ ਵਿਦਵਾਨ ਦੇ ਬੋਲ ਹਨ, “ਦੇਸ਼ ਦਾ ਐਨਾ ਨੁਕਸਾਨ ਦੁਸ਼ਮਣ ਦੇ ਫੌਜੀ ਹਮਲਿਆਂ ਕਾਰਨ ਨਹੀਂ ਹੁੰਦਾ, ਜਿੰਨਾ ਨੁਕਸਾਨ ਨਸ਼ਿਆਂ ਕਾਰਨ ਹੁੰਦਾ ਹੈ। ਨਸ਼ੇ ਤਾਂ ਇੱਕ ਪੀੜ੍ਹੀ ਹੀ ਨਿਗ਼ਲ ਲੈਂਦੇ ਹਨ।” ਸੱਚਮੁੱਚ ਇਸ ਪੱਖ ਤੋਂ ਪੰਜਾਬ ਦੀ ਸਥਿਤੀ ਇੰਜ ਬਣੀ ਹੋਈ ਹੈ ਜਿਵੇਂ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ।

ਸਮੇਂ-ਸਮੇਂ ਇਹ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਨਸ਼ੇ ਦੇ ਤਸਕਰ ਸਿਆਸੀ ਸਰਪ੍ਰਸਤੀ ਹੇਠ ਦਨਦਨਾਉਂਦੇ ਫਿਰਦੇ ਹਨ ਅਤੇ ਉਦੋਂ ਇਹ ਗੱਲ ਜੱਗ ਜ਼ਾਹਿਰ ਹੋ ਗਈ ਜਦੋਂ ਪੁਲਿਸ ਵਿਭਾਗ ਦੇ ਸਾਬਕਾ ਡੀ.ਐੱਸ.ਪੀ. ਜਗਦੀਸ਼ ਭੋਲਾ ਨੂੰ ਨਵੰਬਰ 2013 ਵਿੱਚ ਬਹੁ-ਕਰੋੜੀ ਡਰੱਗ ਤਸਕਰੀ ਦੇ ਕੇਸ ਵਿੱਚ ਫੜਿਆ ਗਿਆ ਅਤੇ ਉਸਨੇ ਅਦਾਲਤ ਵਿੱਚ ਪੇਸ਼ੀ ’ਤੇ ਜਾਣ ਸਮੇਂ ਪੱਤਰਕਾਰਾਂ ਕੋਲ ਸ਼ਰੇਆਮ ਡਰੱਗ ਤਸਕਰੀ ਦੀ ਮਿਲੀ ਭੁਗਤ ਅਤੇ ਸ਼ਹਿ ਦੇਣ ਲਈ ਅਕਾਲੀ ਵਜ਼ਾਰਤ ਦੇ ਸਿਰਕੱਢ ਆਗੂ ਦਾ ਨਾਂ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਤਰਥੱਲੀ ਮਚਾ ਦਿੱਤੀ। 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਵਿੱਚ ਕੌਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਸ ਵੇਲੇ ਪੰਜਾਬ ਵਿੱਚ ਰਾਜ ਕਰ ਰਹੀ ਅਕਾਲੀ ਵਜ਼ਾਰਤ ਨੂੰ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਰਾਸ ਨਹੀਂ ਆਈ ਅਤੇ ਪਾਰਟੀ ਆਗੂਆਂ ਨੇ 2014 ਦੀਆਂ ਪਾਰਲੀਮੈਂਟ ਚੋਣਾਂ ਲਈ ਗੰਭੀਰ ਖ਼ਤਰਾ ਮੰਨਦਿਆਂ ਭਾਰਤ ਦੀ ਸਰਹੱਦ ’ਤੇ ਧਰਨਾ ਦੇ ਕੇ ਕੇਂਦਰ ਸਰਕਾਰ ਨੂੰ ਇਹ ਸੰਕੇਤ ਦਿੱਤਾ ਕਿ ਨਸ਼ਾ ਸਰਹੱਦ ਪਾਰੋਂ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ ਅਤੇ ਸਰਹੱਦ ਦੀ ਰਾਖੀ ਬੀ.ਐੱਸ.ਐੱਫ. ਕਰ ਰਹੀ ਹੈ ਅਤੇ ਬੀ.ਐੱਸ.ਐੱਫ. ਕੇਂਦਰ ਸਰਕਾਰ ਦੇ ਅਧੀਨ ਹੋਣ ਕਾਰਨ ਸਰਹੱਦ ਤੋਂ ਨਸ਼ੇ ਦੀ ਰੋਕਥਾਮ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਇਹ ਕਹਿੰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ:

ਜੋ ਧਰਨੇ ਲਾਉਂਦੇ ਬਾਰਡਰ ’ਤੇ
ਉਹ ਨਸ਼ਾ ਵੇਚਦੇ ਆਡਰ ’ਤੇ।

ਸਿਆਸੀ ਪਾਰਟੀਆਂ ਨੂੰ ਨਸ਼ਿਆਂ ਕਾਰਨ ਪੰਜਾਬ ਦੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਬੌਧਿਕ ਕੰਗਾਲੀ ਦਾ ਕੋਈ ਫ਼ਿਕਰ ਨਹੀਂ ਸੀ, ਸਗੋਂ ਸਿਆਸੀ ਆਗੂਆਂ ਨੇ ਨਸ਼ਿਆਂ ਨੂੰ ਮੁੱਦੇ ਵਜੋਂ ਉਭਾਰ ਕੇ ਇਸ ਨੂੰ ਸਤਾ ਪ੍ਰਾਪਤੀ ਦਾ ਸਾਧਨ ਬਣਾਇਆ। ਸਿਆਸੀ ਲੋਕ ਇਸ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਦੇ ਰਹੇ, ਪਰ ਲੋਕਾਂ ਦੇ ਘਰਾਂ ਅੰਦਰ ਵਿਛੇ ਸੱਥਰਾਂ ’ਤੇ ਇਹ ਪ੍ਰਸ਼ਨ ਧੁਖਦੇ ਰਹੇ ਕਿ ਇਹ ਕਿਹੋ-ਜਿਹਾ ‘ਵਿਕਾਸ’ ਹੈ, ਜਿਸ ਨੇ ਲੋਕਾਂ ਦੇ ਅੱਥਰੂਆਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਸਿਵਿਆਂ ਵੱਲ ਜਾਂਦੀ ਭੀੜ ਵਿੱਚ ਨਿਰੰਤਰ ਵਾਧਾ ਕੀਤਾ ਹੈ। ‘ਨਸ਼ਾ ਮੁਕਤ ਪੰਜਾਬ’ ਦੇ ਨਾਅਰੇ ਨਾਲ ਹੀ ਆਮ ਆਦਮੀ ਪਾਰਟੀ ਨੇ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਚਾਰ ਸਾਂਸਦਾਂ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਿਆ। 2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਦੁਖਦੀ ਰਗ਼ ’ਤੇ ਸਿਆਸੀ ਸ਼ਬਦਾਂ ਦਾ ਫੈਹਾ ਰੱਖਦਿਆਂ ਗੁਟਕਾ ਸਾਹਿਬ ’ਤੇ ਹੱਥ ਧਰ ਕੇ ਸਹੁੰ ਖਾਧੀ ਕਿ ਉਹ ਪੰਜਾਬ ਵਿੱਚੋਂ 4 ਹਫ਼ਤਿਆਂ ਦੇ ਅੰਦਰ-ਅੰਦਰ ਨਸ਼ਾ ਖਤਮ ਕਰ ਦੇਣਗੇ। ਫਰਵਰੀ 2017 ਵਿੱਚ ਕੈਪਟਨ ਸਰਕਾਰ ਹੋਂਦ ਵਿੱਚ ਆਉਣ ’ਤੇ ਉਨ੍ਹਾਂ ਵੱਲੋਂ ਅਪਰੈਲ 2017 ਵਿੱਚ ਐੱਸ.ਟੀ.ਐੱਫ ਦਾ ਗਠਨ ਕੀਤਾ ਗਿਆ। ਐੱਸ.ਟੀ.ਐੱਫ ਦੇ ਮੁਖੀ ਵਜੋਂ ਛੱਤੀਸਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਲਿਆ ਕੇ ਇਮਾਨਦਾਰ ਅਧਿਕਾਰੀ ਗੁਰਪ੍ਰੀਤ ਸਿੰਘ ਸਿੱਧੂ ਨੂੰ ਲਾਇਆ ਗਿਆ। ਉਸ ਨੂੰ ਨਸ਼ੇ ਦੇ ਖ਼ਾਤਮੇ ਲਈ ਵਿਸ਼ੇਸ਼ ਅਧਿਕਾਰ ਦਿੰਦਿਆਂ ਪੰਜਾਬ ਪੁਲਿਸ ਦੇ ਮੁਖੀ ਪ੍ਰਤੀ ਨਹੀਂ ਸਗੋਂ ਮੁੱਖ ਮੰਤਰੀ ਪ੍ਰਤੀ ਜਵਾਬ ਦੇਹ ਬਣਾਇਆ ਗਿਆ। ਉਸ ਨੂੰ ਨਸ਼ਿਆਂ ਨਾਲ ਸਬੰਧਤ ਫਾਈਲਾਂ ਸਿੱਧੀਆਂ ਹੀ ਮੁੱਖ ਮੰਤਰੀ ਨੂੰ ਭੇਜਣ ਲਈ ਕਿਹਾ ਗਿਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਉਸ ਦੀ ਪਸੰਦ ਦੇ ਹੋਰ ਕਈ ਪੁਲਿਸ ਅਧਿਕਾਰੀ ਵੀ ਸਪੈਸ਼ਲ ਟਾਸਕ ਫੋਰਸ ਦੇ ਜ਼ਿਲ੍ਹਾ ਮੁਖੀ ਵਜੋਂ ਲਾ ਦਿੱਤੇ ਗਏ। ਐੱਸ.ਟੀ.ਐੱਫ. ਦੇ ਮੁਖੀ ਨੂੰ ਦਿੱਤੇ ਇਹ ਵਿਸ਼ੇਸ਼ ਅਧਿਕਾਰ ਉਸ ਵੇਲੇ ਦੇ ਡੀ.ਜੀ.ਪੀ. ਨੂੰ ਰਾਸ ਨਹੀਂ ਆਏ ਅਤੇ ਉਸ ਸਮੇਂ ਦੇ ਖੁਫ਼ੀਆ ਵਿਭਾਗ ਦੇ ਮੁਖੀ ਨੂੰ ਵੀ ਇਹ ਹੁਕਮ ਰੜਕਦੇ ਰਹੇ। ਕਿਉਂਕਿ ਜ਼ਿਲ੍ਹੇ ਦੇ ਐੱਸ.ਐੱਸ.ਪੀ. ਪੁਲਿਸ ਮੁਖੀ ਦੇ ਅਧੀਨ ਸਨ, ਉੱਪਰਲੇ ਰੁਖ਼ ਕਾਰਨ ਐੱਸ.ਟੀ.ਐੱਫ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਬੰਧਤ ਜ਼ਿਲ੍ਹੇ ਦੇ ਐੱਸ.ਐੱਸ.ਪੀ. ਵਿਚਕਾਰ ਸੁਖਾਵੇਂ ਤਾਲਮੇਲ ਦੀ ਘਾਟ ਰਹੀ ਅਤੇ ਨਾਲ ਹੀ ਖੁਫ਼ੀਆਤੰਤਰ ਵੱਲੋਂ ਵੀ ਕੋਈ ਉਸਾਰੂ ਸਹਿਯੋਗ ਐੱਸ.ਟੀ.ਐੱਫ ਨੂੰ ਨਹੀਂ ਦਿੱਤਾ ਗਿਆ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਐੱਸ.ਟੀ.ਐੱਫ. ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਉਨ੍ਹਾਂ ਨੇ 3 ਮਹੀਨਿਆਂ ਵਿੱਚ ਜਿੱਥੇ ਅੰਦਾਜ਼ਨ 6000 ਤਸਕਰਾਂ ਨੂੰ ਗ੍ਰਿਫਤਾਰ ਕੀਤਾ, ਉੱਥੇ ਹੀ 4700 ਮੁਕੱਦਮੇ ਵੀ ਦਰਜ਼ ਕੀਤੇ ਗਏ। ਉਨ੍ਹਾਂ ਦਿਨਾਂ ਵਿੱਚ ਹੀ ਸ਼੍ਰੀ ਸਿੱਧੂ ਦੀ ਅਗਵਾਈ ਵਿੱਚ ਵੱਡੇ ਸਮਗਲਰ ਰਾਜਾ ਕੰਧੋਲਾ ਦੇ ਸਮਰਾਲਾ ਫਾਰਮ ’ਤੇ ਛਾਪਾ ਮਾਰਿਆ ਗਿਆ ਅਤੇ ਉੱਥੋਂ ਪੁਲਿਸ ਦੀਆਂ ਵਰਦੀਆਂ ਵੀ ਮਿਲੀਆਂ। ਉਸ ਦੇ ਲੈਪਟਾਪ ਅਤੇ ਡਾਇਰੀ ਵਿੱਚੋਂ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਦੇ ਨਾਂ ਸਾਹਮਣੇ ਆਏ ਜਿਨ੍ਹਾਂ ਨੂੰ ਰਾਜਾ ਕੰਧੋਲਾ ਨਸ਼ਾ ਤਸਕਰੀ ਦੇ ਕਾਲੇ ਧੰਨ ਵਿੱਚੋਂ ਭਾਰੀ ਰਕਮ ਦਿੰਦਾ ਰਿਹਾ ਸੀ। ਇਸ ਟਾਸਕ ਫੋਰਸ ਨੂੰ ਉੱਦੋਂ ਵੱਡੀ ਸਫ਼ਲਤਾ ਮਿਲੀ ਜਦੋਂ 13 ਜੂਨ 2017 ਨੂੰ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦਰਮਿਆਨ ਉਸ ਦੀ ਕੋਠੀ ਵਿੱਚੋਂ 10.50 ਲੱਖ ਕੈਸ਼, 3500 ਪੌਂਡ, ਚਾਰ ਕਿਲੋ ਹੈਰੋਇਨ ਅਤੇ ਤਿੰਨ ਕਿਲੋ ਸਮੈਕ ਨੇ ਨਾਲ-ਨਾਲ 2 ਏ.ਕੇ. 47 ਰਾਈਫਲਾਂ ਵੀ ਬਰਾਮਦ ਕੀਤੀਆਂ ਗਈਆਂ। ਜਦੋਂ ਗ੍ਰਿਫ਼ਤਾਰ ਇੰਸਪੈਕਟਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਗੰਢੇ ਦੀਆਂ ਪਰਤਾਂ ਵਾਂਗ ਰਾਜ਼-ਦਰ-ਰਾਜ਼ ਖੁੱਲ੍ਹਦੇ ਗਏ ਅਤੇ ਨਸ਼ਿਆਂ ਦੇ ਨੈੱਟਵਰਕ ਵਿੱਚ ਵੱਡੇ ਮਗਰਮੱਛਾਂ ਦੇ ਨਾਂ ਸਾਹਮਣੇ ਆ ਗਏ। ਇਹ ਵੀ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਕਿ ਸਮਗਲਰ ਰੇਸ ਦੇ ਘੋੜਿਆਂ ਦੀ ਤਰ੍ਹਾਂ ਚੋਣਾਂ ਵਿੱਚ ਸਿਆਸਤਦਾਨਾਂ ’ਤੇ ਖਰਚ ਕਰਦੇ ਹਨ ਅਤੇ ਫਿਰ ਉਨ੍ਹਾਂ ਦੀ ਛਤਰ-ਛਾਇਆ ਹੇਠ ਹੀ ਇਹ ਧੰਦਾ ਵਧਦਾ-ਫੁੱਲਦਾ ਹੈ।

ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੰਦਰਜੀਤ ਇੰਸਪੈਕਟਰ ਉਸ ਵੇਲੇ ਮੋਗਾ ਵਿਖੇ ਐੱਸ.ਐੱਸ.ਪੀ. ਵਜੋਂ ਨਿਯੁਕਤ ਰਾਜਦੀਪ ਸਿੰਘ ਹੁੰਦਲ ਦਾ ਖਾਸ ਬੰਦਾ ਹੈ ਅਤੇ ਉਹਦੀ ਛਤਰਛਾਇਆ ਹੇਠ ਹੀ ਨਸ਼ੇ ਦੇ ਸੌਦਾਗਰਾਂ ਦਾ ਕਾਰੋਬਾਰ ਅਮਰ ਵੇਲ ਦੀ ਤਰ੍ਹਾਂ ਵਧ ਫੁੱਲ ਰਿਹਾ ਹੈ। ਤਰਨਤਾਰਨ ਐੱਸ.ਐੱਸ.ਪੀ. ਹੁੰਦਿਆਂ ਇੱਕ ਸਰਪੰਚ ਕੋਲੋਂ ਫੜੀ 78 ਕਿਲੋ ਹੈਰੋਇਨ ਵੱਟੇ ਖਾਤੇ ਪਾ ਦਿੱਤੀ ਗਈ ਅਤੇ ਨਾਲ ਹੀ ਅਜਿਹੇ 50 ਕੇਸ ਹੋਰ ਵੀ ਖੁਰਦ ਬੁਰਦ ਕੀਤੇ ਗਏ। ਡੂੰਘਾਈ ਨਾਲ ਕੀਤੀ ਛਾਣਬੀਣ ਉਪਰੰਤ ਪੁਲਿਸ ਦੇ ਕੁਝ ਉੱਚ ਅਧਿਕਾਰੀ, ਪੰਜਾਬ ਦੇ ਕੁਝ ਹੁਕਮਰਾਨ ਅਤੇ ਵਿਰੋਧੀ ਰਾਜਸੀ ਪਾਰਟੀਆਂ ਦੇ ਆਗੂ ਅਤੇ ਕੁਝ ਅਹਿਲਕਾਰਾਂ ਦੇ ਨਾਂ ਸਾਹਮਣੇ ਆਉਣ ਨਾਲ ਖਲਬਲੀ ਜਿਹੀ ਮੱਚ ਗਈ। ਕੁਝ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਮੁੱਖ ਮੰਤਰੀ ਨੂੰ ਮਿੱਲ ਕੇ ਇਹ ਦਲੀਲ ਦਿੱਤੀ ਕਿ ਸ਼ਾਮਲ ਪੁਲਿਸ ਅਧਿਕਾਰੀਆਂ ’ਤੇ ਐਕਸ਼ਨ ਲੈਣ ਨਾਲ ਜਿੱਥੇ ਪੁਲਿਸ ਵਿਭਾਗ ਦਾ ਮਨੋਬਲ ਗਿਰੇਗਾ, ਉੱਥੇ ਹੀ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਵੀ ਖਦਸ਼ਾ ਹੈ। ਸਿਆਸੀ ਚਾਲਾਂ, ਵਿਰੋਧੀਆਂ ਦੀਆਂ ਰੁਕਾਵਟਾਂ ਅਤੇ ਪੰਜਾਬ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਮਿਲੀ ਭੁਗਤ ਕਾਰਨ ਐੱਸ.ਟੀ.ਐੱਫ ਟੀਮ ਦਾ ਨਸ਼ਿਆਂ ਦਾ ਲੱਕ ਤੋੜਨ ਦਾ ਯਤਨ ਖੁੰਢਾ ਕਰ ਦਿੱਤਾ ਗਿਆ। ਸਮਾਜ ਵਿਰੋਧੀ, ਨਸ਼ੇ ਦੇ ਸੌਦਾਗਰਾਂ, ਪੁਲਿਸ ਦੇ ਕੁਝ ਦਾਗ਼ੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਦਬਾ ਕਾਰਨ ਮੁੱਖ ਮੰਤਰੀ ਨੇ ਐੱਸ.ਟੀ.ਐੱਫ਼ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਜੂਨ, 2018 ਵਿੱਚ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ। ਇੰਜ ਨਸ਼ਿਆਂ ਦਾ ਲੱਕ ਟੁੱਟਣ ਦੀ ਥਾਂ ਨਸ਼ਿਆਂ ਦੇ ਲੱਕ ਨੂੰ ਹੋਰ ਮਜ਼ਬੂਤ ਕਰਨ ਵਾਲਾ ਇਹ ਕਦਮ ਪੰਜਾਬੀਆਂ ਲਈ “ਕਾਲੇ ਦਿਨ” ਵਜੋਂ ਯਾਦ ਰਹੇਗਾ।

ਦੂਜੇ ਪਾਸੇ ਉਸ ਵੇਲੇ ਦੇ ਮੋਗਾ ਵਿਖੇ ਐੱਸ.ਐੱਸ.ਪੀ. ਵਜੋਂ ਨਿਯੁਕਤ ਰਾਜਦੀਪ ਸਿੰਘ ਹੁੰਦਲ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਨੂੰ ਅਰਜ਼ੀ ਦਿੱਤੀ ਗਈ ਕਿ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਮੇਰੇ ਨਾਲ ਨਿੱਜੀ ਖੁੰਧਕ ਰੱਖਦਾ ਹੈ। ਮੈਨੂੰ ਕੇਸ ਵਿੱਚ ਨਜਾਇਜ਼ ਫਸਾਉਣਾ ਚਾਹੁੰਦਾ ਹੈ। ਇਸ ਲਈ ਕੇਸ ਦੀ ਪੜਤਾਲ ਕਿਸੇ ਹੋਰ ਏਜੰਸੀ ਤੋਂ ਕਰਵਾਈ ਜਾਵੇ। ਡੀ.ਜੀ.ਪੀ. ਪੰਜਾਬ ਵੱਲੋਂ ਰਾਜਦੀਪ ਸਿੰਘ ਦੀ ਉਹ ਅਰਜ਼ੀ ਹੋਮ ਡਿਪਾਰਟਮੈਂਟ ਪੰਜਾਬ ਨੂੰ ਭੇਜੀ ਗਈ ਅਤੇ ਹੋਮ ਡਿਪਾਰਟਮੈਂਟ ਨੇ ਨਿਰਪੱਖ ਪੜਤਾਲ ਲਈ ਹਾਈ ਕੋਰਟ ਵਿੱਚ ਅਪੀਲ ਦਰਜ ਕਰ ਦਿੱਤੀ। ਉਸ ਅਪੀਲ ਦੇ ਆਧਾਰ ’ਤੇ ਹੀ ਹਾਈ ਕੋਰਟ ਵੱਲੋਂ 15 ਦਸੰਬਰ 2017 ਨੂੰ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ, ਜਿਸ ਵਿੱਚ ਉਸ ਸਮੇਂ ਦੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ, ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਅਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਸ਼ਾਮਲ ਕੀਤੇ ਗਏ। ਐੱਸ.ਆਈ.ਟੀ. ਵੱਲੋਂ ਤਿੰਨ ਸੀਲ ਬੰਦ ਲਿਫਾਫਿਆਂ ਵਿੱਚ ਵਿਸਥਾਰਿਤ ਰਿਪੋਰਟਾਂ 14 ਮਾਰਚ 2018, 30 ਮਾਰਚ 2018 ਅਤੇ 08 ਮਈ 2018 ਨੂੰ ਹਾਈ ਕੋਰਟ ਵਿੱਚ ਪੇਸ਼ ਕੀਤੀਆਂ ਗਈਆਂ। ਚੌਥੀ ਰਿਪੋਰਟ ਐੱਸ.ਆਈ.ਟੀ. ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਵੱਖਰੇ ਤੌਰ ’ਤੇ ਪੇਸ਼ ਕੀਤੀ, ਜਿਸ ਉੱਪਰ ਦੂਜੇ ਦੋ ਅਧਿਕਾਰੀਆਂ ਨੇ ਹਸਤਾਖ਼ਰ ਨਹੀਂ ਸਨ ਕੀਤੇ। ਚੌਥੇ ਸੀਲ ਬੰਦ ਲਿਫਾਫੇ ’ਤੇ ਕਾਰਵਾਈ ਨਾ ਕਰਨ ਲਈ ਉਸ ਸਮੇਂ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਅਪੀਲ ਪਾਈ ਸੀ ਕਿ ਸ਼੍ਰੀ ਚਟੋਪਾਧਿਆਏ ਨਾਲ ਵਿਭਾਗੀ ਲਾਗ-ਡਾਟ ਕਾਰਨ ਇਸ ਰਿਪੋਰਟ ’ਤੇ ਅਮਲ ਕਰਨ ਤੋਂ ਪਹਿਲਾਂ ਉਸ ਦਾ ਪੱਖ ਸੁਣਿਆ ਜਾਵੇ। ਇਹ ਚਾਰ ਸੀਲ ਬੰਦ ਲਿਫਾਫੇ ਕਾਫ਼ੀ ਸਮੇਂ ਤੋਂ ਹਾਈ ਕੋਰਟ ਦੀ ਅਲਮਾਰੀ ਵਿੱਚ ਬੰਦ ਪਏ ਰਹੇ। ਹਾਈ ਕੋਰਟ ਦੇ ਐਡਵੋਕੇਟ ਨਵਕਿਰਨ ਸਿੰਘ ਨੇ ਪਿਛਲੇ ਸਾਲ ਇਹ ਲਿਫਾਫੇ ਖੋਲ੍ਹ ਕੇ ਜਨਤਕ ਕਰਨ ਲਈ ਪਟੀਸ਼ਨ ਪਾਈ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਵੀ 15 ਫਰਵਰੀ 2023 ਨੂੰ ਸੀਲਬੰਦ ਲਿਫਾਫੇ ਖੋਲ੍ਹਣ ਲਈ ਹਾਈ ਕੋਰਟ ਨੂੰ ਬੇਨਤੀ ਕੀਤੀ ਸੀ। ਆਖ਼ਿਰ 28 ਮਾਰਚ 2023 ਨੂੰ ਹਾਈ ਕੋਰਟ ਵੱਲੋਂ ਚਾਰ ਸੀਲਬੰਦ ਲਿਫਾਫਿਆਂ ਵਿੱਚੋਂ ਤਿੰਨ ਲਿਫਾਫੇ ਖੋਲ੍ਹ ਕੇ ਪੰਜਾਬ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੇ ਹਨ।

ਹੁਣ ਲੋਕ ਬੇਸਬਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਿਪੋਰਟ ਵਿੱਚ ਦਰਜ ਉਨ੍ਹਾਂ ਕਾਲੀਆਂ ਭੇਡਾਂ ਉੱਤੇ ਸਖ਼ਤ ਕਾਰਵਾਈ ਦੀ ਉਡੀਕ ਵਿੱਚ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3896)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author