“ਸੁਲੱਖਣਮੀਤ ਦੇ ਅੰਦਾਜ਼ਨ 50 ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ...”
(8 ਮਈ 2021)
ਪ੍ਰਿੰ. ਸੁਲੱਖਣਮੀਤ ਹੈ ਤੋਂ ਸੀ ਬਣ ਗਿਆ ਹੈ। ਉਹ ਜਦੋਂ ਵੀ ਮੈਂਨੂੰ ਮਿਲਦਾ, ਇਹ ਸ਼ੇਅਰ ਉਹ ਜ਼ਰੂਰ ਹੀ ਗੁਣਗੁਣਾਉਂਦਾ:
ਸਿਵੇ ਤੇਰੇ ਦੀ ਅੱਗ ਸੇਕ ਕੇ ਭੁੱਲ ਜਾਵਣਗੇ ਤੈਨੂੰ,
ਐਪਰ ਤੇਰੇ ਲਿਖੇ ਬੋਲਾਂ ਨੇ ਇੱਥੇ ਹੈ ਰਹਿ ਜਾਣਾ।
ਅੱਜ ਛੇ ਮਈ 2021 ਨੂੰ ਜਦੋਂ ਸੁਲੱਖਣਮੀਤ ਦੇ ਸਿਵੇ ਦਾ ਸੇਕ ਮੇਰੇ ਤਕ ਪੁੱਜਿਆ ਹੈ ਤਾਂ ਮੈਂ ਪ੍ਰਚੰਡ ਅਗਨੀ ਵਿੱਚ ਮੀਤ ਦੇ ਨਕਸ਼ ਵਿਹੰਦਿਆਂ ਮੁਖ਼ਾਤਿਬ ਹਾਂ, “ਤੇਰੀ ਕਲਮ ਨੇ ਕਹਾਣੀਆਂ, ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਦੇ ਰੂਪ ਵਿੱਚ ਇਨ੍ਹਾਂ ਕੁਝ ਲਿਖਿਆ ਹੈ ਕਿ ਤੂੰ ਪਾਠਕਾਂ ਦੇ ਚੇਤਿਆਂ ਵਿੱਚੋਂ ਮਨਫ਼ੀ ਨਹੀਂ ਹੋ ਸਕਦਾ।”
ਪਿਤਾ ਸ਼੍ਰੀ ਖੀਵਾ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ 15 ਮਈ 1938 ਨੂੰ ਪਾਕਿਸਤਾਨ ਵਿਖੇ ਮੀਤ ਨੇ ਜਨਮ ਲਿਆ ਅਤੇ 1947 ਦੀ ਵੰਡ ਸਮੇਂ ਬਾਲ ਸੁਲੱਖਣ ਸਿੰਘ ਆਪਣੇ ਮਾਪਿਆਂ ਨਾਲ ਸੰਗਰੂਰ ਦੇ ਲਾਗੇ ਪਿੰਡ ਕੰਮੋ ਮਾਜਰਾ ਕਲਾਂ ਵਿਖੇ ਆ ਗਿਆ। ਪਿਤਾ ਕਿਰਤੀ ਵਰਗ ਨਾਲ ਸਬੰਧਤ ਹੋਣ ਕਾਰਨ ਸੁਲੱਖਣਮੀਤ ਨੂੰ ਵੀ ਮੁੜ੍ਹਕੇ ਦੀ ਖੁਸ਼ਬੂ ਦਾ ਇਹਸਾਸ ਬਚਪਨ ਵਿੱਚ ਹੀ ਹੋ ਗਿਆ ਸੀ। ਅਸ਼ੋਕਾ ਹਾਈ ਸਕੂਲ ਸਰਹੰਦ ਤੋਂ 10ਵੀਂ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਉੱਚ ਵਿੱਦਿਆ ਮਹਿੰਦਰਾ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ।
ਵੱਖ ਵੱਖ ਕਾਲਜਾਂ ਵਿੱਚ ਹਿਸਟਰੀ ਦੇ ਪ੍ਰਾਅਧਿਆਪਕ ਵਜੋਂ ਸੇਵਾ ਕਰਨ ਉਪਰੰਤ ਉਸ ਨੇ ਪ੍ਰਿੰਸੀਪਲ ਵਜੋਂ ਸੇਵਾ ਕਰਦਿਆਂ <ਸੰਦਲੀ ਪੈੜਾਂ> ਦੇ ਨਿਸ਼ਾਨ ਛੱਡਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਇੱਕ ਨੇਕ ਇਨਸਾਨ, ਸੁਹਿਰਦ ਲੇਖਕ, ਕਾਮਯਾਬ ਪ੍ਰਬੰਧਕ, ਸੁਲਝਿਆ ਹੋਇਆ ਬੁਲਾਰਾ ਅਤੇ ਯਾਰਾਂ ਦਾ ਯਾਰ ਸੁਲੱਖਣਮੀਤ ਆਪਣੇ ਸਾਹਿਤਕ ਦੋਸਤਾਂ ਨੂੰ ਕਾਲਜ ਵਿੱਚ ਸੱਦ ਕੇ ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਦਿਆਂ ਖੁਸ਼ੀ ਮਹਿਸੂਸ ਕਰਦਾ ਸੀ। ਪ੍ਰਿੰਸੀਪਲ ਹੁੰਦਿਆਂ ਸ਼ਹੀਦ ਉਧਮ ਸਿੰਘ ਕਾਲਜ, ਸੁਨਾਮ ਅਤੇ ਰਣਬੀਰ ਕਾਲਜ, ਸੰਗਰੂਰ ਵਿੱਚ ਆਯੋਜਿਤ ਸ਼ਾਨਦਾਰ ਕਵੀ ਦਰਬਾਰ ਹੁਣ ਵੀ ਚੇਤਿਆਂ ਦੇ ਪੰਨਿਆਂ ’ਤੇ ਉੱਕਰੇ ਹੋਏ ਹਨ।
ਦੂਰ ਦਰਸ਼ਨ ਕੇਂਦਰ, ਜਲੰਧਰ, ਰੇਡਿਓ ਸਟੇਸ਼ਨ, ਜਲੰਧਰ ਅਤੇ ਰੇਡਿਓ ਸਟੇਸ਼ਨ, ਪਟਿਆਲਾ ਤੋਂ ਸੁਲੱਖਣਮੀਤ ਆਪਣੇ ਸਨੇਹੀਆਂ ਦੇ ਰੂਬਰੂ ਹੋ ਕੇ ਪ੍ਰਸੰਸਾ ਪ੍ਰਾਪਤ ਕਰਦਾ ਰਿਹਾ। ਉਹਦੀਆਂ ਲਿਖੀਆਂ ਗ਼ਜ਼ਲਾਂ ਦੇ ਸ਼ੇਅਰ ਬਹੁਤ ਸਾਰੇ ਪਾਠਕਾਂ ਦੀਆਂ ਡਾਇਰੀਆਂ ਦਾ ਸ਼ਿੰਗਾਰ ਬਣੇ ਹੋਏ ਨੇ। ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ।
ਸੁਲੱਖਣਮੀਤ ਦੇ ਅੰਦਾਜ਼ਨ 50 ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਮਿੰਨੀ ਕਹਾਣੀ ਸੰਗ੍ਰਹਿ, ਨਾਵਲ, ਬਾਲ ਸੰਗ੍ਰਹਿ ਅਤੇ ਵਾਰਤਿਕ ਦੀਆਂ ਪੁਸਤਕਾਂ ਸ਼ਾਮਿਲ ਹਨ। ਇੱਜ਼ਤਾਂ ਵਾਲੇ, ਸੁਲਗਦੀ ਬਰਫ਼, ਬਾਹਾਂ ਉੱਤੇ ਖੁਣੇ ਨਾਂ, ਸੁੱਚਾ ਫੁੱਲ, ਬਗਾਨੀ ਧੁੱਪ, ਰੋਗੀ ਗੁਲਾਬ, ਬਾਬਾ ਬੋਧ ਸਿੰਘ, ਅਮਰ ਵੇਲ ਅਤੇ ਫੁੱਲਾਂ ਕੋਲੋਂ ਖਿੜਨਾ ਸਿੱਖੋ, ਵਰਣਨਯੋਗ ਹਨ। ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਮਾਣ-ਸਨਮਾਨ ਮੀਤ ਦੀ ਝੋਲੀ ਪਏ ਹਨ। ਉੱਚ ਅਹੁਦਾ ਅਤੇ ਮਾਣ-ਸਨਮਾਨਾਂ ਦੀ ਭਰੀ ਝੋਲੀ ਨਾਲ ਉਸ ਨੇ ਨਿਮਰਤਾ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਮਜ਼ਲੂਮਾਂ, ਲੋੜਵੰਦਾਂ ਅਤੇ ਕਿਰਤੀ ਵਰਗ ਦੇ ਦੁੱਖ-ਸੁਖ ਉਹ ਆਪਣੇ ਮਨ ਦੇ ਪਿੰਡੇ ’ਤੇ ਹੰਢਾਉਂਦਾ ਰਿਹਾ।
ਮਾਲਵੇ ਦੇ ਪ੍ਰਸਿੱਧ ਕਵੀਸ਼ਰ ਅਤੇ ਭਾਰਤ ਸਰਕਾਰ ਦੇ ਸਾਬਕਾ ਮੰਤਰੀ ਧੰਨਾ ਸਿੰਘ ਗੁਲਸ਼ਨ ਦੀ ਧੀ ਮਲਕੀਤ ਕੌਰ 1968 ਵਿੱਚ ਇਨ੍ਹਾਂ ਦੀ ਜੀਵਨ ਸਾਥਣ ਬਣੀ। ਸੁਲੱਖਣਮੀਤ ਆਪਣੀਆਂ ਰਚਨਾਵਾਂ ਦੇ ਪਹਿਲੇ ਪਾਠਕ ਵਜੋਂ ਮਲਕੀਤ ਕੌਰ ਨੂੰ ਹੀ ਰਚਨਾਵਾਂ ਸੁਣਾਉਂਦੇ ਸਨ ਅਤੇ ਉਹ ਇੱਕ ਸੁਹਿਰਦ ਪਾਠਕ ਵਜੋਂ ਉਸਾਰੂ ਸੁਝਾਅ ਵੀ ਦਿੰਦੇ ਸਨ। 2009 ਵਿੱਚ ਜੀਵਨ ਸਾਥਣ ਦੇ ਸਦੀਵੀਂ ਵਿਛੋੜੇ ਨਾਲ ਉਹ ਧੁਰ ਅੰਦਰ ਤਕ ਹਿੱਲ ਗਿਆ ਸੀ।
ਸੁਲੱਖਣਮੀਤ ਆਪਣੇ ਪਿੱਛੇ ਸਪੁੱਤਰ ਕਰਮਜੀਤ ਸਿੰਘ, ਨੂੰਹ ਲਖਵਿੰਦਰ ਕੌਰ, ਧੀਆਂ ਪ੍ਰੋ. ਬੀਰਇੰਦਰ ਕੌਰ, ਰਵੀਇੰਦਰ ਕੌਰ (ਐਡੀਸ਼ਨਲ ਸੈਸ਼ਨ ਜੱਜ, ਬਠਿੰਡਾ) ਜਵਾਈ ਡਾ. ਰਵਿੰਦਰ ਸਿੰਘ ਬਲਿਆਲਾ (ਸਾਬਕਾ ਐੱਮ.ਐੱਲ.ਏ.), ਪਰਮਿੰਦਰ ਸਿੰਘ ਸੰਧੂ, ਪੋਤੇ-ਪੋਤੀਆਂ, ਦੋਹਤੇ ਅਤੇ ਦੋਹਤੀਆਂ ਵਾਲੇ ਭਰੇ ਪਰਿਵਾਰ ਨੂੰ ਛੱਡ ਗਏ ਹਨ। ਮੀਤ ਦਾ ਲੇਖਕ ਭਾਣਜਾ ਸ.ਸ.ਰਮਲਾ ਭਰੇ ਗੱਚ ਨਾਲ ਬੋਲ ਸਾਂਝੇ ਕਰਦਿਆਂ ਕਹਿੰਦਾ ਹੈ, “ਮੇਰੇ ਮਾਮਾ ਜੀ ਸ਼ਬਦਾਂ ਦੇ ਦਰਿਆ ਸਨ। ਅਨੇਕਾਂ ਪਾਠਕਾਂ ਨੇ ਉਨ੍ਹਾਂ ਦੇ ਅੰਗ-ਸੰਗ ਰਹਿ ਕੇ ਆਪਣੀ ਸਾਹਿਤਕ ਪਿਆਸ ਬੁਝਾਈ ਹੈ। ਮੈਂਨੂੰ ਵੀ ਕਲਮ ਚਲਾਉਣ ਦੀ ਜਾਚ ਉਨ੍ਹਾਂ ਨੇ ਹੀ ਸਿਖਾਈ ਸੀ। ਮੈਂ ਹੁਣ ਅਨਾਥ ਜਿਹਾ ਮਹਿਸੂਸ ਕਰਦਾ ਹਾਂ।”
ਸੱਚਮੁੱਚ ਉਹ ਮੀਤ ਸੀ। ਅਜਿਹੀ ਸ਼ਖ਼ਸੀਅਤ ਦਾ ਵਿਗੋਚਾ ਆਪ ਮੁਹਾਰੇ ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂਆਂ ਦਾ ਹੜ੍ਹ ਲੈ ਆਉਂਦਾ ਹੈ। ਬੱਸ:
ਜਾਣ ਵਾਲਾ ਤਾਂ ਸਦਾ ਲਈ ਤੁਰ ਗਿਆ,
ਉਹਦੀਆਂ ਪੈੜਾਂ ਦੇ ਐਪਰ ਚਿੰਨ੍ਹ ਰਹਿਣੇ ਦੇਰ ਤਕ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2762)
(ਸਰੋਕਾਰ ਨਾਲ ਸੰਪਰਕ ਲਈ: