“ਸਰੀਰਕ ਤੰਦਰੁਸਤੀ, ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ, ਮਾਪਿਆਂ ਦੀ ਸੇਵਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ...”
(11 ਮਈ 2022)
ਮਹਿਮਾਨ: 28.
ਨੌਜਵਾਨਾਂ ਦਾ ਪ੍ਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਜੇਕਰ ਹੜ੍ਹਾਂ ਦੇ ਪਾਣੀ ਦੀ ਰੋਕ-ਥਾਮ ਨਾ ਕੀਤੀ ਜਾਵੇ ਤਾਂ ਉਹ ਫਸਲਾਂ ਦਾ ਅਤੇ ਘਰਾਂ ਦਾ ਬੇਪਨਾਹ ਨੁਕਸਾਨ ਕਰ ਦਿੰਦੇ ਹਨ। ਪਰ ਜੇਕਰ ਉਸ ਪਾਣੀ ਦੀ ਵਿਉਂਤਬੰਦੀ ਕਰਕੇ ਉਸ ਨੂੰ ਨਾਲਿਆਂ, ਰਜਬਾਹਿਆਂ, ਨਦੀਆਂ ਅਤੇ ਦਰਿਆ ਵਿੱਚ ਪਾ ਦਿੱਤਾ ਜਾਵੇ ਤਾਂ ਉਸ ਪਾਣੀ ਦੀ ਸਿੰਚਾਈ, ਬਿਜਲੀ ਅਤੇ ਹੋਰ ਬਹੁ-ਪੱਖੀ ਮੰਤਵਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵੇਲੇ ਜਵਾਨੀ ਦਾ ਵੀ ਇਹੀ ਹਾਲ ਹੈ। ਬੇਰੁਜ਼ਗਾਰੀ ਦੀ ਝੰਬੀ ਪਈ ਜਵਾਨੀ ਮਾਯੂਸ ਹੈ। ਮਾਯੂਸੀ ਭਟਕਣ ਨੂੰ ਜਨਮ ਦਿੰਦੀ ਹੈ ਅਤੇ ਭਟਕਣ ਉੱਤੇ ਜੇਕਰ ਕਾਬੂ ਨਾ ਪਾਇਆ ਜਾਵੇ ਤਾਂ ਜਵਾਨੀ ਦਾ ਗੁਮਰਾਹ ਹੋਣਾ ਕੁਦਰਤੀ ਹੈ। ਇਸ ਵੇਲੇ ਜਵਾਨੀ ਦਾ ਵੱਡਾ ਹਿੱਸਾ ਭਟਕਣ ਦਾ ਸ਼ਿਕਾਰ ਹੋ ਕੇ ਨਸ਼ਿਆਂ ਅਤੇ ਜੁਰਮ ਦੀ ਦੁਨੀਆਂ ਵਿੱਚ ਦਾਖਲ ਹੋ ਕੇ ਆਪਣੀ ਜ਼ਿੰਦਗੀ ਨੂੰ ਅਜਾਈਂ ਗੁਆ ਰਿਹਾ ਹੈ ਜਾਂ ਫਿਰ ਨੌਜਵਾਨਾਂ ਦਾ ਪੰਜਾਬ ਨਾਲੋਂ ਮੋਹ ਭੰਗ ਹੋ ਗਿਆ ਹੈ ਅਤੇ ਉਹ ਆਈਲੈਟਸ ਕਰਨ ਨੂੰ ਹੀ ਆਪਣੀ ਆਖਰੀ ਮੰਜ਼ਲ ਸਮਝੀ ਬੈਠੇ ਹਨ। ਹਰ ਸਾਲ ਲੱਖਾਂ ਨੌਜਵਾਨ ਆਪਣੀ ਜਨਮ ਭੂਮੀ ਨੂੰ ਅਲਵਿਦਾ ਕਹਿਕੇ ਪੜ੍ਹਾਈ ਦੀ ਆੜ ਵਿੱਚ ਵਿਦੇਸ਼ ਵਿੱਚ ਸ਼ਰਨ ਲੈ ਰਹੇ ਹਨ।
ਇਸ ਵੇਲੇ ਜਵਾਨੀ ਦਾ ਤੀਹਰਾ ਨੁਕਸਾਨ ਹੋ ਰਿਹਾ ਹੈ। ਨਸ਼ਿਆਂ ਕਾਰਨ ਸਿਵਿਆਂ ਦੀ ਗਿਣਤੀ ਵਿੱਚ ਵਾਧਾ, ਜੁਰਮ ਦੀ ਦੁਨੀਆਂ ਵਿੱਚ ਸ਼ਾਮਲ ਹੋ ਕੇ ਥਾਣਿਆਂ ਦੇ ਰੋਜ਼ਨਾਮਚੇ ਭਰਨ ਦੇ ਨਾਲ ਨਾਲ ਜੇਲਾਂ ਵਿੱਚ ਨੌਜਵਾਨ ਪੜ੍ਹੇ ਲਿਖੇ ਕੈਦੀਆਂ ਦਾ ਲਗਾਤਾਰ ਵਾਧਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਤੀਜਾ ਪੱਖ ਮਾਪਿਆਂ ਦੀਆਂ ਜਮੀਨਾਂ ਗਹਿਣੇ ਕਰਕੇ, ਚਲ ਅਤੇ ਅਚਲ ਜਾਇਦਾਦ ਤੋਂ ਮਾਪਿਆਂ ਨੂੰ ਖੁੰਗਲ ਕਰਕੇ ਜਾਂ ਫਿਰ ਬੈਂਕ/ਆੜਤੀਆਂ ਦੀ ਮਾਪਿਆਂ ਸਿਰ ਕਰਜ਼ੇ ਦੀ ਪੰਡ ਧਰਕੇ ਜਵਾਨੀ ਵਿਦੇਸ਼ਾ ਨੂੰ ਉਡਾਰੀ ਮਾਰ ਰਹੀ ਹੈ। ਮਾਪਿਆਂ ਨੂੰ ਹਮੇਸ਼ਾ ਤੌਖਲਾ ਰਹਿੰਦਾ ਹੈ ਕਿ ਜੇਕਰ ਇਹ ਪੰਜਾਬ ਵਿੱਚ ਰਿਹਾ ਤਾਂ ਗੈਰ ਸਮਾਜਿਕ ਜ਼ੁਰਮ ਪੇਸ਼ਾ ਲੋਕਾਂ ਦੇ ਧੱਕੇ ਨਾ ਚੜ੍ਹ ਜਾਵੇ ਅਤੇ ਉਹ ਮੁੰਡੇ ਨੂੰ ਦਿਲ ਤੇ ਪੱਥਰ ਰੱਖਕੇ ਬਾਹਰ ਭੇਜਣ ਨੂੰ ਤਰਜੀਹ ਦਿੰਦੇ ਹਨ। ਅਗਾਂਹ ਟਰੈਵਲ ਏਜੰਟਾਂ ਦੇ ਧੱਕੇ ਚੜਣ ਉਪਰੰਤ ‘ਨਾ ਝੰਗ ਛੁੱਟਿਆ, ਨਾ ਕੰਨ ਪਾਟੇ, ਝੁੰਡ ਲੰਗ ਗਿਆ ਕੋਲੋਂ ਹੀਰਾਂ ਦਾ’ ਵਾਲੀ ਤਰਸਯੋਗ ਸਥਿਤੀ ਦਾ ਵੀ ਜਵਾਨੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਹੀ ਇਸ ਵੇਲੇ ਪੰਜਾਬ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਦੀ ਲੰਘ ਰਿਹਾ ਹੈ। ਸਾਡੇ ਨੌਜਵਾਨ ਆਪਣੀ ਜਨਮ ਭੂਮੀ ਨੂੰ ਬੇਦਾਵਾ ਦੇ ਕੇ ਦੂਜੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। ਇੱਕ ਪਾਸੇ ਪਿੱਛੇ ਰਹਿ ਗਏ ਬਜ਼ੁਰਗ ਮਾਪੇ ਇਕਲਾਪੇ ਦਾ ਸੰਤਾਪ ਹੰਢਾ ਰਹੇ ਹਨ, ਦੂਜੇ ਪਾਸੇ ਆਰਥਿਕ ਖੋਰਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ ਜਵਾਨੀ ਨੂੰ ਜੇਕਰ ਧਰਮ, ਸਾਹਿਤ, ਕਿਰਤ ਅਤੇ ਖੇਡਾਂ ਨਾਲ ਜੋੜ ਦਿੱਤਾ ਜਾਵੇ ਤਾਂ ਉਹ ਘੱਟ ਤੋਂ ਘੱਟ ਗੁਨਾਹ ਅਤੇ ਨਸ਼ਿਆਂ ਤੋਂ ਬਚੇ ਰਹਿਣਗੇ। ਜਵਾਨੀ ਨੂੰ ਬਚਾਉਣ ਲਈ ਭਾਵੇਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਇਸ ਪਾਸੇ ਕੰਮ ਤਾਂ ਕਰ ਰਹੀਆਂ ਹਨ ਪਰ ਉਨ੍ਹਾਂ ਦਾ ਯੋਗਦਾਨ ਆਟੇ ਵਿੱਚ ਲੂਣ ਵਾਂਗ ਹੈ। ਅਜਿਹੇ ਨੇਕ ਅਤੇ ਅਗਾਂਹ ਵਧੂ ਕਾਰਜ ਲਈ ਨਿੱਜ ਤੋਂ ਉੱਪਰ ਉੱਠਕੇ ਸਾਧਨਾਂ ਅਤੇ ਸਹੀ ਅਗਵਾਈ ਦੀ ਲੋੜ ਹੈ। ਅਜਿਹੀ ਅਗਵਾਈ ਦੇਣ ਲਈ ਸੰਗਰੂਰ ਦਾ 60 ਸਾਲਾਂ ਵਿਅਕਤੀ, ਬੁਲੰਦ ਅਤੇ ਦ੍ਰਿੜ੍ਹ ਸੰਕਲਪ ਦਾ ਧਾਰਨੀ ਬਿਨਾਂ ਕਿਸੇ ਲਾਲਚ ਤੋਂ ਇਕ ਮਿਸ਼ਨ ਦੇ ਰੂਪ ਵਿੱਚ ਨੌਜਵਾਨਾਂ ਨੂੰ ਪਹਿਲਵਾਨੀ ਅਖਾੜੇ ਵਿੱਚ ਨੌਜਵਾਨ ਮੁੰਡਿਆਂ ਦਾ ਉਸਤਾਦ ਬਣਕੇ ਉਨ੍ਹਾਂ ਨੂੰ ਪਹਿਲਵਾਨੀ ਦੇ ਗੁਰ ਸਿਖਾਉਣ ਲਈ ਯਤਨਸ਼ੀਲ ਹੈ।
ਪ੍ਰਿਤਪਾਲ ਸਿੰਘ ਨੂੰ ਲੋਕ ਆਦਰ ਨਾਲ ਉਸਤਾਦ ਕਹਿਕੇ ਬੁਲਾਉਂਦੇ ਹਨ। 20 ਅਕਤੂਬਰ 1959 ਨੂੰ ਪੈਦਾ ਹੋਏ ਪ੍ਰਿਤਪਾਲ ਸਿੰਘ ਨੇ ਭਾਵੇੜ ਵਿੱਦਿਅਕ ਪੜ੍ਹਾਈ ਦਸਵੀਂ ਤੱਕ ਹੀ ਕੀਤੀ ਪਰ ਪਹਿਲਵਾਨੀ ਦੇ ਖੇਤਰ ਵਿੱਚ ਚੰਗੀਆਂ ਮੱਲਾਂ ਮਾਰੀਆਂ। ਪਹਿਲਾਂ ਵਿਦਿਆਰਥੀ ਜੀਵਨ ਵਿੱਚ ਜੂਨੀਅਰ ਪਹਿਲਵਾਨੀ ਦੇ ਮੁਕਾਬਲਿਆਂ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਅਤੇ ਫਿਰ ਖੁੱਲ੍ਹੇ ਪਹਿਲਵਾਨੀ ਅਖਾੜਿਆਂ ਵਿੱਚ ਅੰਦਾਜ਼ਨ 20 ਸਾਲ ਕਹਿੰਦੇ ਕਹਾਉਂਦਿਆਂ ਨੂੰ ਪਛਾੜ ਕੇ ਪੰਜਾਬ ਅਤੇ ਹਰਿਆਣਾ ਦੇ ਪਹਿਲਵਾਨਾਂ ਨੂੰ ਹਰਾ ਕੇ ਮੈਡਲ ਪ੍ਰਾਪਤ ਕੀਤੇ। ਫਿਰ ਉਸਨੇ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ ਕਿ ਉਹ ਨੌਜਵਾਨਾਂ ਨੂੰ ਪਹਿਲਵਾਨੀ ਦੇ ਗੁਰ ਦੱਸਕੇ ਚੰਗੇ ਪਹਿਲਵਾਨ ਬਣਾਵੇਗਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਯਤਨ ਕਰੇਗਾ।
ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਬਾਬਾ ਸਾਹਿਬ ਦਾਸ ਅਕੈਡਮੀ ਵੱਲੋਂ ਤਿਆਰ ਕੀਤੇ ਅਖਾੜੇ ਵਿੱਚ ਉਹ ਸ਼ਾਮੀ 4 ਵਜੇ ਪੁੱਜ ਜਾਂਦਾ ਹੈ। ਪਹਿਲਵਾਨੀ ਦੇ ਗੁਰ ਸਿਖਾਉਣ ਲਈ ਉਹ ਆਪਣੇ ਸ਼ਗਿਰਦਾਂ ਤੋਂ ਪਹਿਲਾਂ ਦੋ ਪ੍ਰਣ ਕਰਵਾਉਂਦਾ ਹੈ। ਪਹਿਲਾਂ ਪ੍ਰਣ ਕਿ ਉਹ ਜ਼ਿੰਦਗੀ ਵਿੱਚ ਕਿਸੇ ਨਸ਼ੇ ਦੀ ਵਰਤੋਂ ਨਹੀਂ ਕਰੇਗਾ ਅਤੇ ਦੂਜਾ ਪ੍ਰਣ ਕਿ ਉਹ ਦਿਨ ਦੀ ਸ਼ੁਰੂਆਤ ਉਹ ਆਪਣੇ ਮਾਂ-ਬਾਪ ਦੇ ਚਰਨ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਕਰੇਗਾ। ਗੁਰੂ ਅਤੇ ਚੇਲੇ ਦੇ ਰਿਸ਼ਤੇ ਵਿੱਚ ਉਸਨੇ ਆਰਥਿਕਤਾ ਨੂੰ ਭਾਰੀ ਨਹੀਂ ਹੋਣ ਦਿੱਤਾ। ਆਪਣੇ ਸ਼ਗਿਰਦਾਂ ਤੋਂ ਉਹ ਪਹਿਲਵਾਨੀ ਦੇ ਗੁਰ ਸਿਖਾਉਣ ਦੇ ਬਦਲੇ ਵਿੱਚ ਕੋਈ ਪੈਸਾ ਨਹੀਂ ਲੈਂਦਾ। ਉਸਦੇ ਸ਼ਗਿਰਦ ਉਸਦਾ ਰੱਜ ਕੇ ਸਤਿਕਾਰ ਵੀ ਕਰਦੇ ਹਨ ਅਤੇ ਹੁਕਮ ਦੀ ਪਾਲਣਾ ਵੀ।
ਪਹਿਲਵਾਨੀ ਦੇ ਅਖਾੜੇ ਵਿੱਚ ਪ੍ਰਿਤਪਾਲ ਸਿੰਘ ਪੂਰੇ ਚਾਰ ਵਜੇ ਪੁੱਜ ਜਾਂਦਾ ਹੈ ਅਤੇ ਸ਼ਾਮ 7 ਵਜੇ ਤੱਕ ਅਖਾੜੇ ਵਿੱਚ ਆਪਣੇ ਸ਼ਗਿਰਦਾਂ ਨੂੰ ਪਹਿਲਵਾਨੀ ਦੇ ਦਾਉ ਪੇਚ ਸਿਖਾਉਂਦਾ ਰਹਿੰਦਾ ਹੈ। ਉਸਦੇ ਕਈ ਸ਼ਗਿਰਦ ਸੀਨੀਅਰ ਸਟੇਟ ਮੁਕਾਬਲਿਆਂ ਵਿੱਚ ਚਾਂਦੀ ਅਤੇ ਸਿਲਵਰ ਦੇ ਮੈਡਲ ਜਿੱਤ ਚੁੱਕੇ ਹਨ ਅਤੇ ਨੈਸ਼ਨਲ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਵੀ ਉਹਦੇ ਸ਼ਗਿਰਦਾਂ ਨੂੰ ਗੋਲਡ ਮੈਡਲ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰਿਤਪਾਲ ਸਿੰਘ ਮਾਣ ਨਾਲ ਦੱਸਦਾ ਹੈ ਕਿ ਜਦੋਂ ਸ਼ਗਿਰਦ ਜਿੱਤ ਪ੍ਰਾਪਤ ਕਰਨ ਉਪਰੰਤ ਆਪਣੇ ਤਗਮੇ ਸਮੇਤ ਪੈਰੀਂ ਹੱਥ ਲਾਉਂਦੇ ਹਨ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਅਜਿਹਾ ਸਕੂਨ ਪੈਸਿਆਂ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਹ ਦਾਅਵੇ ਨਾਲ ਕਹਿੰਦਾ ਹੈ ਕਿ ਪਹਿਲਵਾਨੀ ਦੀ ਕਲਾ ਨੂੰ ਪ੍ਰਫੁਲਤ ਕਰਨ ਨਾਲ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਿਆ ਜਾ ਸਕਦਾ ਹੈ, ਉੱਥੇ ਹੀ ਹੋਰ ਬਹੁਤ ਸਾਰੀਆਂ ਆਰਥਿਕ ਬੁਰਾਈਆਂ ਤੋਂ ਵੀ ਦੂਰ ਰੱਖਿਆ ਜਾ ਸਕਦਾ ਹੈ। ਜਦੋਂ ਪ੍ਰਿਤਪਾਲ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਪਹਿਲਵਾਨਾਂ ਦੀ ਖੁਰਾਕ ਲਈ ਕੋਈ ਸਹਾਇਤਾ ਜਾਂ ਪਹਿਲਵਾਨੀ ਅਖਾੜੇ ਨੂੰ ਪ੍ਰਾਪਤ ਕਰਨ ਲਈ ਕੋਈ ਵਿਤੀ ਸਹਾਇਤਾ ਪ੍ਰਾਪਤ ਹੋਈ ਹੈ ਤਾਂ ਉਸਨੇ ਨਿਰਾਸ਼ਤਾ ਨਾਲ ਨਾਂਹ ਵਿੱਚ ਸਿਰ ਹਿਲਾ ਦਿੱਤਾ। ਉਸਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਜੱਦੀ ਜ਼ਮੀਨ ਹੋਣ ਕਾਰਨ ਘਰ ਦਾ ਗੁਜ਼ਾਰਾ ਠੀਕ ਚੱਲ ਰਿਹਾ ਹੈ ਅਤੇ ਮੈਂ ਆਪਣਾ ਜੀਵਨ ਨੌਜਵਾਨਾਂ ਨੂੰ ਚੰਗੇ ਪਹਿਲਵਾਨ ਬਣਾਉਣ ਦੇ ਲੇਖੇ ਲਾਇਆ ਹੋਇਆ ਹੈ। ਉਸਨੇ ਮਾਣ ਨਾਲ ਇਹ ਵੀ ਪ੍ਰਗਟਾਵਾ ਕੀਤਾ ਕਿ ਉਸਦੇ ਕਈ ਸ਼ਗਿਰਦ ਅਧਿਆਪਕ ਲੱਗੇ ਹੋਏ ਹਨ, ਕਈ ਪੁਲੀਸ ਵਿਭਾਗ, ਮਿਉਂਸਪਲ ਵਿਭਾਗ, ਬਿਜਲੀ ਵਿਭਾਗ , ਬਹੁਤ ਸਾਰੇ ਫੌਜ ਵਿੱਚ ਅਤੇ ਕਈ ਹੋਰ ਖੇਤਰਾਂ ਵਿੱਚ ਨੌਕਰੀਆਂ ਕਰ ਰਹੇ ਹਨ।
ਸਰੀਰਕ ਤੰਦਰੁਸਤੀ, ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ, ਮਾਪਿਆਂ ਦੀ ਸੇਵਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣਾ ਪ੍ਰਿਤਪਾਲ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਹੈ। ਬੱਸ ਪਹਿਲਵਾਨੀ ਅਖਾੜਾ ਹੀ ਉਸਦਾ ਕਰਮ ਖੇਤਰ ਹੈ ਅਤੇ ਇਸ ਕਰਮ ਖੇਤਰ ਵਿੱਚ ਨਿਸ਼ਕਾਮ ਸੇਵਾ ਕਰਦਿਆਂ ਉਹ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹੈ। ਉਸਦੇ ਪਹਿਲਵਾਨ ਸ਼ਗਿਰਦ ਉਸਦਾ ਅਨਮੋਲ ਸ਼ਰਮਾਇਆ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3558)
(ਸਰੋਕਾਰ ਨਾਲ ਸੰਪਰਕ ਲਈ: