“ਇੱਕ ਪਾਸੇ ਚਾਰ-ਚਾਰ ਮਹਿੰਗੀਆਂ ਕਾਰਾਂ ਕੋਠੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਕੁੱਲੀ, ਗੁੱਲੀ ...”
(25 ਸਤੰਬਰ 2023)
ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਰਜ਼ ਨੇ ਲੋਕ ਸਭਾ ਅਤੇ ਰਾਜ ਸਭਾ ਦੀਆਂ ਕੁੱਲ 776 ਸੀਟਾਂ ਵਿੱਚੋਂ 763 ਸੰਸਦ ਮੈਂਬਰਾਂ ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਅਨੁਸਾਰ ਵਰਤਮਾਨ 40 ਫੀਸਦੀ ਸੰਸਦ ਮੈਂਬਰਾਂ ਉੱਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 25 ਫੀਸਦੀ ਸਾਂਸਦਾਂ ਉੱਤੇ ਕਤਲ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਖਿਲਾਫ ਅਪਰਾਧਾਂ ਦੇ ਦੋਸ਼ਾਂ ਤਹਿਤ ਮਾਮਲੇ ਦਰਜ ਹਨ। ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 38.33 ਕਰੋੜ ਹੈ ਅਤੇ 17 ਫੀਸਦੀ ਅਰਬਪਤੀ ਸਾਂਸਦ ਦੇਸ਼ ਦੇ ਰਹਿਨੁਮਾ ਹਨ। ਉਪਰੋਕਤ ਸਥਿਤੀ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੰਸਦ ਦੀ ਡਿਉਢੀ ਪਾਰ ਕਰਨ ਲਈ ਪੈਸਾ, ਬਾਹੂਬਲ, ਦਾਅ-ਪੇਚ, ਅਪਰਾਧੀਕਰਨ, ਸਿਆਸੀ ਗੱਠਜੋੜ ਅਤੇ ਚੋਲਾ ਬਦਲਣ ਵਾਲੀ ਸੋਚ ਦਾ ਹੋਣਾ ਜ਼ਰੂਰੀ ਹੈ। ਦਿਆਨਤਦਾਰ, ਵਾਅਦੇ ਦੇ ਪੱਕੇ, ਹੋਰਾਂ ਦੇ ਦੁੱਖ ਦਰਦ ਨੂੰ ਆਪਣੇ ਪਿੰਡਿਆਂ ’ਤੇ ਹੰਢਾਉਣ ਵਾਲੇ ਲੋਕ-ਨਾਇਕਾਂ ਦੀ ਕੋਈ ਪੁੱਛ-ਗਿੱਛ ਨਹੀਂ।
ਆਜ਼ਾਦੀ ਪ੍ਰਾਪਤ ਕਰਨ ਲਈ 127 ਦੇਸ਼ ਭਗਤਾਂ ਨੇ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ। 2626 ਦੇਸ਼ ਭਗਤਾਂ ਨੇ ਉਮਰ ਕੈਦ ਭੋਗਦਿਆਂ ਤਸੀਹੇ ਝੱਲੇ ਪਰ ਸਰਸਰੀ ਨਜ਼ਰ ਮਾਰਦਿਆਂ ਉਨ੍ਹਾਂ ਦੇਸ਼ ਭਗਤਾਂ ਦੇ ਵਾਰਸਾਂ ਵਿੱਚੋਂ ਕੋਈ ਐੱਮ.ਪੀ. ਜਾਂ ਐੱਮ.ਐੱਲ.ਏ. ਨਜ਼ਰ ਨਹੀਂ ਆਉਂਦਾ। ਬਾਹੂਬਲ, ਪੈਸਾ ਅਤੇ ਅਪਰਾਧਿਕ ਪਿਛੋਕੜ ਵਾਲੇ ਸਿਆਸੀ ਆਗੂਆਂ ਪ੍ਰਤੀ ਇਸ ਤਰ੍ਹਾਂ ਕਿਹਾ ਗਿਆ ਹੈ:
ਚੋਰ ਉਚੱਕੋ ਕੀ ਕਰੋ ਕਦਰ, ਕਿ ਮਾਲੂਮ ਨਹੀਂ,
ਕੋਣ, ਕਬ, ਕੌਣਸੀ ਸਰਕਾਰ ਮੇਂ ਆ ਜਾਏਗਾ।
(ਰਾਹਤ ਇੰਦੌਰੀ)
ਇੱਕ ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੰਗਰੇਜ਼ਾਂ ਨੇ ਭਾਰਤ ਉੱਤੇ ਲਗਭਗ 200 ਸਾਲ ਰਾਜ ਕੀਤਾ ਅਤੇ ਅੰਦਾਜ਼ਨ 1 ਲੱਖ ਕਰੋੜ ਲੁੱਟ ਕੇ ਲੈ ਗਏ। ਦੂਜੇ ਪਾਸੇ ਆਜ਼ਾਦੀ ਦੇ 76 ਸਾਲਾਂ ਬਾਅਦ ਸਿਆਸੀ ਲੋਕਾਂ ਦਾ ਜੋ ਸਵਿੱਸ ਬੈਂਕ ਵਿੱਚ ਕਾਲਾ ਧੰਨ ਜਮ੍ਹਾਂ ਹੈ ਉਹ 286 ਲੱਖ ਕਰੋੜ ਤੱਕ ਪੁੱਜ ਗਿਆ ਹੈ ਅਤੇ ਇਸ ਲੁੱਟੀ ਰਕਮ ਨਾਲ ਦੇਸ਼ ਦਾ 30 ਸਾਲਾਂ ਦਾ ਬੱਜਟ ਬਿਨਾਂ ਟੈਕਸ ਤੋਂ ਪੇਸ਼ ਕੀਤਾ ਜਾ ਸਕਦਾ ਹੈ ਅਤੇ ਹਰ ਭਾਰਤੀ ਨਾਗਰਿਕ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਨਾਲ ਇਹ ਰਾਸ਼ੀ 6 ਸਾਲਾਂ ਵਿੱਚ ਖਤਮ ਹੋਵੇਗੀ।
ਇਸ ਵੇਲੇ ਸਿਆਸਤ ਇੱਕ ਵਿਉਪਾਰ ਅਤੇ ਵੋਟਰ ਇਸਦੀ ਮੰਡੀ ਬਣ ਗਏ ਹਨ। ਇਹ ਪ੍ਰਸ਼ਨ ਵੀ ਲੋਕਾਂ ਦੇ ਮਨਾਂ ਅੰਦਰ ਧੁਖਦਾ ਹੈ ਕਿ ਜੇਕਰ ਸਿਆਸਤ ਇੱਕ ਸੇਵਾ ਹੈ ਤਾਂ ਤਨਖਾਹ, ਭੱਤੇ ਅਤੇ ਬੇਸ਼ੁਮਾਰ ਹੋਰ ਸਹੂਲਤਾਂ ਕਿਉਂ? ਅਤੇ ਜੇਕਰ ਇਹ ਨੌਕਰੀ ਹੈ, ਫਿਰ ਯੋਗਤਾ ਕਿਉਂ ਨਹੀਂ? ਲੋਕਰਾਜ ਦਾ ਇਹ ਦੁਖਾਂਤ ਹੀ ਹੈ ਕਿ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਪੀ.ਐੱਚ.ਡੀ. ਇੰਜਨੀਅਰ, ਡਾਕਟਰ ਅਤੇ ਹੋਰ ਉੱਚ ਯੋਗਤਾ ਪ੍ਰਾਪਤ ਨਾਗਰਿਕ ਅੰਗੂਠਾ ਛਾਪ ਜਾਂ ਕੁਝ ਪੜ੍ਹੇ-ਲਿਖੇ ਅਪਰਾਧਿਕ ਪਿਛੋਕੜ ਵਾਲੇ ਰਾਜਸੀ ਆਗੂਆਂ ਤੋਂ ਚੰਗੇ ਭਵਿੱਖ ਦੀ ਖ਼ੈਰਾਤ ਮੰਗਦੇ ਹਨ। ਦੇਸ਼ ਵਿੱਚ ਜਿੰਨਾ ਵੀ ਸਰਮਾਇਆ ਪੈਦਾ ਹੁੰਦਾ ਹੈ ਉਸ ਦਾ 40 ਫੀਸਦੀ ਹਿੱਸਾ ਸਿਰਫ਼ ਇੱਕ ਫੀਸਦੀ ਲੋਕ ਹੀ ਹਜ਼ਮ ਕਰ ਜਾਂਦੇ ਹਨ। 50 ਫੀਸਦੀ ਲੋਕਾਂ ਨੂੰ ਉਸ ਦਾ 3 ਫੀਸਦੀ ਹੀ ਮਿਲਦਾ ਹੈ। ਦੂਜੇ ਪਾਸੇ 50 ਫੀਸਦੀ ਲੋਕਾਂ ਕੋਲੋਂ ਸਰਕਾਰ ਜੀ.ਐੱਸ.ਟੀ. ਵਸੂਲਦੀ ਹੈ। ਜਦੋਂ ਕਿ ਦੇਸ਼ ਦੇ 10 ਫੀਸਦੀ ਸਭ ਤੋਂ ਮਾਲਦਾਰ ਲੋਕ ਸਿਰਫ਼ 3 ਫੀਸਦੀ ਜੀ.ਐੱਸ.ਟੀ. ਦਿੰਦੇ ਹਨ। ਕਰਜ਼ਿਆਂ ਹੇਠ ਦੱਬੀ ਕਿਰਸਾਨੀ, ਸੜਕਾਂ ’ਤੇ ਦਨਦਨਾਉਂਦੀ ਬੇਰੁਜ਼ਗਾਰੀ, ਅਖੌਤੀ ਵਿੱਦਿਅਕ ਅਦਾਰੇ, ਘਰ-ਘਰ ਮੌਤ ਦਾ ਫਰਮਾਨ ਵੰਡਦੇ ਨਸ਼ੇ ਦੇ ਵਿਉਪਾਰੀ, ਡਿਗਰੀਆਂ ਵੰਡਦੇ ਅਖੌਤੀ ਵਿੱਦਿਅਕ ਅਦਾਰੇ, ਦਵਾਈਆਂ ਦਾ ਵਿਉਪਾਰ ਕਰਕੇ ਬਿਮਾਰੀਆਂ ਵੰਡਣ ਵਾਲਾ ਮਾਫੀਆ, ਧੀਆਂ ਦੀ ਰਾਖੀ ਕਰਨ ਵਾਲੇ ਬਾਬਲਾਂ ਦਾ ਕਤਲ, ਦਿਨ ਦਿਹਾੜੇ ਧੀਆਂ ਦਾ ਉਧਾਲਾ, ਫਿਰੌਤੀਆਂ, ਲੁੱਟਾਂ-ਖੋਹਾਂ, ਨਿਰਦੋਸ਼ਾਂ ਦਾ ਕਤਲ ਅਤੇ ਪਰਵਾਸ ਕਾਰਨ ਭਾਰਤੀਆਂ ਦੀ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਸਥਿਤੀ ’ਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਸੱਚ-ਮੁੱਚ ਭਾਰਤੀ ਨਾਗਰਿਕਾਂ ਦਾ ਵੱਡਾ ਹਿੱਸਾ ਭੁੱਖ, ਖਾਲੀ ਜੇਬ ਅਤੇ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਆਪਣੀਆਂ ਰੀਝਾਂ ਨੂੰ ਛਿਕਲੀ ਪਾ ਕੇ ਜੀਵਨ ਬਤੀਤ ਕਰ ਰਿਹਾ ਹੈ। ਗੰਨਮੈਨਾਂ ਨਾਲ ਘਿਰੇ ਸਿਆਸੀ ਲੋਕ ਆਮ ਲੋਕਾਂ ਤੋਂ ਕੋਹਾਂ ਦੂਰ ਹਨ।
ਇੱਕ ਪਾਸੇ ਦੇਸ਼ ਦੀ ਵਿਕਾਸ ਦਰ 7 ਫੀਸਦੀ ਦੇ ਨੇੜੇ-ਤੇੜੇ ਹੈ ਪਰ ਦੂਜੇ ਪਾਸੇ ਸਿਆਸੀ ਆਗੂਆਂ ਦੀ ਚੱਲ-ਅਚੱਲ ਜਾਇਦਾਦ 70 ਫੀਸਦੀ ਤਕ ਵਧਣ ਦੀਆਂ ਤਲਖ ਹਕੀਕਤਾਂ ਸਾਹਮਣੇ ਆ ਰਹੀਆਂ ਹਨ। ਅਥਾਹ ਜ਼ਮੀਨਾਂ, ਪਟਰੌਲ ਪੰਪ, ਬੱਸਾਂ ਦਾ ਕਾਰੋਬਾਰ, ਕੇਬਲ ਕਾਰੋਬਾਰ, ਸਨਅਤਾਂ ਵਿੱਚ ਹਿੱਸੇਦਾਰੀ, ਪੰਜ ਤਾਰਾ ਹੋਟਲ, ਵੱਖ ਵੱਖ ਤਰ੍ਹਾਂ ਦੇ ਮਾਫ਼ੀਆ ਗਰੁੱਪਾਂ ਨਾਲ ਭਾਈਵਾਲੀ ਅਤੇ ਸਰਪ੍ਰਸਤੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਗਰੀਬੀ ਗਰੀਬਾਂ ਕਾਰਨ ਨਹੀਂ, ਸਗੋਂ ਦੇਸ਼ ਨੂੰ ਦੋਨਾਂ ਹੱਥਾਂ ਨਾਲ ਲੁੱਟਣ ਵਾਲਿਆਂ ਕਰਕੇ ਹੈ। ਇੱਕ ਪਾਸੇ ਚਾਰ-ਚਾਰ ਮਹਿੰਗੀਆਂ ਕਾਰਾਂ ਕੋਠੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦੇ ਲੋਕਾਂ ਦੀ ਗ਼ਰੀਬੀ ਤੇ ਪੜਦਾ ਪਾਉਣ ਲਈ ਬਾਹਰਲੇ ਦੇਸ਼ਾਂ ਦੇ ਸਿਰਕੱਢ ਆਗੂਆਂ ਦੀ ਆਮਦ ਸਮੇਂ ਝੁੱਗੀਆਂ ਦੁਆਲੇ ਕੰਧ ਕੱਢ ਕੇ ਗਰੀਬੀ ਨੂੰ ਛੁਪਾਉਣ ਦਾ ਯਤਨ ਕੀਤਾ ਜਾਂਦਾ ਹੈ। ਮਕਬੂਲ ਸ਼ਾਇਰ ਮੁਨੱਵਰ ਰਾਣਾ ਦੇ ਸ਼ਬਦਾਂ ਵਿੱਚ:
ਸਿਆਸਤ ਇਸ ਹੁਨਰਮੰਦੀ ਸੇ ਸਚਾਈ ਛੁਪਾਤੀ ਹੈ।
ਜੈਸੇ ਸਿਸਕੀਓਂ ਕੀ ਆਵਾਜ਼ ਸ਼ਹਿਨਾਈ ਛੁਪਾਤੀ ਹੈ।
ਦੂਜੇ ਪਾਸੇ ਦੇਸ਼ ਦੀ ਰਾਜਸੀ ਵਿਰਾਸਤ ’ਤੇ ਨਜ਼ਰ ਮਾਰਦਿਆਂ ਇੱਕ ਅਜਿਹੀ ਸਖ਼ਸ਼ੀਅਤ ਵੀ ਸਾਹਮਣੇ ਆਉਂਦੀ ਹੈ, ਜਿਸ ਨੇ ਰਾਜਨੀਤਿਕ ਖੇਤਰ ਵਿੱਚ ਲੋਕ ਸੇਵਾ ਨੂੰ ਹੀ ਜ਼ਿੰਦਗੀ ਦਾ ਮਿਸ਼ਨ ਬਣਾਇਆ। ਉਹ ਪਿਆਰੀ ਸ਼ਖਸੀਅਤ ਦੋ ਦਹਾਕੇ ਪੰਜਾਬ ਦਾ ਐੱਮ.ਐੱਲ.ਏ ਰਹੀ। 1960 ਦੇ ਨੇੜੇ-ਤੇੜੇ ਪੰਜਾਬ ਦੇ ਮਾਲ ਮੰਤਰੀ ਵਜੋਂ ਵੀ ਸੇਵਾ ਕੀਤੀ। ਇੱਕ ਲੋਹੇ ਦਾ ਟਰੰਕ ਅਤੇ ਕੁਝ ਪਾਉਣ ਵਾਲੇ ਸਾਧਾਰਣ ਕੱਪੜੇ ਉਸ ਦਾ ਜੀਵਨ ਸਰਮਾਇਆ ਸੀ। ਮਾਲ ਮੰਤਰੀ ਹੁੰਦਿਆਂ ਇੱਕ ਵਾਰ ਸ਼ਾਮ ਦੇ ਸਮੇਂ ਆਪਣੇ ਦਫਤਰ ਵਿੱਚ ਮੋਮਬੱਤੀ ਦੇ ਚਾਨਣ ਵਿੱਚ ਉਹ ਕਿਸੇ ਨੂੰ ਖ਼ਤ ਲਿਖ ਰਿਹਾ ਸੀ। ਕਿਸੇ ਮਿਲਣ ਵਾਲੇ ਦੇ ਪੁੱਛਣ ’ਤੇ ਕਿ ਤੁਸੀਂ ਬਿਜਲੀ ਦੀ ਰੋਸ਼ਨੀ ਵਿੱਚ ਪੱਤਰ ਕਿਉਂ ਨਹੀਂ ਲਿਖ ਰਹੇ ਤਾਂ ਉਸ ਸ਼ਖਸੀਅਤ ਦਾ ਜਵਾਬ ਸੀ, “ਜਦੋਂ ਮੈਂ ਸਰਕਾਰੀ ਕੰਮ ਕਰਦਾ ਸੀ, ਉਸ ਸਮੇਂ ਬਿਜਲੀ ਦੀ ਵਰਤੋਂ ਕਰਦਾ ਰਿਹਾ। ਪਰ ਹੁਣ ਖ਼ਤ ਦੋਸਤ ਨੂੰ ਲਿਖ ਰਿਹਾ ਹਾਂ ਅਤੇ ਸਰਕਾਰੀ ਬਿਜਲੀ ਵਰਤਵ ਦਾ ਮੈਨੂੰ ਕੋਈ ਹੱਕ ਨਹੀਂ।” ਲੋਕਾਂ ਦੀਆਂ ਤਕਲੀਫ਼ਾਂ ਦੂਰ ਕਰਨ ਲਈ ਉਹ ਹਰ ਸੰਭਵ ਯਤਨ ਕਰਦਾ ਰਿਹਾ। ਪੰਜਾਬ ਦੀਆਂ ਵਿਕਾਸਮੁਖੀ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਸ ਦੀ ਭੂਮਿਕਾ ਸ਼ਲਾਘਾਯੋਗ ਰਹੀ। ਵਜ਼ਾਰਤ ਟੁੱਟਣ ਵਾਲੇ ਦਿਨ ਹੀ ਉਸ ਨੇ ਸਰਕਾਰੀ ਕੋਠੀ ਵਿੱਚੋਂ ਆਪਣਾ ਟਰੰਕ ਚੁੱਕਿਆ ਅਤੇ ਰਿਕਸ਼ਾ ਲੈ ਕੇ ਚੰਡੀਗੜ੍ਹ ਆਪਣੇ ਦੋਸਤ ਦੇ ਘਰ ਚਲਾ ਗਿਆ। ਸਰਕਾਰੀ ਗੱਡੀ ਦੀ ਵਰਤੋਂ ਇਹ ਕਹਿੰਦਿਆਂ ਨਹੀਂ ਕੀਤੀ ਕਿ ਉਹ ਹੁਣ ਵਜ਼ੀਰ ਨਹੀਂ ਹੈ। ਉਸ ਨੇ ਆਪਣੀ ਸਾਰੀ ਜੱਦੀ ਜ਼ਮੀਨ ਸਰਕਾਰੀ ਕਾਲਜ ਟਾਂਡਾ ਉੜਮੜ ਨੂੰ ਦਾਨ ਵਜੋਂ ਦੇ ਦਿੱਤੀ। ਜਲੰਧਰ ਤੋਂ ਪਠਾਨਕੋਟ ਜਾਂਦਿਆਂ ਕਾਲਜ ਦੇ ਗੇਟ ਉੱਤੇ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ ਟਾਂਡਾ ਉੜਮੜ ਲਿਖਿਆ ਹੋਇਆ ਹੈ ਅਤੇ ਵਿਦਿਆਰਥੀ ਗੇਟ ਉੱਤੇ ਉਸ ਪਿਆਰੀ ਸ਼ਖਸੀਅਤ ਨੂੰ ਸਿਜਦਾ ਕਰਕੇ ਕਾਲਜ ਵਿੱਚ ਦਾਖ਼ਲ ਹੁੰਦੇ ਹਨ। ਉਸਨੇ ਨਿੱਜੀ ਹਿਤਾਂ ਨੂੰ ਤਿਲਾਂਜਲੀ ਦੇ ਕੇ ਲੋਕ ਹਿਤਾਂ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ। ਅਜਿਹੀਆਂ ਸ਼ਖਸੀਅਤਾਂ ਲੋਕਾਂ ਦੇ ਚੇਤਿਆਂ ਵਿੱਚੋਂ ਮਨਫੀ ਵੀ ਨਹੀਂ ਹੁੰਦੀਆਂ। ਲੋਕਾਂ ਦੇ ਹਿਤਾਂ ਨਾਲ ਖਿਲਵਾੜ ਕਰਕੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੇ, ਦਾਗ਼ੀ ਜ਼ਮੀਰਾਂ ਵਾਲੇ ਲੋਕ ਹਮੇਸ਼ਾ ਹੀ ਲੋਕਾਂ ਦੇ ਚੇਤਿਆਂ ਵਿੱਚੋਂ ਸਿਰਫ ਮਨਫੀ ਹੀ ਨਹੀਂ ਹੁੰਦੇ ਸਗੋਂ ਲੋਕਾਂ ਦੀਆਂ ਦੁਰ-ਅਸੀਸਾਂ ਅਤੇ ਉਨ੍ਹਾਂ ਦੀਆਂ ਤਿਉੜੀਆਂ ਅਜਿਹੇ ਘਟੀਆ ਸਿਆਸਤਦਾਨਾਂ ਦੇ ਹਿੱਸੇ ਆਉਂਦੀਆਂ ਹਨ।
ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਡਿਉਢੀਆਂ ਗਿਆਨੀ ਕਰਤਾਰ ਸਿੰਘ ਵਰਗੀਆਂ ਕੱਦਾਵਰ ਸ਼ਖਸੀਅਤਾਂ ਲਈ ਤਰਸ ਰਹੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4246)
(ਸਰੋਕਾਰ ਨਾਲ ਸੰਪਰਕ ਲਈ: (