“ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂ ਪੂੰਝਦਿਆਂ ਉਸ ਔਰਤ ਨੇ ਦੱਸਿਆ, “ਨਾ ਤਾਂ ... ”
(7 ਫਰਵਰੀ 2020)
ਔਲਾਦ ਦੇ ਥਿੜਕ ਜਾਣ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਮਾਪੇ ਆਪਣੀ ਔਲਾਦ ਲਈ ਰੋਲ ਮਾਡਲ ਦਾ ਫਰਜ਼ ਨਹੀਂ ਨਿਭਾ ਰਹੇ। ਔਲਾਦ ਪ੍ਰਤੀ ਉਨ੍ਹਾਂ ਦੀ ਸੋਚ ਕਿ ਉਹ ਸੋਲਾਂ ਕਲਾ ਸੰਪੂਰਨ ਹੋਵੇ, ਖੇਡਾਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰੇ, ਘਰ ਦਾ ਕੰਮ ਵੀ ਤਨਦੇਹੀ ਨਾਲ ਕਰੇ, ਮੂਹਰੇ ਕੁਸਕੇ ਵੀ ਨਾ, ਜੋ ਕੰਮ ਕਹਿ ਦਿੱਤਾ, ਉਹ ਖਿੜੇ ਮੱਥੇ ਕਰੇ। ਪਰ ਬਹੁਤ ਸਾਰੇ ਮਾਪੇ ਇਹ ਭੁੱਲੀ ਬੈਠੇ ਹਨ ਕਿ ਅੱਜ ਦੀ ਪੀੜ੍ਹੀ ਸੁਣਨ-ਸੁਣਾਉਣ ਵਿੱਚ ਯਕੀਨ ਨਹੀਂ ਕਰਦੀ, ਨਕਲ ਕਰਨ ਵਿੱਚ ਯਕੀਨ ਕਰਦੀ ਹੈ। ਅੱਜ ਜ਼ਿੰਦਗੀ ਦੀ ਭੱਜ ਦੌੜ ਵਿੱਚੋਂ ਕੁਝ ਸਮਾਂ ਆਪਣੀ ਔਲਾਦ ਦੇ ਲੇਖੇ ਲਗਾਉਣਾ ਅਤਿਅੰਤ ਜ਼ਰੂਰੀ ਹੈ। ਆਪਸ ਵਿੱਚ ਸੰਵਾਦ ਰਚਕੇ ਔਲਾਦ ਨੂੰ ਗੱਲਾਂ ਗੱਲਾਂ ਵਿੱਚ ਸੇਧਮਈ ਸੁਨੇਹਾ ਦੇਣਾ, ਭਵਿੱਖ ਪ੍ਰਤੀ ਸਿਰਜੇ ਸੁਪਨਿਆਂ ਦੀ ਵਿਉਂਤਬੰਦੀ ਸਬੰਧੀ ਸੁਝਾਅ ਦੇਣੇ, ਆਪਣੇ ਅਤੀਤ ਦੇ ਉਹ ਪੰਨੇ ਬੱਚਿਆਂ ਅੱਗੇ ਫਰੋਲਣੇ ਜਿਹੜੇ ਜ਼ਿੰਦਗੀ ਦਾ ਕੀਮਤੀ ਹਾਸਲ ਹੋਣ, ਦੁਸ਼ਵਾਰੀਆਂ ਸਾਹਮਣੇ ਘਬਰਾਉਣ ਦੀ ਥਾਂ ਉਨ੍ਹਾਂ ਦਾ ਮੁਕਾਬਲਾ ਕਰਨ ਦੀਆਂ ਜੁਗਤਾਂ ਦੱਸਣਾ ਅਤੇ ਉਨ੍ਹਾਂ ਨੂੰ ਇਸ ਅਹਿਮ ਪੱਖ ਤੋਂ ਜਾਣੂ ਕਰਵਾਉਣਾ ਕਿ ਜ਼ਿੰਦਗੀ ਦੀ ਦਹਿਲੀਜ਼ ’ਤੇ ਔਖੇ ਸਮੇਂ ਦਾ ਦਸਤਕ ਦੇਣਾ ਅਹਿਮ ਹਿੱਸਾ ਹੁੰਦਾ ਹੈ ਅਤੇ ਔਖੇ ਸਮੇਂ ਵਿਛੇ ਕੰਡਿਆਂ ਨੂੰ ਮੁਸਕਰਾ ਕੇ ਮਿੱਧਣਾ ਅਤੇ ਮੰਜ਼ਲ ਸਰ ਕਰਨੀ ਜ਼ਿੰਦਗੀ ਦੀ ਕਲਾ ਹੁੰਦੀ ਹੈ।
ਇਵੇਂ ਹੀ ਇੱਕ ਬਾਪ ਐਤਵਾਰ ਵਾਲੇ ਦਿਨ ਵਿਹੜੇ ਵਿੱਚ ਧੁੱਪ ਸੇਕਦਿਆਂ ਆਪਣੇ ਪੁੱਤ ਕੋਲ ਬੈਠਾ ਸਮਝਾ ਰਿਹਾ ਸੀ, “ਭਲਾ ਜਦੋਂ ਤੁਹਾਡੀ ਮਾਂ ਭਾਫਾਂ ਛੱਡਦੇ ਚੌਲ ਥੌਨੂੰ ਪਰੋਸਦੀ ਹੈ ਤਾਂ ਧਿਆਨ ਮਾਰਿਉ, ਉਹਦੇ ਨੇੜੇ ਕੋਈ ਮੱਖੀ, ਮੱਛਰ ਨਹੀਂ ਆਉਂਦਾ। ਪਤਾ ਹੈ ਕਿਉਂ?” ਦਸ-ਬਾਰਾਂ ਸਾਲਾਂ ਦੇ ਪੁੱਤਰ ਨੇ ਜਵਾਬ ਦਿੱਤਾ, “ਮੱਖੀ-ਮੱਛਰ ਕਿਵੇਂ ਆਜੂ। ਚਾਵਲ ਤਾਂ ਅੱਗ ਵਰਗੇ ਗਰਮ ਨੇ। ਉਨ੍ਹਾਂ ਨੇ ਮਰਨੈ ਨੇੜੇ ਆ ਕੇ?” ਫਿਰ ਬਾਪ ਨੇ ਉਹਦਾ ਮੋਢਾ ਹਲੂਣ ਕੇ ਕਿਹਾ, “ਪਰ ਜੇ ਚੌਲ ਠੰਢੇ ਹੋਣ ਅਤੇ ਢਕੇ ਵੀ ਨਾ ਹੋਣ, ਫਿਰ ਮੱਖੀ-ਮੱਛਰ ਆਉਣਗੇ?” ਬੱਚੇ ਨੇ ਸਹਿਜ ਮਤੇ ਵਿੱਚ ਕਿਹਾ, ““ਫਿਰ ਤਾਂ ਆਉਣਗੇ ਹੀ। ਚੌਲ ਠੰਢੇ ਵੀ ਨੇ ਤੇ ਢਕੇ ਵੀ ਨਹੀਂ ਹੋਏ।” ਬਾਪ ਨੇ ਸਮਝਾਉਣ ਵਾਲੇ ਲਹਿਜੇ ਵਿੱਚ ਕਿਹਾ, “ਬੱਸ ਪੁੱਤ, ਆਪਣੀ ਜ਼ਿੰਦਗੀ ਵੀ ਇਸ ਤਰ੍ਹਾਂ ਈ ਐ। ਜੇ ਆਪਾਂ ਆਪਣੀ ਜ਼ਿੰਦਗੀ ਭਾਫ਼ਾਂ ਛੱਡਦੇ ਚੌਲਾਂ ਵਰਗੀ ਬਣਾ ਲਈ, ਆਪਣਾ ਸਮਾਂ ਚੰਗੇ ਕੰਮਾਂ ਦੇ ਲੇਖੇ ਲਾਇਆ, ਫਿਰ ਆਲਸ, ਝੂਠ, ਫਰੇਬ, ਸੁਸਤੀ ਅਤੇ ਕੋਈ ਬਿਮਾਰੀ ਨੇੜੇ ਨਹੀਂ ਆਵੇਗੀ ਅਤੇ ਅਸੀਂ ਚੰਗੇ ਰਾਹ ਤੇ ਚੱਲ ਕੇ ਮੰਜ਼ਿਲ ਪ੍ਰਾਪਤੀ ਕਰ ਲਵਾਂਗੇ। ਜਿਹੜੇ ਵੱਡੇ ਆਦਮੀ ਹੋਏ ਨੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਭਾਂਫਾਂ ਛੱਡਦੇ ਚੌਲਾਂ ਵਰਗੀ ਬਣਾ ਕੇ ਰੱਖੀ ਸੀ। ਬਾਪ ਨੇ ਪੁੱਤ ਨਾਲ ਕਿਸੇ ਵਿਦਵਾਨ ਦੇ ਇਹ ਬੋਲ ਵੀ ਸਾਂਝੇ ਕੀਤੇ ਕਿ ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ।
ਇਹ ਤਾਂ ਇੱਕ ਪੱਖ ਹੈ ਜਿੱਥੇ ਬਾਪ ਆਪਣੀ ਔਲਾਦ ਲਈ ਪ੍ਰੇਰਨਾ ਦਾ ਸੋਮਾ ਵੀ ਬਣਦੇ ਹਨ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਵੀ ਕਰਦੇ ਰਹਿੰਦੇ ਹਨ ਪਰ ਦੂਜੇ ਪਾਸੇ ਅਜਿਹੇ ਬਾਪ ਵੀ ਹਨ ਜਿਹੜੇ ਆਪਣੇ ਫਰਜ਼ਾਂ ਤੋਂ ਬੇਮੁੱਖ ਹੋ ਕੇ ਆਪਣੀ ਔਲਾਦ ਦਾ ਭਵਿੱਖ ਧੁਆਂਖ ਦਿੰਦੇ ਹਨ। ਪਿਛਲੇ ਦਿਨੀਂ ਗਵਾਂਢ ਵਿੱਚ ਰਹਿੰਦੀ ਔਰਤ ਆਪਣੀ ਦਸਵੀਂ ਵਿੱਚ ਪੜ੍ਹਦੀ ਧੀ ਨੂੰ ਨਾਲ ਲੈ ਕੇ ਆ ਗਈ। ਉਹ ਲੜਕੀ ਹਰ ਸਾਲ ਆਪਣੀ ਜਮਾਤ ਵਿੱਚੋਂ ਫਸਟ ਆਉਂਦੀ ਸੀ। ਇਸ ਹੋਣਹਾਰ ਵਿਦਿਆਰਥਣ ਉੱਤੇ ਅਧਿਆਪਕ ਵੀ ਮਾਣ ਕਰਦੇ ਸਨ। ਆਉਂਦਿਆਂ ਹੀ ਮਾਂ ਨੇ ਚੁੰਨੀ ਦੇ ਪੱਲੇ ਨਾਲ ਬੰਨ੍ਹੇ ਪੈਸੇ ਮੇਰੀ ਪਤਨੀ ਨੂੰ ਫੜਾਉਂਦਿਆਂ ਕਿਹਾ, “ਇਹ 900 ਰੁਪਏ ਨੇ। ਇਹਨਾਂ ਨੂੰ ਸਾਂਭ ਕੇ ਰੱਖ ਲਉ। ਕੁੜੀ ਨੂੰ ਵਜੀਫ਼ਾ ਮਿਲਿਐ। ਜਦੋਂ ਲੋੜ ਪਈ ਆਪੇ ਲੈਜੂੰਗੀ। ਇਹਦੇ ਬਾਪੂ ਨੂੰ ਜੇ ਪਤਾ ਲੱਗ ਗਿਆ, ਉਹ ਤਾਂ ਇਹਦੀ ਦਾਰੂ ਡੱਫ ਜੂ ਗਾ। ਪੀ ਕੇ ਜਿਹੜਾ ਝੱਜੂ ਪਾਉ, ਉਹ ਵੱਖਰਾ।”
ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂ ਪੂੰਝਦਿਆਂ ਉਸ ਔਰਤ ਨੇ ਦੱਸਿਆ, “ਨਾ ਤਾਂ ਕਦੇ ਉਹ ਵਿਚਾਰੀ ਦੇ ਸਕੂਲ ਈ ਇਹਦੀ ਪੜ੍ਹਾਈ ਪਿੱਛੇ ਪੁੱਛਣ ਗਿਆ ਹੈ, ਨਾ ਹੀ ਇਹਦੀਆਂ ਕਿਤਾਬਾਂ-ਕਾਪੀਆਂ ਦਾ ਕੋਈ ਫਿਕਰ ਐ। ਊਂ ਵੀ ਡੱਕਾ ਨੀ ਤੋੜਦਾ। ਮੈਂ ਹੀ ਦਿਹਾੜੀ-ਦੱਪਾ ਕਰਕੇ ਘਰ ਦਾ ਚੁੱਲ੍ਹਾ ਚਲਾਉਨੀ ਆਂ। ਕੁੜੀ ਨੂੰ ਕਹਿ ਰੱਖਿਐ ਬਈ ਤੂੰ ਦੱਬ ਕੇ ਪੜ੍ਹ, ਮੈਂ ਤੇਰੇ ਵਾਸਤੇ ਹੋਰ ਹੱਡ ਭੰਨਵੀਂ ਮਿਹਨਤ ਕਰਲੂੰਗੀ। ਉਹ ਤਾਂ ਜਿਹੋ-ਜਿਹਾ ਹੈਗਾ ਸਭ ਨੂੰ ਪਤਾ ਹੈ। ਜੇ ਕਿਤੇ ਦਿਹਾੜੀ ’ਤੇ ਜਾਂਦਾ ਵੀ ਹੈ ਤਾਂ ਦਿਹਾੜੀ ਵਾਲੇ ਪੈਸਿਆਂ ਨਾਲ ਸ਼ਰਾਬ ਦੀ ਬੋਤਲ ਖਰੀਦ ਲਿਆਉਂਦੈ। ਉਹਨੂੰ ਤਾਂ ਬੱਸ ਹੋਰ ਕੋਈ ਲਹੀ-ਚੜ੍ਹੀ ਦੀ ਹੈ ਨੀ। ਜਿਹੜਾ ਘਰ ਵਿੱਚ ਬਿਨਾਂ ਮਤਲਬ ਤੋਂ ਖੜਦੁੰਮ ਪਾਉਂਦੈ, ਉਹ ਵੱਖਰਾ।”
ਆਪ ਮੁਹਾਰੇ ਵਹਿੰਦੇ ਅੱਥਰੂਆਂ ਨੂੰ ਚੁੰਨੀ ਦੇ ਪੱਲੇ ਨਾਲ ਪੂੰਝਦਿਆਂ ਉਸ ਨੇ ਭਰੜਾਈ ਅਵਾਜ਼ ਵਿੱਚ ਕਿਹਾ, “ਜਿਹੜੀ ਚੀਜ਼ ਘਰੋਂ ਹੱਥ ਲੱਗ ਜੇ, ਉਹ ਵੇਚ ਦਿੰਦਾ ਹੈ। ਪੰਜ-ਛੇ ਦਿਨ ਪਹਿਲਾਂ ਮੈਂ ਤਾਂ ਦਿਹਾੜੀ ’ਤੇ ਗਈ ਹੋਈ ਸੀ, ਪਿੱਛੋਂ ਪੀਹਣਾ ਕਰਕੇ ਰੱਖੀ ਕਣਕ ਹੀ ਵੇਚ ਆਇਆ। ਭਲਾ ਮੈਂ ਕਿਹੜੀ ਕਿਹੜੀ ਚੀਜ਼ ਨੂੰ ਜਿੰਦਰਾ ਲਾਵਾਂ?”
ਫਿਰ ਉਸ ਔਰਤ ਨੇ ਨਾਲ ਖੜ੍ਹੀ ਆਪਣੀ ਧੀ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ, “ਭਲਾ ਇਹੋ ਜਿਹੇ ਬੋਟ ਨੂੰ ਊਂਈਂ ਘੂਰੀ ਜਾਣਾ ਕਿੱਧਰ ਦੀ ਅਕਲਮੰਦੀ ਐ? ਬੱਸ ਭੈਣੇ, ਧੀਆਂ ਤਾਂ ਜਿਹਨੇ ਜਣੀਆਂ, ਉਹਤੇ ਬਣੀਆਂ।”
ਗੁੰਮ-ਸੁੰਮ ਜਿਹੀ ਕੁੜੀ ਦੇ ਚਿਹਰੇ ’ਤੇ ਜੰਮੀ ਉਦਾਸੀ ਦੀ ਪਰਤ ਵਿੰਹਦਿਆਂ ਮੈਂ ਕੁੜੀ ਦੇ ਸਿਰ ਤੇ ਹੱਥ ਧਰਦਿਆਂ ਕਿਹਾ, “ਤੂੰ ਭਾਗਾਂ ਵਾਲੀ ਐਂ, ਜਿਹਨੂੰ ਇਹੋ-ਜਿਹੀ ਤਪੱਸਵੀ ਮਾਂ ਮਿਲੀ ਹੈ। ਇੰਜ ਹੀ ਮਿਹਨਤ ਕਰਕੇ ਆਪਣੇ ਅਤੇ ਮਾਂ ਦੇ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਰ ਤੋੜ ਯਤਨ ਕਰਦੀ ਰਹਿ।”
ਮੇਰੀ ਜੀਵਨ ਸਾਥਨ ਨੇ ਮਾਂਵਾ-ਧੀਆਂ ਦੇ ਮੋਢਿਆਂ ’ਤੇ ਹੱਥ ਰੱਖਦਿਆਂ ਅਪਣੱਤ ਅਤੇ ਮੋਹ ਭਰੇ ਲਹਿਜ਼ੇ ਨਾਲ ਕਿਹਾ, “ਕੁੜੀ ਨੂੰ ਪੜ੍ਹਨੋ ਨਾ ਹਟਾਈਂ। ਜਦੋਂ ਵੀ ਲੋੜ ਹੋਵੇ, ਬਿਨਾਂ ਝਿਜਕ ਤੋਂ ਦੱਸੀ, ਡਟ ਕੇ ਮਦਦ ਕਰਾਂਗੇ।”
ਇਹ ਸੁਣਦਿਆਂ ਹੀ ਮਾਂਵਾਂ-ਧੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਕੁੜੀ ਦਾ ਵਜੀਫ਼ਾ ਮਿਲਣ ਦਾ ਮੱਠਾ ਹੋਇਆ ਚਾਅ ਉਹਦੇ ਚਿਹਰੇ ’ਤੇ ਤੈਰਦੀ ਮੁਸਕਰਾਹਟ ਅਤੇ ਦ੍ਰਿੜ੍ਹ ਸੰਕਲਪ ਨੇ ਫਿਰ ਭਖਾ ਦਿੱਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1925)
(ਸਰੋਕਾਰ ਨਾਲ ਸੰਪਰਕ ਲਈ: