MohanSharma8ਤਸੱਲੀ ਹੋਣ ’ਤੇ ਉਸਦੀ ਪਤਨੀ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬੁਲਾਇਆ। ਦੋਨਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ...
(21 ਦਸੰਬਰ 2023)
ਇਸ ਸਮੇਂ ਪਾਠਕ: 390.


ਪੰਜਾਬ ਦਾ ਦੁਖਾਂਤਮਈ ਪੱਖ ਇਹ ਹੈ ਕਿ ਨਸ਼ਿਆਂ ਕਾਰਨ ਬਹੁਤ ਸਾਰੇ ਜਿਮੀਂਦਾਰ
, ਸਨਅਤਕਾਰ, ਵਿਉਪਾਰੀ ਅਤੇ ਮਜ਼ਦੂਰ ਵਰਗ ਨਾਲ ਸਬੰਧਤ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਸੈਂਕੜੇ ਵਿੱਘੇ ਜ਼ਮੀਨ ਦੇ ਮਾਲਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਲੜਕੀਆਂ ਜਵਾਨੀ ਦੀ ਦਹਿਲੀਜ਼ ਪਾਰ ਕਰ ਚੁੱਕੀਆਂ ਹਨ, ਪਰ ਨਸ਼ਈਆਂ ਨੂੰ ਸਿਰਫ ਅਤੇ ਸਿਰਫ ਆਪਣੇ ਨਸ਼ੇ ਦੇ ਫਿਕਰ ਤੋਂ ਬਿਨਾਂ ਪਰਿਵਾਰਕ ਜ਼ਿੰਮੇਵਾਰੀਆਂ ਦੀ ਕੋਈ ਪਰਵਾਹ ਨਹੀਂ ਅਤੇ ਇਸੇ ਕਾਰਨ ਧੀਆਂ ਡੋਲੀ ਵਿੱਚ ਬੈਠਣ ਲਈ ਤਰਸ ਰਹੀਆਂ ਹਨ। ਜੇ ਚਾਚੇ-ਤਾਏ ਜਾਂ ਨਾਨਕਾ ਪਰਿਵਾਰ ਲੜਕੀ ਲਈ ਯੋਗ ਵਰ ਦੀ ਤਲਾਸ਼ ਕਰਦੇ ਹਨ ਤਾਂ ਅਗਾਂਹ ਨਸ਼ਈ ਬਾਪ ਦਾ ਪਤਾ ਲੱਗ ਜਾਣ ਕਾਰਨ ਲੜਕੇ ਵਾਲੇ ਹੱਥ ਖਿੱਚ ਲੈਂਦੇ ਹਨ। ਅਜਿਹੀ ਸਥਿਤੀ ਪੰਜਾਬ ਦੇ ਗੱਭਰੂਆਂ ਦੀ ਹੈ। ਨਸ਼ਿਆਂ ਕਾਰਨ ਕੰਗਾਲ ਹੋਏ ਪਰਿਵਾਰ ਦੀ ਨਾ ਕੋਈ ਧੀ ਲੈਣ ਲਈ ਤਿਆਰ ਹੁੰਦਾ ਹੈ ਅਤੇ ਨਾ ਹੀ ਮੁੰਡੇ ਨੂੰ ਰਿਸ਼ਤਾ ਕਰਨ ਲਈ ਕੋਈ ਬਹੁੜਦਾ ਹੈ। ਮਾਂ ਦੀਆਂ ਸਿਸਕੀਆਂ, ਰਿਸ਼ਤੇਦਾਰਾਂ ਅਤੇ ਮੇਲ-ਗੇਲ ਵਾਲਿਆਂ ਦੇ ਕੀਤੇ ਤਰਲੇ ਵੀ ਕੋਈ ਅਸਰ ਨਹੀਂ ਕਰਦੇ। ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਹੁੰਦਿਆਂ ਅਨੇਕਾਂ ਹਿਰਦੇਵੇਧਕ ਕਹਾਣੀਆਂ ਸਾਹਮਣੇ ਆਈਆਂ ਹਨ।

ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਦਾ 45 ਕੁ ਸਾਲ ਦਾ ਨਸ਼ਈ ਆਪਣੇ ਇਲਾਜ ਲਈ ਆਇਆ। ਕਾਉਂਸਲਿੰਗ ਉਪਰੰਤ ਪਤਾ ਲੱਗਿਆ ਕਿ ਉਹ ਮੈਡੀਕਲ ਨਸ਼ੇ ਦੇ ਨਾਲ ਨਾਲ ਚਿੱਟੇ ਦੀ ਵਰਤੋਂ ਵੀ ਕਰਦਾ ਸੀ। ਨਸ਼ਿਆਂ ਕਾਰਨ ਉਹ ਆਪਣੇ ਛੇ ਕਿੱਲੇ ਜ਼ਮੀਨ ਗਹਿਣੇ ਕਰ ਚੁੱਕਿਆ ਸੀ। ਬਾਕੀ ਬਚਦੇ ਦੋ ਕਿੱਲੇ ਪਤਨੀ ਨੇ ਰੌਲਾ ਪਾ ਕੇ ਆਪਣੇ ਨਾਂ ਕਰਵਾ ਲਏ। ਹੁਣ ਵਿਚਾਰੀ ਪਤਨੀ ਘਰ ਦੋ ਮੱਝਾਂ ਰੱਖ ਕੇ ਦੋਧੀ ਨੂੰ ਦੁੱਧ ਵੇਚਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਇੱਕ ਦਿਨ ਕਿਸੇ ਜ਼ਰੂਰੀ ਕੰਮ ਉਸ ਔਰਤ ਨੂੰ ਪੇਕੀਂ ਜਾਣਾ ਪੈ ਗਿਆ। ਇਸ ਨੂੰ ਸੁਨਹਿਰੀ ਮੌਕਾ ਸਮਝ ਕੇ ਨਸ਼ਈ ਨੇ ਦੋਨਾਂ ਮੱਝਾਂ ਨੂੰ ਵੇਚ ਦਿੱਤਾ ਅਤੇ ਨਸ਼ਿਆਂ ਕਾਰਨ ਚੜ੍ਹਿਆ ਕਰਜ਼ਾ ਉਤਾਰ ਕੇ ਬਾਕੀ ਬਚੇ ਪੈਸਿਆਂ ਨਾਲ ਕੁਝ ਦਿਨਾਂ ਦਾ ‘ਸਟਾਕ’ ਇਕੱਠਾ ਕਰ ਲਿਆ। ਵਾਪਸ ਆਉਣ ’ਤੇ ਖਾਲੀ ਕੀਲੇ ਵੇਖ ਕੇ ਪਤਨੀ ਦਾ ਤਰਾਹ ਨਿਕਲ ਗਿਆ ਅਤੇ ਉਹ ਦੁਹੱਥੜ ਮਾਰ ਕੇ ਕਹਿ ਰਹੀ ਸੀ, “ਕਿਹੜੇ ਜਨਮ ਦਾ ਵੈਰ ਕੱਢ ਰਿਹਾ ਹੈਂ ਤੂੰ ਸਾਡੇ ਨਾਲ? ਜਵਾਕਾਂ ਨੂੰ ਜਿਹੜੇ ਚਾਰ ਛਿੱਲੜ ਜੋੜ ਕੇ ਮੈਂ ਰੋਟੀ ਖਵਾਉਂਦੀ ਸੀ, ਤੈਂ ਤਾਂ ਉਸ ਉੱਤੇ ਵੀ ਡਾਕਾ ਮਾਰ’ਤਾ। ਦਿਨ ਰਾਤ ਮੈਂ ਤੇ ਜਵਾਕ ਡੰਗਰਾਂ ਦਾ ਗੋਹਾ ਕੂੜਾ ਕਰਦੇ ਸੀ। ਖੇਤੋਂ ਪੱਠੇ ਮੈਂ ਲਿਆਉਂਦੀ, ਫਿਰ ਕਿਤੇ ...। ਤੂੰ ਕੁਝ ਕਰਨ ਦੀ ਥਾਂ ਸਾਡੇ ਢਿੱਡ ਵਿੱਚ ਲੱਤ ਕਿਉਂ ਮਾਰੀ?”

ਉਹੀ ਔਰਤ ਆਪਣੇ ਪਤੀ ਦਾ ਇਲਾਜ ਕਰਵਾਉਣ ਵੇਲੇ ਤਰਲੇ ਨਾਲ ਕਹਿ ਰਹੀ ਸੀ, “ਹਾੜਾ ਜੀ! ਮੈਂ ਥੋਡੇ ਮੂਹਰੇ ਹੱਥ ਬੰਨ੍ਹਦੀ ਹਾਂ, ਇਸ ਨੂੰ ਠੀਕ ਕਰ ਦਿਉ। ਇਲਾਜ ਦੇ ਸਮੇਂ ਜੇ ਇਹ ਮਰ ਵੀ ਜਾਵੇ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ, ਇਹਨੂੰ ਇੱਥ ਹੀ ਸਿਵਿਆਂ ਵਿੱਚ ਫੂਕ ਦਿਉ। ਲੱਕੜਾਂ ਦੇ ਪੈਸੇ ਮੈਂ ਦੇ ਦੂੰ।” ਉਸ ਔਰਤ ਦੇ ਖੂਨ ਦੇ ਅੱਥਰੂ ਥੰਮ੍ਹਣ ਵਿੱਚ ਨਹੀਂ ਸਨ ਆ ਰਹੇ।

ਨਾਭੇ ਤੋਂ ਬਜ਼ੁਰਗ ਪਤੀ ਪਤਨੀ ਆਪਣੇ ਵੀਹ ਸਾਲ ਦੇ ਪੁੱਤ ਨੂੰ ਲੈ ਕੇ ਆ ਗਏ। ਪੁੱਤ ਨੇ ਜਿੱਥੇ ਨਸ਼ਿਆਂ ਕਾਰਨ ਆਪਣਾ ਸਰੀਰ ਬਰਬਾਦ ਕਰ ਲਿਆ ਸੀ, ਉੱਥੇ ਹੀ ਮਾਂ-ਬਾਪ ਦੀਆਂ ਚਿੰਤਾਵਾਂ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ। ਔਰਤ ਨੇ ਆਪਣੇ ਪਤੀ ਦੀ ਹਾਜ਼ਰੀ ਵਿੱਚ ਆਪਣੀ ਦੁੱਖ ਭਰੀ ਕਹਾਣੀ ਦੱਸਦਿਆਂ ਕਿਹਾ, “ਇਸ ਮੁੰਡੇ ਨੇ ਤਿਣਕਾ-ਤਿਣਕਾ ਕਰਕੇ ਜੋੜਿਆ ਘਰ ਬਰਬਾਦ ਕਰ ਦਿੱਤੈ, ਸਾਨੂੰ ਕਾਸੇ ਜੋਗਾ ਨਹੀਂ ਛੱਡਿਆ। ਇਹਦੇ ਕਾਰਨ ਕੋਈ ਰਿਸ਼ਤੇਦਾਰ ਵੀ ਘਰ ਨਹੀਂ ਆਉਂਦਾ।” ਕੁਝ ਰੁਕ ਕੇ ਉਸਨੇ ਹਟਕੋਰਿਆਂ ਭਰੀ ਅਵਾਜ਼ ਵਿੱਚ ਫਿਰ ਦੱਸਣਾ ਸ਼ੁਰੂ ਕੀਤਾ, “ਇਹਦੀ ਸੋਨੇ ਵਰਗੀ ਪਤਨੀ ਇਹਦੇ ਗ਼ਮ ਵਿੱਚ ਹੀ ਮਰ ਗਈ। ਬੜੀ ਸਿਆਣੀ ਅਤੇ ਸੁਚਾਰੂ ਨੂੰਹ ਸੀ। ਉਹਦੇ ਮਰਨ ਵੇਲੇ ਮੈਂ ਰੱਬ ਨੂੰ ਉਲਾਂਭਾ ਦੇ ਰਹੀ ਸੀ ਕਿ ਤੂੰ ਮੇਰੀ ਨੂੰਹ ਨੂੰ ਚੁੱਕਣ ਦੀ ਥਾਂ ਇਸ ਕਮੀਨੇ ਨੂੰ ਚੁੱਕ ਲੈਂਦਾ। ਮੈਨੂੰ ਭੋਰਾ ਗ਼ਮ ਨਾ ਹੁੰਦਾ। ਫਿਰ ਜੀ, ਇੱਕ ਦਿਨ ਇਹਦੇ ਦੁੱਖ ਕਾਰਨ ਮੈਨੂੰ ਹਾਰਟ ਅਟੈਕ ਹੋ ਗਿਆ। ਦੂਜੇ ਪੁੱਤ ਅਤੇ ਉਹਦੀ ਪਤਨੀ ਨੇ ਭੱਜਕੇ ਗੱਡੀ ਲਿਆਂਦੀ ਅਤੇ ਮੈਨੂੰ ਹਸਪਤਾਲ ਲੈ ਕੇ ਜਾਣ ਸਮੇਂ ਇਹ ਮੇਰੇ ਕੋਲ ਗੱਡੀ ਵਿੱਚ ਆ ਕੇ ਬੈਠ ਗਿਆ। ਹਸਪਤਾਲ ਦਾਖਲ ਹੋਣ ਸਮੇਂ ਪਤਾ ਚੱਲਿਆ ਕਿ ਇਹ ਜਦੋਂ ਹਾਰਟ ਅਟੈਕ ਦੀ ਹਾਲਤ ਵਿੱਚ ਮੇਰੇ ਕੋਲ ਗੱਡੀ ਵਿੱਚ ਥੋੜ੍ਹੀ ਦੇਰ ਲਈ ਬੈਠਾ ਸੀ, ਉਦੋਂ ਇਹ ਮੇਰਾ ਪਰਸ ਖਿਸਕਾ ਕੇ ਲੈ ਗਿਆ ਸੀ। ਮੇਰੇ ਇਲਾਜ ਲਈ ਵੀਹ ਹਜ਼ਾਰ ਰੁਪਇਆ ਮੇਰੇ ਪਤੀ ਨੇ ਇਸੇ ਪਰਸ ਵਿੱਚ ਪਾ ਦਿੱਤਾ ਸੀ।” ਬਜ਼ੁਰਗ ਔਰਤ ਅਤੇ ਉਸਦੇ ਪਤੀ ਦੀਆਂ ਅੱਖਾਂ ਵਿੱਚ ਅੱਥਰੂ ਸਨ।

ਇੱਕ ਵਿਅਕਤੀ ਗੱਡੀ ਵਿੱਚ ਆਪਣੇ ਨਸ਼ਈ ਪੁੱਤ ਨੂੰ ਲੈ ਕੇ ਆਇਆ। ਉਸਦੇ ਨਾਲ ਉਸਦੇ ਤਿੰਨ ਚਾਰ ਨਜ਼ਦੀਕੀ ਰਿਸ਼ਤੇਦਾਰ ਵੀ ਸਨ। ਵਿਅਕਤੀ ਨੇ ਇਕੱਲਿਆਂ ਮੇਰੇ ਨਾਲ ਗੱਲ ਕਰਨੀ ਚਾਹੀ। ਉਸਨੇ ਦੱਸਿਆ ਕਿ ਉਹ ਪਿੰਡ ਦਾ ਸਰਪੰਚ ਹੈ। ਆਲੇ ਦੁਆਲੇ ਚੰਗੀ ਪੁੱਛ ਪ੍ਰਤੀਤ ਹੈ। ਪਿੰਡ ਦੇ ਲੋਕ ਇੱਜ਼ਤ ਵੀ ਕਰਦੇ ਨੇ। ਚਾਰ ਅਫਸਰਾਂ ਨਾਲ ਵੀ ਬੈਠਣ-ਉੱਠਣ ਐ। ਪਰ ਮੇਰੇ ਨਸ਼ਈ ਮੁੰਡੇ ਨੇ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ। ਮੇਰੀ ਇੱਜ਼ਤ ਇਹਨੇ ਮਿੱਟੀ ਵਿੱਚ ਰੋਲ ਦਿੱਤੀ ਐ। ਕੰਮ ਦਾ ਡੱਕਾ ਨਹੀਂ ਤੋੜਦਾ। ਸ਼ਰਾਬ ਲਈ ਹਰ ਰੋਜ਼ ਪੈਸੇ ਮੰਗਦੈ। ਜੇ ਮੈਂ ਪੈਸੇ ਨਹੀਂ ਦਿੰਦਾ ਫਿਰ ਕੰਜਰਖਾਨਾ ਕਰਦਾ ਹੈ। ਜੇ ਪੈਸੇ ਦੇ ਦੇਵਾਂ ਤਾਂ ਫਿਰ ਦਾਰੂ ਪੀ ਕੇ ਕੰਜਰਖਾਨਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ।” ਫਿਰ ਉਸਨੇ ਬੇਵਸੀ ਦਾ ਬੁੱਤ ਬਣਕੇ ਰੋਣਹਾਕੀ ਅਵਾਜ਼ ਵਿੱਚ ਦੱਸਿਆ, “ਹੁਣ ਥੋਡੇ ਕੋਲੋਂ ਕਾਹਦਾ ਲੁਕੋ ਐ। ਇਹਨੇ ਕਈ ਵਾਰ ਸ਼ਰਾਬ ਪੀ ਕੇ ਮੇਰੇ ’ਤੇ ਅਤੇ ਆਪਣੀ ਮਾਂ ’ਤੇ ਹੱਥ ਵੀ ਚੁੱਕਿਆ ਹੈ। ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਇਹਦੀ ਕਰਤੂਤ ਦਾ ਪਤੈ। ਬਾਹਰ ਦੀਆਂ ਸ਼ਲਾਮਾਂ ਨੂੰ ਮੈਂ ਕੀ ਚੱਟਾ? ਘਰੇ ਤਾਂ ਆਪਣੇ ਨਸ਼ਈ ਪੁੱਤ ਤੋਂ ਛਿੱਤਰ ਖਾਨਾਂ …।” ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਦਿਲਾਸਾ ਦਿੰਦਾ, ਉਹ ਨਿਰਾਸ਼ਤਾ ਦਾ ਬੁੱਤ ਬਣਿਆ ਆਪਣੀ ਪੱਗ ਨਾਲ ਅੱਥਰੂ ਪੂੰਝਦਾ ਹੋਇਆ, “ਮੈਂ ਠਹਿਰ ਕੇ ਆਉਨਾ” ਕਹਿਕੇ ਦਫਤਰ ਤੋਂ ਬਾਹਰ ਚਲਾ ਗਿਆ।

ਜ਼ਿਲ੍ਹਾ ਬਰਨਾਲਾ ਦੇ ਇੱਕ ਪਿੰਡ ਦਾ ਨਸ਼ਈ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਦਾਖ਼ਲ ਹੋਇਆ। ਕਾਉਂਸਲਿੰਗ ਦਰਮਿਆਨ ਇਹ ਗੱਲ ਸਪਸ਼ਟ ਹੋ ਗਈ ਕਿ ਉਹ ਰੋਡਵੇਜ਼ ਵਿੱਚ ਡਰਾਈਵਰ ਸੀ। ਜ਼ਿਆਦਾ ਨਸ਼ੇ ਦਾ ਆਦੀ ਹੋਣ ਕਾਰਨ ਡਿਉਟੀ ਸਮੇਂ ਕੁਤਾਹੀ ਕਰਦਾ ਰਿਹਾ, ਜਿਸ ਕਾਰਨ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਨਸ਼ਿਆਂ ਦੀ ਆਦਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ। ਘਰ ਵਿੱਚ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ! ਪਰ ਉਸ ਨੂੰ ਆਪਣੀ ਕਬੀਲਦਾਰੀ ਦੇ ਫਿਕਰ ਦੀ ਥਾਂ ਸਿਰਫ ਆਪਣੇ ਨਸ਼ਿਆਂ ਦਾ ਜੁਗਾੜ ਪੂਰਾ ਕਰਨ ਦੀ ਚਿੰਤਾ ਰਹਿੰਦੀ ਸੀ। ਘਰ ਵਿੱਚ ਰੋਜ਼ ਕਲੇਸ਼ ਰਹਿਣ ਲੱਗ ਪਿਆ। ਨਸ਼ਾ ਕਰਕੇ ਨਸ਼ਈ ਰੋਜ਼ ਪਤਨੀ ਦੀ ਕੁੱਟਮਾਰ ਕਰਦਾ। ਰਿਸ਼ਤੇਦਾਰਾਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਅਸਰ ਨਾ ਹੋਇਆ। ਪਤਨੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਭਰੇ ਮਨ ਨਾਲ ਪੇਕੀਂ ਜਾ ਬੈਠੀ। ਉਸ ਨੂੰ ਦਾਖਲ ਕਰਨ ਉਪਰੰਤ ਕਿਸੇ ਹੋਰ ਮਰੀਜ਼ ਰਾਹੀਂ ਸਾਨੂੰ ਪਤਾ ਲੱਗਿਆ ਕਿ ਉਹ ਆਪਣੀ ਪਤਨੀ ਨਾਲ ਇਸ ਗੱਲ ਤੋਂ ਸਖ਼ਤ ਨਰਾਜ਼ ਹੈ ਕਿ ਉਹ ਉਸ ਨੂੰ ਛੱਡ ਕੇ ਬੱਚਿਆਂ ਸਮੇਤ ਪੇਕੀਂ ਕਿਉਂ ਬੈਠੀ ਹੈ ਅਤੇ ਇਸ ਰੰਜਿਸ਼ ਦਾ ਬਦਲਾ ਉਹ ਆਪਣੀ ਪਤਨੀ ਨੂੰ ਕਤਲ ਕਰਕੇ ਲੈਣਾ ਚਾਹੁੰਦਾ ਹੈ। ਪਰ ਨਾਲ ਹੀ ਉਸ ਨੂੰ ਇਹ ਵੀ ਡਰ ਸੀ ਕਿ ਕਤਲ ਤੋਂ ਬਾਅਦ ਜੇਲ੍ਹ ਜਾਣ ਸਮੇਂ ਉਹ ਨਸ਼ਿਆਂ ਕਰਕੇ ਔਖਾ ਹੋਵੇਗਾ। ਇਸ ਕਰਕੇ ਹੀ ਉਹ ਆਪਣੀ ਸਕੀਮ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕਰਨ ਲਈ ਹੀ ਪਹਿਲਾਂ ਨਸ਼ਾ ਛੱਡਣ ਲਈ ਦਾਖ਼ਲ ਹੋਇਆ ਤਾਂ ਜੋ ਜੇਲ੍ਹ ਵਿੱਚ ਕੋਈ ਔਕੜ ਨਾ ਆਵੇ। ਉਸਦੀ ਇਸ ਖਤਰਨਾਕ ਯੋਜਨਾ ਦਾ ਪਤਾ ਲੱਗਣ ’ਤੇ ਸਮੁੱਚੇ ਸਟਾਫ ਨਾਲ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਕਿ ਉਸਦਾ ਨਸ਼ਾ ਵੀ ਛੁਡਵਾਉਣ ਹੈ ਅਤੇ ਉਸਦੀ ਇਹ ਘਾਤਕ ਸੋਚ ਵੀ ਬਦਲਣੀ ਹੈ। ਰੋਜ਼ਾਨਾ ਉਹਦੇ ਨਾਲ ਦੋਸਤਾਂ ਵਾਂਗ ਗੱਲਾਂ ਕਰਦਿਆਂ ਉਹਨੂੰ ਜ਼ਿੰਦਗੀ, ਪਰਿਵਾਰਕ ਸੁੱਖ, ਬੱਚਿਆਂ ਦੀ ਸੰਭਾਲ, ਪਤਨੀ ਦੀ ਅਹਿਮੀਅਤ ਆਦਿ ਸਬੰਧੀ ਦੱਸਦੇ ਰਹਿੰਦੇ। ਫਿਰ ਇੱਕ ਦਿਨ ਉਹ ਦਫਤਰ ਵਿੱਚ ਆ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ। ਪੁੱਛਣ ’ਤੇ ਉਸਨੇ ਦੱਸਿਆ ਕਿ ਮੈਂ ਇੱਥੋਂ ਨਸ਼ਾ ਮੁਕਤ ਹੋ ਕੇ ਭਾਰੀ ਗੁਨਾਹ ਕਰਨਾ ਸੀ। ਪਰ ਤੁਸੀਂ ਮੇਰਾ ਇਰਾਦਾ ਬਦਲ ਦਿੱਤਾ ਹੈ।

ਉਸ ਨੂੰ ਡੇਢ ਕੁ ਮਹੀਨਾ ਅਸੀਂ ਆਪਣੇ ਕੋਲ ਰੱਖਿਆ। ਤਸੱਲੀ ਹੋਣ ’ਤੇ ਉਸਦੀ ਪਤਨੀ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬੁਲਾਇਆ। ਦੋਨਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਖੁਸ਼ੀ ਖੁਸ਼ੀ ਕੇਂਦਰ ਤੋਂ ਵਿਦਾਅ ਕੀਤਾ।

ਮਲੇਰਕੋਟਲਾ ਇਲਾਕੇ ਨਾਲ ਸਬੰਧਤ ਇੱਕ ਅੱਧਖੜ ਉਮਰ ਦਾ ਨਸ਼ਈ ਨਸ਼ਾ ਛੱਡਣ ਲਈ ਦਾਖ਼ਲ ਹੋਇਆ। ਆਪਣੀ ਜ਼ਿੰਦਗੀ ਵਿੱਚ ਨਸ਼ਿਆਂ ਕਾਰਨ ਉਸਨੇ ਚੋਰੀਆਂ, ਠੱਗੀਆਂ, ਲੜਾਈਆਂ, ਝਗੜੇ ਸਭ ਕੁਝ ਹੀ ਕੀਤਾ ਸੀ। ਇਸੇ ਕਾਰਨ ਉਹ ਕਈ ਵਾਰ ਜੇਲ੍ਹ ਵੀ ਗਿਆ। ਉਸਦੀ ਵਿਆਹੁਤਾ ਜ਼ਿੰਦਗੀ ਵੀ ਸਫਲ ਨਾ ਰਹੀ ਅਤੇ ਉਸਦੀ ਪਤਨੀ ਉਸਦੀਆਂ ਆਦਤਾਂ ਤੋਂ ਤੰਗ ਆ ਕੇ ਉਸ ਨੂੰ ਛੱਡ ਕੇ ਚਲੀ ਗਈ। ਉਹ ਸੈਂਟਰ ਵਿੱਚ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਦਾਖ਼ਲ ਰਿਹਾ ਅਤੇ ਨਸ਼ਾ ਛ਼ੱਡਣ ਉਪਰੰਤ ਉਸਨੇ ਦੱਸਿਆ, “ਇਹ ਜਿਹੜੇ ਮੈਂ ਐਨੇ ਪਾਪ ਕੀਤੇ, ਨਸ਼ਿਆਂ ਦਾ ਐਬੀ ਬਣਕੇ ਦੇਹ ਗਾਲੀ, ਇਹਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਕੋਈ ਭੈਣ ਨਹੀਂ ਹੈ। ਉਤਸੁਕਤਾ ਨਾਲ ਇਹ ਪੁੱਛਣ ’ਤੇ ਕਿ ਗੁਨਾਹਾਂ ਨਾਲ ਭੈਣ ਨਾ ਹੋਣ ਦਾ ਕੀ ਸਬੰਧ? ਉਸਦਾ ਜਵਾਬ ਸੀ, “ਦੇਖੋ ਜੀ, ਜੇ ਘਰ ਵਿੱਚ ਭੈਣ ਹੋਵੇ ਫਿਰ ਕਿਸੇ ਐਰ-ਗੈਰ ਨੂੰ ਘਰ ਥੋੜ੍ਹਾ ਵਾੜਿਆ ਜਾਂਦਾ ਹੈ। ਗਲਤ ਕੰਮ ਕਰਨ ਵੇਲੇ ਭੈਣ ਦੀ ਟੋਕਾ ਟਾਕੀ ਅਤੇ ਤਾੜਨਾ ਨਾਲ ਵੀ ਬੰਦਾ ਸੂਤ ਰਹਿੰਦੈ। ਬੱਸ, ਇਸੇ ਕਰਕੇ ਘਰ ਵਿੱਚ ਲੰਡਰ ਮੁੰਡਿਆਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਬੱਸ, ਫਿਰ ਚੱਲ ਸੋ ਚੱਲ। ਨਾਲੇ ਜੀ, ਜਿਹੜੇ ਕੁੱਖ ਵਿੱਚ ਧੀਆਂ ਦਾ ਕਤਲ ਕਰਵਾਉਂਦੇ ਨੇ, ਉਹ ਆਪ ਤਾਂ ਗੁਨਾਹ ਕਰਦੇ ਹੀ ਨੇ, ਅੱਗੇ ਆਪਣੀ ਔਲਾਦ ਵਾਸਤੇ ਵੀ ਕੰਡੇ ਬੀਜ ਕੇ ਮੇਰੇ ਵਾਂਗ ਗਲਤ ਰਾਹ ’ਤੇ ਤੋਰਨ ਲਈ ਵੀ ਜ਼ਿੰਮੇਵਾਰ ਹੁੰਦੇ ਨੇ। ਭਲਾ ਧੀ-ਧਿਆਣੀ ਬਿਨਾਂ ਘਰ ਦਾ ਕੀ ਵੱਟੀਂਦੈ?”

ਇੱਕ ਹੋਰ ਨਸ਼ਈ ਨੇ ਪਛਤਾਵੇ ਭਰੇ ਲਹਿਜ਼ੇ ਵਿੱਚ ਦੱਸਿਆ, “ਮੈਂ ਆਪਣੇ ਖੇਤ ਵਿੱਚ ਪੋਸਤ ਬੀਜ ਕੇ ਉਹਦੇ ਆਲੇ-ਦੁਆਲੇ ਦੋ ਕਿੱਲੇ ਕਣਕ ਬੀਜ ਦਿੱਤੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਜਦੋਂ ਪੋਸਤ ਦੇ ਡੋਡੇ ਪੱਕਣੇ ਸ਼ੁਰੂ ਹੋ ਗਏ ਤਾਂ ਕਿਸੇ ਨੇ ਥਾਣੇ ਮੁਖ਼ਬਰੀ ਕਰ ਦਿੱਤੀ। ਪੁਲਿਸ ਆ ਗਈ ਚੜ੍ਹਕੇ। ਮੈਨੂੰ ਸੱਥ ਵਿੱਚ ਬੁਲਾਇਆ। ਕਹਿੰਦੇ, ਦੱਸ ਤੂੰ ਪੋਸਤ ਬੀਜਿਐ? ਮੈਂ ਉਸ ਥਾਣੇਦਾਰ ਨੂੰ ਸੱਚੋ ਸੱਚ ਸਾਰੀ ਕਹਾਣੀ ਦੱਸ ਦਿੱਤੀ। ਥਾਣੇਦਾਰ ਭਲਾਮਾਣਸੀ। ਉਹ ਮੈਨੂੰ ਕਹਿੰਦਾ, ਜਾ ਸਾਰੀ ਪੋਸਤ ਵੱਢ ਕੇ ਇੱਥੇ ਲੈ ਆ। ਉਸਨੇ ਨਾਲ ਮੇਰੇ ਦੋ ਸਿਪਾਹੀ ਭੇਜ ਦਿੱਤੇ। ਮੈਂ ਜਾ ਕੇ ਸਾਰੀ ਪੋਸਤ ਵੱਢੀ, ਫਿਰ ਨਰੋਈ ਪੰਡ ਬੰਨ੍ਹ ਕੇ ਥਾਣੇਦਾਰ ਕੋਲ ਸੱਥ ਵਿੱਚ ਲੈ ਆਇਆ। ਥਾਣੇਦਾਰ ਮੈਨੂੰ ਕਹਿੰਦਾ ਬਈ ਪਹਿਲਾਂ ਪੰਚਾਇਤ ਵਿੱਚ ਵਾਅਦਾ ਕਰ ਕਿ ਨਾ ਭੁੱਕੀ ਖਾਵੇਂਗਾ ਅਤੇ ਨਾ ਹੀ ਬੀਜੇਂਗਾ। ਮੈਂ ਥਾਣੇਦਾਰ ਦੇ ਪੈਰੀਂ ਡਿਗ ਕੇ ਇਹ ਵਾਅਦਾ ਕਰ ਲਿਆ। ਫਿਰ ਉਸਨੇ ਮੈਨੂੰ ਹੁਕਮ ਦਿੱਤਾ ਕਿ ਜਿੱਥੇ ਪਿੰਡ ਦੀਆਂ ਜਨਾਨੀਆਂ ਜੰਗਲ ਪਾਣੀ ਜਾਂਦੀਆਂ ਨੇ, ਉੱਥੇ ਖਿੰਡਾ ਕੇ ਆ। ਮੈਂ ਹੁਕਮ ਅਨੁਸਾਰ ਉਸ ਤਰ੍ਹਾਂ ਹੀ ਕੀਤਾ। ਜਦੋਂ ਥਾਣੇਦਾਰ ਚਲਾ ਗਿਆ ਤਾਂ ਮੈਂ ਘੰਟੇ ਕੁ ਬਾਅਦ ਬੁੜੀਆਂ ਦੇ ਜੰਗਲ ਪਾਣੀ ਵਾਲੀ ਥਾਂ ’ਤੇ ਜਾ ਕੇ ਸਾਰਾ ਪੋਸਤ ਇਕੱਠਾ ਕੀਤਾ। ਘਰ ਵੱਡੇ ਪਾਣੀ ਦੇ ਟੱਬ ਵਿੱਚ ਉਸ ਨੂੰ ਧੋਤਾ। ਫਿਰ ਮੈਂ ਦੋ ਮਹੀਨੇ ਉਹ ਵਰਤਦਾ ਰਿਹਾ।”

ਫਿਰ ਉਸ ਨੌਕਵਾਨ ਨੇ ਨਮੋਸ਼ੀ ਭਰੀ ਅਵਾਜ਼ ਵਿੱਚ ਕਿਹਾ, “ਹੁਣ ਤਾਂ ਜੀ ਮੈਨੂੰ ਇਹੋ ਜਿਹਾ ਕੁਝ ਸੋਚ ਕੇ ਹੀ ਸ਼ਰਮ ਆ ਰਹੀ ਹੈ।”

ਇੱਕ ਚਿੱਟੇ ਦੀ ਵਰਤੋਂ ਕਰ ਰਹੇ ਨਸ਼ਈ ਦੀ ਪਤਨੀ ਖੂਨ ਦੇ ਅੱਥਰੂ ਵਹਾਉਂਦਿਆਂ ਦੱਸ ਰਹੀ ਸੀ, “ਜੀ, ਇਹ ਮੇਰਾ ਪਤੀ ਨਹੀਂ, ਮੇਰਾ ਦੁਸ਼ਮਣ ਹੈ। ਆਪਣੇ ਨਸ਼ਿਆਂ ਦੀ ਪੂਰਤੀ ਲਈ ਮੈਨੂੰ ਮਜਬੂਰ ਕਰਦਾ ਹੈ ਕਿ ਤੂੰ ਚਿੱਟੇ ਦਾ ਧੰਦਾ ਕਰਨ ਵਾਲੇ ਨੂੰ ‘ਖੁਸ਼ ਕਰਕੇ’ ਮੇਰੇ ਲਈ ਚਿੱਟਾ ਲੈ ਕੇ ਆ। ਹਾੜਾ ਜੀ, ਮੈਥੋਂ ਉਨ੍ਹਾਂ ਪਾਪੀਆਂ ਕੋਲੋਂ ਆਪਣਾ ਮਾਸ ਨਹੀਂ ਨੁਚਵਾਇਆ ਜਾਂਦਾ। ਥੋਨੂੰ ਹੱਥ ਬੰਨ੍ਹ ਕੇ ਬੇਨਤੀ ਐ, ਮੇਰੀ ਰਾਖ਼ੀ ਕਰੋ, ਨਾਲੇ ਇਹਦਾ ਕੋਹੜ ਵੱਢੋ।”

ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਹੋਰ ਔਰਤਾਂ ਇਹੋ ਜਿਹਾ ਸੰਤਾਪ ਭੋਗ ਰਹੀਆਂ ਹਨ। ਉਫ਼! ਨਸ਼ਈ ਨਸ਼ਿਆਂ ਲਈ ਆਪਣੀ ਇੱਜ਼ਤ, ਸਵੈਮਾਣ, ਅਣਖ ਸਭ ਕੁਝ ਦਾਅ ਉੱਤੇ ਲਾਉਣ ਦੇ ਨਾਲ ਨਾਲ ਅਗਨੀ ਸਾਹਮਣੇ ਸੱਤ ਫੇਰੇ ਲੈਕੇ ਜੀਵਨ ਭਰ ਇੱਕ ਦੂਜੇ ਪ੍ਰਤੀ ਵਫ਼ਾ ਦਾ ਵਾਅਦਾ ਕਰਕੇ, ਸ਼ਿਰਫ ਤੇ ਸਿਰਫ ਨਸ਼ਿਆਂ ਕਾਰਨ ਆਪਣੀ ਜੀਵਨ ਸਾਥਣ ਨੂੰ ਡੰਗਰਾਂ ਵਾਂਗ ਕਿਸੇ ਹੋਰ ਨੂੰ ਸੌਂਪਣ ਦੀ ਜ਼ਿਦ ਕਰ ਰਹੇ ਨੇ। ਜਦੋਂ ਵਾੜ ਹੀ ਖੇਤ ਨੂੰ ਖਾ ਰਹੀ ਹੈ ਤਾਂ ਖੇਤ ਦੀ ਦੁਰਦਸ਼ਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ ਜਿੱਥੇ ਰਿਸ਼ਤਿਆਂ ਵਿੱਚ ਬੁਰੀ ਤਰ੍ਹਾਂ ਤਰੇੜ ਪਈ ਹੈ। ਨਸ਼ਈਆਂ ਨੇ ਪਰਿਵਾਰ ਅਤੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਇਦਾਦਾਂ ਕੁਰਕ ਹੋਈਆਂ ਹਨ ਅਤੇ ਘਰਾਂ ਵਿੱਚੋਂ ਹਮੇਸ਼ਾ ਹੀ ਰੁਦਨ ਭਰੇ ਵੈਣਾਂ ਦੀ ਅਵਾਜ਼ ਆਉਂਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4560)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author