MohanSharma8ਮੇਰੇ ਕੋਲ ਐਨਾ ਟਾਈਮ ਨਹੀਂਕਈ ਹੋਰ ਕੰਮ ਵੀ ਕਰਨੇ ਨੇ। ਉਨ੍ਹਾਂ ਨੂੰ ਕਹੋ ਮੰਤਰੀ ...
(14 ਅਪ੍ਰੈਲ 2023)


ਜ਼ਿੰਦਗੀ ਦੇ ਸਫ਼ਰ ਵਿੱਚ ਹਰ ਤਰ੍ਹਾਂ ਦੇ ਵਿਅਕਤੀਆਂ ਨਾਲ ਵਾਹ ਪੈਂਦਾ ਹੈ। ਕਈ ਹੋਛੇਪਣ ਦਾ ਸ਼ਿਕਾਰ ਹੋ ਕੇ ਆਪਣੀ ਹੋਂਦ ਦਾ ਇੰਜ ਪ੍ਰਗਟਾਵਾ ਕਰਦੇ ਹਨ ਜਿਵੇਂ ਉਹ ਸਮਾਜ ਦਾ ਅਹਿਮ ਹਿੱਸਾ ਹੋਣ ਜਾਂ ਉਨ੍ਹਾਂ ਦੀ ਹੋਂਦ ਸਮਾਜ ਲਈ ਅਤਿਅੰਤ ਜ਼ਰੂਰੀ ਹੋਵੇ। ਹਊਮੈ ਦਾ ਸ਼ਿਕਾਰ ਹੋਏ ਅਜਿਹੇ ਵਿਅਕਤੀ ਹੋਰਾਂ ਨੂੰ ਟਿੱਚ ਸਮਝਦੇ ਹਨ। ਦੂਜੀ ਤਰ੍ਹਾਂ ਦੇ ਵਿਅਕਤੀਆਂ ਵਿੱਚ ਨਿਮਰਤਾ ਹੁੰਦੀ ਹੈ। ਹੋਠਾਂ ’ਤੇ ਤੈਰਦੀ ਨਿਰਛਲ ਮੁਸਕਰਾਹਟ ਉਨ੍ਹਾਂ ਦੇ ਜ਼ਿੰਦਗੀ ਜਿਊਣ ਦੇ ਸਲੀਕੇ ਦਾ ਪ੍ਰਗਟਾਵਾ ਕਰਦੀ ਹੈ। ਦਰਅਸਲ ਅਜਿਹੇ ਵਿਅਕਤੀ ਸੜਕ ਦੇ ਖੰਭਿਆਂ ’ਤੇ ਜਗਦੀਆਂ ਉਨ੍ਹਾਂ ਟਿਊਬਾਂ ਵਰਗੇ ਹੁੰਦੇ ਹਨ
, ਜਿਨ੍ਹਾਂ ਦੀ ਰੋਸ਼ਨੀ ਵਿੱਚ ਫਾਸਲਾ ਭਾਵੇਂ ਘੱਟ ਨਹੀਂ ਹੁੰਦਾ ਪਰ ਸੁਖਾਲਾ ਜ਼ਰੂਰ ਹੋ ਜਾਂਦਾ ਹੈ। ਅਜਿਹੇ ਵਿਅਕਤੀਆਂ ਦੀ ਜ਼ਿੰਦਗੀ ਦਾ ਸਫ਼ਰ ਨਿੱਜ ਤੋਂ ਨਿੱਜ ਦਾ ਨਹੀਂ ਸਗੋਂ ਨਿੱਜ ਤੋਂ ਸਮੂਹ ਦਾ ਹੁੰਦਾ ਹੈ ਅਤੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਹੱਲ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਵੀ ਰਹਿੰਦੇ ਹਨ।

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਵਿਤੀ ਵਿਭਾਗ ਵਿੱਚ ਜ਼ਿਲ੍ਹੇ ਦੇ ਅਧਿਕਾਰੀ ਵਜੋਂ ਕੰਮ ਕਰ ਰਿਹਾ ਸੀ। ਹਰ ਰੋਜ਼ ਦੇ ਰੁਟੀਨ ਅਨੁਸਾਰ ਦਫਤਰ ਜਾਣ ਤੋਂ ਪਹਿਲਾਂ ਸਵੇਰੇ 8 ਕੁ ਵਜੇ ਮੈਂ ਪਾਠ ਕਰ ਰਿਹਾ ਸੀ। ਗੇਟ ਦੀ ਬੈੱਲ ਖੜ੍ਹਕੀ। ਬਾਹਰੋਂ ਬੈੱਲ ਖੜ੍ਹਕਾਉਣ ਵਾਲੇ ਨੇ ਬੈੱਲ ਤੋਂ ਅੰਗੂਠਾ ਉੰਨੀ ਦੇਰ ਨਹੀਂ ਸੀ ਚੁੱਕਿਆ ਜਿੰਨੀ ਦੇਰ ਪਤਨੀ ਨੇ ਬੂਹਾ ਨਹੀਂ ਸੀ ਖੋਲ੍ਹਿਆ। ਬੂਹਾ ਖੋਲ੍ਹਣ ’ਤੇ ਸਾਹਮਣੇ ਖੜ੍ਹੇ ਵਿਅਕਤੀ ਨੇ ਰੋਅਬ ਨਾਲ ਪਤਨੀ ਨੂੰ ਕਿਹਾ, “ਸ਼ਰਮਾ ਜੀ ਨੂੰ ਬੁਲਾਉ।” ਉਹਦੇ ਬੋਲਣ ਦੇ ਲਹਿਜ਼ੇ ਵਿੱਚ ਨਿਮਰਤਾ ਅਲੋਪ ਹੋਣ ਦੇ ਨਾਲ-ਨਾਲ ਹਕੂਮਤੀ ਨਸ਼ੇ ਦਾ ਲਹਿਜ਼ਾ ਭਾਰੂ ਸੀ। ਜੀਵਨ ਸਾਥਣ ਦੇ ਇਹ ਕਹਿਣ ’ਤੇ ਕਿ ਉਹ ਪਾਠ ਕਰ ਰਹੇ ਹਨ, ਤੁਸੀਂ ਉੰਨੀ ਦੇਰ ਅੰਦਰ ਬੈਠੋ, ਉਹ ਵਿਅਕਤੀ ਬੋਲਿਆ, “ਮੇਰੇ ਕੋਲ ਐਨਾ ਟਾਈਮ ਨਹੀਂ, ਕਈ ਹੋਰ ਕੰਮ ਵੀ ਕਰਨੇ ਨੇ। ਉਨ੍ਹਾਂ ਨੂੰ ਕਹੋ ਮੰਤਰੀ ਸਾਹਿਬ ਦਾ ਪੀ.ਏ. ਆਇਐ, ਜ਼ਰੂਰੀ ਗੱਲ ਕਰਨੀ ਐ … … ਪਾਠ ਬਾਅਦ ਵਿੱਚ ਹੁੰਦਾ ਰਹੂ।” ਰੋਅਬਦਾਰ ਅਵਾਜ਼ ਇੰਜ ਸੀ, ਜਿਵੇਂ ਅਦਾਲਤ ਵਿੱਚ ਅਰਦਲੀ ਮੁਜਰਿਮ ਨੂੰ ਪੇਸ਼ ਹੋਣ ਲਈ ਆਵਾਜ਼ ਮਾਰ ਰਿਹਾ ਹੋਵੇ।

ਉਸ ਦੀ ਖਰ੍ਹਵੀਂ ਆਵਾਜ਼ ਨੇ ਪਾਠ ਕਰਦੇ ਸ਼ਾਂਤ ਮਨ ਨੂੰ ਵੀ ਅਸ਼ਾਂਤ ਕਰ ਦਿੱਤਾ ਸੀ। ਕੁਝ ਮਿੰਟਾਂ ਬਾਅਦ ਪਾਠ ਦੀ ਸਮਾਪਤੀ ਉਪਰੰਤ ਮੈਂ ਗੇਟ ’ਤੇ ਚਲਾ ਗਿਆ। ਮੰਤਰੀ ਦੇ ਪੀ.ਏ. ਨੇ ਮੈਨੂੰ ਵਿਹੰਦਿਆਂ ਹੀ ਕਿਹਾ, “ਚੰਗੇ ਹੋਂ ਤੁਸੀਂ ਵੀ, ਮੈਂ ਗੇਟ ’ਤੇ ਖੜ੍ਹਾ ਹਾਕਾਂ ਮਾਰੀ ਜਾਨਾਂ ਤੇ ਜਨਾਬ ਪਤਾ ਨੀ ਕਿਹੜੇ ਕੰਮ ਵਿੱਚ ਰੁੱਝੇ ਹੋਏ ਨੇ। ਥੋਨੂੰ ਕਈ ਵਾਰ ਟੈਲੀਫੋਨ ਕੀਤਾ ਹੈ, ਪਰ ਤੁਸੀਂ ਫੋਨ ਵੀ ਨਹੀਂ ਚੁੱਕਿਆ।”

ਮੈਂ ਪਹਿਲਾਂ ਉਹਨੂੰ ਅੰਦਰ ਬੈਠ ਕੇ ਚਾਹ-ਪਾਣੀ ਪੀਣ ਦੀ ਬੇਨਤੀ ਕੀਤੀ, ਪਰ ਉਹਦਾ ਬੇਰੁਖ਼ੀ ਨਾਲ ਇਹ ਜਵਾਬ, “ਨਹੀਂ, ਟਾਈਮ ਨਹੀਂ ਮੇਰੇ ਕੋਲ।” ਅਤੇ ਫਿਰ ਮੈਂ ਸਪਸ਼ਟ ਕੀਤਾ ਕਿ ਫੋਨ ਕੱਲ੍ਹ ਦਾ ਖਰਾਬ ਹੈ, ਠੀਕ ਕਰਨਾ … … । ਮੇਰੀ ਗੱਲ ਵਿੱਚੋਂ ਹੀ ਕੱਟ ਕੇ ਉਸਨੇ ਫਿਰ ਖਰ੍ਹਵੀ ਆਵਾਜ਼ ਵਿੱਚ ਕਿਹਾ, “ਮੰਤਰੀ ਜੀ ਨੇ ਇਹ ਲਿਸਟ ਭੇਜੀ ਹੈ, ਇਨ੍ਹਾਂ ਪੰਚਾਇਤਾਂ ਨੂੰ ਅੱਜ ਹੀ ਚੈੱਕ ਕੱਟ ਕੇ ਸਹੀ ਤਿੰਨ ਵਜੇ ਮੇਰੇ ਦਫਤਰ ਵਿੱਚ ਭੇਜੋ। ਬਾਕੀ ਸਾਰੇ ਕੰਮ ਬਾਅਦ ਵਿੱਚ ਕਰਿਉ। ਨਾਲੇ ਜੇ ਮੈਨੂੰ ਇਉਂ ਅਫਸਰਾਂ ਦੇ ਘਰਾਂ ਵਿੱਚ ਜਾ ਕੇ ਕੰਮ ਲਈ ਕਹਿਣਾ ਪਵੇ, ਫਿਰ ਤਾਂ ਪੈ ਗਈਆਂ ਪੂਰੀਆਂ। ਆਪਣਾ ਫੋਨ ਠੀਕ ਕਰਵਾਉ ਤੁਰੰਤ … …।” ਇਹ ਕਹਿੰਦਿਆਂ ਉਹ ਕਾਰ ਵਿੱਚ ਬੈਠ ਕੇ ਤੁਰਦਾ ਬਣਿਆ। ਆਪਣੇ ਪਿੱਛੇ ਉਹ ਬੇਰੁਖ਼ੀ, ਅੜਬਪੁਣਾ, ਹਕੂਮਤੀ ਲਹਿਜ਼ਾ ਅਤੇ ਹਉਮੈਂ ਦੀ ਝਲਕ ਛੱਡ ਗਿਆ।

ਉਹਦੇ ਜਾਣ ਬਾਅਦ ਪਤਨੀ ਮੈਨੂੰ ਕਹਿ ਰਹੀ ਸੀ, “ਕਈਆਂ ਨੂੰ ਤਾਂ ਬੋਲਣ ਦਾ ਵੀ ਸ਼ਊਰ ਨਹੀਂ ਹੁੰਦਾ, ਭਲਾ ਜਿਹੜੇ ਵਜ਼ੀਰ ਦਾ ਪੀ.ਏ. ਇਹੋ-ਜਿਹਾ ਅੜਬ ਹੈ, ਉਹ ਵਜ਼ੀਰ ਤਾਂ ਐਦੂੰ ਦੱਸ ਕਦਮ ਅੱਗੇ ਹੀ ਹੋਊ।”

ਪਤਨੀ ਦੀ ਗੱਲ ਦਾ ਭਾਵੇਂ ਮੈਂ ਕੋਈ ਜਵਾਬ ਨਹੀਂ ਦਿੱਤਾ ਪਰ ਅਜਿਹੇ ਵਿਅਕਤੀਆਂ ਦੇ ਵਰਤਾਉ ਤੇ ਇਹ ਸ਼ੇਅਰ ਮੇਰੇ ਹੋਠਾਂ ਤੇ ਬਦੋਬਦੀ ਆ ਗਿਆ:

“ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ-ਏ-ਦੌਲਤ,
ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ।”

ਉਸ ਅਹੁਦੇ ਤੋਂ ਸੇਵਾ ਮੁਕਤ ਹੋਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਰੀਆਂ ਸੇਵਾਵਾਂ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਲਈਆਂ ਗਈਆਂ। ਆਪਣੇ ਸੁਭਾਅ ਅਨੁਸਾਰ ਨਸ਼ਾ ਮੁਕਤ ਸਮਾਜ ਸਿਰਜਣ ਦੇ ਉਦੇਸ਼ ਨਾਲ ਰਾਹੋਂ ਭਟਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਏ। ਉਨ੍ਹਾਂ ਦੀ ਕੌਂਸਲਿੰਗ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਮੈਂ ਯਤਨਸ਼ੀਲ ਰਹਿੰਦਾ। ਸ਼ਾਮ ਦੇ ਸਮੇਂ ਨੌਜਵਾਨਾਂ ਨੂੰ ਯੋਗਾ ਤੇ ਮੈਡੀਟੇਸ਼ਨ ਕਰਵਾਉਣ ਦੇ ਨਾਲ-ਨਾਲ ਆਪ ਵੀ ਯੋਗ ਕਿਰਿਆਵਾਂ ਕਰਦਾ ਸੀ। ਐਦਾਂ ਹੀ ਇੱਕ ਦਿਨ ਸ਼ਾਮ ਦੇ ਸਮੇਂ ਆਪਣੇ ਕੰਮ ਵਿੱਚ ਮੈਂ ਮਸਤ ਸੀ। ਇੱਕ ਵਿਅਕਤੀ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਆ ਕੇ ਕਰਮਚਾਰੀਆਂ ਤੋਂ ਮੇਰੇ ਸਬੰਧੀ ਪੁੱਛਿਆ। ਉਨ੍ਹਾਂ ਨੇ ਦੱਸ ਦਿੱਤਾ ਕਿ ਉਹ ਯੋਗਾ-ਮੈਡੀਟੇਸ਼ਨ ਕਰਵਾ ਰਹੇ ਨੇ। ਤੁਸੀਂ ਆਪਣਾ ਨਾਂ ਅਤੇ ਪਤਾ ਦੱਸ ਦਿਉ, ਅਸੀਂ ਉਨ੍ਹਾਂ ਨੂੰ ਸੂਚਿਤ ਕਰ ਦਿੰਦੇ ਹਾਂ। ਉਂਜ ਅੰਦਾਜ਼ਨ ਅੱਧਾ ਘੰਟਾ ਹੋਰ ਉਹ ਨੌਜਵਾਨਾਂ ਵਿੱਚ ਹੀ ਰਹਿਣਗੇ। ਵਿਅਕਤੀ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਨਹੀਂ, ਉਨ੍ਹਾਂ ਦਾ ਕੰਮ ਨਹੀਂ ਛੁਡਵਾਉਣਾ। ਮੈਂ ਇੱਥੇ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰਾਂਗਾ।”

ਕਰਮਚਾਰੀ ਉਸ ਪੜ੍ਹੇ ਲਿਖੇ ਸੱਜਣ ਦੀ ਗੱਲਬਾਤ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਦਫਤਰ ਵਿੱਚ ਬੈਠਣ ਲਈ ਬੇਨਤੀ ਕੀਤੀ। ਪਰ ਉਹ ਬਾਹਰ ਹੀ ਕੁਰਸੀ ’ਤੇ ਬੈਠ ਕੇ ਆਪਣੇ ਬੈਗ ਵਿੱਚੋਂ ਕਿਤਾਬ ਕੱਢ ਕੇ ਪੜ੍ਹਨ ਵਿੱਚ ਰੁੱਝ ਗਿਆ। ਨਿਸ਼ਚਿਤ ਸਮੇਂ ’ਤੇ ਜਦੋਂ ਮੈਂ ਬਾਹਰ ਆਇਆ ਤਾਂ ਸਾਹਮਣੇ ਕੁਰਸੀ ’ਤੇ ਬੈਠੇ ਵਿਅਕਤੀ ਨੂੰ ਘੁੱਟ ਕੇ ਗਲਵਕੜੀ ਪਾਉਂਦਿਆਂ ਮੈਂ ਕਿਹਾ, “ਤੁਸੀਂ ਮੈਨੂੰ ਬੁਲਾ ਲੈਣਾ ਸੀ।” ਉਹਦਾ ਜਵਾਬ ਸੀ, “ਜਦੋਂ ਵਿਅਕਤੀ ਭਗਤੀ ਕਰ ਰਿਹਾ ਹੋਵੇ, ਉਦੋਂ ਉਹਨੂੰ ਡਿਸਟਰਬ ਨਹੀਂ ਕਰੀਦਾ। ਮੈਂ ਥੋਡੀ ਤਪੱਸਿਆ ਨੂੰ ਕਿੰਜ ਭੰਗ ਕਰਦਾ? ਮੈਂ ਤਾਂ ਤੁਹਾਡੇ ਕੀਤੇ ਜਾ ਰਹੇ ਸਾਰਥਕ ਯਤਨਾਂ ਦੀ ਪ੍ਰਸ਼ੰਸਾ ਕਰਨ ਦੇ ਨਾਲ ਨਾਲ ਸੁਨੇਹਾ ਦੇਣ ਆਇਆਂ ਹਾਂ ਕਿ ਇਸ ਨੇਕ ਕਾਰਜ ਵਿੱਚ ਜਦੋਂ ਵੀ ਮੇਰੀਆਂ ਸੇਵਾਵਾਂ ਦੀ ਲੋੜ ਹੋਵੇ, ਆਵਾਜ਼ ਦੇਣਾ, ਹਾਜ਼ਰ ਹੋਵਾਂਗਾ।”

ਉਹ ਪਿਆਰੀ ਸ਼ਖਸੀਅਤ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ, ਮੈਡੀਕਲ ਖੇਤਰ ਵਿੱਚ ਆਪਣੀਆਂ ਵਿਲੱਖਣ ਸੇਵਾਵਾਂ ਦੇ ਨਿਸ਼ਾਨ ਛੱਡਣ ਵਾਲਾ ਅਧਿਕਾਰੀ, ਪੰਜਾਬ ਦੀ ਸਾਖਰਤਾ ਲਹਿਰ ਦਾ ਕੁਆਰਡੀਨੇਟਰ, ਉੱਘਾ ਚਿੰਤਕ ਅਤੇ ਲੇਖਕ ਡਾ. ਪਿਆਰੇ ਲਾਲ ਗਰਗ ਸੀ। ਉਹਦੀ ਹੋਂਦ ਨਾਲ ਇੰਜ ਲੱਗਦਾ ਸੀ, ਜਿਵੇਂ ਤਪਦੇ ਰੇਗਿਸਥਾਨ ਵਿੱਚ ਮੂਹਲੇਧਾਰ ਮੀਂਹ ਪੈ ਰਿਹਾ ਹੋਵੇ। ਸੱਚ-ਮੁੱਚ ਉਹਦੀ ਆਮਦ ਸੰਦਲੀ ਹਵਾ ਦੇ ਬੁੱਲੇ ਵਾਂਗ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3909)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author