“ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਦੇ ਬਹੁਤ ਸਾਰੀਆਂ ਥਾਵਾਂ ’ਤੇ ...”
(21 ਫਰਵਰੀ 2025)
ਇਸ ਵੇਲੇ ਪੰਜਾਬ ਦੀਆਂ ਬਰੂਹਾਂ ’ਤੇ ਆਫ਼ਤਾਂ ਦੇ ਢੇਰ ਹਨ। ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚ ਘਿਰਿਆ ਪੰਜਾਬ ਇੰਜ ਲਗਦਾ ਹੈ ਜਿਵੇਂ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ। ਕਿਸੇ ਪਾਸਿਉਂ ਸੁੱਖ ਦੀ ਖ਼ਬਰ ਨਹੀਂ ਆ ਰਹੀ। ਇੱਕ-ਪਾਸੇ ਨਸ਼ਿਆਂ ਦੀ ਮਾਰ ਹੇਠ ਜਵਾਨੀ ਸਿਵਿਆਂ ਦੀ ਭੀੜ ਵਿੱਚ ਵਾਧਾ ਕਰ ਰਹੀ ਹੈ, ਦੂਜੇ ਪਾਸੇ ਜ਼ਮੀਨ ਗਹਿਣੇ ਰੱਖ ਕੇ, ਘਰ ਦਾ ਗਹਿਣਾ ਗੱਟਾ ਵੇਚਕੇ ਅਤੇ ਮਾਪਿਆਂ ਨੂੰ ਹਰ ਪਾਸਿਉਂ ਖੁੰਘਲ ਕਰਕੇ ਅਮਰੀਕਾ ਵਿੱਚ ਡਾਲਰ ਕਮਾਉਣ ਵਾਲੇ ਨੌਜਵਾਨ ਮੌਤ ਨਾਲ ਖਹਿਣ ਉਪਰੰਤ ਹੱਥਕੜੀਆਂ ਵਿੱਚ ਜਕੜੇ ਵਤਨ ਵਾਪਸ ਪਰਤ ਰਹੇ ਹਨ। ਮਾਪਿਆਂ ਦੇ ਵੈਣ ਅਤੇ ਨੌਜਵਾਨਾਂ ਦੇ ਚਿਹਰਿਆਂ ’ਤੇ ਛਾਈ ਘੋਰ ਉਦਾਸੀ ਮਨ ਨੂੰ ਵਲੂੰਧਰਦੀ ਹੈ। ਦੂਜੇ ਪਾਸੇ ਲੁੱਟ-ਖੋਹ, ਕਤਲੋ ਗਾਰਤ ਅਤੇ ਫਿਰੌਤੀਆਂ ਨੇ ਪੰਜਾਬੀਆਂ ਦੇ ਮਨਾਂ ਅੰਦਰ ਕੰਬਣੀ ਛੇੜੀ ਹੋਈ ਹੈ। ਕਿਸੇ ਪਾਸਿਉਂ ਸੁੱਖ ਦਾ ਬੁੱਲਾ ਨਹੀਂ ਆ ਰਿਹਾ।
ਪੰਜਾਬ ਦੀ ਰਾਜ ਸੱਤਾ ਨਾਲ ਸੰਬੰਧਿਤ ਵਿਧਾਇਕ ਸ਼੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਮੁਖ਼ਾਤਿਬ ਹੁੰਦਿਆਂ ਕੁਝ ਦਿਨ ਪਹਿਲਾਂ ਦੁਖੀ ਮਨ ਨਾਲ ਕਿਹਾ ਸੀ, “ਸਾਡੀ ਪਾਰਟੀ ਵਿੱਚ ਗੈਂਗਸਟਰ ਘੁਸਪੈਠ ਕਰ ਗਏ ਹਨ। ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ। ਜਿੱਥੇ ਮਾਫੀਆ ਰਾਜ ਨੇ ਪੰਜਾਬ ਨੂੰ ਜਕੜ ਲਿਆ ਹੈ, ਉੱਥੇ ਹੀ ਕੁਰੱਪਸ਼ਨ ਅਤੇ ਲੁੱਟਾਂ ਖੋਹਾਂ ਵੀ ਲਗਾਤਾਰ ਵਧ ਰਹੀਆਂ ਹਨ।” ਜਦੋਂ ਰਾਜ ਸੱਤਾ ਦਾ ਆਗੂ ਹੀ ਅਜਿਹੀ ਸਥਿਤੀ ਦਾ ਰੋਣਾ ਰੋਵੇ, ਫਿਰ ਭਲਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲਿਆਂ ’ਤੇ ਕੋਈ ਕਿਸ ਤਰ੍ਹਾਂ ਯਕੀਨ ਕਰ ਲਵੇ?
ਆੜ੍ਹਤੀ, ਰਸੂਖਵਾਨ ਵਿਅਕਤੀ ਅਤੇ ਖਾਂਦੇ ਪੀਂਦੇ ਘਰਾਂ ਦੇ ਮਾਲਕਾਂ ਨੂੰ ਪਹਿਲਾਂ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਕਾਲ ਆਉਂਦੀ ਹੈ। ਕੁਝ ਦਿਨਾਂ ਬਾਅਦ ਮਕਾਨ’ ਤੇ ਫਾਇਰਿੰਗ ਕਰਕੇ ਵਾਰਨਿੰਗ ਦਿੱਤੀ ਜਾਂਦੀ ਹੈ। ਕਈ ਥਾਵਾਂ ’ਤੇ ਮੰਗ ਦੀ ਪੂਰਤੀ ਲਈ ਬੱਚੇ ਵੀ ਅਗਵਾ ਕਰ ਲਏ ਜਾਂਦੇ ਹਨ। ਬਹੁਤ ਸਾਰੇ ਕੇਸਾਂ ਵਿੱਚ ਜਾਨ-ਮਾਲ ਦੀ ਸੁਰੱਖਿਆ ਅਤੇ ਭਵਿੱਖ ਦੇ ਗੰਭੀਰ ਖਤਰਿਆਂ ਨੂੰ ਭਾਂਪਦਿਆਂ ਅੰਦਰਖਾਤੇ ਗੈਂਗਸਟਰਾਂ ਨਾਲ ਸਮਝੌਤਾ ਕਰਕੇ ਉਨ੍ਹਾਂ ਦੀ ਮੰਗ ਪੂਰੀ ਵੀ ਕਰਦੇ ਹਨ। ਕਈਆਂ ਕੇਸਾਂ ਵਿੱਚ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਡਰਦਿਆਂ ਪੁਲਿਸ ਕੋਲ ਗੁਹਾਰ ਲਾਉਣ ਉਪਰੰਤ ਸਿਕਿਉਰਿਟੀ ਲਈ ਜਾਂਦੀ ਹੈ। ਪਰ ਸਿਕਿਉਰਿਟੀ ਦੇ ਹੁੰਦਿਆਂ ਵੀ ਉਹ ਆਪਣੀ ਜਾਨ ਨਹੀਂ ਬਚਾ ਸਕੇ। ਅਜਿਹੇ ਕਿੰਨੇ ਹੀ ਕੇਸ ਤਰਨਤਾਰਨ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਰੀਦਕੋਟ, ਕਪੂਰਥਲਾ ਇਲਾਕਿਆਂ ਵਿੱਚ ਵਾਪਰ ਚੁੱਕੇ ਹਨ।
ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਹੈ ਕਿ ਨਸ਼ੇ ਘਟੇ ਨਹੀਂ, ਸਗੋਂ ਨਸ਼ਿਆਂ ਦੇ ਰੇਟ ਵਧ ਗਏ ਹਨ। ਇਸ ਵੇਲੇ ਨਸ਼ਿਆਂ ਕਾਰਨ ਗੰਭੀਰ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਪੰਜਾਬ ਦੇ ਬਹੁਤ ਸਾਰੇ ਪੀੜਤ ਮਾਪੇ ਆਪਣੇ ਨਸ਼ਈ ਪੁੱਤਾਂ ਦੇ ਹੱਥੋਂ ਜਾਨ ਗੁਆ ਚੁੱਕੇ ਹਨ। ਬਹੁਤ ਸਾਰੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਆਮ ਚਰਚਾ ਵੀ ਹੈ ਕਿ ਇੱਕ ਪਾਸੇ ਦੇਸ਼ ਦੀ ਅਜ਼ਾਦੀ ਲਈ ਲੋਕ ਸ਼ਹੀਦ ਹੋਏ ਅਤੇ ਹੁਣ ‘ਚਿੱਟੇ’ ਦੀ ਰੋਕਥਾਮ ਲਈ ਸ਼ਹੀਦ ਹੋ ਰਹੇ ਹਨ। ਭੂਤਰੇ ਹੋਏ ਨਸ਼ਾ ਤਸਕਰਾਂ ਨੇ ਤਾਂ ਬਹੁਤ ਥਾਵਾਂ ’ਤੇ ਪੁਲਿਸ ਵਾਲਿਆਂ ਨਾਲ ਮੁਕਾਬਲਾ ਕਰਕੇ ਕਈ ਪੁਲਿਸ ਕਰਮਚਾਰੀਆਂ ਨੂੰ ਬੰਦੀ ਵੀ ਬਣਾਇਆ। ਕਈ ਥਾਣਿਆਂ ਉੱਤੇ ਗਰਨੇਡਾਂ ਨਾਲ ਹਮਲੇ ਅਤੇ ਕਈ ਥਾਵਾਂ ’ਤੇ ਤਸਕਰਾਂ ਦੇ ਪੁਲਿਸ ਉੱਤੇ ਜਾਨ ਲੇਵਾ ਹਮਲੇ ਲੋਕਾਂ ਅਤੇ ਪੁਲਿਸ ਦਾ ਮਨੋਬਲ ਗਿਰਾਉਣ ਦੀ ਡੂੰਘੀ ਸ਼ਾਜ਼ਿਸ਼ ਅਧੀਨ ਹੋ ਰਿਹਾ ਹੈ।
ਰਾਹ ਜਾਂਦੀ ਔਰਤ ਦਾ ਪਰਸ ਖੋਹ ਲੈਣਾ, ਕੰਨਾਂ ਦੀਆਂ ਵਾਲੀਆਂ ਝਪਟ ਮਾਰ ਕੇ ਲਾਹ ਲੈਣੀਆਂ, ਦਿਨ ਦਿਹਾੜੇ ਘਰਾਂ ਵਿੱਚ ਲੁੱਟ-ਖੋਹ, ਰੌਲਾ ਪਾਉਣ ’ਤੇ ਮੌਤ ਦੇ ਘਾਟ ਉਤਾਰ ਦੇਣਾ, ਏ.ਟੀ.ਐੱਮ. ਦੀ ਭੰਨ ਤੋੜ, ਬੈਂਕ ਡਕੈਤੀਆਂ, ਮਾਰ ਧਾੜ ਕਾਰਨ ਸਮਾਜਿਕ ਸਥਿਤੀ ਵਿੱਚ ਤਣਾਅ ਅਤੇ ਅਸੰਤੁਲਨ ਵਧਦਾ ਹੈ। ਭਲਾ ਅਜਿਹੀ ਡਾਵਾਂਡੋਲ ਸਥਿਤੀ ਵਿੱਚ ਮਾਨਸਿਕ, ਸਰੀਰਕ, ਬੌਧਿਕ ਅਤੇ ਆਰਥਿਕ ਵਿਕਾਸ ਕੀ ਹੋਵੇਗਾ?
ਬਠਿੰਡਾ ਵਿੱਚ ਇੱਕ ਅੱਠ ਸਾਲ ਦਾ ਬੱਚਾ ਨਸ਼ੇ ਦੀ ਹਾਲਤ ਵਿੱਚ ਮਿਲਿਆ ਹੈ। ਇਸ ਤਰ੍ਹਾਂ ਹੀ ਪਟਿਆਲੇ ਵਿੱਚ 10 ਸਾਲਾਂ ਦੇ ਨਸ਼ਈ ਮੁੰਡੇ ਨੂੰ ਮਾਪਿਆਂ ਨੇ ਸੰਗਲ ਨਾਲ ਜਕੜ ਕੇ ਰੱਖਿਆ ਹੋਇਆ ਸੀ। ਭਲਾ ਜਿੱਥੇ ਮਾਸੂਮ ਬਚਪਨ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਵੇ, ਜਵਾਨੀ ਨਸ਼ਿਆਂ ਦੇ ਵੱਸ ਪੈ ਕੇ ਨਸ਼ਿਆਂ ਦੀ ਪੂਰਤੀ ਲਈ ਹਿੰਸਕ ਵਾਰਦਾਤਾਂ ਕਰੇ, ਉਸ ਸੂਬੇ ਦਾ ਭਵਿੱਖ ਕੀ ਹੋਵੇਗਾ?
ਨੈਸ਼ਨਲ ਕਰਾਈਮ ਰਿਕਾਰਡ ਬਿਉਰੋ ਦੀ ਰਿਪੋਰਟ ਸਾਨੂੰ ਸਭ ਨੂੰ ਝੰਜੋੜਨ ਵਾਲੀ ਹੈ। ਪਿਛਲੇ ਕੁਝ ਹੀ ਸਮੇਂ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਅਬਾਦੀ ਦੇ ਲਿਹਾਜ਼ ਨਾਲ ਪੰਜਾਬ ਦੀ ਅਬਾਦੀ ਦਾ 2.21% ਹੈ, ਪਰ ਨਸ਼ਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਮੁੱਚੇ ਭਾਰਤ ਦਾ 21% ਹੈ - ਜੋ ਕਿ ਸਭ ਸੂਬਿਆਂ ਨਾਲੋਂ ਵੱਧ ਹੈ। ਗੁਪਤ ਰਿਪੋਰਟਾਂ ਤੋਂ ਪ੍ਰਗਟਾਵਾ ਹੋਇਆ ਹੈ ਕਿ ਨਸ਼ਾ ਤਸਕਰ ਹਵਾਲਾ ਮਨੀ (ਮਨੀ ਲਾਂਡਰਿੰਗ) ਰਾਹੀਂ ਹਰ ਰੋਜ਼ 2 ਕਰੋੜ ਰੁਪਏ ਨਸ਼ਾ ਖਰੀਦਣ ਲਈ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਤਸਕਰਾਂ ਨੂੰ ਭੇਜਦੇ ਹਨ। ਪੰਜਾਬ ਵਿੱਚ ਹੀ ਤਿਆਰ ਹੋ ਰਿਹਾ ਸਿੰਥੈਟਿਕ ਡਰੱਗਜ਼ ਇਸ ਤੋਂ ਵੱਖਰਾ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਨਸ਼ਾ ਤਸਕਰਾਂ ਨੇ ਸਰਹੱਦ ’ਤੇ ਨੌਜਵਾਨ, ਪੜ੍ਹੇ ਲਿਖੇ ਬੇਰੁਜ਼ਗਾਰ, ਨਸ਼ਈ, ਸਕੂਲੀ ਵਿਦਿਆਰਥੀ ਅਤੇ ਬਹੁਤ ਸਾਰੇ ਹੋਰ ਲੋਕਾਂ ਦੀ ਇੱਕ ਫੌਜ ਖੜ੍ਹੀ ਕਰ ਲਈ ਹੈ, ਜਿਸ ਨੂੰ ਨਸ਼ੇ ਦੀ ਸਪਲਾਈ ਲਈ ਵਰਤਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਤਸਕਰਾਂ ਦੇ ਹੱਥੀਂ ਚੜ੍ਹੇ ਇਹ ਨੌਜਵਾਨ ਕਿਸੇ ਸਮੇਂ ਵੀ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਪੈਦਾ ਕਰ ਸਕਦੇ ਹਨ।
ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਦੇ ਬਹੁਤ ਸਾਰੀਆਂ ਥਾਵਾਂ ’ਤੇ ਪੁਲਿਸ, ਜੇਲ੍ਹ ਅਧਿਕਾਰੀ, ਆਲ੍ਹਾ ਅਫਸਰ ਅਤੇ ਸਿਆਸਤਦਾਨਾਂ ਦੀ ਨਸ਼ਿਆਂ ਸੰਬੰਧੀ ਮਿਲੀ ਭੁਗਤ ਵੀ ਸਾਹਮਣੇ ਆਈ ਹੈ। ਇਹ ਸਚਾਈ ਹੈ ਕਿ ਜਦੋਂ ਦਰਬਾਨ ਦੀ ਅੱਖ ਚੋਰ ਨਾਲ ਮਿਲ ਜਾਵੇ, ਮਾਲੀ ਦਗਾਬਾਜ਼ ਹੋ ਜਾਣ, ਜਾਨ-ਮਾਲ ਦੀ ਰਾਖੀ ਕਰਨ ਵਾਲੇ ਵੀ ਹਤਿਆਰਿਆਂ ਨਾਲ ਮਿਲ ਜਾਣ, ਫਿਰ ਦੇਸ਼ ਜਾਂ ਪ੍ਰਾਂਤ ਦੀ ਖੁਸ਼ਹਾਲੀ ’ਤੇ ਪ੍ਰਸ਼ਨ ਚਿੰਨ੍ਹ ਲੱਗਣਾ ਹੀ ਲੱਗਣਾ ਹੈ। ਭਲਾ ਜਦੋਂ ਥਾਣਿਆਂ ਵਿੱਚੋਂ ਗੈਂਗਸਟਰਾਂ ਦੀ ਇੰਟਰਵਿਊ ਪੁਲਿਸ ਕਰਵਾਵੇ, ਫਿਰ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਵੇਗੀ ਹੀ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਖ਼ਲ ਕਰਦਿਆਂ ਕਿਹਾ ਕਿ ਲਾਰੰਸ ਬਿਸ਼ਨੋਈ ਦੀ ਖਰੜ ਥਾਣੇ ਵਿੱਚ ਇੰਟਰਵਿਊ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਧਮਕੀਆਂ ਅਤੇ ਫਿਰੌਤੀਆਂ ਮੰਗਣ ਦੇ ਕੇਸ ਵਧੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਲਫ਼ਨਾਮੇ ਵਿੱਚ ਇਹ ਵੀ ਪ੍ਰਗਟਾਵਾ ਕੀਤਾ ਗਿਆ ਕਿ ਇੰਟਰਵਿਊ ਤੋਂ ਪਹਿਲਾਂ 9 ਮਹੀਨਿਆਂ ਵਿੱਚ ਧਮਕਾਉਣ, ਫਿਰੌਤੀਆਂ ਅਤੇ ਅਗਵਾ ਦੇ 300 ਕੇਸ ਸਾਹਮਣੇ ਆਏ ਸਨ। ਇੰਟਰਵਿਊ ਤੋਂ ਅਗਲੇ 9 ਮਹੀਨਿਆਂ ਵਿੱਚ ਇਹ ਗਿਣਤੀ ਵਧਕੇ 324 ਹੋ ਗਈ। ਭਲਾ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਵਿੱਚ ਵਾਧੇ ਲਈ ਕਿਸ ਨੂੰ ਕਸੂਰਵਾਰ ਠਹਿਰਾਇਆ ਜਾਵੇ?
ਸੁਖਾਂਤਿਕ ਪਹਿਲੂ ਇਹ ਵੀ ਹੈ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਅਮਨ ਕਾਨੂੰਨ ਦੀ ਸਥਿਤੀ ਪ੍ਰਤੀ ਬਹੁਤ ਹੀ ਗੰਭੀਰ ਹੈ ਅਤੇ ਇਸ ਸੰਬੰਧੀ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਸਰਕਾਰ ਨੂੰ ਕਈ ਵਾਰ ਕਟਹਿਰੇ ਵਿੱਚ ਖੜ੍ਹਾ ਕਰਕੇ ਗੰਭੀਰ ਚਿਤਾਵਨੀਆਂ ਵੀ ਦਿੱਤੀਆਂ ਹਨ। ਪੁਲਿਸ ਦੇ ਬਰਖਾਸਤ ਏ.ਆਈ.ਜੀ. ਦੀ ਅੰਤਰਿਮ ਜ਼ਮਾਨਤ ਰੱਦ ਕਰਦਿਆਂ ਮਾਣਯੋਗ ਜਸਟਿਸ ਬੀ.ਆਰ ਗਵੱਈ ਅਤੇ ਮਾਣਯੋਗ ਜਸਟਿਸ ਪੀ.ਕੇ. ਮਿਸ਼ਰਾ ਦੀ ਸਖਤ ਟਿੱਪਣੀ ਪੁਲਿਸ ਵਿਭਾਗ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੀ ਹੈ, “ਨਸ਼ਾ ਤਸਕਰੀ ਵਿੱਚ ਪੁਲਿਸ ਦੀ ਮਿਲੀਭੁਗਤ ਸ਼ਰਮਨਾਕ ਕਾਰਾ ਹੈ।” ਇਸੇ ਤਰ੍ਹਾਂ ਹੀ ਮਾਣਯੋਗ ਜਸਟਿਸ ਮੰਜ਼ਰੀ ਨਹਿਰੂ ਕੌਲ ਅਤੇ ਮਾਣਯੋਗ ਜਸਟਿਸ ਸੇਖਾਵਤ ਦੀਆਂ ਸਖਤ ਟਿੱਪਣੀਆਂ ਵੀ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਝੰਜੋੜਨ ਵਾਲੀਆਂ ਹਨ।
ਪੰਜਾਬ ਹਰਿਆਣਾ ਹਾਈ ਕੋਰਟ ਨੇ ਡਰੱਗ ਤਸਕਰੀ ਨੂੰ ਕਿਸੇ ਦੀ ਹੱਤਿਆ ਕਰਨ ਨਾਲੋਂ ਵੀ ਵੱਡਾ ਅਪਰਾਧ ਮੰਨਿਆ ਹੈ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਆਵਾਜ਼ ਚੁੱਕਣ ਵਾਲਿਆਂ ਨੂੰ ਵੀ ਕਈ ਵਾਰ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਮਾਣਯੋਗ ਅਦਾਲਤ ਨੇ ਇਹ ਵੀ ਕਿਹਾ ਕਿ ਅੱਕੇ ਹੋਏ ਲੋਕ ਹੁਣ ਆਪਣਾ ਬਚਾਉ ਆਪ ਕਰ ਰਹੇ ਹਨ।
ਇਹ ਸਚਾਈ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਲੋਕ ਨਸ਼ਿਆਂ ਵਿਰੁੱਧ ਇੱਕ ਪਲੇਟਫਾਰਮ ’ਤੇ ਇਕੱਠੇ ਹੋਏ ਹਨ। ਨਸ਼ਾ ਵੇਚਣ ਵਾਲਿਆਂ ਦੀ ਰੋਕਥਾਮ ਲਈ ਪਹਿਰੇਦਾਰੀ ਵੀ ਸ਼ੁਰੂ ਕੀਤੀ ਹੈ, ਪਰ ਉਨ੍ਹਾਂ ਦਾ ਸ਼ਿਕਵਾ ਹੈ ਕਿ ਪੁਲਿਸ ਵਾਲਿਆਂ ਵੱਲੋਂ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਪੂਰਨ ਸਹਿਯੋਗ ਨਹੀਂ ਮਿਲ ਰਿਹਾ। ਇੱਥੇ ਵਰਨਣਯੋਗ ਹੈ ਕਿ ਪੰਜਾਬ ਵਿੱਚ ਅੰਦਾਜ਼ਨ ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਦੀ ਗਿਣਤੀ 81000 ਹੈ। ਇਨ੍ਹਾਂ ਵਿੱਚੋਂ 73% ਵੀ.ਆਈ.ਪੀ. ਨਾਲ ਨਿਯੁਕਤ ਹਨ। 10% ਧਰਨੇ, ਮੁਜ਼ਾਹਰਿਆਂ ਤੇ ਡਿਉਟੀ ਦੇ ਰਹੇ ਹਨ। 12% ਟਰੈਫਿਕ ਕੰਟਰੋਲ ਵਿੱਚ ਲੱਗੇ ਹੋਏ ਹਨ ਅਤੇ ਬਾਕੀ ਅੰਦਾਜ਼ਨ 5% ਥਾਣਿਆਂ ਵਿੱਚ ਡਿਉਟੀ ਦੇ ਰਹੇ ਹਨ। ਰਾਤ-ਬਰਾਤੇ ਨਸ਼ਾ ਵੇਚਣ ਵਾਲੇ ਜਾਂ ਫਿਰ ਹੋਰ ਗੁਨਾਹ ਕਰਨ ਵਾਲੇ ਜਦੋਂ ਲੋਕਾਂ ਦੇ ਧੱਕੇ ਚੜ੍ਹਦੇ ਹਨ ਤਾਂ ਲੋਕ ਨੇੜੇ ਦੇ ਥਾਣੇ ਵਿੱਚ ਸਹਾਇਤਾ ਲਈ ਫੋਨ ਕਰਦੇ ਹਨ ਅਤੇ ਅੱਗਿਉਂ ਜਵਾਬ ਮਿਲਦਾ ਹੈ, “ਸਾਡੇ ਕੋਲ ਨਫ਼ਰੀ ਘੱਟ ਹੈ, ਐਸ ਵੇਲੇ ਆਉਣਾ ਮੁਸ਼ਕਿਲ ਹੈ।” ਇੰਜ ਨਸ਼ਿਆਂ ਅਤੇ ਜੁਰਮਾਂ ਵਿਰੁੱਧ ਲੋਕਾਂ ਦੀ ਪਹਿਲ ਕਦਮੀ, ਹੌਸਲਾ ਅਤੇ ਦ੍ਰਿੜ੍ਹ ਸੰਕਲਪ ਨੂੰ ਖੋਰਾ ਲਗਦਾ ਹੈ।
ਵਿਦਵਾਨ ਥਾਮਸ ਜੈਫਰਸ਼ਨ ਨੇ ਲਿਖਿਆ ਹੈ, “ਜਦ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਮ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ।” ਜਦੋਂ ਲੋਕਾਂ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਜਾਵੇ:
“ਘਰ ਸੇ ਜੋ ਨਿਕਲੇ ਵੋਹ ਸੰਭਲ ਕਰ ਨਿਕਲੇ।
ਜਾਨੇ ਕਿਸ ਮੋੜ ਪੇ, ਕਿਸ ਹਾਥ ਮੇਂ ਖੰਜ਼ਰ ਨਿਕਲੇ।”
ਫਿਰ ਰਾਜਨੀਤਕ ਲੋਕਾਂ ਨੂੰ ਸਤਾ ਦੀ ਚਾਬੀ ਸੌਂਪਣ ਲੱਗਿਆਂ ਲੋਕ ਪੰਜਾਹ ਵਾਰ ਸੋਚਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)