MohanSharma8ਸਾਲ 2016 ਤੋਂ ਪਹਿਲਾਂ ਰਾਜਿਸਥਾਨ ਵਿੱਚ ਭੁੱਕੀ ਦੇ ਠੇਕੇ ਬਹੁਤ ਸਾਰੀਆਂ ...
(27 ਫਰਵਰੀ 2025)

 

ਨਸ਼ੇ ਦੇ ਪ੍ਰਕੋਪ ਕਾਰਨ ਇੱਕ ਭੈਣ ਦੇ ਰੂਪ ਵਿੱਚ, ਇੱਕ ਧੀ ਦੇ ਰੂਪ ਵਿੱਚ ਅਤੇ ਇੱਕ ਮਾਂ ਦੇ ਰੂਪ ਵਿੱਚ ਔਰਤ ਸਭ ਤੋਂ ਵੱਧ ਪੀੜਤ ਹੈ। ਜਿਸ ਔਰਤ ਦਾ ਇਕਲੌਤਾ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਧਸਕੇ ਸਿਵਿਆਂ ਦੇ ਰਾਹ ਪਿਆ ਹੋਇਆ ਹੈ, ਉਸ ਔਰਤ ਦੀ ਮਾਨਸਿਕ, ਸਰੀਰਕ, ਆਰਥਿਕ ਅਤੇ ਪਰਿਵਾਰਕ ਹਾਲਤ ਕੱਖਾਂ ਤੋਂ ਹੌਲੀ ਅਤੇ ਪਾਣੀਉਂ ਪਤਲੀ ਹੁੰਦੀ ਹੈ। ਵਿਹੜੇ ਵਿੱਚ ਅਣਵਿਆਹੇ ਨੌਜਵਾਨ ਦੀ ਲਾਸ਼ ’ਤੇ ਖੂਨ ਦੇ ਅੱਥਰੂ ਵਹਾਉਂਦਿਆਂ ਜਦੋਂ ਭੈਣ ਲਾਸ਼ ਬਣੇ ਵੀਰ ਦੇ ਚਿਹਰੇ ਤੇ ਸਿਹਰਾ ਬੰਨ੍ਹਦੀ ਹੈ, ਉਹ ਦਰਦਮਈ ਦ੍ਰਿਸ਼ ਪੱਥਰਾਂ ਨੂੰ ਵੀ ਰੁਆਉਣ ਵਾਲਾ ਹੁੰਦਾ ਹੈ ਅਤੇ ਜਦੋਂ ਨੌਂਵੀਂ ਦਸਵੀਂ ਵਿੱਚ ਪੜ੍ਹਦੀ ਹੁਸ਼ਿਆਰ ਕੁੜੀ ਵਜ਼ੀਫੇ ਵਾਲੀ ਰਾਸ਼ੀ ਆਪਣੀ ਅਧਿਆਪਕਾਂ ਨੂੰ ਫੜਾਉਂਦੀ ਹੋਈ ਰੋਣਹਾਕੀ ਅਵਾਜ਼ ਵਿੱਚ ਕਹਿੰਦੀ ਹੈ, “ਇਨ੍ਹਾਂ ਪੈਸਿਆਂ ਨੂੰ ਤੁਸੀਂ ਰੱਖ ਲਉ ਜੀ, ਜੇ ਮੈਂ ਘਰ ਲੈ ਗਈ ਤਾਂ ਬਾਪੂ ਨੇ ਮੈਥੋਂ ਖੋਹ ਕੇ ਇਨ੍ਹਾਂ ਪੈਸਿਆਂ ਨਾਲ ਨਸ਼ਾ ਡੱਫ਼ ਲੈਣੈ” ਅਜਿਹੀ ਸਥਿਤੀ ਵਿੱਚ ਨਸ਼ਈ ਬਾਪ ਕਾਰਨ ਧੀ ਆਪਣੀਆਂ ਰੀਝਾਂ ਨੂੰ ਛਿੱਕਲ਼ੀ ਪਾ ਕੇ ਰੱਖਦੀ ਹੈ। ਕਈ ਥਾਵਾਂ ’ਤੇ ਤਾਂ ਨਸ਼ਈਆਂ ਨੇ ਨਸ਼ਿਆਂ ਦਾ ਝੱਸ ਪੂਰੀ ਕਰਨ ਲਈ ਮਾਂ ਕੋਲੋਂ ਪੈਸੇ ਮੰਗਣ ਤੇ ਉਨ੍ਹਾਂ ਵੱਲੋਂ ਜਵਾਬ ਦੇਣ ’ਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਵਿਆਹੀਆਂ ਵਰੀਆਂ ਕੁੜੀਆਂ ਰੋ ਕੇ ਆਪਣੇ ਦੁੱਖ ਦਾ ਇੰਜ ਪ੍ਰਗਟਾਵਾ ਕਰਦੀਆਂ ਹਨ, “ਰੱਖੜੀ ਵਾਲੇ ਦਿਨ ਜੇ ਪੇਕੀਂ ਭਰਾ ਤੋਂ ਰੱਖੜੀ ਬਣਾਉਣ ਜਾਂਦੀਆਂ ਹਾਂ, ਉਹ ਘਰੇ ਨਹੀਂ ਮਿਲਦਾ। ਕਿਤੇ ਆਪਣੇ ਵਰਗੇ ਨਸ਼ਈਆਂ ਨਾਲ ਬਹਿਕੇ ਨਸ਼ੇ ਦੇ ਟੀਕੇ ਲਾ ਰਿਹਾ ਹੁੰਦਾ ਹੈ। ਰੋਂਦੇ ਮਾਂ ਬਾਪ ਵੇਖੇ ਨਹੀਂ ਜਾਂਦੇ। ਜੇ ਕਦੇ ਰੱਖੜੀ ਵਾਲੇ ਦਿਨ ਸਾਡੇ ਕੋਲ ਆ ਜਾਵੇ ਤਾਂ ਨਸ਼ੇ ਨਾਲ ਬੇਹੋਸ਼ ਗਲੀ ਵਿੱਚ ਡਿਗਿਆ ਪਿਆ ਹੁੰਦਾ ਹੈ। ਦਰਾਣੀਆਂ-ਜਿਠਾਣੀਆਂ ਵਿਅੰਗ ਨਾਲ ਕਹਿੰਦੀਆਂ ਨੇ, “ਆਪਣੇ ਭਰਾ ਨੂੰ ਗਲੀ ਵਿੱਚੋਂ ਚੁੱਕ ਲਿਆ, ਉਹਨੂੰ ਤਾਂ ਭੋਰਾ ਸੁਰਤ ਨਹੀਂ। - ਇੰਜ ਸਹੁਰੇ ਰਹਿਕੇ ਵੀ ਨਸ਼ਈ ਭਰਾ ਕਾਰਨ ਨਮੋਸ਼ੀ ਝੱਲਣੀ ਪੈਂਦੀ ਹੈ।”

ਨਸ਼ਈਆਂ ਕਾਰਨ ਔਰਤ ਨਾ ਹੀ ਘਰ ਵਿੱਚ ਸੁਰੱਖਿਅਤ ਹੈ ਅਤੇ ਨਾ ਹੀ ਬਾਹਰ। ਚੇਨ ਝਪਟਮਾਰੀ, ਪਰਸ ਖੋਹਦਾ, ਵਾਲੀਆਂ ਲਾਹ ਲੈਣੀਆਂ ਅਤੇ ਜ਼ਖ਼ਮੀ ਵੀ ਕਰ ਦੇਣਾ, ਅਜਿਹੇ ਮਾਰੂ ਦੁਖਾਂਤ ਨਸ਼ਈਆਂ ਕਾਰਨ ਔਰਤਾਂ ਦੇ ਹਿੱਸੇ ਆ ਰਹੇ ਹਨ। ਪਰ ਦੂਜੇ ਪਾਸੇ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ, ਜਿੱਥੇ ਨਸ਼ਿਆਂ ਦੀ ਤਸਕਰੀ ਕਾਰਨ ਔਰਤਾਂ ਦੀ ਭੂਮਿਕਾ ਨੇ ਹੀ ਹੋਰ ਔਰਤਾਂ ਦੇ ਘਰਾਂ ਨੂੰ ਨਰਕ ਬਣਾ ਰੱਖਿਆ ਹੈ। ਇੱਕ ਸਰਵੇਖਣ ਅਨੁਸਾਰ ਨਸ਼ਾ ਤਸਕਰੀ ਵਿੱਚ ਪੰਜਾਬੀ ਔਰਤਾਂ ਦੀ ਗ੍ਰਿਫਤਾਰੀ ਦੇਸ਼ ਭਰ ਵਿੱਚ ਸਭ ਤੋਂ ਵੱਧ ਹੈ। ਦੂਜੇ ਸ਼ਬਦਾਂ ਵਿੱਚ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਪੰਜਾਬ ਦੀਆਂ ਔਰਤਾਂ ਨਸ਼ਾ ਤਸਕਰੀ ਵਿੱਚ ਮੋਹਰੀ ਹਨ। ਐੱਨ.ਡੀ.ਪੀ. ਐਕਟ ਤਹਿਤ ਪਿਛਲੇ ਸਾਲ ਭਾਰਤ ਵਿੱਚ ਕੁੱਲ 9631 ਔਰਤਾਂ ਨਸ਼ਾ ਤਸਕਰੀ ਵਿੱਚ ਗ੍ਰਿਫਤਾਰ ਹੋਈਆਂ ਹਨ। ਜਿਨ੍ਹਾਂ ਵਿੱਚ 3164 ਔਰਤਾਂ (32.85%) ਪੰਜਾਬ ਨਾਲ ਸੰਬੰਧਿਤ ਹਨ। ਪੰਜਾਬ ਦੇ ਦਰਜਨਾਂ ਪਿੰਡ ਅਜਿਹੇ ਹਨ, ਜਿੱਥੇ ਨਸ਼ਾ ਤਸਕਰੀ ਦੇ ਜ਼ਿਆਦਾ ਕੇਸ ਔਰਤਾਂ ’ਤੇ ਬਣੇ ਹੋਏ ਹਨ। ਸਾਲ 2021 ਵਿੱਚ 1418 ਔਰਤਾਂ ਨਸ਼ਾ ਤਸਕਰੀ ਕਾਰਨ ਗ੍ਰਿਫਤਾਰ ਹੋਈਆਂ, 2022 ਵਿੱਚ 928 ਔਰਤਾਂ ਅਤੇ 2023 ਵਿੱਚ 788 ਔਰਤਾਂ ਨੂੰ ਇਸ ਕਾਲੇ ਧੰਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਸਾਲ 2016 ਤੋਂ ਪਹਿਲਾਂ ਰਾਜਿਸਥਾਨ ਵਿੱਚ ਭੁੱਕੀ ਦੇ ਠੇਕੇ ਬਹੁਤ ਸਾਰੀਆਂ ਪੰਜਾਬਣ ਔਰਤਾਂ ਦੇ ਨਾਂ ਖੁੱਲ੍ਹੇ ਹੋਏ ਸਨ ਅਤੇ ਉਨ੍ਹਾਂ ਠੇਕਿਆਂ ਤੋਂ ਪੰਜਾਬ ਵਿੱਚ ਵੀ ਭੁੱਕੀ ਅਤੇ ਅਫੀਮ ਦੀ ਸਪਲਾਈ ਕਰਨ ਵਿੱਚ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ।

ਬਹੁਤ ਸਾਰੇ ਕੇਸਾਂ ਵਿੱਚ ਨਸ਼ਾ ਤਸਕਰੀ ਕਰਦਿਆਂ ਜਦੋਂ ਪਤੀ ਜੇਲ੍ਹ ਚਲਾ ਜਾਂਦਾ ਹੈ ਤਾਂ ਪਿੱਛੋਂ ਉਸਦੀ ਪਤਨੀ ਇਸ ‘ਨੇਕ ਕਾਰਜ’ ਨੂੰ ਸੰਭਾਲ ਲੈਂਦੀ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਉਨ੍ਹਾਂ ਦੀ ਔਲਾਦ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਦਿੰਦੀ ਹੈ। ਦੂਜੇ ਸ਼ਬਦਾਂ ਵਿੱਚ ਨਸ਼ਾ ਤਸਕਰੀ ਰਾਹੀਂ ਉਹ ਸਿਰਫ ਹੋਰਾਂ ਦੇ ਬੱਚਿਆਂ ਦੀ ਜ਼ਿੰਦਗੀ ਹੀ ਬਰਬਾਦ ਨਹੀਂ ਕਰਦੀਆਂ ਸਗੋਂ ਆਪਣੀ ਔਲਾਦ ਦਾ ਭਵਿੱਖ ਵੀ ਧੁਆਂਖ ਦਿੰਦੀਆਂ ਹਨ। ਕਈ ਕੇਸ ਤਾਂ ਅਜਿਹੇ ਵੀ ਸਾਹਮਣੇ ਆਏ ਹਨ ਜਿੱਥੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਪੁਲਿਸ ਦੀ ਰੇਡ ਸਮੇਂ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਪਿੱਛੋਂ ਉਨ੍ਹਾਂ ਦੇ ਬੱਚੇ ਸੜਕਾਂ ’ਤੇ ਰੁਲਦੇ ਫਿਰਦੇ ਹਨ। ਭਲਾ ਅਜਿਹੀ ਹਰਾਮ ਦੀ ਕਮਾਈ ਦਾ ਫਾਇਦਾ ਹੀ ਕੀ, ਜਿੱਥੇ ਔਲਾਦ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣ? ਅਜਿਹੇ ਧੰਦੇ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਦੇ ਬੱਚਿਆਂ ਦਾ ਬਚਪਨ ਜੇਲ੍ਹ ਵਿੱਚ ਹੀ ਗੁਜ਼ਰਦਾ ਹੈ। ਜੇਲ੍ਹ ਵਿੱਚੋਂ ਬਾਹਰ ਨਿਕਲਣ ਬਾਅਦ ਉਹ ਵੀ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ।

ਪਿਛਲੇ ਦਿਨੀਂ ਲੁਧਿਆਣੇ ਦੀ ਫੌਜੀ ਡਿਸਪੈਂਸਰੀ ਵਿੱਚ ਕੰਮ ਕਰਦੀ ਲੜਕੀ ਅਤੇ ਉਸਦੇ ਦੋ ਸਾਥੀਆਂ ਨੂੰ ਸੱਤ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਤਰ੍ਹਾਂ ਹੀ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਪੋਸਟ ਗਰੈਜੂਏਸ਼ਨ ਕਰ ਰਹੀ ਲੜਕੀ ਨੂੰ ਉਸਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਗਿਆ। ਉਹ ਕਾਰ ਰਾਹੀਂ ਹੈਰੋਇਨ ਸਪਲਾਈ ਕਰਨ ਲਈ ਜਾ ਰਹੇ ਹਨ। ਜਦੋਂ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਅਜਿਹੀਆਂ ਲੜਕੀਆਂ ਨੂੰ ਇਸ ਕਾਲੇ ਧੰਦੇ ਦੀ ਲਪੇਟ ਵਿੱਚ ਫੜਿਆ ਜਾਂਦਾ ਹੈ ਤਾਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਵੀ ਨਸ਼ੇ ਦੀ ਮਾਰ ਤੋਂ ਬਚ ਨਹੀਂ ਸਕੇ। ਪਾਇਲ ਇਲਾਕੇ ਵਿੱਚ ਨਸ਼ੀਲੇ ਪਾਊਡਰ, ਡਰੱਗ ਮਨੀ ਅਤੇ ਕਾਰ ਸਮੇਤ ਲੜਕੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਕਈ ਵਾਰ ਵੱਡੇ ਤਸਕਰ ਆਪ ਸਾਹਮਣੇ ਆਉਣ ਦੀ ਥਾਂ ਲੜਕੀਆਂ ਜਾਂ ਨਾਬਾਲਗ ਬੱਚਿਆਂ ਰਾਹੀਂ ਨਸ਼ੇ ਦੀ ਸਪਲਾਈ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ’ਤੇ ਸ਼ੱਕ ਨਾ ਕੀਤਾ ਜਾਵੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦਸਵੀਂ ਪਾਸ ਕੁੜੀ ਨੇ ਨਸ਼ਾ ਨਾ ਮਿਲਣ ਕਾਰਨ ਫਾਹਾ ਲੈ ਲਿਆ ਸੀ। ਉਸਦਾ ਭਰਾ ਐੱਨ.ਡੀ.ਪੀ.ਐੱਸ. ਐਕਟ ਅਧੀਨ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਹੈ। ਬਰਨਾਲਾ ਵਿੱਚ ਔਰਤ ਨੂੰ ਸ਼ਰਾਬ ਦੀ ਪੇਟੀ ਸਮੇਤ ਗ੍ਰਿਫਤਾਰ ਕੀਤਾ ਗਿਆ।

25 ਅਕਤੂਬਰ 2024 ਨੂੰ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕਾ ਨੂੰ ਉਸਦੇ ਰਿਸ਼ਤੇਦਾਰ ਡਰਾਈਵਰ ਸਮੇਤ ਡਰੱਗਜ਼ ਦੀ ਖੇਪ ਸਪਲਾਈ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ। ਬਾਅਦ ਵਿੱਚ ਉਸਦੀ ਖਰੜ ਰਿਹਾਇਸ਼ ਤੋਂ 28 ਗ੍ਰਾਮ ਚਿੱਟਾ, ਇੱਕ ਲੱਖ ਛਪੰਜਾ ਹਜ਼ਾਰ ਡਰੱਗ ਮਨੀ, ਬਰਾਮਦ ਕੀਤੀ ਗਈ। ਕੋਠੀ ਵਿੱਚ ਖੜ੍ਹੀਆਂ ਚਾਰ ਗੱਡੀਆਂ ਵੀ ਪੁਲਿਸ ਨੇ ਕਬਜ਼ੇ ਵਿੱਚ ਕਰ ਲਈਆਂ। ਸਾਬਕਾ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਨਸ਼ੇ ਦੇ ਕਾਰੋਬਾਰ ਵਿੱਚ ਵਾਧਾ ਕਰਨ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਬਹੁਤ ਸਾਰੇ ਸਿਆਸੀ ਲੋਕ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਪਿਛਲੇ ਦਿਨੀਂ ਨਾਭਾ ਇਲਾਕੇ ਦੀ ਲੇਡੀ ਸਰਪੰਚ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆਇਹ ਲੇਡੀ ਸਰਪੰਚ ਜਿੱਥੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਦੀ ਸੀ, ਉੱਥੇ ਹੀ ਨਸ਼ਾ ਤਸਕਰ ਦੇ ਗ੍ਰਿਫਤਾਰ ਹੋਣ ’ਤੇ ਉਸ ਕੋਲੋਂ ਮੋਟੀ ਰਕਮ ਲੈ ਕੇ ਉਸਦੀ ਜ਼ਮਾਨਤ ਕਰਵਾਉਣ ਦਾ ਕੰਮ ਵੀ ਕਰਦੀ ਸੀ। ਅਜਿਹਾ ਕਰਦਿਆਂ ਉਸ ਨੂੰ ਰੰਗੇ ਹੱਥੀਂ ਫੜਿਆ ਗਿਆ। ਬਹੁਤ ਸਾਰੇ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿੱਥੇ ਜੇਲ੍ਹਾਂ ਵਿੱਚ ਬੈਠੇ ਨਸ਼ਾ ਤਸਕਰਾਂ ਨੇ ਮੋਬਾਇਲ ਦੇ ਸਾਧਨਾਂ ਰਾਹੀਂ ਲੱਖਾਂ ਰੁਪਏ ਆਪਣੀਆਂ ਪਤਨੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਹਨ। ਮੋਗਾ ਵਿਖੇ 40 ਗ੍ਰਾਮ ਹੈਰੋਇਨ ਅਤੇ ਇੱਕ ਕਿਲੋ 900 ਗ੍ਰਾਮ ਭੁੱਕੀ ਸਮੇਤ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਔਰਤਾਂ ਨੇ ਆਪਣਾ ਇਹ ਸਮਾਨ ਵੇਚਣ ਲਈ ਕੰਡਾ ਵੀ ਨਾਲ ਹੀ ਰੱਖਿਆ ਹੋਇਆ ਸੀ।

ਇਸ ਤੋਂ ਵੀ ਮਾਰੂ ਦੁਖਾਂਤ ਇਹ ਹੈ ਕਿ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੀਆਂ ਹਨ। ਅੰਮ੍ਰਿਤਸਰ ਵਿੱਚ ਨਸ਼ੇ ਵਿੱਚ ਧੁੱਤ ਕੁੜੀ ਦੀ ਵੀ.ਡੀ.ਓ. ਵਾਇਰਲ ਹੋਈ। ਇਸ ਤਰ੍ਹਾਂ ਦੀਆਂ ਘਟਨਾਵਾਂ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਮੁਹਾਲੀ, ਬਠਿੰਡਾ ਆਦਿ ਸ਼ਹਿਰਾਂ ਵਿੱਚ ਸਾਹਮਣੇ ਆਈਆਂ ਹਨ। ਪੰਜਾਬ ਦੇ ਇੱਕ ਧਾਰਮਿਕ ਅਸਥਾਨ ਦੇ ਬਾਥਰੂਮ ਵਿੱਚੋਂ ਨਸ਼ੇ ਦੀ ਓਵਰਡੋਜ਼ ਦਾ ਸ਼ਿਕਾਰ ਹੋਕੇ ਮ੍ਰਿਤਕ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ। ਦੁਖਾਂਤਕ ਪੱਖ ਇਹ ਵੀ ਹੈ ਕਿ ਇਹ ਲੜਕੀਆਂ ਪਹਿਲਾਂ ਪਹਿਲਾਂ ਸ਼ੌਕ ਜਾਂ ਸੰਗਤ ਦੇ ਅਸਰ ਹੇਠ ਨਸ਼ਾ ਕਰਨ ਲੱਗ ਪੈਂਦੀਆਂ ਹਨ ਪਰ ਬਾਅਦ ਵਿੱਚ ਨਸ਼ੇ ਦੀ ਪੂਰਤੀ ਲਈ ਦੇਹ ਵਿਉਪਾਰ ਦੇ ਧੰਦੇ ਵਿੱਚ ਪੈ ਜਾਂਦੀਆਂ ਹਨ। ਚੰਡੀਗ੍ਹੜ ਦੇ ਕੁਝ ਪੱਤਰਕਾਰਾਂ ਨੂੰ ਸੂਹ ਮਿਲਣ ਤੇ ਤਿੰਨ ਪੱਤਰਕਾਰ ਰਾਤ ਸਮੇਂ ਬੱਸ ਸਟੈਂਡ ’ਤੇ ਗਏ। ਉੱਥੇ ਉਨ੍ਹਾਂ ਨੇ ਤਿੰਨ ਕੁੜੀਆਂ ਨੂੰ ਵੇਖਿਆ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਪੁੱਛ-ਗਿੱਛ ਉਪਰੰਤ ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ ਦੋ ਪੰਜਾਬਣਾਂ ਅਤੇ ਇੱਕ ਕਿਸੇ ਹੋਰ ਸਟੇਟ ਨਾਲ ਸੰਬੰਧਿਤ ਸੀ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਉਹ ਨਸ਼ੇ ਦੀ ਲਪੇਟ ਵਿੱਚ ਆ ਗਈਆਂ ਹਨ। ਹੁਣ ਇੱਥੇ ਕਾਂਊਟਰ ’ਤੇ ਗਾਹਕਾਂ ਦੀ ਉਡੀਕ ਕਰ ਰਹੀਆਂ ਹਨ, ਚਿੱਟੇ ਦੀ ਖੁਰਾਕ ਜਾਂ ਨਕਦ ਰਾਸ਼ੀ ਦੇਕੇ ਗਾਹਕ ਲੈ ਜਾਂਦੇ ਹਨ। ਅਜਿਹੇ ਹੋਰ ਬਹੁਤ ਸਾਰੇ ਕੇਸ ਪੰਜਾਬ ਦੀਆਂ ਵੱਖ ਵੱਖ ਥਾਵਾਂ ’ਤੇ ਧਿਆਨ ਵਿੱਚ ਆਏ ਹਨ, ਜੋ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੰਦਾਜ਼ਨ 1900 ਔਰਤਾਂ ਦਾ ਏਡਜ਼ ਪੀੜਤ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਸੁਖਾਂਤਕ ਪਹਿਲੂ ਇਹ ਵੀ ਹੈ ਕਿ ਪੰਜਾਬ ਵਿੱਚ ਕਈ ਥਾਵਾਂ ’ਤੇ ਔਰਤਾਂ ਨਸ਼ਿਆਂ ਵਿਰੁੱਧ ਲਾਮਬੰਦ ਹੋਈਆਂ ਹਨ। ਉਹ ਜਿੱਥੇ ਨਸ਼ਿਆਂ ਦੀ ਦਲਦਲ ਵਿੱਚ ਧਸੀਆਂ ਔਰਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨਸ਼ੀਲ ਹਨ, ਉੱਥੇ ਹੀ ਉਨ੍ਹਾਂ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਵੀ ਸਿਰਤੋੜ ਯਤਨ ਜਾਰੀ ਰੱਖੇ ਹੋਏ ਹਨ। ਹੱਥਾਂ ਵਿੱਚ ਡਾਂਗਾਂ ਫੜਕੇ ਉਹ ਨਸ਼ਾ ਤਸਕਰਾਂ ਨੂੰ ਵੰਗਾਰ ਰਹੀਆਂ ਹਨ। ਪੰਜਾਬ ਲਈ ਇਹ ਇੱਕ ਚੰਗਾ ਸ਼ਗਨ ਹੈ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author