MohanSharma8ਬੁੱਕ ਸਟਾਲ ’ਤੇ ਖੜ੍ਹੇ ਦੋਨਾਂ ਮੁੰਡਿਆਂ ਨੇ ਦੱਸਿਆ, “ਜਿਹੜੀ ਪ੍ਰੋਫੈਸਰ ਮੈਡਮ ਦਾ ਵਿਆਹ ਹੈਅਸੀਂ ਉਨ੍ਹਾਂ ਦੇ ਵਿਦਿਆਰਥੀ ...
(8 ਅਪਰੈਲ 2024)
ਇਸ ਸਮੇਂ ਪਾਠਕ: 130.


ਪਿਛਲੇ ਦਿਨੀਂ ਮੈਨੂੰ ਦੋਂਹ ਥਾਵਾਂ ’ਤੇ ਇੱਕੋ ਦਿਨ ਜਾਣ ਦਾ ਮੌਕਾ ਮਿਲਿਆ
ਪਹਿਲੀ ਥਾਂ ’ਤੇ ਜਾ ਕੇ ਮਾਨਸਿਕ ਨੂੰ ਸਕੂਨ ਵੀ ਮਿਲਿਆ ਅਤੇ ਸਿਜਦਾ ਕਰਨ ਲਈ ਸਿਰ ਵੀ ਝੁਕ ਗਿਆਦੂਜੀ ਥਾਂ ’ਤੇ ਜਾਣ ਉਪਰੰਤ ਮਨ ਡਾਢਾ ਹੀ ਪ੍ਰੇਸ਼ਾਨ ਹੋਇਆਅੱਚਵੀ ਜਿਹੀ ਮਹਿਸੂਸ ਕੀਤੀ, ਪਰ ਵਾਪਸੀ ’ਤੇ ਉਸ ਥਾਂ ਦੇ ਗੇਟ ’ਤੇ ਖੜੋਕੇ ਸਕੂਨ ਦੇ ਪਲ ਵੀ ਹਿੱਸੇ ਆਏਲਗਦਾ ਸੀ ਜਿਵੇਂ ਰਾਮ ਰੌਲ਼ੇ ਅਤੇ ਕੰਨ ਪਾੜਵੇਂ ਸ਼ੋਰ ਦੇ ਇੱਕ ਖੂੰਜੇ ਵਿੱਚ ਕੋਈ ਪਰੀਆਂ ਦੀ ਬਾਤ ਪਾ ਰਿਹਾ ਹੋਵੇ

30 ਮਾਰਚ 2024 ਨੂੰ ਮੈਨੂੰ ਦੋ ਅਲੱਗ ਅਲੱਗ ਥਾਵਾਂ ’ਤੇ ਹੋ ਰਹੇ ਸਮਾਗਮਾਂ ਵਿੱਚ ਜਾਣ ਲਈ ਸਤਿਕਾਰ ਭਰਿਆ ਸੱਦਾ ਮਿਲਿਆਪਹਿਲਾ ਸੱਦਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਸੰਗਰੂਰ ਸ਼ਾਖ਼ਾ ਦੇ ਪ੍ਰਬੰਧਕਾਂ ਵੱਲੋਂ ਸ਼ਾਖ਼ਾ ਦੇ 24ਵੇਂ ਸਥਾਪਨਾ ਦਿਵਸ ਵਿੱਚ ਸ਼ਾਮਲ ਹੋਣ ਲਈ ਸੀ ਅਤੇ ਦੂਜਾ ਸੱਦਾ ਕਾਲਜ ਵਿੱਚ ਪ੍ਰੋਫੈਸਰ ਵਜੋਂ ਸੇਵਾ ਕਰ ਰਹੀ ਧੀਆਂ ਵਰਗੀ ਰਮਨ ਦੇ ਸੰਗਰੂਰ ਤੋਂ ਪੰਦਰਾਂ ਕਿਲੋਮੀਟਰ ਦੂਰ ਪੈਲੇਸ ਵਿੱਚ ਹੋ ਰਹੀ ਉਸ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਦਾ ਸੀਰਮਨ ਨਾਲ ਨਸ਼ਾ ਵਿਰੋਧੀ ਮੁਹਿੰਮ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਸਰਗਰਮ ਹੋਣ ਕਾਰਨ ਸਾਂਝ ਬਣੀ ਹੋਈ ਸੀ, ਪਰ ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਦੇ ਨਹੀਂ ਸੀ ਮਿਲਿਆਘਰ ਆਕੇ ਵਿਆਹ ਦਾ ਕਾਰਡ ਦੇਣ ਸਮੇਂ ਉਸਦਾ ਸਤਿਕਾਰ ਨਾਲ ਇਹ ਕਹਿਣਾ, “ਸਰ, ਹੋਰਾਂ ਥਾਵਾਂ ’ਤੇ ਵਿਆਹ ਦੇ ਕਾਰਡ ਮੇਰੇ ਪ੍ਰੋਫੈਸਰ ਸਾਥੀਆਂ ਅਤੇ ਘਰ ਵਾਲਿਆਂ ਨੇ ਵੰਡੇ ਨੇ, ਤੁਹਾਨੂੰ ਸੱਦਾ ਦੇਣ ਮੈਂ ਆਪ ਆਈ ਹਾਂਅਸ਼ੀਰਵਾਦ ਦੇਣ ਲਈ ਜ਼ਰੂਰ ਆਉਣਾ।”

ਨਿਸ਼ਚਿਤ ਦਿਨ ’ਤੇ ਪਹਿਲਾਂ ਸੰਗਰੂਰ ਦੇ ਪਿੰਗਲਵਾੜਾ ਸੰਸਥਾ ਵਿੱਚ ਗਿਆਪ੍ਰਬੰਧਕਾਂ ਨੇ ਸਾਰਾ ਪ੍ਰੋਗਰਾਮ ਹੀ ਪੰਜਾਬੀ ਵਿਰਸੇ ਨੂੰ ਸਮਰਪਤ ਕੀਤਾ ਹੋਇਆ ਸੀਮੰਜਿਆਂ ’ਤੇ ਵਿਛੀਆਂ ਹੋਈਆਂ ਹੱਥਾਂ ਦੀ ਕਢਾਈ ਵਾਲੀਆਂ ਚਾਦਰਾਂ, ਨਾਲ ਮੇਲ ਖਾਂਦਾ ਕਰਦਾ ਸਿਰਹਾਣਾਕੋਈ ਕੁਰਸੀਆਂ ਮੇਜ਼ ਨਹੀਂ ਸਨਲੋਕ ਬੜੇ ਆਨੰਦ ਨਾਲ ਮੰਜਿਆਂ ’ਤੇ ਬੈਠੇ ਸਨਆਏ ਮਹਿਮਾਨਾਂ ਨੂੰ ਚਾਹ ਅਤੇ ਥਾਲ ਵਿੱਚ ਰੱਖ ਕੇ ਗੁਲਗੁਲੇ ਪਰੋਸੇ ਜਾ ਰਹੇ ਸਨਸੱਚਮੁੱਚ ‘ਸਾਡਾ ਵਿਰਸਾ’ ਉੱਤੇ ਅਧਾਰਤ ਉੱਥੇ ਇੱਕ ਪਿੰਡ ਵਸਾਇਆ ਹੋਇਆ ਸੀਅਲੋਪ ਹੋਏ ਪੰਜਾਬ ਦੇ ਪਿੰਡਾਂ ਦੀ ਝਲਕ ਵੇਖਕੇ ਆਨੰਦ ਆ ਰਿਹਾ ਸੀਇੱਕ ਪਾਸੇ ਪਿੰਡਾਂ ਵਾਲੀ ਸੱਥ ਦਾ ਮਨਮੋਹਕ ਦ੍ਰਿਸ਼, ਤੂੜੀ ਵਾਲਾ ਕੁੱਪ, ‘ਖੂਹ’, ਛੰਨਾਂ, ਪੀਲੀ ਮਿੱਟੀ ਨਾਲ ਲਿੱਪ ਕੇ ਸਜਾਈ ਰਸੋਈ, ਪਾਥੀਆਂ ਵਾਲਾ ਗੁਹਾਰਾ, ਬਲਦਾਂ ਵਾਲਾ ਹੱਲ, ਬਲਦਾਂ ਦੀ ਪੰਜਾਲੀ, ਪਿੱਤਲ ਦੇ ਭਾਂਡੇ, ਪੀਂਘ, ਪਸ਼ੂਆਂ ਵਾਲੀ ਖੁਰਲੀ, ਤ੍ਰਿੰਝਣ ਵਿੱਚ ਕੱਤਦੀਆਂ ਕੁੜੀਆਂ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਸਨਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲੋਕ ਨਾਚ ਭੰਗੜਾ, ਹੀਰ ਅਤੇ ਪੁਰਾਤਨ ਕਥਾਵਾਂ, ਲੰਮੀਆਂ ਹੇਕਾਂ ਵਾਲੇ ਗੀਤ, ਵਿਆਹ ਵਾਲੀਆਂ ਸਿੱਠਣੀਆਂ, ਢਾਡੀ ਕਲਾ, ਛੋਟੇ ਬੱਚੇ ਦੀ ਤੂੰਬੀ ਨਾਲ ਪੇਸ਼ਕਾਰੀ, ਭਗਤ ਪੂਰਨ ਸਿੰਘ ਸੰਬੰਧੀ ਬੋਲੀਆਂ, ਛੋਟੀਆਂ ਬੱਚੀਆਂ ਦਾ ਗਿੱਧਾ, ਗੱਤਕੇ ਦੇ ਜੌਹਰ, ਸੰਮੀ ਨਾਚ ਅਤੇ ਇਹੋ ਜਿਹੀਆਂ ਹੋਰ ਪ੍ਰਾਚੀਨ ਕਲਾਵਾਂ ਨਾਲ ਲੋਕ ਕੀਲੇ ਬੈਠੇ ਸਨਸ਼ਾਂਤ ਅਤੇ ਸੁਖਾਵੇਂ ਮਾਹੌਲ ਵਿੱਚ ਦਾਣਿਆਂ ਦੀ ਭੱਠੀ ਦਾ ਅਲੌਕਿਕ ਨਜ਼ਾਰਾ ਵੀ ਪੇਸ਼ ਕੀਤਾ ਜਾ ਰਿਹਾ ਸੀਉਸ ਸਮੇਂ ਜਿੱਥੇ ਬਜ਼ੁਰਗ ਪੁਰਾਣੀਆਂ ਯਾਦਾਂ ਵਿੱਚ ਗੁੰਮ ਹੋਏ ਬੈਠੇ ਸਨ, ਉੱਥੇ ਹੀ ਨਵੀਂ ਪੀੜ੍ਹੀ ਅਚੰਭੇ ਨਾਲ ਇਹ ਸਭ ਕੁਝ ਵੇਖ ਰਹੀ ਸੀਅੰਦਾਜ਼ਨ ਤਿੰਨ ਘੰਟੇ ਦਾ ਸਮਾਂ ਪਲਾਂ ਵਿੱਚ ਹੀ ਬੀਤ ਗਿਆਵਾਅਦੇ ਅਨੁਸਾਰ ਵਿਅਹੁਲੀ ਕੁੜੀ ਨੂੰ ਸ਼ਗਨ ਵੀ ਦੇਣਾ ਸੀਪਿੰਗਲਵਾੜਾ ਤੋਂ ਪੈਲੇਸ ਵੱਲ ਦਾ ਰੁਖ ਕਰ ਲਿਆ

ਵੀਹ ਕੁ ਮਿੰਟਾਂ ਬਾਅਦ ਪੈਲੇਸ ਵਿੱਚ ਪਹੁੰਚ ਗਿਆਹਾਲ ਵਿੱਚ ਵੜਦਿਆਂ ਸਟੇਜ ਵੱਲ ਨਜ਼ਰ ਮਾਰੀਡੀ.ਜੇ. ਤੇ ਅੱਧ ਨੰਗੇ ਕੱਪੜਿਆਂ ਵਿੱਚ ਕੁੜੀਆਂ ਅਸੱਭਿਅਕ ਹਰਕਤਾਂ ਨਾਲ ਡਾਂਸ ਪੇਸ਼ ਕਰ ਰਹੀਆਂ ਸਨਤਿੰਨ ਚਾਰ ਮੁੰਡੇ ਵੀ ਡੀ.ਜੇ. ਪਾਰਟੀ ਦਾ ਹਿੱਸਾ ਬਣਕੇ ਟਪੂਸੀਆਂ ਜਿਹੀਆਂ ਮਾਰ ਰਹੇ ਸਨਕੰਨ ਪਾੜਵੇਂ ਸ਼ੋਰ ਵਿੱਚ ਗੀਤ ਸੰਗੀਤ ਦੀ ਤਾਂ ਕੁਝ ਸਮਝ ਨਹੀਂ ਸੀ ਆ ਰਹੀ, ਹਾਂ ਵਿਆਹ ਵਿੱਚ ਸ਼ਾਮਲ ਹੋਏ ਕੁਝ ਸ਼ਰਾਬੀ ਮੁੰਡੇ ਸਟੇਜ ਦੇ ਹੇਠਲੇ ਹਿੱਸੇ ਵਿੱਚ ਖੌਰੂ ਜਿਹਾ ਪਾਉਂਦਿਆਂ ਆਪਣੇ ਆਪ ਨੂੰ ਰਾਂਝੇ ਸਮਝਦਿਆਂ ਡਾਂਸ ਕਰ ਰਹੀਆਂ ਕੁੜੀਆਂ ਨੂੰ ਹੇਠਾਂ ਆਉਣ ਦੇ ਇਸ਼ਾਰੇ ਕਰ ਰਹੇ ਸਨ

ਕਈ ਅਧਖੜ ਉਮਰ ਦੇ ਵਿਅਕਤੀ ਤਾਂ ਦੰਦਾਂ ਹੇਠ ਸੌ-ਸੌ ਦਾ ਨੋਟ ਲੈ ਕੇ ਸਟੇਜ ’ਤੇ ਹੀ ਚੜ੍ਹ ਗਏਗਰਦਨ ਅਤੇ ਲੱਕ ਜਿਹਾ ਮਟਕਾ ਕੇ ਉਹ ਕੁੜੀਆਂ ਨੂੰ ਨੋਟ ਲੈਣ ਦਾ ਇਸ਼ਾਰਾ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਨ

ਪੈਲੇਸ ਦੇ ਸ਼ੋਰ ਪ੍ਰਦੂਸ਼ਣ ਕਾਰਨ ਮੈਂ ਡਾਢਾ ਹੀ ਪ੍ਰੇਸ਼ਾਨ ਹੋ ਗਿਆਦਰਅਸਲ 25-30 ਡੈਸੀਬਲ ਆਵਾਜ਼ ਤਾਂ ਠੀਕ ਹੈ ਪਰ ਜਦੋਂ 80-90 ਡੈਸੀਬਲ ਤੋਂ ਉੱਪਰ ਤੇਜ਼ ਸੰਗੀਤ ਅਤੇ ਸ਼ੋਰ ਕਰਨ ਵਾਲੀਆਂ ਆਵਾਜ਼ਾਂ ਕੰਨਾਂ ਵਿੱਚ ਪੈਣ ਲੱਗ ਪੈਣ ਤਾਂ ਇਸਦਾ ਸਿਹਤ ’ਤੇ ਬਹੁਤ ਬੁਰਾ ਅਸਰ ਪੈਂਦਾ ਹੈਜਿਹੜੀ ਆਵਾਜ਼ ਦੀ ਰੇਂਜ ਤਿੰਨ ਕਿਲੋਮੀਟਰ ਤਕ ਪਹੁੰਚਣ ਵਾਲੀ ਹੋਵੇ, ਭਲਾ ਉਹ ਆਵਾਜ਼ 10-15 ਮੀਟਰ ਦੇ ਫਾਸਲੇ ’ਤੇ ਬੈਠੇ ਵਿਅਕਤੀ ਉੱਤੇ ਮਾਰੂ ਅਸਰ ਹੀ ਕਰੇਗੀਬਹਿਰਾਪਣ, ਸ਼ੋਰ ਕਾਰਨ ਆਪਸ ਵਿੱਚ ਬੋਲ ਸਾਂਝੇ ਕਰਨ ਦੀ ਵੀ ਅਸਮਰੱਥਤਾ, ਬਾਅਦ ਵਿੱਚ ਨੀਂਦ ਵਿੱਚ ਰੁਕਾਵਟ ਅਤੇ ਕੰਮ ਕਾਜ ’ਤੇ ਵੀ ਬੁਰਾ ਅਸਰ ਪੈਂਦਾ ਹੈਵਿਆਹੁਲੀ ਕੁੜੀ ਹਾਲ ਵਿੱਚ ਨਜ਼ਰ ਨਹੀਂ ਸੀ ਆ ਰਹੀਪਰਿਵਾਰਕ ਮੈਂਬਰਾਂ ਨੂੰ ਮੈਂ ਜਾਣਦਾ ਨਹੀਂ ਸੀਨਾਲ ਬੈਠੇ ਸਾਥੀ ਤੋਂ ਉੱਚੀ ਆਵਾਜ਼ ਵਿੱਚ ਮੈਂ ਵਿਆਹ ਵਾਲੀ ਕੁੜੀ ਰਮਨ ਬਾਰ ਪੁੱਛਿਆਉਸਨੇ ਆਪਣੇ ਕੰਨ ਮੇਰੇ ਲਾਗੇ ਕਰਕੇ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਹੱਥ ਹਿਲਾ ਕੇ ਇਸ਼ਾਰਾ ਕਰ ਦਿੱਤਾ ਕਿ ਆਵਾਜ਼ ਸੁਣਾਈ ਨਹੀਂ ਦਿੰਦੀਅੱਕਿਆ ਅਤੇ ਖਿਝਿਆ ਜਿਹਾ ਮੈਂ ਹਾਲ ਤੋਂ ਬਾਹਰ ਆ ਗਿਆਬਾਹਰ ਆਕੇ ਵਿਆਹੁਲੀ ਲੜਕੀ ਰਮਨ ਨੂੰ ਫੋਨ ਕੀਤਾਜਵਾਬ ਵਿੱਚ ਉਸਨੇ ਕਿਹਾ ਕਿ ਮੈਂ ਆਪਣਾ ਭਰਾ ਭੇਜ ਰਹੀ ਹਾਂ, ਉਹ ਤੁਹਾਨੂੰ ਆਕੇ ਲੈ ਜਾਂਦੇ ਨੇ

ਥੋੜ੍ਹੀ ਦੇਰ ਬਾਅਦ ਰਮਨ ਦਾ ਭਰਾ ਆ ਗਿਆਰਮਨ ਨੂੰ ਸ਼ਗਨ ਦਿੰਦਿਆਂ ਚੰਗੇ ਭਵਿੱਖ ਦੀ ਦੁਆ ਕਰਕੇ ਮੈਂ ਵਾਪਸ ਆ ਗਿਆਹਾਲ ਦਾ ਖੌਰੂ ਪਾਉਂਦਾ ਸ਼ੋਰ ਬਾਹਰ ਵੀ ਸੁਣਾਈ ਦੇ ਰਿਹਾ ਸੀਬਾਹਰਲੇ ਗੇਟ ਦੇ ਨਾਲ ਹੀ ਬੁੱਕ ਸਟਾਲ ਲੱਗਿਆ ਹੋਇਆ ਸੀਮੇਰੇ ਪੈਰ ਬਦੋਬਦੀ ਉੱਧਰ ਵੱਲ ਹੋ ਗਏਦੋ ਕਾਲਜੀਏਟ ਮੁੰਡੇ ਬੁੱਕ ਸਟਾਲ ’ਤੇ ਖੜੋ ਕੇ ਲੋਕਾਂ ਨੂੰ ਉਸਾਰੂ ਸਾਹਿਤ ਪੜ੍ਹਨ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਕਿਤਾਬਾਂ ਖਰੀਦਣ ਲਈ ਵੀ ਕਹਿ ਰਹੇ ਸਨਮੈਰਿਜ ਪੈਲਿਸ ਵਿੱਚ ਕਿਤਾਬਾਂ ਦੇ ਲੱਗੇ ਸਟਾਲ ਨੂੰ ਵੇਖਕੇ ਬਹੁਤ ਹੀ ਚੰਗਾ ਲੱਗਿਆਬੁੱਕ ਸਟਾਲ ’ਤੇ ਖੜ੍ਹੇ ਦੋਨਾਂ ਮੁੰਡਿਆਂ ਨੇ ਦੱਸਿਆ, “ਜਿਹੜੀ ਪ੍ਰੋਫੈਸਰ ਮੈਡਮ ਦਾ ਵਿਆਹ ਹੈ, ਅਸੀਂ ਉਨ੍ਹਾਂ ਦੇ ਵਿਦਿਆਰਥੀ ਹਾਂਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਅਸੀਂ ਕਾਲਜ ਵਿੱਚ ਪੁਸਤਕ ਮੰਚ ਬਣਾਇਆ ਹੋਇਆ ਹੈਕਾਲਜ ਦੇ ਤੀਹ ਕੁ ਵਿਦਿਆਰਥੀ ਇਸਦੇ ਮੈਂਬਰ ਹਨਮੈਡਮ ਅਤੇ ਹੋਰ ਪ੍ਰੋਫੈਸਰ ਸਾਡੀ ਹਰ ਮਹੀਨੇ ਆਰਥਿਕ ਮਦਦ ਦੇ ਨਾਲ ਨਾਲ ਸੁਚੱਜੀ ਅਗਵਾਈ ਵੀ ਕਰਦੇ ਹਨਅਸੀਂ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਸਮੇਂ ਪੈਲੇਸਾਂ ਵਿੱਚ ਬੁੱਕ ਸਟਾਲ ਲਾਕੇ ਕਿਤਾਬਾਂ ਵੇਚਦੇ ਹਾਂਇਸ ਨਾਲ ਇੱਕ ਤਾਂ ਲੋਕਾਂ ਨੂੰ ਚੰਗਾ ਸਾਹਿਤ ਪੜ੍ਹਕੇ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਬਲ ਮਿਲਦਾ ਹੈ। ਨਾਲੇ ਜੀ ਅਸੀਂ ਮੈਰਿਜ ਪੈਲਿਸਾਂ ਵਿੱਚ ਲੱਕ ਮਟਕਾਉਂਦੀ ਅਸ਼ਲੀਲ ਗਾਇਕੀ ਵਿਰੁੱਧ ਹੋਕਾ ਵੀ ਦਿੰਦੇ ਹਾਂਇੱਥੇ ਤਾਂ ਜੀ ਇਹ ਡੀਜੇ ਵਾਲਾ ਕੰਮ ਵਿਆਹੁਲੇ ਮੁੰਡੇ ਦੇ ਦੋਸਤਾਂ ਨੇ ਧੱਕੇ ਨਾਲ ਹੀ ਲਾਇਆ ਹੈ।”

ਬੁੱਕ ਸਟਾਲ ਤੋਂ ਕੁਝ ਕਿਤਾਬਾਂ ਖਰੀਦਣ ਤੋਂ ਬਾਅਦ ਘਰ ਨੂੰ ਵਾਪਸ ਆਉਂਦਿਆਂ ਮੈਂ ਸੋਚ ਰਿਹਾ ਸਾਂ, “ਮੈਰਿਜ ਪੈਲੇਸਾਂ ਵਿੱਚ ਕਿਤਾਬਾਂ ਰਾਹੀਂ ਗਿਆਨ ਦਾ ਦੀਵਾ ਜਗਾਉਣ ਦੀ ਪਹਿਲ ਤਾਂ ਹੋ ਗਈ ਹੈਬੱਸ ਹੁਣ ਸ਼ੋਰ ਪ੍ਰਦੂਸ਼ਣ ਅਤੇ ਲੱਚਰ ਗਾਇਕੀ ਵਿਰੁੱਧ ਠੋਸ ਕਦਮ ਵੀ ਰਮਨ ਵਰਗੀਆਂ ਕੁੜੀਆਂ ਹੀ ਚੁੱਕਣਗੀਆਂ।”

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4874)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author