“ਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ‘ਸਰਪੰਚ’ ਨਾਂ ਦਾ ਸਪਤਾਹਿਕ ਅਖ਼ਬਾਰ ਨਿਕਲਦਾ ਸੀ। ਮੈਂ ਆਪਣੀ ...”
(16 ਜੁਲਾਈ 2022)
ਮਹਿਮਾਨ: 60.
ਜਦੋਂ ਮੈਂ ਆਪਣੇ ਅਤੀਤ ਦੇ ਪੰਨੇ ਫਰੋਲਦਾ ਹਾਂ ਤਾਂ ਮੈਨੂੰ ਛੇਵੀਂ ਜਮਾਤ ਦੇ ਵਿਦਿਆਰਥੀ ਸਮੇਂ ਦੀ ਇੱਕ ਘਟਨਾ ਚੇਤੇ ਆਉਂਦੀ ਹੈ। ਅੰਦਾਜ਼ਨ ਚਾਰ ਕੁ ਸੌ ਸਫ਼ਿਆਂ ਦਾ ਸਵਰਗਵਾਸੀ ਨਾਨਕ ਸਿੰਘ ਦਾ ਨਾਵਲ ਦਾ ‘ਇੱਕ ਮਿਆਨ ਦੋ ਤਲਵਾਰਾਂ’ ਮੈਂ ਪਿੰਡ ਦੀ ਲਾਇਬਰੇਰੀ ਵਿੱਚੋਂ ਜਾਰੀ ਕਰਵਾਇਆ ਸੀ। “ਐਨੀ ਮੋਟੀ ਕਿਤਾਬ ਪੜ੍ਹ ਲਵੇਂਗਾ?” ਕਿਤਾਬ ਜਾਰੀ ਕਰਨ ਵਾਲੇ ਪਿੰਡ ਦੇ ਹੀ ਇੱਕ ਪੜ੍ਹੇ-ਲਿਖੇ ਨੌਜਵਾਨ ਨੇ ਪ੍ਰਸ਼ਨ ਕੀਤਾ। ਮੇਰੇ ‘ਆਹੋ ਜੀ’ ਕਹਿਣ ’ਤੇ ਉਸ ਨੇ ਕਿਤਾਬ ਜਾਰੀ ਕਰ ਦਿੱਤੀ। ਕਿਤਾਬ ਜਾਰੀ ਕਰਨ ਉਪਰੰਤ ਮੈਂ ਉੱਥੇ ਪਏ ਬੈਂਚ ’ਤੇ ਬਹਿ ਕੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ। ਪੰਜ-ਛੇ ਘੰਟਿਆਂ ਵਿੱਚ ਮੈਂ ਕਾਫੀ ਪੰਨੇ ਪੜ੍ਹ ਲਏ। ਚਾਰ-ਪੰਜ ਦਿਨਾਂ ਵਿੱਚ ਮੈਂ ਉਹ ਸਾਰੀ ਪੁਸਤਕ ਪੜ੍ਹ ਲਈ। ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ਮਈ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸੀ। ਬਾਲ ਮਨ ਸਰਾਭਾ ਜੀ ਦੀ ਕੁਰਬਾਨੀ ਨੂੰ ਸਿਜਦਾ ਕਰ ਰਿਹਾ ਸੀ।
ਜਿਸ ਦਿਨ ਮੈਂ ਕਿਤਾਬ ਪੜ੍ਹ ਕੇ ਹਟਿਆ, ਉਸੇ ਦਿਨ ਸ਼ਾਮ ਨੂੰ ਇੱਕ ਅਜੀਬ ਗੱਲ ਹੋਈ। ਉਨ੍ਹਾਂ ਦਿਨਾਂ ਵਿੱਚ ਟੀ.ਵੀ. ਨੇ ਲੋਕਾਂ ਦੇ ਘਰਾਂ ਅੰਦਰ ਦਸਤਕ ਨਹੀਂ ਸੀ ਦਿੱਤੀ। ਟਾਵੇਂ-ਟਾਵੇਂ ਘਰਾਂ ਵਿੱਚ ਰੇਡਿਓ ਹੁੰਦਾ ਸੀ ਅਤੇ ਜਾਂ ਫਿਰ ਪੰਚਾਇਤ ਵੱਲੋਂ ਪਿੰਡ ਦੀ ਸੱਥ ਵਿੱਚ ਲੋਕਾਂ ਦੇ ਸੁਣਨ ਲਈ ਰੇਡਿਓ ਦਾ ਪ੍ਰਬੰਧ ਕੀਤਾ ਹੁੰਦਾ ਸੀ। ਲੋਕਾਂ ਦਾ ਝੁਰਮਟ ਜਾਂ ਤਾਂ ਠੰਡੂ ਰਾਮ ਵਾਲਾ ਦਿਹਾਤੀ ਪ੍ਰੋਗਰਾਮ ਦੇਖ ਕੇ ਖੁਸ਼ ਹੁੰਦਾ ਸੀ ਜਾਂ ਫਿਰ ਸ਼ਾਮ ਦੀਆਂ ਖ਼ਬਰਾਂ ਬੜੀ ਇਕਾਗਰ ਬਿਰਤੀ ਨਾਲ ਸੁਣਦੇ ਸਨ। ਖ਼ਬਰਾਂ ਸੁਣਨ ਵੇਲੇ ਸੱਥ ਵਿੱਚ ਸਾਡੇ ਦੋ ਅਧਿਆਪਕ ਵੀ ਬੈਠੇ ਸਨ। ਮੈਂ ਆਪਣੇ ਹਾਣੀਆਂ ਨਾਲ ਖੇਡ ਰਿਹਾ ਸੀ, ਪਰ ਮੇਰਾ ਧਿਆਨ ਖ਼ਬਰਾਂ ਵੱਲ ਸੀ। ਉਸ ਵੇਲੇ ਹੀ ਰੇਡਿਓ ਤੋਂ ਖ਼ਬਰ ਪ੍ਰਸਾਰਤ ਹੋਈ ਕਿ ਨਾਨਕ ਸਿੰਘ ਦੇ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ ਹੈ। ਮੇਰੇ ਮਨ ਨੂੰ ਇਹ ਖ਼ਬਰ ਪੜ੍ਹਕੇ ਅੰਤਾਂ ਦਾ ਸਕੂਨ ਪ੍ਰਾਪਤ ਹੋਇਆ ਕਿ ਇਹ ਕਿਤਾਬ ਮੈਂ ਅੱਜ ਹੀ ਪੜ੍ਹ ਕੇ ਹਟਿਆ ਹਾਂ।
ਖ਼ਬਰ ਸੁਣਨ ਤੋਂ ਬਾਅਦ ਅਧਿਆਪਕ ਸਾਹਿਬਾਨ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਕਿ ਇਹ ਕੋਈ ਵਧੀਆ ਕਿਤਾਬ ਹੀ ਹੋਣੀ ਹੈ, ਜਿਸ ਨੂੰ ਐਡਾ ਵੱਡਾ ਇਨਾਮ ਮਿਲਿਆ ਹੈ। ਉਨ੍ਹਾਂ ਦੀ ਗੱਲ ਸੁਣਦਿਆਂ ਹੀ ਮੈਂ ਉਨ੍ਹਾਂ ਦੇ ਲਾਗੇ ਜਾ ਕੇ ‘ਇੱਕ ਮਿਆਨ ਦੋ ਤਲਵਾਰਾਂ’ ਨਾਵਲ ਦੀ ਕਹਾਣੀ ਸੁਣਾਉਣ ਲੱਗ ਪਿਆ। ਅਧਿਆਪਕ ਛੇਵੀਂ ਜਮਾਤ ਵਿੱਚ ਪੜ੍ਹਦੇ ਮੋਹਨ ਵੱਲ ਹੈਰਾਨ ਹੋ ਕੇ ਵੇਖ ਰਹੇ ਸਨ। ਇੱਕ ਬਜ਼ੁਰਗ ਨੇ ਮੇਰੇ ਵੱਲ ਗਹੁ ਨਾਲ ਵਿਹੰਦਿਆਂ ਕਿਹਾ, “ਤੁਸੀਂ ਮੇਰੇ ਬੋਲ ਯਾਦ ਰੱਖਿਓ, ਇਹ ਮੁੰਡਾ ਵੱਡਾ ਹੋ ਕੇ ਕਾਨੂੰਗੋ ਬਣੇਗਾ।” ਉਸ ਬਜ਼ੁਰਗ ਦੇ ਅਸੀਸ ਵਰਗੇ ਬੋਲ ਹਮੇਸ਼ਾ ਹੀ ਮੇਰੇ ਅੰਗ-ਸੰਗ ਰਹੇ ਨੇ। ਕਾਨੂੰਗੋ ਤਾਂ ਭਾਵੇਂ ਨਹੀਂ ਬਣਿਆ ਪਰ ਜਵਾਨੀ ਪਹਿਰੇ ਬੇਰੁਜ਼ਗਾਰੀ ਦਾ ਸੰਤਾਪ ਨਹੀਂ ਹੰਢਾਇਆ। ਬੀ.ਐੱਡ. ਦੇ ਨਤੀਜੇ ਤੋਂ ਦੋ ਮਹੀਨਿਆਂ ਬਾਅਦ 21 ਵਰ੍ਹਿਆਂ ਦੀ ਉਮਰ ਵਿੱਚ ਮੈਂ ਰੈਗੂਲਰ ਤੌਰ ’ਤੇ ਅਧਿਆਪਕ ਬਣ ਗਿਆ। ਕਲਮ, ਕਾਗਜ਼ ਅਤੇ ਕਿਤਾਬਾਂ ਨਾਲ ਪਹਿਲਾਂ ਵਾਂਗ ਹੀ ਮੇਰਾ ਨਹੁੰ-ਮਾਸ ਵਰਗਾ ਰਿਸ਼ਤਾ ਬਣਿਆ ਰਿਹਾ। ਵਿਦਿਆਰਥੀਆਂ ਨੂੰ ਵੀ ਉਸਾਰੂ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੰਦਾ ਰਿਹਾ।
ਅਧਿਆਪਕ ਹੁੰਦਿਆਂ 1981 ਵਿੱਚ ਪੰਜਾਬ ਦੇ ਜਿਹੜੇ ਪੰਜ ਅਧਿਆਪਕ ਸਟੇਟ ਦੇ ਉੱਤਮ ਅਧਿਆਪਕਾਂ ਵਜੋਂ ਚੁਣੇ ਗਏ, ਉਨ੍ਹਾਂ ਵਿੱਚੋਂ ਇੱਕ ਮੈਂ ਵੀ ਸਾਂ। ਵਿਲੱਖਣ ਗੱਲ ਇਹ ਵੀ ਸੀ ਕਿ ਵਿੱਦਿਅਕ ਪ੍ਰਾਪਤੀਆਂ ਦੇ ਆਧਾਰ ’ਤੇ ਇਹ ਸਟੇਟ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਮੇਰੀ ਉਮਰ ਸਭ ਤੋਂ ਛੋਟੀ ਸੀ। ਪਰ ਮੈਰਿਟ ਵਿੱਚ ਮੈਂ ਸਭ ਤੋਂ ਸਿਖਰਲੇ ਡੰਡੇ ’ਤੇ ਪਹੁੰਚਿਆ ਹੋਇਆ ਸੀ।
ਦਰਅਸਲ ਲੇਖਕ ਨਿਰੋਲ ਕਲਪਨਾ ਦੇ ਆਧਾਰ ’ਤੇ ਨਹੀਂ ਲਿਖ ਸਕਦਾ। ਉਸ ਦਾ ਵਿਸ਼ਾਲ ਅਨੁਭਵ ਮਨ ਦੇ ਪਿੰਡਿਆਂ ’ਤੇ ਹੰਢਾਇਆ ਦਰਦ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਉਸ ਦੀ ਸਾਹਿਤ ਸਿਰਜਣਾ ਵਿੱਚ ਬਹੁਤ ਸਹਾਈ ਹੁੰਦਾ ਹੈ। ਭੁੱਖ, ਖਾਲੀ ਜੇਬ ਅਤੇ ਗੁਰਬਤ ਭਰਿਆ ਬਚਪਨ ਅਤੇ ਜਵਾਨੀ ਦੇ ਵੱਡੇ ਹਿੱਸੇ ਦੇ ਸਫਰ ਸਮੇਂ ਕੀਤਾ ਸੰਘਰਸ਼ਮਈ ਘੋਲ ਸੂਖ਼ਮਭਾਵੀ ਲੇਖਕਾਂ ਦੀ ਪਕੜ ਤੋਂ ਬਾਹਰ ਨਹੀਂ ਜਾ ਸਕਦਾ। ਸਾਹਿਤ ਦੇ ਖੇਤਰ ਦਾ ਪਹਿਲਾ ਗੁਰੂ ਮੈਂ ਆਪਣੇ ਸਵ: ਪਿਤਾ ਪੰਡਤ ਹਰੀ ਰਾਮ ਜੀ ਨੂੰ ਮੰਨਦਾ ਹਾਂ। ਭਾਵੇਂ ਉਹ ਅੱਖਾਂ ਤੋਂ ਮੁਨਾਖੇ ਸਨ ਪਰ ਉਨ੍ਹਾਂ ਅੰਦਰ ਕਵਿਤਾ ਦਾ ਝਰਨਾ ਫੁੱਟਦਾ ਸੀ। ਲਿਖਣ ਤੋਂ ਅਸਮਰਥ ਹੋਣ ਕਾਰਨ ਉਹ ਮੈਨੂੰ ਆਪਣੇ ਕੋਲ ਬੁਲਾ ਲੈਂਦੇ ਸਨ। ਉਸ ਵੇਲੇ ਮੈਂ ਛੇਵੀਂ ਜਮਾਤ ਦਾ ਵਿਦਿਆਰਥੀ ਸੀ। ਉਨ੍ਹਾਂ ਦੀ ਆਵਾਜ਼ ਤੋਂ ਹੀ ਮੈਂ ਅੰਦਾਜ਼ਾ ਲਾ ਲੈਂਦਾ ਸੀ ਕਿ ਹੁਣ ਇਨ੍ਹਾਂ ਨੇ ਮੈਨੂੰ ਕੁਝ ਬੋਲ ਕੇ ਲਿਖਵਾਉਣਾ ਹੈ। ਮੈਂ ਕਾਪੀ ਪੈੱਨ ਲੈ ਕੇ ਉਨ੍ਹਾਂ ਕੋਲ ਬਹਿ ਜਾਂਦਾ। ਉਹ ਬੋਲੀ ਜਾਂਦੇ ਅਤੇ ਮੈਂ ਲਿਖੀ ਜਾਂਦਾ। ਬਾਅਦ ਵਿੱਚ ਉਹ ਮੈਨੂੰ ਕਹਿੰਦੇ, ‘ਪੜ੍ਹ ਕੇ ਸੁਣਾ।’ ਮੈਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦਾ। ਇੰਜ ਉਹ ਕਵਿਤਾ ਉਨ੍ਹਾਂ ਦੇ ਵੀ ਯਾਦ ਹੋ ਜਾਂਦੀ ਅਤੇ ਮੇਰੇ ਵੀ।
ਇਸ ਤਰ੍ਹਾਂ ਕਲਮ ਰਾਹੀਂ ਕਾਵਿ-ਮਈ ਸ਼ਬਦ ਲਿਖਣ ਦੀ ਗੁੜ੍ਹਤੀ ਮੈਨੂੰ ਪਿਤਾ ਜੀ ਤੋਂ ਹੀ ਮਿਲੀ। ਬਾਅਦ ਵਿੱਚ ਮੈਂ ਆਪਣੀ ਅਲੱਗ ਕਾਪੀ ਲਾ ਲਈ। ਉਸਾਰੂ ਸਾਹਿਤ ਪੜ੍ਹਨ ਦੀ ਚੇਟਕ ਵੀ ਛੇਵੀਂ ਸੱਤਵੀਂ ਜਮਾਤ ਵਿੱਚ ਹੀ ਲੱਗ ਗਈ। ਆਪਣੇ ਲਿਖੇ ਗੀਤ, ਕਵਿਤਾਵਾਂ ਅਤੇ ਕਹਾਣੀਆਂ ਨੂੰ ਅਨਮੋਲ ਸਰਮਾਏ ਵਾਂਗ ਸੰਭਾਲਣ ਦੀ ਜਾਚ ਮੈਂ ਉਸ ਉਮਰ ਵਿੱਚ ਹੀ ਸਿੱਖ ਲਈ ਸੀ। ਉਸ ਉਮਰ ਦੀ ਇਹ ਘਟਨਾ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀ ਹੈ। ਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ‘ਸਰਪੰਚ’ ਨਾਂ ਦਾ ਸਪਤਾਹਿਕ ਅਖ਼ਬਾਰ ਨਿਕਲਦਾ ਸੀ। ਮੈਂ ਆਪਣੀ ਕਾਵਿ-ਮਈ ਰਚਨਾ ਉਸ ਅਖ਼ਬਾਰ ਨੂੰ ਭੇਜ ਦਿੱਤੀ। ਰਚਨਾ ’ਤੇ ਆਪਣੇ ਨਾਂ ਦੇ ਨਾਲ ਮੈਂ ਆਪਣੇ ਪਿੰਡ ਦਾ ਨਾਂ ਵੀ ਲਿਖ ਦਿੱਤਾ। ਪੰਦਰਾਂ ਕੁ ਦਿਨ ਬੀਤ ਗਏ। ਇੱਕ ਦਿਨ ਛੁੱਟੀ ਵਾਲੇ ਦਿਨ ਆਪਣੇ ਹਾਣੀਆਂ ਨਾਲ ਮੈਂ ਬੰਟੇ ਖੇਡ ਰਿਹਾ ਸੀ। ਓਧਰੋਂ ਪਿੰਡ ਦਾ ਸਰਪੰਚ ਪੰਚਾਇਤ ਮੈਂਬਰਾਂ ਨਾਲ ਸਾਡੇ ਲਾਗੇ ਦੀ ਜਦੋਂ ਲੰਘ ਰਿਹਾ ਸੀ ਤਾਂ ਮੈਨੂੰ ਵੇਖ ਕੇ ਰੁਕ ਗਿਆ। ਮੇਰੀ ਬਾਂਹ ਫੜ ਕੇ ਮੈਨੂੰ ਖੜ੍ਹਾ ਕਰਦਿਆਂ ਕਿਹਾ, “ਤੂੰ ਲਿਖਦਾ ਵੀ ਐਂ? ਤੇਰੀ ਅੱਜ ਕਵਿਤਾ ਸਰਪੰਚ ਅਖ਼ਬਾਰ ਵਿੱਚ ਛਪੀ ਐ। ਸਾਨੂੰ ਵੀ ਪਿੰਡ ਦਾ ਨਾਂ ਪੜ੍ਹ ਕੇ ਹੀ ਪਤਾ ਲੱਗਿਆ ਕਿ ਇਹ ਤਾਂ ਪੰਡਤਾਂ ਦੇ ਮੋਹਨ ਦੀ ਲਿਖੀ ਹੋਈ ਕਵਿਤਾ ਹੈ।”
ਮੈਂ ਬੜੇ ਹੀ ਉਤਸ਼ਾਹ ਅਤੇ ਚਾਅ ਨਾਲ ਪੁੱਛਿਆ, “ਅਖ਼ਬਾਰ ਕਿੱਥੇ ਹੈ?” ਉਸਨੇ ਦੱਸਿਆ ਕਿ ਮੇਰੀ ਬੈਠਕ ਵਿੱਚ ਮੰਜੇ ਦੇ ਸਿਰਹਾਣੇ ਹੇਠ ਰੱਖਿਆ ਹੋਇਆ ਹੈ, ਜਾ ਕੇ ਲੈ ਆ। ਮੈਂ ਬੰਟੇ ਤਾਂ ਉੱਥੇ ਹੀ ਸੁੱਟ ਦਿੱਤੇ। ਆਪ ਮੁਹਾਰੇ ਸਰਪੰਚ ਦੇ ਘਰ ਵੱਲ ਦੌੜ ਪਿਆ। ਰਸਤੇ ਵਿੱਚ ਇੰਜ ਭੱਜੇ ਜਾਂਦਿਆਂ ਕੁੱਤੇ ਵੀ ਮਗਰ ਪਏ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਜਦੋਂ ਅੱਧ ਖੁੱਲ੍ਹਿਆ ਬੂਹਾ ਖੋਲ੍ਹ ਕੇ ਸਰਪੰਚ ਦੇ ਘਰ ਅੰਦਰ ਦਾਖ਼ਲ ਹੋਇਆ ਤਾਂ ਉਹਦੀ ਪਤਨੀ ਨੇ ਮੈਨੂੰ ਸਾਹੋ-ਸਾਹ ਹੁੰਦਿਆਂ ਪੁੱਛਿਆ, “ਕਿਵੇਂ ਸਾਹ ਚਾੜ੍ਹਿਐ? ਕੋਈ ਮੁੰਡੇ ਤਾਂ ਨਹੀਂ ਕੁੱਟਣ ਲਈ ਤੇਰੇ ਮਗਰ ਪਏ ਹੋਏ?”
ਮੈਂ ਆਲੇ-ਦੁਆਲੇ ਵਿਹੰਦਿਆਂ ਉਤਸੁਕਤਾ ਨਾਲ ਕਿਹਾ, “ਸਰਪੰਚ ਸਾਹਿਬ ਨੇ ਅਖ਼ਬਾਰ ਮੰਗਵਾਇਐ। ਕਿੱਥੇ ਪਿਆ ਹੈ?” ਉਸ ਨੇ ਸਿਰਹਾਣੇ ਥੱਲਿਉਂ ਚੁੱਕ ਕੇ ਮੈਨੂੰ ਫੜਾ ਦਿੱਤਾ। ਅਖ਼ਬਾਰ ਵਿੱਚ ਆਪਣਾ ਨਾਂ ਅਤੇ ਕਵਿਤਾ ਪੜ੍ਹ ਕੇ ‘ਪਹਿਲੇ ਇਸ਼ਕ’ ਵਰਗਾ ਸਰੂਰ ਆਇਆ। ਮੇਰੇ ਪੈਰ ਧਰਤੀ ’ਤੇ ਨਹੀਂ ਸਨ ਲੱਗ ਰਹੇ। ਆਪਣੇ ਜਮਾਤੀਆਂ ਨੂੰ ਜਦੋਂ ਮੈਂ ਅਖ਼ਬਾਰ ਵਿਖਾਉਂਦਿਆਂ ਆਪਣੀ ਛਪੀ ਕਵਿਤਾ ਸਬੰਧੀ ਦੱਸਿਆ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ। ਹਾਂ, ਦੋ-ਤਿੰਨ ਅਧਿਆਪਕਾਂ ਨੇ ਮੈਨੂੰ ਹੱਲਾਸ਼ੇਰੀ ਜ਼ਰੂਰ ਦਿੱਤੀ।
ਬੱਸ ਦਾ ਸਫ਼ਰ ਕਰਦਿਆਂ ਕੁਝ ਨਾ ਕੁਝ ਲਿਖਣ ਲਈ ਬੱਸ ਦੇ ਟਿਕਟ ਦਾ ਸਹਾਰਾ ਵੀ ਕਈ ਵਾਰ ਲਿਆ ਹੈ। ਮੇਰੀ ਕਮਜ਼ੋਰੀ ਰਹੀ ਹੈ ਕਿ ਬੱਸ ਦਾ ਸਫ਼ਰ ਕਰਦਿਆਂ ਬੱਸ ਸਟੈਂਡ ਦੇ ਬੁੱਕ ਸਟਾਲ ’ਤੇ ਜਦੋਂ ਨਜ਼ਰ ਪੈ ਜਾਂਦੀ ਤਾਂ ਮੇਰੇ ਪੈਰ ਬੱਸ ਤੋਂ ਉੱਤਰ ਕੇ ਬਦੋ-ਬਦੀ ਬੁੱਕ ਸਟਾਲ ਵੱਲ ਹੋ ਜਾਂਦੇ ਅਤੇ ਮੈਂ ਉੱਥੇ ਪਏ ਮੈਗ਼ਜ਼ੀਨਾਂ ਦੇ ਪੰਨੇ ਫਰੋਲਣ ਲੱਗ ਜਾਂਦਾ। ਇੱਕ ਵਾਰ ਇੰਜ ਵੀ ਹੋਇਆ ਕਿ ਮੈਂ ਮੈਗਜ਼ੀਨ ਪੜ੍ਹਨ ਵਿੱਚ ਖੁੱਭ ਗਿਆ। ਬੱਸ ਚੱਲ ਪਈ। ਇੰਟਰਵਿਊ ਲਈ ਸਰਟੀਫਿਕੇਟਾਂ ਵਾਲੀ ਫਾਇਲ ਸੀਟ ’ਤੇ ਹੀ ਪਈ ਸੀ। ਬਾਅਦ ਵਿੱਚ ਕੰਡਕਟਰ ਦੀ ਮਿਹਰਬਾਨੀ ਸਦਕਾ ਉਹ 5-6 ਘੰਟਿਆਂ ਦੀ ਜੱਦੋਜਹਿਦ ਬਾਅਦ ਮਿਲ ਗਈ ਸੀ। ਇਹ ਕਮਜ਼ੋਰੀ ਹੁਣ ਵੀ ਮੇਰੇ ਅੰਗ-ਸੰਗ ਹੈ।
ਕੁਰਕਸ਼ੇਤਰਾ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕਾਲਜ ਮੈਗੀਜ਼ੀਨ ਦਾ ਵਿਦਿਆਰਥੀ ਐਡੀਟਰ, ਕਾਲਜ ਯੂਨੀਅਨ ਦਾ ਪ੍ਰਧਾਨ, ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਅਤੇ ਮੰਚ ਸੰਚਾਲਨ ਕਰਦਿਆਂ ਸਟੇਜ ’ਤੇ ਨਪੇ-ਤੁਲੇ ਸ਼ਬਦਾਂ ਵਿੱਚ ਬੋਲਣ ਦੀ ਜਾਚ ਉੱਥੋਂ ਹੀ ਸਿੱਖੀ। ਪੜ੍ਹਾਈ ਦੇ ਖੇਤਰ ਵਿੱਚ ਵੀ ਪਿੱਛੇ ਨਹੀਂ ਰਿਹਾ। ਸੰਘਰਸ਼ ਮੇਰੇ ਅੰਗ-ਸੰਗ ਰਿਹਾ ਹੈ। ਹਾਂ, ਦੋ ਪਾਸੜ ਪਿਆਰ ਦੇ ਕੜੱਕ ਕਰਕੇ ਟੁੱਟਣ ਦਾ ਦਰਦ ਹੁਣ ਤਕ ਹੰਢਾ ਰਿਹਾ ਹਾਂ। ਮੇਰਾ ਪਲੇਠਾ ਕਾਵਿ ਸੰਗ੍ਰਹਿ, ਟੁੱਟਿਆ ਹਾਰ, ਉਸ ਅਧਵਾਟੇ ਰਹੇ ਪਿਆਰ ਨੂੰ ਹੀ ਸਮਰਪਤ ਹੈ। ਸਾਹਿਤ ਦੇ ਖੇਤਰ ਵਿੱਚ ਛੇ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਚਾਰ ਮਿੰਨੀ ਕਹਾਣੀ ਸੰਗ੍ਰਹਿ, ਛੇ ਵਾਰਤਕ ਦੀਆਂ ਪੁਸਤਕਾਂ ਅਤੇ ਇੱਕ ਇਕਾਂਗੀ ਸੰਗ੍ਰਹਿ ਮੇਰੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਹਨ। ਵੱਖ-ਵੱਖ ਲੇਖਕਾਂ ਦੀਆਂ ਸਾਹਿਤਕ ਪੁਸਤਕਾਂ ਹਮੇਸ਼ਾ ਹੀ ਮੇਰੇ ਪੜ੍ਹਨ ਵਾਲੇ ਟੇਬਲ ਦੇ ਆਲੇ-ਦੁਆਲੇ ਪਈਆਂ ਰਹਿੰਦੀਆਂ ਨੇ। ਜਦੋਂ ਵੀ ਸਮਾਂ ਮਿਲਦਾ ਹੈ, ਉਨ੍ਹਾਂ ਨੂੰ ਪੜ੍ਹਦਾ ਹਾਂ। ਕਲਮ ਦਾ ਸਫਰ ਨਿਰੰਤਰ ਜਾਰੀ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸਾਹਿਤ ਸਭਾਵਾਂ ਨੇ ਮੇਰੀ ਸਾਹਿਤਕ ਸਾਧਨਾਂ ਦੀ ਕਦਰ ਕਰਦਿਆਂ ਮਾਣ-ਸਨਮਾਨ ਵੀ ਝੋਲੀ ਪਾਏ ਹਨ। ਪਰ ਸਭ ਤੋਂ ਵੱਡਾ ਸਨਮਾਨ ਜਿੱਥੇ ਪਾਠਕਾਂ ਦਾ ਭਰਵਾਂ ਹੁੰਘਾਰਾ ਹੈ, ਉੱਥੇ ਹੀ ਆਪਣੀ ਜਨਮ ਭੂਮੀ ਪਿੰਡ ਕਾਂਝਲਾ ਵਿੱਚ ਪੰਚਾਇਤ ਵੱਲੋਂ ਮਿਲੇ ਸਨਮਾਨ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ (ਹੁਸ਼ਿਆਰਪੁਰ) ਤੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਮੇਰਾ ਵਡਮੁੱਲਾ ਸਰਮਾਇਆ ਹਨ।
ਰਿਸ਼ਤਿਆਂ ਵਿੱਚ ਆਰਥਿਕ ਪੱਖ ਦਾ ਭਾਰੂ ਹੋਣਾ, ਦੋਸਤੀ ਵਿੱਚ ਬੇਵਫ਼ਾਈ ਜਾਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਮਨੁੱਖ ਦੀ ਪਦਾਰਥਕ ਦੌੜ, ਨਸ਼ਿਆਂ ਕਾਰਨ ਆਰਥਿਕ, ਮਾਨਸਿਕ, ਸਰੀਰਕ ਅਤੇ ਬੌਧਿਕ ਕੰਗਾਲੀ, ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਵੇਖ ਕੇ ਕਲਮ ਆਪ ਮੁਹਾਰੇ ਝਰਨੇ ਵਾਂਗ ਵਹਿ ਉੱਠਦੀ ਹੈ। ਦੁਆ ਕਰਦਾ ਹਾਂ ਕਿ ਮੇਰੇ ਹਿੱਸੇ ਆਇਆ ਦਰਦ ਸਲਾਮਤ ਰਹੇ ਅਤੇ ਮੇਰਾ ਕਲਮ ਨਾਲ ਰਿਸ਼ਤਾ ਨਹੁੰ-ਮਾਸ ਦੇ ਰਿਸ਼ਤੇ ਵਾਂਗ ਕਾਇਮ ਰਹੇ।
*****
ਫੋਟੋ 1. ਖਾਲਸਾ ਕਾਲਜ ਗੜ੍ਹਦੀਵਾਲਾ ਤੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਪ੍ਰਾਪਤ ਕਰਦੇ ਹੋਏ।
ਫੋਟੋ 2. ਮੇਰਾ ਸਾਹਿਤਕ ਖਜ਼ਾਨਾ।
ਫੋਟੋ 3. ਸ਼੍ਰੀ ਹਰਪਾਲ ਚੀਮਾ, ਵਿੱਤ ਮੰਤਰੀ, ਪੰਜਾਬ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ।
ਫੋਟੋ 4. ਪਦਮਸ਼੍ਰੀ ਡਾ. ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਨਾਲ।
***
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3689)
(ਸਰੋਕਾਰ ਨਾਲ ਸੰਪਰਕ ਲਈ: