“ਜੇ ਇੱਥੇ ਇਲਾਜ ਦਰਮਿਆਨ ਇਹ ਮਰ ਵੀ ਜਾਂਦਾ ਹੈ ਤਾਂ ਇਹਨੂੰ ਤੁਸੀਂ ਹੀ ਫੂਕ ਦਿਉ, ਲੱਕੜਾਂ ਦੇ ਪੈਸੇ ...”
(4 ਫਰਵਰੀ 2023)
ਨਸ਼ਿਆਂ ਦੇ ਮਾਰੂ ਕਹਿਰ ਨੇ ਜਿੱਥੇ ਘਰਾਂ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ, ਉੱਥੇ ਹੀ ਇਸ ਕਹਿਰ ਦਾ ਸਭ ਤੋਂ ਮਾਰੂ ਸੰਤਾਪ ਔਰਤਾਂ ਦੇ ਹਿੱਸੇ ਆਇਆ ਹੈ। ਇੱਕ ਮਾਂ ਦੇ ਰੂਪ ਵਿੱਚ ਉਹ ਦਾਣਿਆਂ ਵਾਂਗ ਚੱਕੀ ਦੇ ਪੁੜਾਂ ਵਿਚਾਲੇ ਪਿਸ ਰਹੀ ਹੈ। ਇੱਕ ਪਾਸੇ ਉਸ ਨੂੰ ਨਸ਼ਈ ਪੁੱਤ ਕਾਰਨ ਪਤੀ ਦੇ ਇਸ ਤਰ੍ਹਾਂ ਦੇ ਕਸੇਲ਼ੇ ਬੋਲ, “ਇਸ ਨੂੰ ਤਾਂ ਤੂੰ ਹੀ ਚੰਭਲ਼ਾਇਆ ਹੈ। ਇਹਦੀਆਂ ਕਰਤੂਤਾਂ ’ਤੇ ਪੜ੍ਹਦੇ ਵੀ ਪਾਉਂਦੀ ਰਹੀ ਅਤੇ ਚੋਰੀ ਛਿਪੇ ਨਸ਼ਾ ਡੱਫਣ ਲਈ ਪੈਸੇ ਵੀ ਦਿੰਦੀ ਰਹੀ। ਹੁਣ ਕਿਉਂ ਰੋਨੀ ਐਂ ਅੱਖਾਂ ਵਿੱਚ ਘਸੁੰਨ ਦੇ ਕੇ?” ਸੁਣਨੇ ਪੈਂਦੇ ਹਨ ਅਤੇ ਦੂਜੇ ਪਾਸੇ ਮਾਂ ਦੇਰ ਰਾਤ ਤਕ ਘਰ ਦੀ ਦਹਿਲੀਜ਼ ’ਤੇ ਬੁੱਤ ਜਿਹਾ ਬਣੀ ਉਹਨੂੰ ਉਡੀਕ ਰਹੀ ਹੁੰਦੀ ਹੈ, “ਭੁੱਖਣਭਾਣਾ ਪਤਾ ਨਹੀਂ ਕਿੱਥੇ ਧੱਕੇ ਖਾਂਦਾ ਫਿਰਦੈ? ਚੋਬਰ ਪੁੱਤ ਨਸ਼ੇ ਖਾ-ਖਾ ਹੱਡੀਆਂ ਦਾ ਮੁੱਠ ਬਣ ਗਿਆ ਹੈ। ਇਹਨੂੰ ਲੋਟ ਕਰਨ ਲਈ ਕਿੱਥੇ ਲੈ ਕੇ ਜਾਵਾਂ? ਇਹ ਤਾਂ ਇਲਾਜ ਦੇ ਨਾਂ ’ਤੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੰਦਾ?” ਇੰਜ ਦੀਆਂ ਮਾਰੂ ਸੋਚਾਂ ਦੇ ਅੰਗ-ਸੰਗ ਰਹਿੰਦਿਆਂ ਮਾਂ ਸਾਰੀ ਰਾਤ ਮੰਜੇ ’ਤੇ ਪਾਸੇ ਮਾਰਦਿਆਂ ਲੰਘ ਜਾਂਦੀ ਹੈ। ਪੁੱਤ ਦੀਆਂ ਕਰਤੂਤਾਂ ਦੇ ਗ਼ਮ ਕਾਰਨ ਉਹ ਆਪ ਅੱਧ ਮੋਈ ਜਿਹੀ ਹੋ ਜਾਂਦੀ ਹੈ।
ਵਿਆਹੀ ਵਰੀ ਭੈਣ ਵੀ ਸਹੁਰੇ ਘਰ ਮਾਯੂਸੀ ਭਰਿਆ ਜੀਵਨ ਬਤੀਤ ਕਰਦੀ ਹੈ। ਉਹ ਆਪਣੇ ਭਰਾ ਦੇ ਨਸ਼ਈ ਹੋਣ ਸਬੰਧੀ ਪਤੀ ਅਤੇ ਘਰ ਦੇ ਦੂਜੇ ਮੈਂਬਰਾਂ ਤੋਂ ਓਹਲਾ ਰੱਖਦੀ ਹੈ। ਉਹਨੂੰ ਡਰ ਰਹਿੰਦਾ ਹੈ ਕਿ ਸੱਸ-ਸਹੁਰਾ, ਦਰਾਣੀਆਂ-ਜਿਠਾਣੀਆਂ ਜਾਂ ਪਤੀ ‘ਨਸ਼ੱਈ ਭਰਾ’ ਦਾ ਮਿਹਣਾ ਨਾ ਦੇ ਦੇਣ। ਰੱਖੜੀ ਵਾਲੇ ਦਿਨ ਉਹ ਖੂਨ ਦੇ ਅੱਥਰੂ ਕੇਰਦੀ ਹੋਈ ਮਾਂ ਨੂੰ ਤਰਲੇ ਜਿਹੇ ਨਾਲ ਕਹਿੰਦੀ ਹੈ, “ਵੀਰੇ ਨੂੰ ਇੱਥੇ ਨਾ ਭੇਜੀਂ, ਮੈਂ ਆਪੇ ਇਕੱਲੀ ਰੱਖੜੀ ਵਾਲੇ ਦਿਨ ਥੋਡੇ ਕੋਲ ਆ ਜਾਵਾਂਗੀ।” ਉਹਨੂੰ ਡਰ ਰਹਿੰਦਾ ਹੈ ਕਿ ਜੇਕਰ ਵੀਰਾ ਨਸ਼ੇ ਵਿੱਚ ਟੱਲੀ ਹੋ ਕੇ ਗਲੀ ਵਿੱਚ ਡਿਗ ਪਿਆ ਜਾਂ ਆ ਕੇ ਮੰਜੇ ’ਤੇ ਬੇਹੋਸ਼ ਹੋ ਕੇ ਡਿਗਿਆ ਪਿਆ ਰਿਹਾ ਤਾਂ ਮੇਰੇ ਕੋਲੋਂ ਸਹੁਰੇ ਪਰਿਵਾਰ ਸਾਹਮਣੇ ਨਮੋਸ਼ੀ ਨਹੀਂ ਝੱਲੀ ਜਾਣੀ। ਉਂਜ ਵੀ ਉਹ ਗੰਭੀਰ ਹੋ ਕੇ ਸੋਚਦੀ ਹੈ, “ਕੁੜੀ ਦਾ ਬਸੇਬਾ ਮਾਪਿਆਂ ਦੇ ਸਿਰ ’ਤੇ ਹੁੰਦਾ ਹੈ। ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਕਲੌਤੇ ਭਰਾ ਦੇ ਨਸ਼ਿਆਂ ਕਾਰਨ ਘਰ ਵਿੱਚ ਰੋਜ ਝੱਜੂ ਪਿਆ ਰਹਿੰਦੈ ਅਤੇ ਪੇਕਿਆਂ ਦੀ ਹਾਲਤ ਹੁਣ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ ਤਾਂ ਫਿਰ ਮੇਰਾ ਤਾਂ ਊਂਈਂ ਜਿਊਣਾ ਦੁੱਭਰ ਹੋ ਜੂ।” ਰੱਖੜੀ ਵਾਲੇ ਦਿਨ ਪੇਕੀਂ ਜਾ ਕੇ ਜਦੋਂ ਉਹ ਨਸ਼ਈ ਭਰਾ ਦੇ ਰੱਖੜੀ ਬੰਨ੍ਹਦੀ ਹੈ ਤਾਂ ਗੁੱਟ ਤੇ ਰੱਖੜੀ ਬੰਨ੍ਹਣ ਵੇਲੇ ਭਰਾ ਦੀਆਂ ਕਾਨਿਆਂ ਵਰਗੀਆਂ ਸੁੱਕੀਆਂ ਬਾਹਾਂ ਨੂੰ ਥਾਂ-ਥਾਂ ’ਤੇ ਸਰਿੰਜਾਂ ਨਾਲ ਵਿੰਨ੍ਹੀਆਂ ਦੇਖਦੀ ਹੈ ਤਾਂ ਉਹ ਨੈਣਾਂ ਵਿੱਚੋਂ ਅੱਥਰੂਆਂ ਨੂੰ ਛਲਕਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ।
ਨਸ਼ਈ ਪਤਨੀ ਵੀ ਕੋਈ ਘੱਟ ਸੰਤਾਪ ਨਹੀਂ ਭੋਗਦੀ। ਸਹੁਰੀਂ ਜਾ ਕੇ ਜਦੋਂ ਉਹਨੂੰ ਆਪਣੇ ਪਤੀ ਦਾ ਨਸ਼ਿਆਂ ਦੀ ਦਲਦਲ ਵਿੱਚ ਧਸੇ ਹੋਣ ਦਾ ਪਤਾ ਲੱਗਦਾ ਹੈ ਤਾਂ ਉਹਨੂੰ ਜਾਪਦਾ ਹੈ ਕਿ ਵਿਆਹ ਤੋਂ ਪਹਿਲਾਂ ਸਿਰਜੇ ਰੰਗੀਨ ਸੁਪਨੇ ਖੇਰੂੰ-ਖੇਰੂੰ ਹੋ ਗਏ ਹਨ। ਬਾਹਾਂ ਵਿੱਚ ਪਾਇਆ ਲਾਲ ਚੂੜਾ ਉਹਨੂੰ ਡੰਗ ਜਿਹਾ ਮਾਰਦਾ ਲੱਗਦਾ ਹੈ। ਕਦੇ ਵਿਚੋਲੇ ਨੂੰ, ਕਦੇ ਮਾਂ-ਬਾਪ ਨੂੰ ਅਤੇ ਕਦੇ ਆਪਣੀ ਕਿਸਮਤ ਨੂੰ ਕੋਸਦਿਆਂ ਉਹ ਖੂਨ ਦੇ ਹੰਝੂ ਵਹਾਉਂਦੀ ਹੈ। ਐਦਾਂ ਹੀ ਇੱਕ ਪੀੜਤ ਔਰਤ ਆਪਣੇ ਨਸ਼ਈ ਪਤੀ ਨੂੰ ਲੈ ਕੇ ਨਸ਼ਾ ਛੁਡਾਊ ਕੇਂਦਰ ਵਿੱਚ ਆ ਗਈ। ਆਪਣੇ ਨਾਲ ਉਹ ਆਪਣੇ ਪੇਕਿਉਂ ਭਰਾ ਨੂੰ ਵੀ ਲੈ ਕੇ ਆਈ। ਕਾਉਂਸਲਿੰਗ ਉਪਰੰਤ ਸਾਹਮਣੇ ਆਇਆ ਕਿ ਨਸ਼ਿਆਂ ਕਾਰਨ ਉਸ ਨਸ਼ੱਈ ਨੇ ਪਰਿਵਾਰ ਨੂੰ ਖੁੰਘਲ ਕਰ ਦਿੱਤਾ ਸੀ। ਦੋ-ਤਿੰਨ ਕਿੱਲੇ ਹਿੱਸੇ ਆਈ ਜ਼ਮੀਨ ਵੀ ਨਸ਼ਿਆਂ ਦੇ ਲੇਖੇ ਲਾ ਦਿੱਤੀ ਸੀ। ਡੱਕਾ ਦੂਹਰਾ ਨਹੀਂ ਸੀ ਕਰਦਾ। ਪਤਨੀ ਘਰ ਵਿੱਚ ਰੱਖੀਆਂ ਦੋ ਮੱਝਾਂ ਦਾ ਦੁੱਧ ਵੇਚ ਕੇ ਪਰਿਵਾਰਕ ਲੋੜਾਂ ਪੂਰੀਆਂ ਕਰ ਰਹੀ ਸੀ ਪਰ ਇੱਕ ਦਿਨ ਮਜਬੂਰੀ ਵੱਸ ਉਹਨੂੰ ਪੇਕੀਂ ਜਾਣਾ ਪੈ ਗਿਆ। ਨਸ਼ਈ ਪਤੀ ਨੇ ਉਹਦੀ ਗੈਰਹਾਜ਼ਰੀ ਦਾ ਲਾਹਾ ਲੈਂਦਿਆਂ ਦੋਵੇਂ ਮੱਝਾਂ ਕੌਡੀਆਂ ਦੇ ਭਾਅ ਡੰਗਰਾਂ ਦੇ ਵਿਉਪਾਰੀ ਨੂੰ ਵੇਚ ਦਿੱਤੀਆਂ। ਘਰ ਵਿੱਚ ਆਮਦਨੀ ਦਾ ਕੋਈ ਸਾਧਨ ਵੀ ਨਾ ਰਿਹਾ। ਪਤਨੀ ਅਤੇ ਉਸ ਦੇ ਭਰਾ ਦੇ ਦਬਾਅ ਦੇ ਨਾਲ ਨਸ਼ੱਈ ਕਾਉਂਸਲਿੰਗ ਸਮੇਂ ਸਮਝਾਉਣ ਉਪਰੰਤ ਦਾਖਲ ਹੋਣ ਲਈ ਰਾਜ਼ੀ ਹੋ ਗਿਆ।
ਪਤਨੀ ਅਤੇ ਪਤਨੀ ਦੇ ਭਰਾ ਨੂੰ ਸੰਬੋਧਨ ਕਰਦਿਆਂ ਜਦੋਂ ਮੈਂ ਸੰਸਥਾ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਲੱਗਿਆ ਤਾਂ ਨਸ਼ੱਈ ਦੀ ਪਤਨੀ ਨੇ ਅੰਤਾਂ ਦੀ ਮਾਯੂਸੀ ਵਿੱਚ ਪੀੜ ਭਰੀ ਆਵਾਜ਼ ਵਿੱਚ ਕਿਹਾ, “ਥੋਡੀਆਂ ਸਾਰੀਆਂ ਸ਼ਰਤਾਂ ਸਾਨੂੰ ਮਨਜ਼ੂਰ ਨੇ ਜੀ। ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਹੀ ਆ ਗਈਆਂ। ਬੱਸ, ਇੱਕੋ ਅਰਜ਼ ਕਰਦੀ ਹਾਂ ਜੀ ਥੋਨੂੰ। ਜੇ ਇੱਥੇ ਇਲਾਜ ਦਰਮਿਆਨ ਇਹ ਮਰ ਵੀ ਜਾਂਦਾ ਹੈ ਤਾਂ ਇਹਨੂੰ ਤੁਸੀਂ ਹੀ ਫੂਕ ਦਿਉ, ਲੱਕੜਾਂ ਦੇ ਪੈਸੇ ਅਸੀਂ ਦੇ ਦਿਆਂਗੇ ...।”
ਉਸ ਔਰਤ ਦੇ ਵਹਿੰਦੇ ਖੂਨ ਦੇ ਅੱਥਰੂਆਂ ਕਾਰਨ ਆਲੇ-ਦੁਆਲੇ ਸੋਗ ਪਸਰ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3776)
(ਸਰੋਕਾਰ ਨਾਲ ਸੰਪਰਕ ਲਈ: