MohanSharma8ਇਹ ਗੱਲ 1970-71 ਦੀ ਹੈ। ਅਸੀਂ 8-10 ਹਾਣੀ ਇਕੱਠੇ ਖੇਡੇਪੜ੍ਹੇ ਅਤੇ ਸਾਡੇ ਵਿੱਚੋਂ ਤਿੰਨ-ਚਾਰ ...
(2 ਮਾਰਚ 2023)


21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਪੱਧਰ ’ਤੇ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰ ਨਾਗਰਿਕ ਆਪਣੀ ਆਪਣੀ ਮਾਤ-ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਇਸ ਦਿਨ ਚਿੰਤਨ ਵੀ ਕਰਦਾ ਹੈ। ਪੰਜਾਬ ਸਰਕਾਰ ਨੇ ਮਾਤ ਭਾਸ਼ਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸਰਕਾਰੀ ਤੌਰ ’ਤੇ ਆਦੇਸ਼ ਦਿੱਤਾ ਕਿ ਸਮੂਹ ਦੁਕਾਨਦਾਰ ਆਪਣੀ ਆਪਣੀ ਦੁਕਾਨ ਦੇ ਬੋਰਡ ਉੱਤੇ ਮਾਤ-ਭਾਸ਼ਾ ਵਿੱਚ ਲਿਖਵਾ ਕੇ ਲਾਉਣ। ਨਾਲ ਹੀ ਸਰਕਾਰੀ ਦਫਤਰਾਂ
, ਅਰਧ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਦੇ ਆਦੇਸ਼ ਦੇ ਕੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਰਾਹੀਂ 21 ਫਰਵਰੀ ਤੋਂ ਪਹਿਲਾਂ ਪਹਿਲਾਂ ਇਹ ਕਾਰਜ ਮੁਕੰਮਲ ਕਰਨ ਲਈ ਮੁਨਿਆਦੀ ਵੀ ਕਰਵਾਈ ਗਈ ਸੀ।

21 ਫਰਵਰੀ ਅੰਤਰਰਾਸ਼ਟਰੀ ਮਾਤ ਭਾਸ਼ਾ ਵਾਲੇ ਦਿਨ ਬਜ਼ਾਰਾਂ ਵਿੱਚ ਜਦੋਂ ਨਜ਼ਰ ਮਾਰੀ ਗਈ ਤਾਂ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਅੰਗਰੇਜ਼ੀ ਵਿੱਚ ਲਿਖੇ ਬੋਰ਼ਡ ਸਰਕਾਰੀ ਹੁਕਮਾਂ ਦਾ ਮੂੰਹ ਚਿੜਾ ਰਹੇ ਸਨ। ਬਹੁਤ ਸਾਰੇ ਅਦਾਰਿਆਂ ਵਿੱਚ ਵੀ ਅਜਿਹੀ ਸਥਿਤੀ ਹੀ ਵੇਖੀ ਗਈ। ਭਾਵੇਂ ਇਹ ਪ੍ਰਚਾਰ ਵੀ ਕੀਤਾ ਗਿਆ ਕਿ ਮਨੁੱਖ ਦੀਆਂ ਤਿੰਨ ਮਾਵਾਂ ਹਨ। ਜਨਮ ਜਾਈ ਮਾਂ, ਧਰਤੀ ਮਾਂ ਅਤੇ ਮਾਂ ਬੋਲੀ ਪੰਜਾਬੀ। ਪਰ ਜੋ ਕੁਝ ਸਾਹਮਣੇ ਆਇਆ, ਉਸ ਤੋਂ ਪ੍ਰਤੱਖ ਹੋ ਰਿਹਾ ਸੀ ਕਿ ਬਹੁਤ ਸਾਰੀਆਂ ਮਾਵਾਂ ਬ੍ਰਿਧ ਆਸ਼ਰਮਾਂ ਵਿੱਚ ਬੇਵਸੀ ਦਾ ਜੀਵਨ ਬਤੀਤ ਕਰ ਰਹੀਆਂ ਹਨ, ਧਰਤੀ ਮਾਂ ਪ੍ਰਦੁਸ਼ਣ ਦਾ ਸ਼ਿਕਾਰ ਹੈ ਅਤੇ ਮਾਂ ਬੋਲੀ ਪੰਜਾਬੀ ਅਜਾਇਬ ਘਰਾਂ ਦਾ ਸ਼ਿੰਗਾਰ ਹੋ ਰਹੀ ਹੈ। ਧਰਤੀ ਮਾਂ ਦੀ ਛਾਤੀ ਤੇ ਉਸਾਰੇ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਮਾਂ ਬੋਲੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਬੱਚਿਆਂ ਦੇ ਦਿਲ ਅਤੇ ਦਿਮਾਗ਼ ਤੇ ਅੰਗਰੇਜ਼ੀ ਭਾਸ਼ਾ ਦੀ ਪਿਉਂਦ ਚਾੜ੍ਹਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਸਕੂਲ ਤਾਂ ਇਹੋ ਜਿਹੇ ਵੀ ਹਨ, ਜਿੱਥੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਪੰਜਾਬੀ ਬੋਲਣ ਦੀ ਸਖ਼ਤ ਮਨਾਹੀ ਹੈ। ਭਲਾ ਇਹੋ ਜਿਹੇ ਮਾਹੌਲ ਵਿੱਚ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸਾ ਅਤੇ ਮਾਤ ਭਾਸ਼ਾ ਕਿੰਜ ਪ੍ਰਫੁੱਲਤ ਹੋ ਸਕਦੀ ਹੈ? ਬਿਨਾਂ ਸ਼ੱਕ ਹਰ ਬੋਲੀ ਨੂੰ ਰਸਤਾ ਮਾਤ ਭਾਸ਼ਾ ਦੀ ਜੂਹ ਵਿੱਚੋਂ ਦੀ ਲੰਘਦਾ ਹੈ। ਪਰ ਪੰਜਾਬ ਵਿੱਚ ਤਾਂ ਬਹੁਤ ਥਾਂਵਾਂ ’ਤੇ ਮਾਤ ਭਾਸ਼ਾ ਦੀ ਹੋਂਦ ਨੂੰ ਹੀ ਗੰਭੀਰ ਖ਼ਤਰਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ, ਬੁੱਲੇ ਸ਼ਾਹ, ਬਾਬਾ ਫ਼ਰੀਦ, ਵਾਰਿਸ਼ ਸ਼ਾਹ, ਸੁਲਤਾਨ ਬਾਹੂ, ਫਿਰੋਜਦੀਨ ਸਰਫ਼, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰਤੀਮ, ਸੁਰਜੀਤ ਪਾਤਰ ਆਦਿ ਕਲਮ ਦੇ ਧਨੀਆਂ ਦੀਆਂ ਰਚਨਾਵਾਂ ਨੂੰ ਨਵੀਂ ਪੀੜ੍ਹੀ ਕਿਨ੍ਹਾ ਕੁ ਪੜ੍ਹ ਰਹੀ ਹੈ? ਇਹ ਪ੍ਰਸ਼ਨ ਹਵਾ ਵਿੱਚ ਲਟਕ ਰਿਹਾ ਹੈ।

ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਚਾਇਤਾਂ ਨੇ ਆਈਆਂ ਗ੍ਰਾਂਟਾ ਵਿੱਚੋਂ ਜਿਹੜੀਆਂ ਕਿਤਾਬਾਂ ਖਰੀਦੀਆਂ ਹਨ, ਉਹ ਟਰੰਕਾਂ ਵਿੱਚ ਬੰਦ ਹਨ। ਸਕੂਲਾਂ ਵਿੱਚ ਸਥਿਤ ਲਾਇਬ੍ਰੇਰੀਆਂ ਪ੍ਰਤੀ ਵੀ ਵਿਦਿਆਰਥੀਆਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੈ। ਸ਼ਹਿਰਾਂ ਵਿੱਚ ਖੁੱਲ੍ਹੀਆਂ ਲਾਇਬ੍ਰੇਰੀਆਂ ਵਿੱਚ ਲਾਇਬ੍ਰੇਰੀਅਨਾਂ ਦੀ ਘਾਟ ਕਾਰਨ ਪਾਠਕ ਵਰਗ ਨਿਰਾਸ਼ ਹੈ। ਅਜਿਹੀ ਸਥਿਤੀ ਵਿੱਚ ਮਾਤ ਭਾਸ਼ਾ ਰਾਹੀਂ ਪੰਜਾਬੀ ਵਿਰਸੇ ਤੋਂ ਜਾਣੂ ਕਰਵਾਉਣ ਵਾਲੀ ਗੱਲ ਕੋਹਾਂ ਦੂਰ ਜਾਪਦੀ ਹੈ। ਇਸਦਾ ਪ੍ਰਤੀਕਰਮ ਹੀ ਹੈ ਕਿ ਵਿਦਿਆਰਥੀ ਵਰਗ ਨੂੰ ਜਿਹੜਾ ਗਿਆਨ ਦੂਜੀਆਂ ਭਾਸ਼ਾਵਾਂ ਰਾਹੀਂ ਦਿੱਤਾ ਜਾ ਰਿਹਾ ਹੈ, ਉਸ ਰਾਹੀਂ ਉਨ੍ਹਾਂ ਅੰਦਰ ਜਾਅਲੀ, ਝੂਠੀ ਅਤੇ ਹਊਮੈ ਭਰਪੂਰ ਚੇਤਨਾ ਜਨਮ ਲੈਂਦੀ ਹੈ ਅਤੇ ਅਜਿਹੀ ਚੇਤਨਾ ਪਰਿਵਾਰ, ਸਮਾਜ ਅਤੇ ਦੇਸ਼ ਲਈ ਖੁਸ਼ਗਵਾਰ ਮਾਹੌਲ ਨਹੀਂ ਸਿਰਜ ਸਕਦੀ। ਕਿਸੇ ਵਿਦਵਾਨ ਦੀ ਹੂਕ ਇਨ੍ਹਾਂ ਸ਼ਬਦਾਂ ਰਾਹੀਂ ਇਸੇ ਲਈ ਤਾਂ ਸਾਡੀ ਆਤਮਾ ਨੂੰ ਝੰਜੋੜਦੀ ਹੈ:

ਮਾਂ ਬੋਲੀ ਜੇ ਭੁੱਲ ਜਾਉਗੇ।

ਕੱਖਾਂ ਵਾਂਗ ਰੁਲ ਜਾਉਗੇ।

21 ਫਰਵਰੀ 2023 ਨੂੰ ਕੌਮਾਂਤਰੀ ਮਾਤ -ਸ਼ਾ ਦਿਵਸ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ, ਸਾਹਿਤ ਸਭਾਵਾਂ ਅਤੇ ਹੋਰ ਅਦਾਰਿਆਂ ਵਿੱਚ ਜਿਸ ਉਤਸ਼ਾਹ, ਹੌਸਲੇ ਅਤੇ ਸਮਰਪਿਤ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਸੀ, ਉਹ ਭਾਵਨਾ ਬਹੁਤ ਹੱਦ ਤਕ ਆਲੋਪ ਰਹੀ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭਾਸ਼ਾ ਵਿਭਾਗ ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਪ੍ਰੋਗਰਾਮ ਕੀਤੇ ਗਏ ਅਤੇ ਜ਼ਿਲ੍ਹੇ ਦੀ ਇੱਕ ਵਿਚਾਰ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਮੈਨੂੰ ਵੀ ਮੌਕਾ ਮਿਲਿਆ। ਗੋਸ਼ਟੀ ਵਿੱਚ ਚਿੰਤਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪ੍ਰਗਟਾਵਾ ਕੀਤਾ ਕਿ ਰਾਜ ਭਾਸ਼ਾ ਐਕਟ 1967 ਹੋਂਦ ਵਿੱਚ ਆਉਣ ਉਪਰੰਤ ਵੀ ਮਾਤ ਭਾਸ਼ਾ ਪੰਜਾਬੀ ਨੂੰ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਆਦਰਯੋਗ ਸਥਾਨ ਨਹੀਂ ਮਿਲਿਆ। ਭਾਵੇਂ ਕਿ ਵੱਖ ਵੱਖ 7000 ਭਾਸ਼ਾਵਾਂ ਵਿੱਚ ਪੰਜਾਬੀ ਦਾ ਦਸਵਾਂ ਸਥਾਨ ਆਉਂਦਾ ਹੈ ਅਤੇ ਕੁਝ ਦੇਸ਼ ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵਿੱਚ ਬੈਠੇ ਪੰਜਾਬੀਆਂ ਦਾ ਮਾਤ ਭਾਸ਼ਾ ਪ੍ਰਤੀ ਮੋਹ ਭੰਗ ਨਹੀਂ ਹੋਇਆ ਅਤੇ ਬਹੁਤ ਸਾਰੇ ਸਾਹਿਤਕ ਰੁਚੀਆਂ ਵਾਲੇ ਲੇਖਕ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮੈਗਜ਼ੀਨ ਅਤੇ ਪੰਜਾਬੀ ਅਖ਼ਬਾਰ ਕੱਢ ਕੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ, ਜਿਸਦੇ ਲਈ ਉਹ ਵਧਾਈ ਦੇ ਹੱਕਦਾਰ ਹਨ। ਪਰ ਇਸਦੇ ਨਾਲ ਹੀ ਇਹ ਚਿੰਤਾ ਵੀ ਪ੍ਰਗਟ ਕੀਤੀ ਗਈ ਕਿ ਪੰਜਾਬ ਦੀ ਪ੍ਰਦੇਸਾਂ ਵਿੱਚ ਜਾਣ ਵਾਲੀ ਨੌਜਵਾਨ ਪੀੜ੍ਹੀ ਅਤੇ ਪੰਜਾਬ ਵਿੱਚ ਰਹਿ ਰਹੇ ਨੌਜਵਾਨ ਵਰਗ ਦਾ ਪੰਜਾਬੀ ਭਾਸ਼ਾ ਤੋਂ ਮੋਹ ਭੰਗ ਹੋ ਰਿਹਾ ਹੈ। ਨਾਲ ਹੀ ਇਹ ਪੱਖ ਵੀ ਛੋਹਿਆ ਗਿਆ ਕਿ ਜਿਸ ਦੇਸ਼ ਅਤੇ ਕੌਮ ਨੇ ਆਪਣੀ ਮਾਤ ਭਾਸ਼ਾ ਨੂੰ ਹਿੱਕ ਨਾਲ ਲਾ ਕੇ ਰੱਖਿਆ ਹੈ, ਉਹ ਕੌਮ ਅਤੇ ਦੇਸ਼ ਵਾਸੀਆਂ ਨੇ ਸਰਵਪੱਖੀ ਵਿਕਾਸ ਕਰਦਿਆਂ ਤਰੱਕੀਆਂ ਨੂੰ ਛੋਹਿਆ ਹੈ, ਨੈਤਿਕ ਵਿਕਾਸ ਪੱਖੋਂ ਵੀ ਉਹ ਊਣੇ ਨਹੀਂ ਰਹੇ।

ਵਿਚਾਰ ਚਰਚਾ ਵਿੱਚ ਲਾਗਲੇ ਪਿੰਡ ਤੋਂ ਆਇਆ ਇੱਕ ਸੱਜਣ ਵੀ ਬੈਠਾ ਸੀ। ਉਹ ਇੱਕ ਗੰਭੀਰ ਸਰੋਤੇ ਵਜੋਂ ਵਿਚਾਰ ਚਰਚਾ ਸੁਣ ਰਿਹਾ ਸੀ। ਫਿਰ ਉਸ ਨੇ ਸਟੇਜ ਸੱਕਤਰ ਨੂੰ ਪਰਚੀ ਭੇਜ ਕੇ ਬੋਲਣ ਲਈ ਸਮਾਂ ਮੰਗਿਆ। ਇੱਕ-ਦੋ ਬੁਲਾਰਿਆਂ ਦੇ ਬੋਲਣ ਉਪਰੰਤ ਸਟੇਜ ਸੱਕਤਰ ਨੇ ਉਸ ਨੂੰ ਆਪਣੇ ਵਿਚਾਰ ਰੱਖਣ ਦਾ ਸੱਦਾ ਦਿੱਤਾ। ਸਟੇਜ ’ਤੇ ਆ ਕੇ ਉਸ ਨੇ ਆਪਣੀ ਗੱਲ ਇੰਜ ਸ਼ੁਰੂ ਕੀਤੀ, “ਭਰਾਵੋ, ਪੰਜਾਬੀ ਭਾਸ਼ਾ ਸਬੰਧੀ ਮੈਂ ਵੱਖ ਵੱਖ ਵਿਦਵਾਨਾਂ ਦੇ ਵਿਚਾਰ ਸੁਣੇ ਨੇ। ਪੇਂਡੂ ਪਿਛੋਕੜ ਹੋਣ ਕਾਰਨ ਅਕਸਰ ਇਹ ਸੁਣਦਾ ਰਿਹਾ ਹਾਂ ਕਿ ਪੰਜਾਬੀ ਭਾਸ਼ਾ ਨੂੰ ਪਿੰਡਾਂ ਦੇ ਕੱਚੇ ਵਿਹੜਿਆਂ ਅਤੇ ਖੇਤਾਂ ਨੇ ਜਿਊਂਦਾ ਰੱਖਿਆ ਹੈ। ਪਰ ਹੁਣ ਹਵਾ ਦਾ ਰੁੱਖ ਬਦਲ ਗਿਆ ਹੈ। ਪਿੰਡਾਂ ਦੇ ਵਿਹੜਿਆਂ ਵਿੱਚ ਹੁਣ ਪਰਿਵਾਰਕ ਮੈਂਬਰ ਬੱਚੇ ਨਾਲ ਹਿੰਦੀ ਵਿੱਚ, ਘਰ ਦੇ ਪਾਲਤੂ ਕੁੱਤੇ ਨਾਲ ਅੰਗਰੇਜ਼ੀ ਵਿੱਚ ਅਤੇ ਘਰ ਦੇ ਬੁੜ੍ਹਾ-ਬੁੜ੍ਹੀ ਨਾਲ ਕੁਰਖ਼ਤ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਨੇ। ਖੇਤਾਂ ਵਿੱਚ ਠੇਠ ਪੰਜਾਬੀ ਦੀ ਥਾਂ ਹੁਣ ਪਰਵਾਸੀ ਮਜ਼ਦੂਰਾਂ ਨਾਲ ਹਿੰਦੀ-ਪੰਜਾਬੀ ਦਾ ਮਿਲਗੋਭਾ ਜਿਹਾ ਬਣਾ ਕੇ ਗੱਲ ਕੀਤੀ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਹੁਣ ਪਿੰਡਾਂ ਵਿੱਚ ਵੀ ਚਾਰ ਭਾਸ਼ੀ ਫਾਰਮੂਲਾ ਲਾਗੂ ਹੋ ਗਿਆ ਹੈ।” ਉਸ ਨੇ ਗਲਾ ਸਾਫ਼ ਕਰਦਿਆਂ ਗੱਲ ਨੂੰ ਅਗਾਂਹ ਤੋਰਿਆ, “ਭਾਸ਼ਾ ਦੇ ਸੰਬੰਧ ਵਿੱਚ ਹੀ ਤੁਹਾਡੇ ਨਾਲ ਇੱਕ ਹੱਡ ਬੀਤੀ ਸਾਂਝੀ ਕਰ ਰਿਹਾ ਹਾਂ। ਇਹ ਗੱਲ 1970-71 ਦੀ ਹੈ। ਅਸੀਂ 8-10 ਹਾਣੀ ਇਕੱਠੇ ਖੇਡੇ, ਪੜ੍ਹੇ ਅਤੇ ਸਾਡੇ ਵਿੱਚੋਂ ਤਿੰਨ-ਚਾਰ ਤਾਂ ਖੇਤੀ ਬਾੜੀ ਦੇ ਕੰਮ ਵਿੱਚ ਜੁੱਟ ਗਏ। 2-3 ਨੂੰ ਨੇੜੇ-ਤੇੜੇ ਨੌਕਰੀ ਮਿਲ ਗਈ। ਸਾਡੇ ਵਿੱਚੋਂ ਇੱਕ ਨੂੰ ਚੰਡੀਗੜ੍ਹ ਸਰਕਾਰੀ ਨੌਕਰੀ ਮਿਲ ਗਈ। ਉਸ ਨੂੰ ਅਸੀਂ ‘ਬਖ਼ਤੌਰੇ ਕਾ ਰਾਜ’ ਨਾਂ ਨਾਲ ਬੁਲਾਉਂਦੇ ਸੀ। ਉਂਜ ਉਹਦਾ ਨਾਂ ਰਜਿੰਦਰ ਪਾਲ ਸਿੰਘ ਸੀ। ਅਸੀਂ 8-10 ਹਾਣੀ ਕੰਮ ਧੰਦੇ ਵਿੱਚ ਰੁੱਝੇ ਹੋਣ ਕਾਰਨ ਕਦੇ ਕਦਾਈਂ ਹੀ ਮਿਲਦੇ ਸੀ। ਉਂਜ ਅਸੀਂ ਫੈਸਲਾ ਕਰ ਲਿਆ ਕਿ ਪਿੰਡ ਵਿੱਚ ਲਗਦੇ ਮੇਲੇ ਸਮੇਂ ਸਾਰੇ ਇਕੱਠੇ ਹੋ ਕੇ ਮੇਲਾ ਵੇਖਿਆ ਕਰਾਂਗੇ। ਬਾਕੀ ਸਾਰੇ ਤਾਂ ਬੋਲ ਬਾਣੀ ਵਿੱਚ ਠੀਕ ਰਹੇ, ਪਰ ਬਖ਼ਤੌਰੇ ਕਾ ਰਾਜ ਚੰਡੀਗੜ੍ਹ ਦੇ ਚੋਹਲ-ਮੋਹਲ ਦਾ ਸ਼ਿਕਾਰ ਹੋ ਗਿਆ। ਉਹਦਾ ਗੱਲ ਕਰਨ ਦਾ ਅਤੇ ਰਹਿਣ ਸਹਿਣ ਦਾ ਢੰਗ ਹੀ ਬਦਲ ਗਿਆ। ਉਹਨੇ ਆਪਣਾ ਨਾਂ ਰਜਿੰਦਰ ਪਾਲ ਸਿੰਘ ਤੋਂ ਆਰ.ਪੀ. ਸਿੰਘ ਰੱਖ ਲਿਆ।

ਮੇਲੇ ਵਿੱਚ ਅਸੀਂ ਬਾਕੀ ਤਾਂ ਇਕੱਠੇ ਹੋ ਗਏ ਪਰ ਰਾਜ ਨਾ ਆਇਆ। ਜਦੋਂ ਅਸੀਂ ਮੇਲਾ ਦੇਖ ਕੇ ਵਾਪਸ ਆ ਰਹੇ ਸੀ ਤਾਂ ਸਾਹਮਣਿਉਂ ਰਾਜ ਆ ਰਿਹਾ ਸੀ। ਉਸ ਨੇ ਸਾਨੂੰ ਵੇਖ ਕੇ ਅੱਖਾਂ ’ਤੇ ਲੱਗੀਆਂ ਕਾਲੀਆਂ ਐਨਕਾਂ ਨੂੰ ਠੀਕ ਕੀਤਾ। ਪੈਂਟ ਦੀਆਂ ਦੋਨੋਂ ਜੇਬਾਂ ਵਿੱਚ ਆਪਣੇ ਹੱਥ ਪਾ ਲਏ ਅਤੇ ਫਿਰ ਸਾਡੇ ਨੇੜੇ ਆ ਕੇ ਕਿਹਾ, “ਹੈਲੋ, ਹਾਊ ਆਰ ਯੂ?” ਇੱਕ ਵਾਰ ਤਾਂ ਉਹਦੀ ਭਾਸ਼ਾ ਦੇ ਇਸ ਵਾਰ ਨਾਲ ਅਸੀਂ ਬੌਂਦਲ ਜਿਹੇ ਗਏ। ਗਰੀਬ ਮਾਨਸਿਕਤਾ ਦਾ ਸ਼ਿਕਾਰ ਜਿਹਾ ਹੋ ਗਏ ਸਾਂ ਅਸੀਂ। ਫਿਰ ਸਾਡੇ ਵਿੱਚੋਂ ਹੀ ਇੱਕ ਦੋਸਤ ਨੇ ਪਹਿਲਾਂ ਗੌਰ ਨਾਲ ਉਹਦੇ ਪੈਰਾਂ ਵੱਲ ਵੇਖਿਆ ਅਤੇ ਫਿਰ ਉਹਦੇ ਚਿਹਰੇ ਵੱਲ। ਇੱਕ ਦੋ ਵਾਰ ਫਿਰ ਇੰਜ ਹੀ ਕੀਤਾ। ਫਿਰ ਉਹਦੇ ਚਿਹਰੇ ’ਤੇ ਨਜ਼ਰਾਂ ਗੱਡਦੇ ਹੋਏ ਕਿਹਾ, “ਓਏ, ਤੂੰ ਕਿਤੇ ਬਖ਼ਤੌਰੇ ਕਾ ਰਾਜ ਤਾਂ ਨਹੀਂ?” ਇਹ ਸੁਣ ਕੇ ਉਹ ਕੱਚਾ ਜਿਹਾ ਹੋ ਗਿਆ। ਮੇਲੇ ਵਿੱਚ ਉੱਚੀ ਉੱਚੀ ਹੱਸਣ ਨਾਲ ਇੰਜ ਲੱਗਿਆ, ਜਿਵੇਂ ਸਾਡਾ ਕੱਦ ਉਹਦੇ ਨਾਲੋਂ ਉੱਚਾ ਹੋ ਗਿਆ ਹੋਵੇ। ਸਾਡੇ ਦੋਸਤ ਨੇ ਫਿਰ ਉਸ ਨੂੰ ਮੁਖ਼ਾਤਿਬ ਹੋ ਕੇ ਕਿਹਾ, “ਆਪਾਂ ਸਾਰੇ ਇਕੱਠੇ ਖਿੱਦੋ-ਖੂੰਡੀ ਖੇਡਦੇ ਰਹੇ ਹਾਂ, ਬੰਟੇ ਵੀ ਖੇਡੇ ਅਤੇ ਹੋਰ ਖੇਡਾਂ ਵੀ। ਇਹ ਵਿੱਚ ‘ਹਾਊ ਆਰ ਯੂ’ ਕਿੱਥੋਂ ਆ ਵੜੀ? ਸਿੱਧਾ ਹਾਲ ਚਾਲ ਨਹੀਂ ਪੁੱਛਿਆ ਜਾਂਦਾ?”

ਉਸ ਸੱਜਣ ਦੀ ਇਹ ਹੱਡ ਬੀਤੀ ਸੁਣ ਕੇ ਹਾਲ ਵਿੱਚ ਹਾਸੇ ਦੀ ਛਹਿਬਰ ਲੱਗ ਗਈ। ਸਰੋਤੇ ਉਹਦੇ ਵੱਲ ਉਤਸੁਕਤਾ ਨਾਲ ਵੇਖਣ ਲੱਗੇ। ਉਹਨੇ ਗੱਲ ਨੂੰ ਅਗਾਂਹ ਤੋਰਿਆ, “ਸਾਨੂੰ ਗੰਭੀਰ ਹੋ ਕੇ ਪਹਿਲਾਂ ਤਾਂ ਆਪਣੇ ਘਰਾਂ ਵਿੱਚ ਜਿਹੜਾ ਚਾਰ ਭਾਸ਼ੀ ਫਾਰਮੂਲਾ ਲਾਗੂ ਕੀਤਾ ਹੋਇਆ ਹੈ, ਉਹਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਦੂਜਾ ਚੰਡੀਗੜ੍ਹੀਏ ਆਰ.ਪੀ. ਸਿੰਘ ਵਰਗਿਆਂ ਤੋਂ ਵਿੱਥ ਬਣਾ ਕੇ ਰੱਖਣੀ ਚਾਹੀਦੀ ਹੈ। ਫਿਰ ਹੀ ਪੰਜਾਬੀ ਭਾਸ਼ਾ ਜਿਉਂਦੀ ਰਹਿ ਸਕੇਗੀ।”

ਉਹਦੀਆਂ ਕਹੀਆਂ ਗੱਲਾਂ ਨੇ ਸਾਰਿਆਂ ਨੂੰ ਹੀ ਗੰਭੀਰ ਕਰ ਦਿੱਤਾ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3825)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author