“ਪੁਲਿਸ ਦੀ ਕੁੱਲ 81 ਹਜ਼ਾਰ ਦੀ ਨਫਰੀ ਵਿੱਚੋਂ 73% ਵੀਆਈਪੀ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ ...”
(2 ਜਨਵਰੀ 2026)
ਪੰਜਾਬ ਦਾ ਕਾਨੂੰਨ ਪ੍ਰਬੰਧ ਪਿਛਲੇ ਲੰਬੇ ਸਮੇਂ ਤੋਂ ਖ਼ੌਫਨਾਕ ਅਪਰਾਧਿਕ ਘਟਨਾਵਾਂ ਕਾਰਨ ਸਵਾਲਾਂ ਦੇ ਘੇਰੇ ਵਿੱਚ ਹੈ। ਇੱਕ ਪਾਸੇ ਡਰੱਗ ਮਾਫੀਆ, ਰੇਤ ਮਾਫੀਆ, ਜ਼ਮੀਨ ਮਾਫ਼ੀਆ, ਜੰਗਲ ਮਾਫ਼ੀਆ, ਸ਼ਰਾਬ ਮਾਫ਼ੀਆ ਲੋਕਾਂ ਦਾ ਕਚੂਮਰ ਕੱਢ ਰਿਹਾ ਹੈ, ਦੂਜੇ ਪਾਸੇ ਦਿਨ ਦਿਹਾੜੇ ਲੋਕ ਘਰਾਂ, ਦੁਕਾਨਾਂ, ਕਾਰਖਾਨਿਆਂ, ਖੇਤਾਂ, ਬਜ਼ਾਰਾਂ ਅਤੇ ਖੇਡ ਦੇ ਮੈਦਾਨਾਂ ਵਿੱਚ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਉਦਯੋਗ ਤਬਾਹ ਹੋਣ ਕੰਢੇ ਹੈ। ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। 1849, 1947 ਅਤੇ 1966 ਵਿੱਚ ਪੰਜਾਬ ਉੱਜੜ ਕੇ ਫਿਰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ ਯਤਨਸ਼ੀਲ ਰਿਹਾ। 1978-1993 ਦੇ ਅੱਤਵਾਦ ਸਮੇਂ ਵੀ ਪੰਜਾਬੀਆਂ ਨੇ ਖ਼ੌਫ ਦਾ ਸੰਤਾਪ ਹੰਢਾਇਆ। 1980 ਤੋਂ ਲਗਾਤਾਰ ਨਸ਼ਿਆਂ ਦੇ ਮਾਰੂ ਸੰਤਾਪ ਨੇ ਵੀ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਕਰ ਦਿੱਤੀ ਹੈ। ਪਰ ਇਸ ਸਮੇਂ ਗੈਂਗਸਟਰਾਂ ਦੀਆਂ ਧਮਕੀਆਂ, ਫਿਰੌਤੀਆਂ ਦੀ ਮੰਗ, ਗੋਲੀਆਂ ਦੀ ਵਾਛੜ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ:
ਘਰ ਸੇ ਜੋ ਸ਼ਖਸ ਵੀ ਨਿਕਲੇ, ਵੋਹ ਸੰਭਲ ਕਰ ਨਿਕਲੇ।
ਜਾਨੇ ਕਿਸ ਮੋੜ ਪੇ, ਕਿਸ ਹਾਥ ਮੇਂ ਖ਼ੰਜਰ ਨਿਕਲੇ।
ਇੱਕ ਪਾਸੇ ਪੰਜਾਬ ਦੇ ਕਈ ਥਾਣਿਆਂ ’ਤੇ ਗਰਨੇਡ ਹਮਲੇ, ਥਾਣਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੋਹਾਲੀ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਗੈਂਗਸਟਰਾਂ ਦਾ ਪੁਲਿਸ ਨਾਲ ਸਿੱਧਾ ਮੁਕਾਬਲਾ, ਗੈਂਗਸਟਰਾਂ ਵੱਲੋਂ ਪੁਲਿਸ ਕਰਮਚਾਰੀਆਂ ਦੇ ਹਥਿਆਰ ਖੋਹ ਕੇ ਉਨ੍ਹਾਂ ’ਤੇ ਵਾਰ ਕਰਨਾ, ਕਈ ਥਾਂਵਾਂ ’ਤੇ ਥਾਣਿਆਂ ਦੇ ਨਜ਼ਦੀਕ ਹੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਸੁਰੱਖਿਅਤ ਭੱਜ ਜਾਣ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਡਾਵਾਂਡੋਲ ਹੋਣ ਦਾ ਪ੍ਰਗਟਾਵਾ ਹੋਇਆ ਹੈ। ਵੱਖ-ਵੱਖ ਥਾਂਵਾਂ ’ਤੇ ਹੋਏ ਬੰਬ ਧਮਾਕਿਆਂ ਨੇ ਵੀ ਪੰਜਾਬੀਆਂ ਨੂੰ ਕਾਂਬਾ ਛੇੜਿਆ ਹੈ। ਪਿਛਲੇ ਦਿਨੀਂ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਧਮਕੀਆਂ ਨਾਲ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੈ, ਉੱਥੇ ਹੀ ਵਿਦਿਆਰਥੀਆਂ ਦੇ ਮਾਪੇ ਅਤੇ ਸਮਾਜ ਵੀ ਚਿੰਤਾ ਵਿੱਚ ਹੈ। ਭਲਾ ਦਹਿਸ਼ਤ ਦੇ ਮਾਹੌਲ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਕਿੰਜ ਪੜ੍ਹਾਉਣਗੇ? ਬੰਬ ਦੀ ਪਾਈ ਦਹਿਸ਼ਤ ਕਾਰਨ ਵਿਦਿਆਰਥੀ ਵਰਗ ਦਾ ਧਿਆਨ ਕਿਤਾਬਾਂ ’ਤੇ ਕੇਂਦਰਤ ਨਹੀਂ ਹੁੰਦਾ। ਉੱਧਰ ਜਿੰਨੀ ਦੇਰ ਮਾਪਿਆਂ ਦੇ ਬੱਚੇ ਸਕੂਲੋਂ ਘਰ ਨਹੀਂ ਆਉਂਦੇ, ਉਹ ਵੀ ਕਾਲਜੇ ’ਤੇ ਹੱਥ ਧਰ ਕੇ ਸਕੂਲ ਤੋਂ ਬੱਚੇ ਦੀ ਸੁਖੀਂ ਸਾਂਦੀ ਘਰ ਆਉਣ ਦੀ ਦੁਆ ਕਰਦੇ ਰਹਿੰਦੇ ਹਨ।
15 ਦਸੰਬਰ 2025 ਨੂੰ ਕਬੱਡੀ ਦੇ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਮੁਹਾਲੀ ਨੇੜੇ ਸੁਹਾਣਾ ਦੇ ਖੇਡ ਗਰਾਊਂਡ ਵਿੱਚ ਦੋ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਣਯੋਗ ਹਾਈ ਕੋਰਟ ਨੇ ਇਸ ਕਤਲ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਕੀ ਠੋਸ ਕਦਮ ਚੁੱਕੇ ਗਏ ਹਨ? ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਪਣਾਉਂਦਿਆਂ ਇਹ ਸਪਸ਼ਟ ਕਿਹਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਅਜਿਹੀ ਹਾਲਤ ਵਿੱਚ ਜੇਕਰ ਕੋਰਟ ਜਵਾਬ ਤਲਬੀ ਨਹੀਂ ਕਰੇਗੀ ਤਾਂ ਫਿਰ ਕੌਣ ਕਰੇਗਾ? ਕੋਰਟ ਨੂੰ ਹਰ ਨਾਗਰਿਕ ਦੀ ਸੁਰੱਖਿਆ ਦੀ ਚਿੰਤਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਸੋਹਾਣਾ ਦੇ ਖੇਡ ਮੈਦਾਨ ਵਿੱਚ 500-1000 ਤਕ ਦਰਸ਼ਕ ਸਨ ਅਤੇ ਸੁਰੱਖਿਆ ਲਈ 10 ਹਥਿਆਰਬੰਦ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਸੀ। ਹਾਈਕੋਰਟ ਵੱਲੋਂ ਅਸੰਤੁਸ਼ਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ 10 ਹਥਿਆਰਬੰਦ ਪੁਲਿਸ ਕਰਮਚਾਰੀ ਦੋ ਗੈਂਗਸਟਰਾਂ ਨੂੰ ਕਾਬੂ ਨਹੀਂ ਕਰ ਸਕੇ। ਮਾਣਯੋਗ ਹਾਈਕੋਰਟ ਵੱਲੋਂ ਪੰਜਾਬ ਪੁਲਿਸ ਮੁਖੀ ਨੂੰ ਅਗਲੀ ਪੇਸ਼ੀ ’ਤੇ ਨਿੱਜੀ ਰੂਪ ਵਿੱਚ ਪੇਸ਼ ਹੋਕੇ ਅਮਨ ਕਾਨੂੰਨ ਸਬੰਧੀ ਚੁੱਕੇ ਕਦਮਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ।
ਅਜਿਹੇ ਡਰ ਭਰੇ ਮਾਹੌਲ ਵਿੱਚ ਪੰਜਾਬ ਦੇ ਵਿਉਪਾਰੀ ਅਤੇ ਉਦਯੋਗਪਤੀ ਆਪਣਾ ਕਾਰੋਬਾਰ ਸਮੇਟ ਕੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੱਲ ਜਾਣ ਸਬੰਧੀ ਗੰਭੀਰਤਾ ਨਾਲ ਸੋਚ ਰਹੇ ਹਨ। ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੋਰੀਆ ਅਤੇ ਜਪਾਨ ਦੇ ਦੌਰੇ ’ਤੇ ਜਾ ਕੇ ਉੱਥੇ ਬੈਠੇ ਪੰਜਾਬੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇ ਕੇ ਆਏ ਹਨ। ਭਲਾ ਅਜਿਹੇ ਅਨਿਸ਼ਚਿਤਤਾ ਭਰੇ ਮਾਹੌਲ ਵਿੱਚ ਵਿਦੇਸ਼ੀ ਇਸ ਪ੍ਰਾਂਤ ਵਿੱਚ ਨਿਵੇਸ਼ ਕਰਨ ਲਈ ਕਿਸ ਤਰ੍ਹਾਂ ਉਤਸ਼ਾਹਿਤ ਹੋ ਸਕਦੇ ਹਨ?
ਪੁਲਿਸ ਵਿਭਾਗ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਹੁਣ ਤਕ 902 ਗੈਂਗਸਟਰ ਅਤੇ 39867 ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਅਤੇ ਤਸਕਰਾਂ ਤੋਂ ਬਿਨਾਂ ਜੇਲ੍ਹਾਂ ਵਿੱਚ ਹੋਰ ਵੱਖ ਵੱਖ ਜੁਰਮਾਂ ਨਾਲ ਸਬੰਧਤ ਹਜ਼ਾਰਾਂ ਕੈਦੀ ਅਤੇ ਹਵਾਲਾਤੀ ਵੀ ਸ਼ਾਮਲ ਹਨ। ਗੰਭੀਰ ਪ੍ਰਸ਼ਨ ਉੱਠਦਾ ਹੈ ਕਿ ਪੰਜਾਬ ਦੀਆਂ ਕੁੱਲ 26 ਜੇਲ੍ਹਾਂ ਵਿੱਚ 26081 ਕੈਦੀ ਜਾਂ ਹਵਾਲਾਤੀ ਰੱਖਣ ਦੀ ਸਮਰੱਥਾ ਹੈ। ਫਿਰ ਭਲਾ ਅੰਦਾਜ਼ਨ 50 ਹਜ਼ਾਰ ਤੋਂ ਉੱਪਰ ਕੈਦੀਆਂ ਅਤੇ ਤਸਕਰਾਂ ਨੂੰ ਜੇਲ੍ਹਾਂ ਵਿੱਚ ਕਿੰਜ ਤੁੰਨ ਕੇ ਰੱਖਿਆ ਹੋਇਆ ਹੈ?
ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਿੱਧੂ ਮੂਸੇ ਵਾਲਾ ਨੂੰ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਵਾਲਾ ਵਿੱਚ ਗੈਂਗਸਟਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੰਸ ਬਿਸ਼ਨੋਈ ਗਰੁੱਪ ਨੇ ਖੁੱਲ੍ਹੇ ਰੂਪ ਵਿੱਚ ਲੈ ਲਈ। ਕਤਲ ਤੋਂ ਬਾਅਦ ਕੁਝ ਗ੍ਰਿਫਤਾਰੀਆਂ ਵੀ ਹੋਈਆਂ। ਮ੍ਰਿਤਕ ਸਿੱਧੂ ਮੂਸੇਵਾਲਾ ਦਾ ਪਿਤਾ ਸਰਕਾਰ ’ਤੇ ਖੁੱਲ੍ਹੇ ਆਮ ਇਲਜ਼ਾਮ ਲਾਉਂਦਾ ਰਿਹਾ ਕਿ ਉਸਦੇ ਪੁੱਤ ਦੇ ਕਾਤਲ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਸਦੇ ਪਿਤਾ ਦਾ ਇਹ ਇਲਜ਼ਾਮ ਉਸ ਵੇਲੇ ਸਹੀ ਸਾਬਤ ਹੋਇਆ ਜਦੋਂ ਤਿੰਨ ਅਤੇ ਚਾਰ ਸਤੰਬਰ 2022 ਨੂੰ ਅੱਧੀ ਰਾਤ ਸਮੇਂ ਖਰੜ ਥਾਣੇ ਵਿੱਚ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਰਿਕਾਰਡ ਕੀਤੀ ਗਈ। ਮਾਰਚ 2023 ਵਿੱਚ ਇੱਕ ਨਿੱਜੀ ਸਮਾਚਾਰ ਚੈਨਲ ਵੱਲੋਂ ਇਹ ਇੰਟਰਵਿਊ ਪ੍ਰਸਾਰਿਤ ਹੋਣ ’ਤੇ ਤਰਥੱਲੀ ਮਚ ਗਈ। ਉਸ ਵੇਲੇ ਪੁਲਿਸ ਮੁਖੀ ਵੱਲੋਂ ਕਿਹਾ ਗਿਆ ਕਿ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਨਹੀਂ ਸਗੋਂ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਰਿਕਾਰਡ ਕੀਤੀ ਗਈ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸਿਧਾਰਥ ਸ਼ੰਕਰ ਚਟੋਪਾਧਿਆਏ ਦੀ ਅਗਵਾਈ ਵਿੱਚ ਸਿੱਟ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਿੱਟ ਵੱਲੋਂ ਪ੍ਰਗਟਾਵਾ ਕੀਤਾ ਗਿਆ ਕਿ ਇਹ ਇੰਟਰਵਿਊ ਪੰਜਾਬ ਦੇ ਖਰੜ ਥਾਣੇ ਵਿੱਚ ਕੀਤੀ ਗਈ ਅਤੇ ਇਸ ਮੰਤਵ ਲਈ ਉਸ ਨੂੰ ਬੁਲਟ ਪਰੂਫ ਗੱਡੀ ਵਿੱਚ ਲਿਆਂਦਾ ਗਿਆ। ਬਾਅਦ ਵਿੱਚ ਪੁਲਿਸ ਮੁਖੀ ਨੇ ਆਪਣੇ ਹਲਫਨਾਮੇ ਵਿੱਚ ਪ੍ਰਗਟਾਵਾ ਕੀਤਾ ਕਿ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਫਿਰੌਤੀਆਂ, ਅਗਵਾ ਅਤੇ ਕਤਲ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਇੰਟਰਵਿਊ ਪ੍ਰਸਾਰਿਤ ਹੋਣ ਤੋਂ ਪਹਿਲਾਂ ਨੌਂ ਮਹੀਨਿਆਂ ਵਿੱਚ 300 ਮਾਮਲੇ ਸਾਹਮਣੇ ਆਏ ਸਨ, ਪਰ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਅਗਲੇ ਤਿੰਨ ਮਹੀਨਿਆਂ ਵਿੱਚ 324 ਕੇਸ ਫਿਰੌਤੀਆਂ, ਅਗਵਾ ਅਤੇ ਕਤਲ ਦੇ ਸਾਹਮਣੇ ਆਏ ਹਨ। ਦੂਜੇ ਸ਼ਬਦਾਂ ਵਿੱਚ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਨੇ ਗੈਂਗਸਟਰਾਂ ਦੇ ਹੌਸਲੇ ਹੋਰ ਬੁਲੰਦ ਕੀਤੇ ਅਤੇ ਉਹ ਕਾਨੂੰਨ ਨੂੰ ਟਿੱਚ ਸਮਝਕੇ ਬੇਖੌਫੀ ਨਾਲ ਵਾਰਦਾਤਾਂ ਕਰਦੇ ਰਹੇ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਪਰਾਧਿਕ ਗਰੋਹਾਂ ਰਾਹੀਂ ਮਿਲ ਰਹੀਆਂ ਧਮਕੀਆਂ ਨੂੰ ਦਬਾਉਣ ਲਈ ਕਾਨੂੰਨੀ ਚੌਖਟੇ ਦੀ ਅਣਹੋਂਦ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਪਰਾਧੀ ਬੇਖੌਫ ਹੋ ਕੇ ਵਿਚਰਦੇ ਹਨ, ਉਸ ਤੋਂ ਲਗਦਾ ਹੈ ਕਿ ਨਾ ਉਹਨਾਂ ਨੂੰ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਕਾਨੂੰਨ ਲਾਗੂ ਕਰਨ ਵਾਲਿਆਂ ਦਾ। ਇਸਦਾ ਸਿੱਟਾ ਹੈ ਕਿ ਆਮ ਲੋਕਾਂ ਦਾ ਪੁਲਿਸ ਤੋਂ ਭਰੋਸਾ ਉੱਠ ਰਿਹਾ ਹੈ। ਉਨ੍ਹਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਸਟੇਟ ਦਾ ਮੁਢਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਾ ਹੈ, ਨਹੀਂ ਫਿਰ ਲੋਕਾਂ ਨੂੰ ਗੈਂਗਸਟਰਾਂ ਦੇ ਰਹਿਮੋ ਕਰਮ ’ਤੇ ਰਹਿਣਾ ਪਵੇਗਾ।
ਪੁਲਿਸ ਦੀ ਕੁੱਲ 81 ਹਜ਼ਾਰ ਦੀ ਨਫਰੀ ਵਿੱਚੋਂ 73% ਵੀਆਈਪੀ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ। 10% ਪੁਲਿਸ ਮੁਲਾਜ਼ਮ ਧਰਨੇ, ਮੁਜ਼ਾਹਰਿਆਂ ਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਹਨ। 12% ਟਰੈਫਿਕ ਪੁਲਿਸ ਵਜੋਂ ਤਾਇਨਾਤ ਹੈ ਅਤੇ ਸਿਰਫ 5% ਪੁਲਿਸ ਕਰਮਚਾਰੀ ਲੋਕਾਂ ਦੀ ਸੁਰੱਖਿਆ ਲਈ ਥਾਣੇ ਵਿੱਚ ਤਾਇਨਾਤ ਹਨ। ਜਦੋਂ ਕੋਈ ਵੱਡੀ ਵਾਰਦਾਤ ਕਰਨ ਉਪਰੰਤ ਗੈਂਗਸਟਰ ਜਾਂ ਉਹਨਾਂ ਦੇ ਗੁਰਗੇ ਸੁਰੱਖਿਅਤ ਭੱਜ ਜਾਂਦੇ ਹਨ ਤਾਂ ਲੋਕ ਸੜਕਾਂ ਜਾਮ ਕਰਨ ਜਾਂ ਫਿਰ ਥਾਣੇ ਅੱਗੇ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋ ਜਾਂਦੇ ਹਨ। ਦਰਅਸਲ ਆਮ ਲੋਕਾਂ ਦੀ ਸੁਰੱਖਿਆ ਲਈ ਬਣਾਈ ਪੁਲਿਸ ਮੰਤਰੀਆਂ ਅਤੇ ਨੇਤਾਵਾਂ ਦੀ ਸੁਰੱਖਿਆ ਵਿੱਚ ਹੀ ਉਲਝੀ ਪਈ ਹੈ।
ਦੁਖਾਂਤਕ ਪਹਿਲੂ ਇਹ ਵੀ ਹੈ ਕਿ ਚੋਹਲਾ ਸਾਹਿਬ ਦਾ ਏ.ਐੱਸ.ਆਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸਨੇ ਆਪਣਾ ਪਿਸਤੌਲ ਗੈਂਗਸਟਰਾਂ ਨੂੰ ਦਿੱਤਾ ਹੋਇਆ ਸੀ। ਇੱਕ ਪੁਲਿਸ ਮੁਕਾਬਲੇ ਵਿੱਚ ਗੈਂਗਸਟਰਾਂ ਨੂੰ ਫੜਨ ਉਪਰੰਤ ਏ.ਐੱਸ.ਆਈ ਦੀ ਇਹ ਕਰਤੂਤ ਸਾਹਮਣੇ ਆਈ। ਅਜਿਹੀਆਂ ਕੁਝ ਕਾਲੀਆਂ ਭੇਡਾਂ ਦੀ ਗੈਂਗਸਟਰਾਂ ਨਾਲ ਮਿਲੀ ਭੁਗਤ ਨੇ ਵੀ ਪੰਜਾਬੀਆਂ ਦੇ ਮਨਾਂ ਵਿੱਚ ਖ਼ੌਫ ਪੈਦਾ ਕੀਤਾ ਹੈ।
ਇੱਕ ਵਿਦਵਾਨ ਦੇ ਬੋਲ ਹਨ, “ਵੋਟਾਂ ਰਾਹੀਂ ਸਿਆਸਤਦਾਨਾਂ ਨੂੰ ਦਿੱਤਾ ਸਮਰਥਨ ਲੋਕਾਂ ਦੀ ਅਮਾਨਤ ਹੈ। ਆਪਣੀ ਅਮਾਨਤ ਵਿੱਚ ਖ਼ਿਆਨਤ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਦੇ।” ਅਜਿਹੀ ਸਥਿਤੀ ਵਿੱਚ ਮਰਹੂਮ ਸ਼ਾਇਰ ਪਾਸ਼ ਦੇ ਇਹ ਬੋਲ ਲੋਕਾਂ ਦੇ ਅੰਗ ਸੰਗ ਰਹਿਣਗੇ:
“ਕਤਲ ਹੋਏ ਜਜ਼ਬਿਆਂ ਦੀ ਕਸਮ ਖਾਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾਕੇ
ਹੱਥਾਂ ਵਿੱਚ ਪਏ ਰੱਟਣਾਂ ਦੀ ਕਸਮ ਖਾਕੇ
ਅਸੀਂ ਲੜਾਂਗੇ ਸਾਥੀ,
ਕਿਉਂਕਿ ਲੜਨ ਬਿਨਾਂ ਕੁਝ ਨਹੀਂ ਮਿਲਣਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































