“ਜਿੰਨੇ ਮੂੰਹ, ਓਨੀਆਂ ਗੱਲਾਂ, ਪਰ ਵਿਚਲੀ ਗੱਲ ਤੋਂ ਕੋਈ ਵੀ ਜਾਣੂ ਨਹੀਂ ਸੀ। ਆਖ਼ਰ ਅਦਾਲਤ ਵਿੱਚ ...”
(8 ਜੂਨ 2023)
ਇਸ ਮੇਂ ਪਾਠਕ: 605.
ਜਿਉਂ ਹੀ ਉਸਨੇ ਕਰਤਾਰੋ ਕੋਲੋਂ ਇਹ ਜੱਗੋਂ ਤੇਰ੍ਹਵੀਂ ਗੱਲ ਸੁਣੀ, ਉਹਦੀ ਬੁਰਕੀ ਮੂੰਹ ਵਿੱਚ ਹੀ ਫੁੱਲ ਗਈ! “ਨੀਂ ਕੁੜੇ, ਸੱਚੀਂ? ਆਹ ਤਾਂ ਦਿਆਲੋ ਨੇ ਲੋੜ੍ਹਾ ਮਾਰਿਆ! ਉਹ ਤਾਂ ਦੋਵੇਂ ਘਿਉ ਖਿਚੜੀ ’ਤੇ! ਓਨ੍ਹੇ ਇਹ ਕਾਰਾ ਕਿਵੇਂ ਕਰ ’ਤਾ?” ਤੇ ਫਿਰ ਛੇਤੀ ਛੇਤੀ ਭਾਂਡਿਆਂ ਨੂੰ ਇੱਕ ਪਾਸੇ ਸੁੱਟ ਕੇ ਉਹ ਵੀ ਲਿਬੜੇ ਹੱਥੀਂ ਕਰਤਾਰੋ ਨਾਲ ਚੁੱਕਵੇਂ ਪੈਰੀਂ ਦਿਆਲੋ ਦੇ ਘਰ ਵੱਲ ਚੱਲ ਦੇ ਪਈ।
ਦਿਆਲੋ ਦੇ ਘਰ ਵੱਲ ਹੋਰ ਵੀ ਕਿੰਨੇ ਹੀ ਤਮਾਸ਼ਬੀਨ ਦੌੜੇ ਜਾ ਰਹੇ ਸਨ। ਹਰ ਇੱਕ ਦੇ ਬੁੱਲ੍ਹਾਂ ਉੱਤੇ ਇਸੇ ਕਾਂਡ ਦਾ ਚਰਚਾ ਸੀ। ਬੀਹੀ ਵਿੱਚ ਵੜਦਿਆਂ ਹੀ ਉਹਨੇ ਦਿਆਲੋ ਦੇ ਘਰ ਵੱਲ ਨਜ਼ਰ ਮਾਰੀ। ਬੂਹਾ ਚੌੜ ਚੁਪੱਟ ਖੁੱਲ੍ਹਾ ਸੀ। ਲੋਕ ਵਾਹੋ-ਦਾਹ ਉਹਦੇ ਘਰ ਵਿੱਚ ਦਾਖਲ ਹੋ ਰਹੇ ਸਨ। ਉਹ ਵੀ ਸਹਿਮੀ ਜਿਹੀ ਉਹਦੇ ਵਿਹੜੇ ਵਿੱਚ ਚਲੀ ਗਈ। ਬਿੱਕਰ ਦਾ ਸਿਰ ਧੜ ਨਾਲੋਂ ਵੱਖ ਹੋਇਆ ਪਿਆ ਸੀ। ਖੂਨ ਨਾਲ ਲੱਥ-ਪੱਥ! ਉਹਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ। ਸੋਹਣਾ ਛਟੀ ਵਰਗਾ ਜਵਾਨ! ਕੁੰਡੀਆਂ ਮੁੱਛਾਂ, ਗੋਰਾ ਚਿਹਰਾ, ਕੱਟਵੀਂ ਦਾੜ੍ਹੀ! ਜਾਪਦਾ ਸੀ, ਜਿਵੇਂ ਮਰਿਆ ਨਹੀਂ, ਹੁਣੇ ਫਿਰ ਉੱਠ ਖੜ੍ਹੇਗਾ।
ਦਿਆਲੋ ਇੱਕ ਪਾਸੇ ਗੁੰਮ-ਸੁੰਮ ਜਿਹੀ ਖੜ੍ਹੀ ਸੀ। ਜਾਪਦਾ ਸੀ ਜਿਵੇਂ ਉਸ ਨੂੰ ਇਸ ਕੀਤੇ ਕਾਰੇ ਦਾ ਕੋਈ ਪਛਤਾਵਾ ਨਾ ਹੋਵੇ।
“ਕਿਉਂ ਦਿਆਲੋ, ਤੂੰ ਇਹਦੀ ਜਾਨ ਦੀ ਵੈਰਨ ਕਿਉਂ ਬਣ ਗਈ?” ਸਰਪੰਚ ਦੇ ਬੋਲਾਂ ਵਿੱਚ ਰੋਅਬ ਅਤੇ ਤਲਖ਼ੀ ਸੀ।
“ਜੋ ਹੋਣਾ ਸੀ, ਹੋ ਗਿਆ। ਤੁਸੀਂ ਪੁਲਿਸ ਨੂੰ ਖ਼ਬਰ ਦਿਓ। ਮੈਂ ਆਪੇ ਕੀਤੇ ਦੀ ਸਜ਼ਾ ਭੁਗਤੂੰ।” ਦਿਆਲੋ ਦੇ ਬੋਲਾਂ ਵਿੱਚ ਕੋਈ ਸਹਿਮ ਦਾ ਅੰਸ਼ ਨਹੀਂ ਸੀ।
ਪਿੰਡ ਦੀਆਂ ਔਰਤਾਂ ਧੜਕਦੇ ਦਿਲ ਨਾਲ ਹੈਰਾਨ ਪ੍ਰੇਸ਼ਾਨ ਬਿਟ-ਬਿਟ ਦਿਆਲੋ ਦੇ ਮੂੰਹ ਵੱਲ ਵੇਖ ਰਹੀਆਂ ਸਨ।
ਦਸਵੀਂ ਪਾਸ ਦਿਆਲੋ ਇਸੇ ਪਿੰਡ ਦੀ ਨੂੰਹ ਸੀ। ਤਿੰਨ ਸਾਲ ਪਹਿਲਾਂ ਇਹਦੇ ਪਤੀ ਦੀ ਮੌਤ ਹੋ ਗਈ ਸੀ। ਸਭ ਨੂੰ ਪਤਾ ਸੀ ਕਿ ਦੋਨਾਂ ਵਿੱਚ ਅੰਤਾਂ ਦਾ ਪਿਆਰ ਸੀ। ਪਰ ਇੱਕ ਬੱਸ ਹਾਦਸੇ ਵਿੱਚ ਪਤੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਇਹਦੇ ਕੋਲੋਂ ਸਦਾ ਲਈ ਵਿੱਛੜ ਗਿਆ ਤੇ ਫਿਰ ਦਿਆਲੋ ਦੇ ਛਣਕਦੇ ਹਾਸਿਆਂ ਉੱਤੇ ਸਿਕਰੀ ਜੰਮ ਗਈ। ਕੁਝ ਸਮਾਂ ਪਹਿਲਾਂ ਜਿਸਦੇ ਪੈਰ ਧਰਤੀ ’ਤੇ ਨਹੀਂ ਸਨ ਲਗਦੇ, ਜਿਸਦੀਆਂ ਅੱਖਾਂ ਵਿੱਚ ਸੂਰਜ ਜਗਦਾ ਸੀ ਤੇ ਜਿਹੜੀ ਜਦੋਂ ਵੀ ਕੋਈ ਗੱਲ ਕਰਦੀ ਸੀ, ਤਾਂ ਲਗਦਾ ਸੀ ਜਿਵੇਂ ਫੁੱਲ ਖਿੜ ਰਹੇ ਹੋਣ, ਹੁਣ ਤਾਂ ਉਂਜ ਹੀ ਬੱਸ ਤੁਰਦਾ ਫਿਰਦਾ ਬੁੱਤ ਬਣ ਕੇ ਰਹਿ ਗਈ ਸੀ। ਐਡਾ ਵੱਡਾ ਘਰ! ਘਰ ਵਿੱਚ ਉਹ ਜਾਂ ਉਹਦੀ ਸੱਸ ਸੀ। ਬੱਚਾ ਹਾਲਾਂ ਕੋਈ ਹੋਇਆ ਨਹੀਂ ਸੀ। ਦਿਆਲੋ ਦੇ ਮਾਪਿਆਂ ਨੇ ਦਿਆਲੋ ਨੂੰ ਆਪਣੇ ਪਿੰਡ ਲੈ ਜਾਣ ਦਾ ਬਥੇਰਾ ਜ਼ੋਰ ਪਾਇਆ ਪਰ ਦਿਆਲੋ ਦੀ ਜ਼ਿੱਦ ਅੱਗੇ ਉਨ੍ਹਾਂ ਨੂੰ ਵੀ ਸਿਰ ਝੁਕਾਉਣਾ ਪਿਆ। ਕੁਝ ਮਹੀਨਿਆਂ ਬਾਅਦ ਹੀ ਦਿਆਲੋ ਦੀ ਸੱਸ ਦੀ ਵੀ ਇਸੇ ਗ਼ਮ ਵਿੱਚ ਮੌਤ ਹੋ ਗਈ। ਤੇ ਫਿਰ ਦਿਆਲੋ ਨੇ ਆਪਣੇ ਪੇਕਿਓਂ ਆਪਣਾ ਭਤੀਜਾ ਕੋਲ ਬੁਲਾ ਲਿਆ ਜੋ ਹੁਣ ਸਕੂਲ ਵਿੱਚ ਪੜ੍ਹਦਾ ਸੀ।
ਸਾਰੇ ਪਿੰਡ ਨੂੰ ਪਤਾ ਸੀ ਕਿ ਬਿੱਕਰ ਦਾ ਦਿਆਲੋ ਦੇ ਘਰ ਆਮ ਆਉਣ ਜਾਣ ਸੀ। ਪਰ ਉਹਨੇ ਉਹਦੀ ਜਾਨ ਕਿਉਂ ਲੈ ਲਈ? ਇਹ ਗੱਲ ਸਾਰਿਆਂ ਲਈ ਬੁਝਾਰਤ ਬਣੀ ਹੋਈ ਸੀ।
ਪੁਲਿਸ ਵੀ ਪੁੱਜ ਗਈ। ਥਾਣੇਦਾਰ ਨੇ ਭਰਵੀਂ ਨਿਗ੍ਹਾ ਨਾਲ ਦਿਆਲੋ ਵੱਲ ਵੇਖਦਿਆਂ ਪੁੱਛਿਆ, “ਬਿੱਕਰ ਦਾ ਕਤਲ ਤੂੰ ਕੀਤਾ ਹੈ?”
“ਆਹੋ ਜੀ!”
“ਕਾਹਤੋਂ?”
“ਇਹਦਾ ਜਵਾਬ ਮੈਂ ਅਦਾਲਤ ਵਿੱਚ ਦਿਉਂ। ਤੁਸੀਂ ਕਾਗਜ਼ਾਂ ਵਿੱਚ ਲਿਖੋ ਬਈ ਦਿਆਲੋ ਕਤਲ ਕਰਨ ਦਾ ਜੁਰਮ ਮੰਨਦੀ ਐ! ਮੈਂ ਦਸਖ਼ਤ ਕਰ ਦਿੰਨੀ ਆਂ।” ਥਾਣੇਦਾਰ ਵੀ ਦਿਆਲੋ ਦੀ ਦਲੀਲ ਅੱਗੇ ਜ਼ਿਆਦਾ ਦੇਰ ਨਹੀਂ ਅੜ ਸਕਿਆ।
ਦੋਨਾਂ ਹੱਥਾਂ ਉੱਤੇ ਹੱਥਕੜੀ ਲਾ ਕੇ ਦਿਆਲੋ ਨੂੰ ਜਦੋਂ ਥਾਣੇ ਲੈ ਜਾਣ ਲੱਗੇ ਤਾਂ ਪਹਿਲਾਂ ਉਸ ਨੇ ਇੱਕ ਹਸਰਤ ਨਾਲ ਸਾਰੇ ਘਰ ਵੱਲ ਨਜ਼ਰ ਮਾਰੀ ਤੇ ਫਿਰ ਨਫ਼ਰਤ ਨਾਲ ਬਿੱਕਰ ਦੀ ਲਾਸ਼ ਵੱਲ ਵੇਖ ਕੇ ਪੁਲਿਸ ਨਾਲ ਤੁਰ ਪਈ।
ਜਿੰਨੇ ਮੂੰਹ, ਓਨੀਆਂ ਗੱਲਾਂ, ਪਰ ਵਿਚਲੀ ਗੱਲ ਤੋਂ ਕੋਈ ਵੀ ਜਾਣੂ ਨਹੀਂ ਸੀ।
ਆਖ਼ਰ ਅਦਾਲਤ ਵਿੱਚ ਮੁਕੱਦਮਾ ਚੱਲਿਆ। ਦਿਆਲੋ ਨੇ ਆਪਣੀ ਵੱਲੋਂ ਕੋਈ ਵਕੀਲ ਨਹੀਂ ਸੀ ਕੀਤਾ। ਪਹਿਲੀ ਪੇਸ਼ੀ ’ਤੇ ਹੀ ਜੱਜ ਨੇ ਪੁੱਛਿਆ, “ਜੇ ਤੂੰ ਚਾਹੇਂ ਤਾਂ ਤੇਰੇ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।”
“ਨਹੀਂ ਜੀ, ਵਕੀਲ ਨੇ ਕਹਿਣੈ, ਬਈ ਤੂੰ ਮੁੱਕਰ ਜਾ, ਤੈਂ ਕਤਲ ਨਹੀਂ ਕੀਤਾ। ਭਲਾ ਮੈਂ ਜਦੋਂ ਇਹ ਕਰ ਈ ਬੈਠੀ ਆਂ, ਫਿਰ ਮੁਕਰਾਂ ਕਿਉਂ?”
“ਅੱਛਾ ਬੀਬੀ, ਤੇਰਾ ਬਿੱਕਰ ਨਾਲ ਕਾਹਦਾ ਵੈਰ ਸੀ?” ਜੱਜ ਦੇ ਬੋਲਾਂ ਵਿੱਚ ਹਮਦਰਦੀ ਦੇ ਅੰਸ਼ ਸਨ।
“ਮੈਨੂੰ ਇਹ ਸਾਰਾ ਕੁਝ ਦੱਸਣ ਦਾ ਹੱਕ ਐ ਨਾ?”
“ਹਾਂ, ਹਾਂ, ਤੂੰ ਇਸ ਸੰਬੰਧ ਵਿੱਚ ਜੋ ਕੁਝ ਵੀ ਕਹਿਣਾ ਚਾਹੇਂ ਬਿਨਾਂ ਡਰ ਜਾਂ ਝਿਜਕ ਤੋਂ ਕਹਿ ਸਕਦੀ ਹੈਂ।”
ਦਿਆਲੋ ਨੇ ਹੌਲੀ ਜਿਹੀ ਖੰਘੂਰਾ ਮਾਰ ਕੇ ਆਪਣਾ ਗਲਾ ਸਾਫ ਕਰਦਿਆਂ ਕਿਹਾ, “ਮੇਰਾ ਘਰ ਵਾਲਾ ਮੇਰੇ ਵਿਆਹ ਤੋਂ ਤਿੰਨ ਸਾਲ ਪਿੱਛੋਂ ਹੀ ਗੁਜ਼ਰ ਗਿਆ। ਉਹ ਮੇਰੇ ਸਾਹੀਂ ਜਿਊਂਦਾ ਸੀ। ਉਹਦੀ ਮੌਤ ਤੋਂ ਬਾਅਦ ਮੈਂ ਇਕੱਲੀ ਰਹਿ ਗਈ। ਮਾਪਿਆਂ ਨੇ ਹੋਰ ਥਾਂ ਬਿਠਾਉਣ ਦੀ ਗੱਲ ਛੇੜੀ। ਪਰ ਮੈਂ ਇੱਕੋ ਨਾਂਹ ਫੜੀ ਰੱਖੀ। ਬਿੱਕਰ ਮੇਰੇ ਘਰ ਵਾਲੇ ਦਾ ਪੱਗ ਵਟ ਯਾਰ ਸੀ। ਉਹਦੇ ਹੁੰਦਿਆਂ ਵੀ ਇਹ ਅਕਸਰ ਸਾਡੇ ਘਰ ਆ ਜਾਂਦਾ ਸੀ। ਭਾਵੇਂ ਉਦੋਂ ਵੀ ਇਹਨੇ ਇੱਕ ਦੋ ਵਾਰ ਮੈਨੂੰ ਗੁੱਝੇ ਇਸ਼ਾਰੇ ਕੀਤੇ ਸੀ, ਪਰ ਮੈਂ ਟਿੱਚ ਕਰਕੇ ਜਾਣੇ ਸਨ।
“ਘਰ ਵਾਲੇ ਦੀ ਮੌਤ ਤੋਂ ਕੁਝ ਮਹੀਨੇ ਬਾਅਦ ਹੀ ਮੈਨੂੰ ਮਹਿਸੂਸ ਹੋਇਆ ਕਿ ਇਹ ਅੱਗ ਦੀ ਉਮਰ ਇਕੱਲਿਆਂ ਹੰਢਾਈ ਨਹੀਂ ਜਾਂਦੀ। ਬਿੱਕਰ ਘਰ ਵਾਲੇ ਦੀ ਮੌਤ ਤੋਂ ਬਾਅਦ ਵੀ ਮੇਰੇ ਘਰ ਆਉਂਦਾ ਰਿਹਾ। ਉਹ ਆਮ ਇਹੋ ਗੱਲ ਕਹਿੰਦਾ ਰਿਹਾ ਕਿ ਕਿਉਂ ਐਵੇਂ ਆਪਣੀ ਜਵਾਨੀ ਭੰਗ ਦੇ ਭਾਣੇ ਗਵਾਉਣੀ ਐਂ, ਤੂੰ ਇੱਕ ਵਾਰ ਹਾਂ ਤਾਂ ਕਰ, ਮੈਂ ਤੇਰੇ ਲਈ ਅਸਮਾਨੋਂ ਤਾਰੇ ਤੋੜ ਲਿਆਵਾਂਗਾ। - ਉਹਦੀਆਂ ਵਾਰ ਵਾਰ ਦੀਆਂ ਮਿੰਨਤਾਂ ਦਾ ਅਸਰ ਮੇਰੇ ਮਨ ’ਤੇ ਪੈ ਗਿਆ ਤੇ ਮੈਂ ਆਪਣਾ ਹੱਥ ਉਹਨੂੰ ਸੌਂਪ ਦਿੱਤਾ। ਪਰ ਮੈਂ ਪਹਿਲਾਂ ਹੀ ਉਸ ਨੂੰ ਕਹਿ ਦਿੱਤਾ ਸੀ, “ਵੇਖੀਂ ਬਿੱਕਰਾ, ਹੁਣ ਬਾਂਹ ਫੜੀ ਐ। ਕਿਤੇ ਜੱਗ ਹਸਾਈ ਵਾਲੀ ਗੱਲ ਨਾ ਕਰੀਂ।”
ਇੱਥੇ ਆ ਕੇ ਦਿਆਲੋ ਕੁਝ ਪਲਾਂ ਲਈ ਰੁਕ ਗਈ। ਉਹਨੇ ਜੱਜ ਵੱਲ ਨਜ਼ਰ ਭਰ ਕੇ ਵੇਖਿਆ। ਜੱਜ ਬੜੇ ਧਿਆਨ ਨਾਲ ਉਹਦਾ ਬਿਆਨ ਸੁਣ ਰਿਹਾ ਸੀ। ਲੀਰੋ ਲੀਰ ਹੋਏ ਹੌਕਿਆਂ ਵਿੱਚੋਂ ਦਿਲ ਵਿੰਨ੍ਹਵੀਂ ਆਵਾਜ਼ ਫਿਰ ਉੱਭਰੀ, “ਮੈਂ ਉਸ ਨੂੰ ਆਪਣਾ ਆਪ ਸੌਂਪ ਦਿੱਤਾ। ਉਹਦੀ ਮੰਗਣੀ ਪਹਿਲਾਂ ਕਿਸੇ ਹੋਰ ਥਾਂ ਹੋਈ ਹੋਈ ਸੀ। ਮੈਂ ਵਾਰ ਵਾਰ ਕਹਿੰਦੀ ਰਹੀ ਕਿ ਉੱਧਰੋਂ ਜਵਾਬ ਦੇ ਦੇ। ਪਰ ਇਹ ਟਾਲਮਟੋਲ ਕਰਦਾ ਰਿਹਾ। ਸਾਡੇ ਸਰੀਰਕ ਸੰਬੰਧ ਕਾਇਮ ਹੋ ਗਏ ਸਨ ਤੇ ਉਨ੍ਹਾਂ ਸਰੀਰਕ ਸੰਬੰਧਾਂ ਦਾ ਨਤੀਜਾ ਹੈ ਕਿ ਮੇਰੇ ਪੇਟ ਅੰਦਰ ਚਾਰ ਮਹੀਨਿਆਂ ਦਾ ਬੱਚਾ ਹੈ।” ਇਹ ਕਹਿੰਦਿਆਂ ਦਿਆਲੋ ਫਿਰ ਗੁੰਮ-ਸੁੰਮ ਜਿਹੀ ਹੋ ਗਈ।
ਫਿਰ ਛੇਤੀ ਹੀ ਸੰਭਲ ਕੇ ਬੜੇ ਠਰ੍ਹੰਮੇ ਨਾਲ ਦਿਆਲੋ ਕਹਿਣ ਲੱਗੀ, “ਮੈਂ ਵਾਰ ਵਾਰ ਬਿੱਕਰ ਨੂੰ ਚਾਦਰ ਪਾ ਕੇ ਰਹਿਣ ਲਈ ਤਰਲੇ ਕਰਦੀ ਰਹੀ। ਪਰ ਉਹਦੀ ਇੱਕ ਜ਼ਿੱਦ ਰਹੀ ਕਿ ਬੱਚਾ ਗਿਰਾ ਦੇ। ਮੈਂ ਉਹਦੀ ਇਹ ਜ਼ਿੱਦ ਬਿਲਕੁਲ ਨਾ ਮੰਨੀ। ਕੀ ਔਰਤ ਆਪਣੀ ਮਮਤਾ ਦੀ ਕਾਤਲ ਵੀ ਹੋ ਸਕਦੀ ਐ? ਮੈਂ ਤਾਂ ਆਪਣੇ ਵਿਹੜੇ ਵਿੱਚ ਬੱਚੇ ਦੀਆਂ ਕਿਲਕਾਰੀਆਂ ਸੁਣਨ ਲਈ ਤਰਸਦੀ ਰਹੀ ਸਾਂ।
“ਫਿਰ ਮੈਨੂੰ ਪਤਾ ਚੱਲਿਆ ਕਿ ਬਿੱਕਰ ਦੇ ਵਿਆਹ ਵਿੱਚ ਕੁਝ ਦਿਨ ਰਹਿੰਦੇ ਨੇ। ਮੈਂ ਫਿਰ ਇਸ ਨੂੰ ਕੀਤਾ ਵਾਅਦਾ ਯਾਦ ਕਰਵਾਇਆ, ਪਰ ਇਹ ਅਉਂ ਗਉਂ ਕਰਦਾ ਰਿਹਾ। ‘ਤੂੰ ਫਿਕਰ ਨਾ ਕਰ ਚਾਹੇ ਮੈਂ ਵਿਆਹ ਕਰਵਾ ਲਾਂ। ਪਰ ਤੇਰੇ ਨਾਲ ਮੇਰਾ ਉਹੀ ਮੋਹ ਰਹੂ।’ ਵਿਆਹ ਕਰਵਾਉਣ ਤੋਂ ਬਾਅਦ ਬਿੱਕਰ ਮੇਰੇ ਨਾਲ ਕਿੰਨਾ ਕੁ ਮੋਹ ਰੱਖ ਸਕਦਾ ਸੀ, ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ।
“ਕਤਲ ਵਾਲੇ ਦਿਨ ਉਹ ਮੇਰੇ ਘਰ ਆਇਆ। ਉਹ ਮੇਰਾ ਹਮਲ ਗਿਰਾਉਣ ਲਈ ਮੈਨੂੰ ਦਵਾਈ ਦੇਣ ਦੀ ਜ਼ਿੱਦ ਕਰ ਰਿਹਾ ਸੀ ਪਰ ਮੈਂ ਉਹਦੀ ਜ਼ਿੱਦ ਨਾ ਮੰਨੀ। ਉਹਦੀਆਂ ਗੱਲਾਂ ਤੋਂ ਮੈਨੂੰ ਜਾਪਿਆ ਜਿਵੇਂ ਉਹਦੇ ਨਾਲ ਮੇਰੀ ਸਾਂਝ ਦਾ ਮਤਲਬ ਸਿਰਫ ਮੇਰੇ ਸਰੀਰ ਨੂੰ ਚੂੰਡਣਾ ਹੀ ਸੀ। ਇੱਕ ਪਾਸੇ ਮੈਂ ਉਹਨੂੰ ਚਾਦਰ ਪਾਉਣ ਲਈ ਤੇ ਆਪਣੇ ਇਸ ਬੱਚੇ ਦਾ ਸ਼ਰੇਆਮ ਬਾਪ ਕਹਾਉਣ ਲਈ ਮਿੰਨਤਾਂ ਕਰਦੀ ਰਹੀ, ਪਰ ਬਿੱਕਰ ਆਪਣੀ ਜ਼ਿੱਦ ’ਤੇ ਅੜਿਆ ਰਿਹਾ।
“ਮੈਨੂੰ ਉਦੋਂ ਪਤਾ ਨਹੀਂ ਐਨਾ ਗੁੱਸਾ ਕਿੱਥੋਂ ਆ ਗਿਆ, ਜਦੋਂ ਉਸ ਨੇ ਕਿਹਾ, ਤੂੰ ਆਪਣਾ ਘਰ ਹੀ ਪੂਰਾ ਕਰਵਾਉਣੈ। ਉਹ ਮੈਂ ਵਿਆਹ ਪਿੱਛੋਂ ਵੀ ਕਰਦਾ ਰਹੂੰ। ਹੋਰ ਚਾਦਰ ਪੁਆ ਕੇ ਤੈਂ ਕੀ ਦੁੱਧ ਲੈਣੈ?” ਮੈਂ ਉਹਦੀ ਇਹ ਗੱਲ ਬਰਦਾਸ਼ਤ ਨਾ ਕਰ ਸਕੀ ਤੇ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਮੈਂ ਉਹਦਾ ਗੰਡਾਸਾ ਉਹਦੇ ਹੀ ਹੱਥੋਂ ਖੋਹ ਕੇ ਉਹਦਾ ਫਾਹਾ ਵੱਢ ਦਿੱਤਾ।”
ਆਪਣੀਆਂ ਅੱਖਾਂ ਵਿੱਚ ਹੰਝੂ ਭਰ ਕੇ ਦਿਆਲੋ ਨੇ ਗੱਲ ਨੂੰ ਅਗਾਂਹ ਤੋਰੀ, “ਔਰਤ ਸਿਰਫ ਹਵਸ ਦੀ ਪੂਰਤੀ ਹੀ ਤਾਂ ਨਹੀਂ ਚਾਹੁੰਦੀ, ਉਹਨੂੰ ਇੱਕ ਚੰਗੇ ਘਰ, ਚੰਗਾ ਪਤੀ ਅਤੇ ਆਪਣੀ ਹਰੀ ਕੁੱਖ ਦੀ ਇੱਛਾ ਹੁੰਦੀ ਐ। ਮੈਂ ਵੀ ਤਾਂ ਇੱਕ ਔਰਤ ਆਂ।” ਤੇ ਫਿਰ ਦਿਆਲੋ ਨੇ ਭੁੱਬਾਂ ਮਾਰਦਿਆਂ ਕਿਹਾ, “ਬਿੱਕਰ ਤਾਂ ਮੇਰੇ ਮੋਹ, ਮੇਰੀ ਮਮਤਾ ਅਤੇ ਮੇਰੇ ਸੁਪਨਿਆਂ ਦਾ ਕਾਤਲ ਐ। ਇਹੋ ਜਿਹੇ ਦਾ ਮੈਂ ਕੀ ਅਚਾਰ ਪਾਉਣਾ ਸੀ? ਮੈਨੂੰ ਉਹਦਾ ਕਤਲ ਕਰਨ ’ਤੇ ਕੋਈ ਪਛਤਾਵਾ ਨਹੀਂ।”
ਜੱਜ ਕੁਝ ਦੇਰ ਮੂੰਹ ਵਿੱਚ ਉਂਗਲੀ ਪਾਈ ਸੋਚਦਾ ਰਿਹਾ ਤੇ ਫਿਰ ਉਸਨੇ ਅਗਲੇ ਹਫਤੇ ਦੀ ਪੇਸ਼ੀ ਪਾ ਦਿੱਤੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4020)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)