“ਕੀ ਇਸ ਪਦਾਰਥਕ ਦੌੜ ਕਾਰਨ ... ਭਾਂਤ ਭਾਂਤ ਦੀਆਂ ਬਿਮਾਰੀਆਂ ਤੋਂ ... ਨਿਜਾਤ ਪਾਉਣ ਲਈ ...”
(8 ਅਕਤੂਬਰ 2021)
1. ਮੈਂ ਹੈਗਾ …
ਜ਼ਿੰਦਗੀ ਦੇ ਝਮੇਲੇ ਤਾਂ
ਮੁੱਕਦੇ ਹੀ ਨਹੀਂ।
ਅਤੇ ਨਾ ਹੀ ਮੁੱਕਦਾ ਹੈ
ਸਾਡਾ ਨਿੱਜ ਤੋਂ ਨਿੱਜ ਤਕ ਦਾ ਸਫ਼ਰ।
ਜੀਵਨ ਦੀਆਂ ਪਦਾਰਥਕ ਲੋੜਾਂ,
ਆਲੀਸ਼ਾਨ ਕੋਠੀ, ਕਾਰ,
ਸ਼ਾਹੀ ਠਾਠ-ਬਾਠ ਨਾਲ
ਰਹਿਣ ਦੀ ਰੀਝ
ਰੋਜ਼ ਹੀ ਅੰਗ-ਸੰਗ ਰਹਿੰਦੀ ਹੈ।
ਨੋਟਾਂ ਨਾਲ ਭਰੀ ਫੁੱਲੀ ਜੇਬ ਨੂੰ
ਖਾਲੀ ਕਰਕੇ
ਦੁਬਾਰਾ ਭਰਨ ਦੀ ਲਾਲਸਾ ਵੀ
ਸਾਡੇ ਅੰਦਰ ਅੰਗੜਾਈਆਂ ਲੈਂਦੀ ਹੈ।
ਪਰ ਜ਼ਰਾ ਗੰਭੀਰ ਹੋ ਕੇ ਸੋਚੀਏ
ਕੀ ਇਸੇ ਨੂੰ ਹੀ ਜ਼ਿੰਦਗੀ ਕਹਿੰਦੇ ਨੇ?
ਕੀ ਇਹ ਪਦਾਰਥਕ ਕੀਮਤੀ ਵਸਤੂਆਂ
ਮੰਨ ਨੂੰ ਸਕੂਨ ਦਿੰਦੀਆਂ ਨੇ?
ਕੀ ਇਹ ਸਭ ਕੁਝ ਪ੍ਰਾਪਤ ਕਰਕੇ
ਅਸੀਂ ਆਪਣੇ ਘਰ ਦੇ ਕੀਮਤੀ ਬੈੱਡਾਂ ਤੇ
ਚੱਜ ਨਾਲ ਸੁੱਤੇ ਵੀ ਹਾਂ?
ਕੀ ਇਸ ਪਦਾਰਥਕ ਦੌੜ ਕਾਰਨ
ਭਾਂਤ ਭਾਂਤ ਦੀਆਂ ਬਿਮਾਰੀਆਂ ਤੋਂ
ਨਿਜਾਤ ਪਾਉਣ ਲਈ
ਸਾਡੀ ਅਲਮਾਰੀ ਦਵਾਈਆਂ ਦੇ ਪੱਤਿਆਂ
ਅਤੇ ਸ਼ੀਸ਼ੀਆਂ ਨਾਲ ਤਾਂ ਨਹੀਂ ਭਰ ਰਹੀ?
ਕੀ ਇਹ ਸਭ ਕੁਝ ਪ੍ਰਾਪਤ ਕਰਕੇ
ਅਸੀਂ ਅੰਦਰੋਂ ਖਾਲੀ ਹੋ ਕੇ ਵੀ
ਆਪਣੇ ਆਪ ਨੂੰ ਭਰੇ ਭਰੇ ਮਹੀਸੂਸ ਹੋਣ ਦਾ
ਭਰਮ ਤਾਂ ਨਹੀਂ ਪਾਲ ਰਹੇ?
ਕੀ ਅਸੀਂ ਮਨ ਦੇ ਚੈਨ ਨੂੰ
ਤਿਲਾਂਜਲੀ ਤਾਂ ਨਹੀਂ ਦੇ ਚੁੱਕੇ?
ਅਤੇ ਫਿਰ ਲੋੜਾਂ ਅਤੇ ਥੋੜਾਂ ਦੇ ਸ਼ਿਕਾਰ ਹੋਏ
ਆਪਣੇ ਬਚਪਨ ਦੇ ਸਾਥੀ ਜਾਂ ਰਿਸ਼ਤੇਦਾਰ ਦੇ
ਮੋਢੇ ’ਤੇ ਹੱਥ ਰੱਖ ਕੇ ਇੰਜ ਕਹਿ ਕੇ ਵੇਖਣਾ
“ਝੁਰਦਾ ਕਿਉਂ ਹੈਂ?
ਮੈਂ ਹੈਗਾ ਨਾ।
ਜਿਹੜੀ ਵੀ ਮਦਦ ਦੀ ਲੋੜ ਹੈ
ਨਿਸੰਗ ਹੋ ਕੇ ਦੱਸ।
ਪੂਰੀ ਕਰਾਂਗਾ।
ਐਵੇਂ ਢੇਰੀ ਨਾ ਢਾਹ।”
ਫਿਰ ਉਹਦੇ ਚਿਹਰੇ ਵੱਲ ਵੇਖਣਾ।
ਉਹਦੇ ਚਿਹਰੇ ’ਤੇ ਆਈ ਨਿਰਛਲ ਮੁਸਕੁਰਾਹਟ
ਅਤੇ ਨੈਣਾਂ ਵਿੱਚ ਖਾਮੋਸ਼ ਸ਼ੁਕਰਾਨੇ ਦੇ ਸ਼ਬਦ
ਤੁਹਾਡੇ ਮਨ ਨੂੰ ਸਕੂਨ ਅਤੇ ਖੁਸ਼ੀ ਦੇਣਗੇ।
ਇਹ ਸਭ ਕੁਝ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ।
ਅਤੇ ਤੁਸੀਂ ਆਪਣੇ ਆਪ ਨੂੰ
ਭਰੇ ਭਰੇ ਜਿਹੇ ਮਹਿਸੂਸ ਕਰੋਂਗੇ।
ਤੁਹਾਡੀ ਇਹ ਮਦਦ ਕਿਸੇ ਦੀ
ਖੁਦਕੁਸ਼ੀ ਦੇ ਰਾਹ ਵਿੱਚ
ਵਾੜ ਬਣ ਜਾਵੇਗੀ।
ਅਤੇ ਫਿਰ ਤੁਸੀਂ
ਬਾਣ ਦੇ ਮੰਜੇ ’ਤੇ ਵੀ
ਬਾਂਹ ਦਾ ਸਿਰਹਾਣਾ ਲਾ ਕੇ
ਘੂਕ ਸੌਂ ਸਕਦੇ ਹੋਂ।
ਕਦੇ ਲੋੜਵੰਦਾਂ ਅਤੇ ਪੀੜਤਾਂ ਨੂੰ
ਕਹਿ ਕੇ ਤਾਂ ਵੇਖੋ
“ਮੈਂ ਹੈਗਾ, ਚਿੰਤਾ ਨਾ ਕਰ।”
***
2. ਸੁਨੇਹਾ
ਕਦੇ-ਕਦੇ ਇੰਜ ਲਗਦਾ ਹੈ
ਜਿਵੇਂ ਮੇਰਾ ਜਿਸਮ ਕਿਰਾਏ ’ਤੇ ਰਹਿ ਰਿਹਾ ਹੋਵੇ।
ਸੱਚ ਮੰਨਣਾ, ਤੇਰਾ ਸਮੁੱਚਾ ਵਜੂਦ
ਮੇਰੇ ਅੰਦਰ ਵਸਿਆ ਹੈ।
ਤੇਰਾ ਹਾਸਾ, ਤੇਰੇ ਅੱਥਰੂ, ਤੇਰੇ ਸੁਰਮਈ ਨੈਣ,
ਤੇਰੀ ਮੋਹ ਭਿੱਜੀ ਤੱਕਣੀ ਦੇ
ਆਲੇ-ਦੁਆਲੇ ਹੀ ਘੁੰਮਦੀ ਹੈ ਮੇਰੀ ਜ਼ਿੰਦਗੀ।
ਸੱਚੀਂ, ਕਦੇ ਕਦੇ ਮੈਂ ਸੋਚਦਾ ਹਾਂ,
ਤੇਰੀ ਹੋਂਦ ਬਿਨਾਂ,
ਮੈਂ ਸਾਂਹ ਲੈਂਦਾ ਇੱਕ ਪਿੰਜਰ ਹਾਂ।
ਪਿੰਜਰ ਜਿਸਦੇ ਵੈਰਾਗਮਈ ਨੈਣ,
ਖ਼ਿਲਾਅ ਵਿੱਚੋਂ ਵੀ
ਤੇਰੇ ਨਕਸ਼ ਨਿਹਾਰਦੇ ਨੇ।
ਸੱਚੀਂ, ਕਿਰਾਏਦਾਰ
ਖੂਬਸੂਰਤ ਇਮਾਰਤ ਦਾ
ਮਾਲਕ ਨਹੀਂ ਹੁੰਦਾ।
ਹਾਂ, ਤੇਰੀ ਹੋਂਦ ਮਾਲਕੀ ਦਾ ਹੱਕ ਵੀ ਦਿੰਦੀ ਹੈ
ਅਤੇ ਸਾਂਹਾਂ ਵਿੱਚ ਤਾਜ਼ਗੀ ਵੀ
ਭਰ ਦਿੰਦੀ ਹੈ।
ਉਦੋਂ ਲਗਦਾ ਹੈ, ਜਿਵੇਂ ਮੈਂ ਇੱਕ ਨਦੀ ਹੋਵਾਂ
ਤੇ ਤੂੰ, ਇੱਕ ਖੌਲਦਾ ਸਾਗਰ
ਅਤੇ ਨਦੀ ਸਾਗਰ ਵਿੱਚ ਮਿਲਣ ਲਈ
ਅਠਖੇਲ੍ਹੀਆਂ ਕਰ ਰਹੀ ਹੋਵੇ।
***
3. ਚੁੱਪ ਦੀ ਭਾਸ਼ਾ
ਚੁੱਪ ਦੀ ਭਾਸ਼ਾ ਸਮਝ ਲੈਣਾ ਹਰ ਇੱਕ ਦੇ ਵੱਸ ਨਹੀਂ।
ਚਿਹਰੇ ’ਤੇ ਪਸਰੀ ਚੁੱਪ ਨਾਲ ਕਈ ਵਾਰ ਚਿਹਰਾ ਸ਼ਾਂਤ ਲਗਦਾ ਹੈ।
ਪਰ ਅੰਦਰ ਸਿੱਲ੍ਹੇ ਮੌਸਮ ਵਿੱਚ ਜਲ ਰਹੇ ਬਾਲਣ ਜਿਹੀ
ਬੇ-ਆਬਰੂ ਹੋਏ ਜਜ਼ਬਿਆਂ ਦੀ ਅੱਗ ਹੁੰਦੀ ਹੈ …
ਆਪਣਾ ਆਪ ਸੜ ਰਿਹਾ ਹੁੰਦਾ ਹੈ।
ਚਿਹਰੇ ’ਤੇ ਛਾਈ ਮੁਸਕਰਾਹਟ ਉਸ ਘਰ ਵਾਂਗ ਹੁੰਦੀ ਹੈ
ਜੋ ਅੰਦਰੋਂ ਢਹਿ-ਢੇਰੀ ਹਾਲਤ ਵਿੱਚ ਹੁੰਦਾ ਹੈ।
ਪਰ ਬੂਹੇ ’ਤੇ ਕੀਤੀ ਕਲੀ ਕੂਚੀ ਚੰਗੀ ਇਮਾਰਤ ਦਾ ਭੁਲੇਖਾ ਜਿਹਾ ਪਾਉਂਦੀ ਹੈ।
ਚੁੱਪ ਦੀ ਭਾਸ਼ਾ ਅਨੁਵਾਦ ਕਰਨਾ
ਖੌਲਦੇ ਸਿਸਕਦੇ ਜਜ਼ਬਿਆਂ ਦੀ ਤਰਜਮਾਨੀ ਕਰਨਾ ਹੈ।
ਤੇ ਇਹ ਤਰਜਮਾਨੀ ਬਹੁਤ ਵਾਰ
ਕਲਮ ਦੀ ਪਕੜ ਤੋਂ ਕੋਹਾਂ ਦੂਰ ਰਹਿ ਜਾਂਦੀ ਹੈ …
***
4, ਬਲਦਾ ਸਿਵਾ
ਸਿਵਾ ਬਲ ਰਿਹਾ ਸੀ
ਜਿੰਨਾ ਜਿੰਨਾ ਜਾਣ ਵਾਲੇ ਨਾਲ ਕਿਸੇ ਦਾ ਰਿਸ਼ਤਾ ਸੀ
ਉੰਨਾ ਉੰਨਾ ਸੇਕ ਵੀ
ਉਨ੍ਹਾਂ ਦੇ ਮਨ ਦੇ ਪੋਟਿਆਂ ਨੂੰ ਛੂਹ ਰਿਹਾ ਸੀ।
ਮਜ਼ਲ ਵਿੱਚ ਕੁਝ ਸਿਰਫ
ਭੀੜ ਦਾ ਅੰਗ ਬਣ ਕੇ ਆਏ ਸਨ।
ਉਨ੍ਹਾਂ ਲਈ ਬਲਦਾ ਸਿਵਾ ਬਲਦੀ ਅੱਗ ਸੀ।
’ਤੇ ਉਹ ਆਪਣੇ ਅਧੂਰੇ ਛੱਡੇ ਕੰਮਾਂ ਨੂੰ ਪੂਰਾ ਕਰਨ ਲਈ ਛੇਤੀ ਪਰਤਣਾ ਚਾਹੁੰਦੇ ਸਨ।
ਕੁਝ ਨਾਲ ਜਾਣ ਵਾਲੇ ਦੀਆਂ
ਅਤੀਤ ਨਾਲ ਸਬੰਧਤ ਖੱਟੀਆਂ ਮਿੱਠੀਆਂ ਯਾਦਾਂ
ਜੁੜੀਆਂ ਹੋਈਆਂ ਸਨ।
ਸਿਵੇ ਦਾ ਸੇਕ ਕੁਝ ਪਲ ਉਨ੍ਹਾਂ ਦੇ ਲਾਗੇ ਆ ਕੇ
ਖੜੋ ਵੀ ਗਿਆ ਸੀ।
ਪਰ ਵਿਸ਼ਾਲ ਇਕੱਠ ਵਿੱਚ ਇੱਕ ਉਹ ਵੀ ਸੀ
ਜਿਸਦੇ ਸਾਹਾਂ ਵਿੱਚ ਜਾਣ ਵਾਲਾ
ਰਚਿਆ ਹੋਇਆ ਸੀ ਇਲਾਇਚੀ ਦੀ ਮਹਿਕ ਵਾਂਗ।
’ਤੇ ਹੁਣ ਸਿਵੇ ਦੇ ਸੇਕ ਨਾਲ
ਉਹਦੇ ਮਨ ਦਾ ਪੋਟਾ ਪੋਟਾ ਝੁਲਸਿਆ ਗਿਆ ਸੀ।
ਦੁਖਾਂਤ ਇਸ ਗੱਲ ਦਾ ਵੀ ਸੀ
ਕਿ ਉਹਦੇ ਚਿਹਰੇ ’ਤੇ ਜੰਮੀ
ਇੰਤਹਾ ਦਰਦ ਦੀ ਪੇਪੜੀ ਵੇਖ ਕੇ
ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ
ਕਿਸੇ ਕੋਲ ਵਿਹਲ ਹੀ ਨਹੀਂ ਸੀ।
ਇੱਕ ਸਿਵਾ ਸਾਹਵੇਂ ਬਲ ਰਿਹਾ ਸੀ
ਇੱਕ ਸਿਵਾ ਉਹਦੇ ਅੰਦਰ ਬਲ ਰਿਹਾ ਸੀ।
ਤੇ ਭੀੜ ਦੀ ਸਿਵਿਆਂ ਵੱਲ ਪਿੱਠ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3065)
(ਸਰੋਕਾਰ ਨਾਲ ਸੰਪਰਕ ਲਈ: