MohanSharma8ਨਸ਼ਿਆਂ ਕਾਰਨ ਅਜਿਹੀ ਦਰਦਨਾਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਨ ਦੀ ਥਾਂ ਪੰਜਾਬ ਨੂੰ ਅਫੀਮ ਜਿਹੇ ...
(4 ਅਪਰੈਲ 2024)
ਇਸ ਸਮੇਂ ਪਾਠਕ: 200.


ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਸਨੌਰ ਹਲਕੇ ਨਾਲ ਸੰਬੰਧਿਤ ਰਾਜ ਸਤਾ ਦੀ ਪਾਰਟੀ ਦੇ ਵਿਧਾਇਕ ਨੇ ਪ੍ਰਸ਼ਨ ਪੁੱਛ ਕੇ ਪੰਜਾਬ ਦੇ ਨਸ਼ੇੜੀਆਂ ਤੋਂ ਹਮਦਰਦੀ ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ
ਉਸਦਾ ਪ੍ਰਸ਼ਨ ਸੀ ਕਿ ਕੀ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਨ ਦੀ ਪੰਜਾਬ ਸਰਕਾਰ ਵੱਲੋਂ ਕੋਈ ਤਜਵੀਜ਼ ਹੈ? ਉਸਦੇ ਇਸ ਪ੍ਰਸ਼ਨ ’ਤੇ ਸਦਨ ਦੇ ਮੈਂਬਰ ਖੁੱਲ੍ਹਕੇ ਹੱਸੇਸਪੀਕਰ ਸਾਹਿਬ ਨੇ ਮੁਸਕਰਾਉਂਦਿਆਂ ਖੇਤੀਬਾੜੀ ਮੰਤਰੀ ਨੂੰ ਵਿਧਾਇਕ ਦੇ ‘ਉਸਾਰੂ’ ਅਤੇ ‘ਲੋਕ ਹਿਤ’ ਵਾਲੇ ਪ੍ਰਸ਼ਨ ਦਾ ਜਵਾਬ ਦੇਣ ਲਈ ਕਿਹਾਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਅਜਿਹੀ ਕੋਈ ਤਜਵੀਜ਼ ਨਹੀਂ ਹੈਸਦਨ ਵਿੱਚ ਇਸ ਸਵਾਲ-ਜਵਾਬ ’ਤੇ ਸੂਝਵਾਨ ਪੰਜਾਬੀਆਂ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਦਨ ਵਿੱਚ ਵਿਧਾਇਕ ਦਾ ਇਹ ਪ੍ਰਸ਼ਨ ਨਸ਼ਿਆਂ ਕਾਰਨ ਸਿਵਿਆਂ ਦੀ ਪ੍ਰਚੰਡ ਹੋਈ ਹਵਾ ਨੂੰ ਮੱਠਾ ਕਰਨ ਦਾ ਯਤਨ ਨਹੀਂ ਸੀ, ਸਗੋਂ ਇਸ ਤਰ੍ਹਾਂ ਦਾ ਕੋਝਾ ਯਤਨ ਸੀ, ਜਿਵੇਂ ਕੁਹਾੜਾ ਦਰਖ਼ਤ ਦੀ ਸੁੱਖਸਾਂਦ ਪੁੱਛਣ ਦਾ ਨਾਟਕ ਕਰ ਰਿਹਾ ਹੋਵੇ ਕਿੰਨਾ ਚੰਗਾ ਹੁੰਦਾ ਜੇਕਰ ਵਿਧਾਇਕ ਪੰਜਾਬ ਵਿੱਚ ਬੇਰਾਂ ਵਾਂਗ ਝੜ ਰਹੀ ਜਵਾਨੀ ਦੀ ਚਿੰਤਾ ਦਾ ਪ੍ਰਗਟਾਵਾ ਕਰਦਾ, ਮੁੱਖ ਮੰਤਰੀ ਨੂੰ 2022 ਦੀਆਂ ਚੋਣਾਂ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਚੇਤੇ ਕਰਵਾਉਂਦਾਸਿਵਿਆਂ ਅੰਦਰ ਨਸ਼ਿਆਂ ਕਾਰਨ ਵਧ ਰਹੀ ਭੀੜ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਸੁਝਾਅ ਦਿੰਦਾਵਿਧਾਇਕ ਇਹ ਵੀ ਭੁੱਲ਼ ਗਿਆ ਕਿ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ, ਰੱਖਿਆ ਕਰਨੀ, ਨਸ਼ਿਆਂ ਦੇ ਸਾਧਨ ਉਪਲਬਧ ਕਰਵਾਉਣੇ, ਇਹ ਕੰਮ ਤੱਥ, ਤਰਕ ਅਤੇ ਮਾਨਵੀ ਕਦਰਾਂ ਕੀਮਤਾਂ ਦੇ ਅਧਾਰ ’ਤੇ ਅਨੈਤਿਕ ਕਾਰਜ ਹੈਇਸ ਵੇਲੇ ਤਾਂ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਿਸਾਨ ਨੂੰ ਡੀ.ਏ.ਵੀ.ਪੀ. ਦੀ ਘਾਟ ਹੋ ਸਕਦੀ ਹੈ, ਪਰ ਨਸ਼ੇ ਦੀ ਨਹੀਂ ਇੱਕ ਨਸ਼ਾ ਮੁਕਤ ਹੋਏ ਨੌਜਵਾਨ ਨੇ ਲੋਕਾਂ ਦੇ ਇੱਕ ਭਰਵੇਂ ਇਕੱਠ ਵਿੱਚ ਇਹ ਪ੍ਰਗਟਾਵਾ ਕੀਤਾ ਸੀ, “ਘਰ ਵਿੱਚ ਰੋਟੀ ਪਕਾਉਣ ਲਈ ਦੁਕਾਨ ਤੋਂ ਆਟਾ ਲਿਆਉਣ ਵਿੱਚ ਦੇਰ ਲੱਗ ਸਕਦੀ ਹੈ ਪਰ ਨਸ਼ੇ ਦੀ ਤਾਂ ਟੈਲੀਫੋਨ ਕਰਨ ਨਾਲ ਹੀ ਹੋਮ ਡਲਿਵਰੀ ਹੋ ਜਾਂਦੀ ਹੈ।”

ਇਸ ਵੇਲੇ ਪੰਜਾਬ ਦੇ ਬਜ਼ੁਰਗਾਂ ਦੀ ਚਿੱਟੀ ਦਾਹੜੀ ਹੰਝੂਆਂ ਨਾਲ ਭਰੀ ਹੋਈ ਹੈਕਿਤੇ ਨਸ਼ੇ ਵਿੱਚ ਓਵਰਡੋਜ਼ ਦਾ ਟੀਕਾ, ਕਿਤੇ ਦਿਲ ਦੇ ਨੇੜੇ ਟੀਕਾ ਲਾਉਣ ਦੀ ਕੋਸ਼ਿਸ਼, ਕਿਤੇ ਝਾੜੀਆਂ ਵਿੱਚ ਫਸੀ ਨਸ਼ਈ ਦੀ ਲਾਸ਼, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਪੱਥਰਾਂ ਨੂੰ ਵੀ ਰੁਆਉਣ ਵਾਲੀਆਂ ਫੋਟੋਆਂ, ਸਦਾ ਲਈ ਸੌਂ ਚੁੱਕੇ ਬਾਪ ਨੂੰ ਚਿੰਬੜਿਆ ਮਾਸੂਮ ਬੱਚਾ ਜਦੋਂ ਬਾਪ ਨੂੰ ਹਲੂਣ ਕੇ ਇੰਜ ਕਹਿੰਦਾ ਹੈ, “ਭਾਪਾ, ਮੈਨੂੰ ਸਕੂਲ ਛੱਡ ਆਓ” ਤਾਂ ਵੇਖਣ ਵਾਲਿਆਂ ਦੀਆਂ ਵੀ ਭੁੱਬਾਂ ਨਿਕਲ ਜਾਂਦੀਆਂ ਨੇਅਣਵਿਆਹੇ ਇਕਲੌਤੇ ਮ੍ਰਿਤਕ ਵੀਰ ਦੇ ਮੱਥੇ ’ਤੇ ਸਿਹਰਾ ਬੰਨ੍ਹਦੀ ਭੈਣ ਖੂਨ ਦੇ ਅੱਥਰੂ ਕੇਰਦੀ ਹੈਵਿਹੜੇ ਵਿੱਚ ਵਿਛੇ ਸੱਥਰ ’ਤੇ ਇਹ ਪ੍ਰਸ਼ਨ ਧੁਖ ਰਹੇ ਨੇ ਕਿ ਇਹ ਕਿਹੋ ਜਿਹਾ ਵਿਕਾਸ ਹੈ, ਜਿਸਨੇ ਜਵਾਨੀ ਹੀ ਨਿਗਲ ਲਈ ਹੈਨਸ਼ਿਆਂ ਕਾਰਨ ਅਜਿਹੀ ਦਰਦਨਾਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਨ ਦੀ ਥਾਂ ਪੰਜਾਬ ਨੂੰ ਅਫੀਮ ਜਿਹੇ ਇੱਕ ਹੋਰ ਤੋਹਫ਼ੇ ਦਾ ਜ਼ਿਕਰ ਪਵਿੱਤਰ ਸਦਨ ਵਿੱਚ ਕਰਨਾ ਪੰਜਾਬੀਆਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੀ ਤਰ੍ਹਾਂ ਹੈ

ਦਰਅਸਲ ਪੋਸਤ ਦੀ ਖੇਤੀ ਰਾਹੀਂ ਅਫੀਮ ਤਿਆਰ ਕੀਤੀ ਜਾਂਦੀ ਹੈ1985 ਵਿੱਚ ਅਫੀਮ ਦੇ ਮਾਰੂ ਅਸਰਾਂ ਕਾਰਨ ਪੋਸਤ ਦੀ ਖੇਤੀ ਉੱਤੇ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਉਸ ਸਮੇਂ ਤੋਂ ਲਗਾਤਾਰ ਜਾਰੀ ਹੈਇਸ ਵੇਲੇ ਉੱਤਰ ਪ੍ਰਦੇਸ, ਮੱਧ ਪ੍ਰਦੇਸ ਅਤੇ ਰਾਜਿਸਥਾਨ ਵਿੱਚ ਸਰਕਾਰ ਵੱਲੋਂ ਪੋਸਤ ਦੀ ਖੇਤੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੋਈ ਹੈਪਾਬੰਦੀ ਦੇ ਬਾਵਜੂਦ ਪੰਜਾਬ ਵਿੱਚ ਚੋਰੀ ਛੁਪੇ ਪੋਸਤ ਦੀ ਖੇਤੀ ਕੀਤੀ ਜਾਂਦੀ ਹੈਹਾਲਾਂ ਕੁਝ ਦਿਨ ਪਹਿਲਾਂ ਹੀ ਕਪੂਰਥਲਾ, ਸੰਗਰੂਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਪੋਸਤ ਦੀ ਨਜਾਇਜ਼ ਖੇਤੀ ਦੇ ਕਈ ਕੇਸ ਸਾਹਮਣੇ ਆਏ ਹਨ

ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈਉਸ ਦੇਸ਼ ਦੀ ਪਛਾਣ ‘ਚੀਨ ਅਫੀਮਚੀ’ ਵਜੋਂ ਬਣ ਗਈ ਸੀਅਫੀਮ ਦਾ ਝੱਸ ਪੂਰਾ ਕਰਨ ਲਈ ਉੱਥੋਂ ਦੇ ਲੋਕ ਆਪਣੇ ਬੱਚੇ ਵੇਚਣ ਦੇ ਨਾਲ ਨਾਲ ਔਰਤਾਂ ਆਪਣੀ ਇੱਜ਼ਤ ਵੀ ਦਾਅ ’ਤੇ ਲਾ ਰਹੀਆਂ ਸਨਉਸ ਦੇਸ਼ ਦੇ ਆਗੂ ਮਾਉਜ਼ੇਤੁੰਗ ਨੇ ਗੰਭੀਰ ਹੋ ਕੇ ਸੋਚਿਆ ਕਿ ਅਜਿਹੀ ਮਾੜੀ ਹਾਲਤ ਵਿੱਚ ਤਾਂ ਚੀਨ ਦੀਆਂ ਨਸਲਾਂ ਹੀ ਖਤਮ ਹੋ ਜਾਣਗੀਆਂ ਅਤੇ ਦੇਸ਼ ਅਤੇ ਵਿਦੇਸ਼ੀ ਤਾਕਤਾਂ ਕਬਜ਼ਾ ਕਰ ਲੈਣਗੀਆਂਉਸਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆਦੇਸ਼ ਦੇ ਚੇਤੰਨ ਵਰਗ, ਸਮਾਜ ਸੇਵਕ, ਸਦਬੁੱਧੀ ਰਾਜਨੀਤਕ ਲੋਕਾਂ ਨੂੰ ਨਾਲ ਲੈ ਕੇ ਉਸਨੇ 1949 ਵਿੱਚ ਅਫੀਮ ਦੇ ਖਾਤਮੇ ਲਈ ਸੁਹਿਰਦ ਯਤਨ ਕੀਤੇ ਨਸ਼ਈਆਂ ਦਾ ਸਰਕਾਰੀ ਤੌਰ ’ਤੇ ਮੁਫ਼ਤ ਇਲਾਜ ਕਰਵਾਇਆਨਸ਼ੇ ਦੇ ਤਸਕਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਰੁਜ਼ਗਾਰ ਲਈ ਬਦਲਵਾਂ ਪ੍ਰਬੰਧ ਕੀਤਾਜਿਹੜੇ ਤਸਕਰ ਫਿਰ ਵੀ ਤਸਕਰੀ ਦੇ ਧੰਦੇ ਤੋਂ ਨਾ ਹਟੇ, ਉਨ੍ਹਾਂ ਨੂੰ ਕਰੜੀਆਂ ਸਜ਼ਾਵਾਂ ਦੇ ਕੇ ਮੰਗ ਅਤੇ ਸਪਲਾਈ ਲਾਈਨ ਨੂੰ ਤੋੜਿਆ1949 ਤੋਂ 1951 ਤਕ ਚੱਲੀ ਇਸ ਜ਼ੋਰਦਾਰ ਮੁਹਿੰਮ ਉਪਰੰਤ ਚੀਨ ਅਫੀਮ ਮੁਕਤ ਹੋਇਆਇਸ ਵੇਲੇ ਚੀਨ ਸੰਸਾਰ ਦੇ ਸਿਰਮੌਰ ਤਾਕਤਵਰ ਦੇਸ਼ਾਂ ਵਿੱਚ ਸ਼ਾਮਲ ਹੈ ਅਤੇ ਉਸਨੇ ਹਰ ਖੇਤਰ ਵਿੱਚ ਤਰੱਕੀ ਦੀਆਂ ਸਿਖਰਾਂ ਨੂੰ ਛੁਹਿਆ ਹੈ

ਪੰਜਾਬ ਦਾ ਦੁਖਾਂਤਕ ਪੱਖ ਇਹ ਹੈ ਕਿ ਅਬਾਦੀ ਪੱਖੋਂ ਦੇਸ਼ ਦੀ ਕੁੱਲ ਆਬਾਦੀ ਦਾ 2.21% ਪੰਜਾਬ ਵਾਸੀ ਹਨਪਰ ਓਵਰਡੋਜ਼ ਨਾਲ ਹੋਈਆਂ ਮੌਤਾਂ ਵਿੱਚ ਭਾਰਤ ਵਿੱਚ ਹੋਈਆਂ ਕੁੱਲ ਮੌਤਾਂ ਦਾ 22% ਇਕੱਲੇ ਪੰਜਾਬ ਦਾ ‘ਯੋਗਦਾਨ’ ਹੈਇੱਕ ਸਰਵੇਖਣ ਅਨੁਸਾਰ ਸਾਡੇ ਨੌਜਵਾਨਾਂ ਦੇ ਵਿਦੇਸ਼ੀ ਰੁਝਾਨ ਦੇ ਕਾਰਨਾਂ ਵਿੱਚ 12.12% ਪਰਿਵਾਰਾਂ ਨੇ ਪੰਜਾਬ ਵਿੱਚ ਫੈਲੇ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਸ਼ੁਰੂ ਕੀਤਾ ਹੈਸੂਬੇ ਦੀਆਂ ਸਮਾਜਿਕ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਨੇ 18.19% ਪੰਜਾਬੀਆਂ ਨੂੰ ਵਿਦੇਸ਼ ਜਾਣ ਲਈ ਮਜਬੂਰ ਕੀਤਾਪੰਜਾਬ ਵਿੱਚ ਵਧ ਰਹੇ ਅਪਰਾਧਾਂ ਤੋਂ ਦੁਖੀ ਹੋ ਕੇ 3.37% ਪੰਜਾਬ ਦੇ ਲੋਕਾਂ ਨੇ ਵਿਦੇਸ਼ ਦਾ ਰੁਖ ਇਖਤਿਆਰ ਕੀਤਾਅਜਿਹੀ ਹਾਲਤ ਵਿੱਚ ਹਵਾਈ ਅੱਡਿਆਂ ’ਤੇ ਭੀੜ ਲਗਾਤਾਰ ਵਧ ਰਹੀ ਹੈਇਸ ਵੇਲੇ ਜਵਾਨੀ ਦਾ ਤਿਹਰਾ ਘਾਣ ਹੋ ਰਿਹਾ ਹੈਨਸ਼ਿਆਂ ਕਾਰਨ ਮੌਤਾਂ, ਜਵਾਨੀ ਤਸਕਰਾਂ ਦੀ ਝੋਲੀ ਵਿੱਚ ਅਤੇ ਜਾਂ ਫਿਰ ਪਰਵਾਸਇਹ ਸਭ ਕੁਝ ਪੰਜਾਬ ਲਈ ਸ਼ੁਭ ਸ਼ਗਨ ਨਹੀਂ ਹਨਵਿਸ਼ਵ ਬੈਂਕ ਵੱਲੋਂ ਜਿਨ੍ਹਾਂ ਦਸ ਸੂਬਿਆਂ ਨੂੰ ਵਿਕਾਸਸ਼ੀਲ ਮੰਨਿਆ ਗਿਆ ਹੈ, ਉਨ੍ਹਾਂ ਵਿੱਚੋਂ ਪੰਜਾਬ ਦਾ ਨਾਂ ਅਲੋਪ ਹੈਇੱਕ ਹੋਰ ਸਰਵੇਖਣ ਅਨੁਸਾਰ ਪੰਜਾਬੀ ਨੌਜਵਾਨ ਕਿਰਤ ਸੱਭਿਆਚਾਰ ਅਤੇ ਹੋਰ ਉਸਾਰੂ ਕਾਰਜਾਂ ਵਿੱਚ ਦੇਸ਼ ਦੇ ਪਛੜੇ ਹੋਏ ਸੂਬਿਆਂ ਦੀ ਕਤਾਰ ਵਿੱਚ ਸ਼ਾਮਲ ਹਨ

ਜਿੱਥੋਂ ਤਕ ਪੰਜਾਬ ਵਿੱਚ ਅਫੀਮ ਦੀ ਖੇਤੀ ਦਾ ਸਵਾਲ ਹੈ, ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਓਟ ਸੈਂਟਰਾਂ ਵਿੱਚ ਨਸ਼ਈ ਮਰੀਜ਼ਾਂ ਨੂੰ ਬੁਪਰੀਨੌਰਫੀਨ (ਜੀਭ ਤੇ ਰੱਖਣ ਵਾਲੀ ਗੋਲੀ) ਮੁਫ਼ਤ ਦਿੱਤੀ ਜਾਂਦੀ ਹੈਇਸ ਦਵਾਈ ਵਿੱਚ ਅਫੀਮ ਦਾ ਸੋਧਿਆ ਹੋਇਆ ਸਾਲਟ ਸ਼ਾਮਲ ਹੈਇਸ ਦਵਾਈ ਦੀ ਵੰਡ ਲਈ 102 ਕਰੋੜ ਸਾਲਾਨਾ ਦਾ ਬੱਜਟ ਰੱਖਿਆ ਗਿਆ ਹੈਗੋਲੀ ਲੈਣ ਲਈ ਓਟ ਸੈਂਟਰਾਂ ਵਿੱਚ ਨਸ਼ਈਆਂ ਦੀ ਭੀੜ ਲੱਗੀ ਰਹਿੰਦੀ ਹੈਪਰ ਇਸ ਗੋਲੀ ਨਾਲ ਨਸ਼ਾ ਛੱਡਣ ਦਾ ਨਤੀਜਾ 1% ਹੈ ਭਲਾ, ਜੇ ਰਿਉੜੀਆਂ ਦੀ ਤਰ੍ਹਾਂ ਅਫੀਮ ਤੋਂ ਕਿਤੇ ਜ਼ਿਆਦਾ ਮਾਤਰਾ ਵਾਲੀ ਗੋਲੀ ਲੈਕੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ, ਫਿਰ ਅਫੀਮ ਦੀ ਖੇਤੀ ਪੰਜਾਬ ਨੂੰ ਕਿੰਜ ਨਸ਼ਾ ਮੁਕਤ ਕਰੇਗੀ? ਇਹ ਸਵਾਲ ਸਮਝ ਤੋਂ ਬਾਹਰ ਹੈਪੰਜਾਬ ਵਿੱਚ ਅਫੀਮ/ਪੋਸਤ ਦੀ ਬਲੈਕ ਵੱਡੇ ਪੱਧਰ ’ਤੇ ਜਾਰੀ ਹੈਪਿਛਲੇ ਦਿਨੀਂ ਜਲੰਧਰ ਤੋਂ ਦੋ ਹਜ਼ਾਰ ਕਿਲੋ ਅਫੀਮ ਕੈਨੇਡਾ ਭੇਜਣ ਦੇ ਮਾਮਲੇ ਵਿੱਚ 9 ਕਰੋੜ ਰੁਪਏ ਦਾ ਦੇਣ ਲੈਣ ਸਾਹਮਣੇ ਆਇਆ ਹੈਇਸ ਸੰਬੰਧ ਵਿੱਚ 30 ਬੈਂਕ ਖਾਤੇ ਵੀ ਸੀਲ ਕੀਤੇ ਗਏ ਹਨ

ਕੁਝ ਸਮਾਂ ਪਹਿਲਾਂ ਮੁਕਤਸਰ ਤੋਂ ਰਾਜਿਸਥਾਨ ਦੇ ਫਲੌਂਦੀ ਇਲਾਕੇ ਤੋਂ ਅਫੀਮ/ਭੁੱਕੀ ਲਿਆਉਣ ਵਾਲੇ ਮਰਦਾਂ-ਔਰਤਾਂ ਨਾਲ ਭਰੀ ਬੱਸ ਫੜੀ ਗਈ ਸੀਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਸ ਬੱਸ ਦਾ ਨਾਂ ਹੀ ਨਸ਼ਈਆਂ ਨੇ ‘ਭੁੱਕੀ ਐਕਸਪ੍ਰੈੱਸ’ ਰੱਖਿਆ ਹੋਇਆ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਲੋਕ ਸੀਟ ਬੁੱਕ ਕਰਵਾਕੇ ਭੁੱਕੀ ਐਕਸਪ੍ਰੈੱਸ ਦੀ ਸਵਾਰੀ ਕਰਦੇ ਸਨਇਵੇਂ ਹੀ ਬਠਿੰਡਾ ਤੋਂ ਜਾਖਲ ਨੂੰ ਜਾਂਦੀ ਟਰੇਨ ’ਤੇ ਚੜ੍ਹਕੇ ਲੋਕ ਹਰਿਆਣੇ ਤੋਂ ਸਸਤੀ ਸ਼ਰਾਬ ਲਿਆਉਣ ਲੱਗ ਪਏ ਸਨ ਅਤੇ ਟਰੇਨ ਦਾ ਨਾਂ ਵੀ ਨਸ਼ਈਆਂ ਨੇ ‘ਲਾਲ ਪਰੀ ਐਕਸਪ੍ਰੈੱਸ’ ਰੱਖ ਲਿਆ ਸੀ

ਪੰਜਾਬ ਸਰਕਾਰ ਨੂੰ ਇਹ ਗੱਲ ਗੰਭੀਰ ਹੋ ਕੇ ਸੋਚਣੀ ਪਵੇਗੀ ਕਿ ਵਿਕਾਸ ਨਿਰਾ ਗਲੀਆਂ, ਨਾਲੀਆਂ, ਫਲਾਈਓਵਰ, ਸੜਕਾਂ ਜਾਂ ਪੁਲਾਂ ਦੀ ਉਸਾਰੀ ਨਾਲ ਨਹੀਂ ਹੁੰਦਾ ਭਲਾ ਜੇ ਇਸਦੀ ਵਰਤੋਂ ਕਰਨ ਵਾਲੇ ਹੀ ਨਾ ਰਹੇ, ਫਿਰ ਇਹ ‘ਵਿਕਾਸਕਿਸ ਕੰਮ ਆਵੇਗਾ? ਅਫੀਮ, ਸ਼ਰਾਬ, ਚਿੱਟੇ ਦੀਆਂ ਪੁੜੀਆਂ ਅਤੇ ਹੋਰ ਮਾਰੂ ਨਸ਼ਿਆਂ ਦੀ ਸਪਲਾਈ ਲਾਈਨ ’ਤੇ ਬੁਰੀ ਤਰ੍ਹਾਂ ਸੱਟ ਮਾਰਕੇ ਹੀ ਜਵਾਨੀ ਦੇ ਘਾਣ ਨੂੰ ਬਚਾਇਆ ਜਾ ਸਕਦਾ ਹੈਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ ਅਤੇ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4862)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author