“ਕੀ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਨਸ਼ਿਆਂ ਨੂੰ ਠੱਲ੍ਹ ਪਈ ਹੈ? ਪੰਜਾਬ ਦੇ ਪੁਲਿਸ ਮੁਖੀ ਨੇ ...”
(25 ਜੂਨ 2025)
ਪੰਜਾਬ ਵਿੱਚ ਸੋਲਾਂ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ। ਹਰ ਚੋਣ ਵਿੱਚ ਸਿਆਸੀ ਆਗੂਆਂ ਨੇ ਵਾਅਦਿਆਂ ਅਤੇ ਦਾਅਵਿਆਂ ਦੀ ਹਨੇਰੀ ਲਿਆਂਦੀ ਹੈ। ਪੰਜਾਬੀਆਂ ਦਾ ਦੁਖਾਂਤ ਰਿਹਾ ਹੈ ਕਿ ਉਹ ਸਿਆਸੀ ਆਗੂਆਂ ਦੇ ਲਾਰੇ ਅਤੇ ਵਿਖਾਏ ਸਬਜ਼ਬਾਗਾਂ ਦੇ ਝਾਂਸੇ ਵਿੱਚ ਆਉਂਦੇ ਰਹੇ ਹਨ। ਨਤੀਜਾ ਇਹ ਰਿਹਾ ਕਿ ਪੰਜਾਬ ਹਾਰਦਾ ਰਿਹਾ ਅਤੇ ਸਿਆਸੀ ਆਗੂ ਜਿੱਤਦੇ ਰਹੇ। ਚੋਣ ਮੈਨੀਫੈਸਟੋ ਬਾਅਦ ਵਿੱਚ ਧੂੜ ਦਾ ਸ਼ਿਕਾਰ ਹੁੰਦੇ ਰਹੇ। ਆਗੂਆਂ ਦੀਆਂ ਉਸਾਰੀਆਂ ਕੋਠੀਆਂ ਅਤੇ ਲੋਕਾਂ ਦੇ ਘਰਾਂ ਵਿਚਕਾਰ ਦੂਰੀਆਂ ਵਧਦੀਆਂ ਗਈਆਂ।
ਪੰਦਰ੍ਹਵੀਂਆਂ ਵਿਧਾਨ ਸਭਾ ਚੋਣਾਂ ਤਕ ਲੋਕ ਰਿਸ਼ਵਤਖੋਰੀ, ਕੁਨਬਾਪਰਵਾਰੀ, ਨਸ਼ੇ, ਬੇਰੁਜ਼ਗਾਰੀ, ਪਰਵਾਸ, ਗੁਰਬਤ, ਗੈਂਗਸਟਰਵਾਦ, ਡਰੱਗ ਮਾਫ਼ੀਆ, ਜ਼ਮੀਨ ਮਾਫ਼ੀਆ, ਰੇਤ ਮਾਫ਼ੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਰਾਜਨੀਤਕ ਉਲਝਣਾ ਤੋਂ ਤੰਗ ਆ ਚੁੱਕੇ ਸਨ। ਨਵੀਂ ਪਾਰਟੀ ‘ਆਮ ਆਦਮੀ ਪਾਰਟੀ’ ਨੇ ਬਦਲਾਅ ਦਾ ਨਾਅਰਾ ਦਿੱਤਾ। ਲੋਕਾਂ ਦੇ ਸੇਵਕ ਬਣਕੇ ਇਹ ਸਾਰੀਆਂ ਬੁਰਾਈਆਂ ਦੂਰ ਕਰਕੇ ਇੱਕ ਖੁਸ਼ਹਾਲ ਪੰਜਾਬ ਸਿਰਜਣ ਦਾ ਦ੍ਰਿੜ੍ਹ ਸੰਕਲਪ ਦੁਹਰਾਇਆ। ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਜੜ੍ਹਾਂ ਤੋਂ ਖ਼ਤਮ ਕਰਕੇ ਨੌਜਵਾਨਾਂ ਨੂੰ ਸਹੀ ਦਸ਼ਾ ਅਤੇ ਦਿਸ਼ਾ ਦੇਣ ਦੇ ਨਾਲ ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦਾ ਵਾਅਦਾ ਵੀ ਕੀਤਾ ਗਿਆ। ਲੋਕਾਂ ਨੇ ਬਦਲਾਅ ਦੇ ਨਾਅਰੇ ਨੂੰ ਪੂਰਾ ਸਮਰਥਨ ਦੇਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ। 16 ਮਾਰਚ 2022 ਨੂੰ ਮਾਨ ਸਰਕਾਰ ਹੋਂਦ ਵਿੱਚ ਆਈ। ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਅੱਗੇ ਕੇਸਰੀ ਪੱਗ ਬੰਨ੍ਹ ਕੇ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਿਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਦ੍ਰਿੜ੍ਹ ਸੰਕਲਪ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ।
ਦੁਖਾਂਤਕ ਪਹਿਲੂ ਇਹ ਹੈ ਕਿ ਇੱਕ ਪਾਸੇ ਨਸ਼ਿਆਂ ਕਾਰਨ ਸਿਵਿਆਂ ਵਿੱਚ ਭੀੜ ਵਧਦੀ ਰਹੀ, ਮਾਪੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦਿੰਦੇ ਰਹੇ, ਸੱਥਰਾਂ ’ਤੇ ਬੈਠੇ ਲੋਕ ਪ੍ਰਸ਼ਨ ਕਰ ਰਹੇ ਸਨ ਕਿ ਇਹ ਕਿਹੋ ਜਿਹਾ ‘ਵਿਕਾਸ’ ਹੈ ਜਿਸਨੇ ਵਸਦੇ ਘਰਾਂ ਦੀ ਰੌਣਕ ਖੋਹ ਲਈ ਹੈ। ਲੋਕਾਂ ਦੇ ਘਰਾਂ ਵਿੱਚ ਚੁੱਲ੍ਹਿਆਂ ’ਤੇ ਘਾਹ ਉੱਗ ਰਿਹਾ ਹੈ, ਨਸ਼ਿਆਂ ਕਾਰਨ ਨੌਜਵਾਨ ਬੇਰਾਂ ਵਾਂਗ ਝੜ ਰਹੇ ਹਨ। ਖਾਲੀ ਪਲਾਟਾਂ, ਸੜਕਾਂ, ਸੁੰਨਸਾਨ ਪਏ ਸਟੇਡੀਅਮ, ਝਾੜੀਆਂ ਜਾਂ ਵਿਰਾਨ ਪਈਆਂ ਖੰਡਰ-ਨੁਮਾ ਇਮਾਰਤਾਂ ਵਿੱਚ ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਤਾਂ ਨੌਜਵਾਨ ਦੀ ਮੌਤ ’ਤੇ ਸ਼ਮਸ਼ਾਨ ਭੂਮੀ ਵਿੱਚ ਚਿਖਾ ਨੂੰ ਅਗਨ ਭੇਂਟ ਕਰਨ ਤੋਂ ਪਹਿਲਾਂ ਗੁਰੁਦੁਆਰਾ ਸਾਹਿਬ ਦੇ ਭਾਈ ਜੀ ਵੱਲੋਂ ਅਰਦਾਸ ਕੀਤੀ ਗਈ ਅਤੇ ਫਿਰ ਉਹ ਮਜਲਸ ਵਿੱਚ ਆਏ ਲੋਕਾਂ ਵੱਲ ਮੂੰਹ ਕਰਕੇ ਭੁੱਬੀਂ ਰੋ ਪਿਆ। ਫਿਰ ਹਟਕੋਰੇ ਭਰਦਿਆਂ ਕਿਹਾ, “ਸਾਧ ਸੰਗਤ ਜੀ, ਮੈਂਥੋਂ ਹੁਣ ਹੋਰ ਅਰਦਾਸਾਂ ਨਹੀਂ ਕੀਤੀਆਂ ਜਾਂਦੀਆਂ, ਦੂਜੇ-ਤੀਜੇ ਦਿਨ ਨਸ਼ਾ ਪਿੰਡ ਦੇ ਨੌਜਵਾਨਾਂ ਦੀ ਬਲੀ ਲੈ ਰਿਹਾ ਹੈ, ਕੋਈ ਹੀਲਾ ਕਰੋ। ਨਹੀਂ ਫਿਰ ਪਿੰਡ ਵਿੱਚ ਸਿਹਰਾ ਬੰਨ੍ਹਣ ਲਈ ਕੋਈ ਗੱਭਰੂ ਨਹੀਂ ਲੱਭਣਾ।” ਇੱਕ ਹੋਰ ਪਿੰਡ ਵਿੱਚ ਭਾਈ ਜੀ ਅਨਾਊਂਸਮੈਂਟ ਕਰ ਰਿਹਾ ਸੀ, “ਭਾਈ ਸਾਡੇ ਪਿੰਡ ਦੇ ਬਹੁਤ ਸਾਰੇ ਮੁੰਡੇ ਨਸ਼ੇ ਦੀ ਕਰੋਪੀ ਦਾ ਸ਼ਿਕਾਰ ਹੋ ਗਏ ਹਨ। ਕਈ ਏਡਜ਼ ਦੇ ਮਰੀਜ਼ ਵੀ ਹੋ ਗਏ ਹਨ। ਅਸੀਂ ਉਨ੍ਹਾਂ ਦੇ ਇਲਾਜ ਲਈ ਸਿਰਤੋੜ ਯਤਨ ਕਰ ਰਹੇ ਹਾਂ। ਆਲੇ ਦੁਆਲੇ ਦੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਹਾਲਾਂ ਸਾਡੇ ਪਿੰਡ ਵਿੱਚ ਕੋਈ ਕੁੜੀ ਦਾ ਰਿਸ਼ਤਾ ਨਾ ਕਰਨ ਆਵੇ।” ਪਰ ਦੂਜੇ ਪਾਸੇ ਮੁੱਖ ਮੰਤਰੀ ਹਰ 15 ਅਗਸਤ ਅਤੇ 26 ਜਨਵਰੀ ਨੂੰ ਝੰਡਾ ਲਹਿਰਾਉਣ ਉਪਰੰਤ ਰੋਡ ਮੈਪ ਦਾ ਜ਼ਿਕਰ ਕਰਦਿਆਂ ਵਾਅਦਾ ਕਰਦੇ ਰਹੇ ਕਿ ਨਸ਼ਾ ਮੁਕਤੀ ਲਈ ਅਸੀਂ ਵਿਆਪਕ ਪੱਧਰ ’ਤੇ ਕੋਸ਼ਿਸ਼ਾਂ ਕਰ ਰਹੇ ਹਾਂ। ਭਵਿੱਖ ਵਿੱਚ ਪੰਜਾਬ ਦੇ ਬੇਰੁਜ਼ਗਾਰ ਟਿਫਨ ਲੈਕੇ ਕੰਮ ’ਤੇ ਜਾਣਗੇ ਅਤੇ ਨਾਲ ਹੀ ਵਿਦੇਸ਼ਾਂ ਵਿੱਚੋਂ ਵੀ ਕੰਮ ਕਰਨ ਲਈ ਕਾਮੇ ਇੱਥੇ ਆਉਣਗੇ। ਪਰ ਇਹ ਬਿਆਨ ਸਿਰਫ ਖਾਨਾ ਪੂਰਤੀ ਬਣਕੇ ਰਹਿ ਗਏ।
ਸਮੇਂ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਦੂਜੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਸਖ਼ਤ ਸੰਦੇਸ਼ ਵੀ ਦਿੱਤਾ ਕਿ ਜਿਹੜੇ ਨਸ਼ਾ ਵੇਚਦੇ ਹਨ, ਉਨ੍ਹਾਂ ਸਬੰਧੀ ਲੋਕਾਂ ਨੂੰ ਤਾਂ ਪਤਾ ਹੈ ਫਿਰ ਪੁਲਿਸ ਨੂੰ ਕਿਉਂ ਨਹੀਂ ਪਤਾ? ਹੇਠਲੀ ਪੱਧਰ ’ਤੇ ਪੁਲਿਸ ਦੀ ਤਸਕਰਾਂ ਨਾਲ ਮਿਲੀ ਭੁਗਤ ਸਬੰਧੀ ਵੀ ਵਿਚਾਰ ਵਟਾਂਦਰੇ ਹੁੰਦੇ ਰਹੇ। ਥਾਣਿਆਂ ਦੇ ਬਹੁਤ ਸਾਰੇ ਕਰਮਚਾਰੀਆਂ ਨੂੰ ਬਦਲ ਕੇ ਇੱਧਰ-ਉੱਧਰ ਵੀ ਕੀਤਾ ਗਿਆ। 8 ਨਵੰਬਰ 2024 ਨੂੰ ਪੰਜਾਬ ਦੇ 19 ਜ਼ਿਲ੍ਹਿਆਂ ਦੇ 10031 ਸਰਪੰਚਾਂ ਨਾਲ ਲੁਧਿਆਣਾ ਲਾਗੇ ਮੁੱਖ ਮੰਤਰੀ ਵੱਲੋਂ ਸਹੁੰ ਚੁੱਕ ਸਮਾਗਮ ਉਪਰੰਤ ਸਰਪੰਚਾਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਨਸ਼ੇ ਦਾ ਮੁੱਦਾ ਭਾਰੂ ਰਿਹਾ ਅਤੇ ਸਰਪੰਚਾਂ ਨੇ ਇਸ ਸਬੰਧ ਵਿੱਚ ਸਥਿਤੀ ਦਾ ਵਰਣਨ ਕਰਦਿਆਂ ਕਿਹਾ ਕਿ ਨਸ਼ਿਆਂ ਕਾਰਨ ਲੋਕ ਖ਼ੌਫ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਲੁੱਟਾਂ ਖੋਹਾਂ ਦੇ ਨਾਲ ਨਾਲ ਖੇਤਾਂ ਵਿੱਚੋਂ ਮੋਟਰਾਂ ਅਤੇ ਟਰਾਂਸਫਾਰਮਰ ਵੀ ਚੋਰੀ ਹੋ ਰਹੇ ਹਨ। ਨਸ਼ਈ ਹਥਿਆਰਾਂ ਨਾਲ ਲੈਸ ਹੋਣ ਕਾਰਨ ਜ਼ਿਮੀਂਦਾਰਾਂ ਉੱਤੇ ਜਾਨ ਲੇਵਾ ਹਮਲੇ ਵੀ ਕਰਦੇ ਹਨ। ਔਰਤਾਂ ਦੇ ਪਰਸ ਅਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਨਸ਼ੇ ਦੇ ਤਸਕਰ ਅਮਨ ਕਾਨੂੰਨ ਦੀ ਸਥਿਤੀ ਲਈ ਗੰਭੀਰ ਖਤਰਾ ਬਣ ਗਏ ਹਨ। ਸਰਪੰਚਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਤਸਕਰਾਂ ਨਾਲ ਮਿਲੀ ਭੁਗਤ ਦਾ ਜ਼ਿਕਰ ਵੀ ਕੀਤਾ। ਉਸ ਵੇਲੇ ਵੀ ਪੰਚਾਇਤਾਂ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ ਗਿਆ ਅਤੇ ਨਾਲ ਹੀ ਇਹ ਭਰੋਸਾ ਵੀ ਦਿੱਤਾ ਗਿਆ ਕਿ ਪੰਜਾਬ ਸਰਕਾਰ ਇਸ ਮੰਤਵ ਲਈ ਤੁਹਾਡੀ ਪਿੱਠ ’ਤੇ ਖੜ੍ਹੀ ਹੋਵੇਗੀ।
ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਮਬੰਦ ਹੋਕੇ 1 ਮਾਰਚ 2025 ਤੋਂ ਨਸ਼ਿਆਂ ਵਿਰੁੱਧ ਯੁੱਧ ਦਾ ਬਿਗਲ ਵਜਾ ਦਿੱਤਾ। ਪੁਲਿਸ ਅਧਿਕਾਰੀਆਂ ਨੂੰ ਇਹ ਵੀ ਸਖ਼ਤ ਆਦੇਸ਼ ਦਿੱਤਾ ਗਿਆ ਕਿ ਜਿਸ ਇਲਾਕੇ ਵਿੱਚ ਨਸ਼ਾ ਤਸਕਰੀ ਹੋਣ ’ਤੇ ਕਾਰਵਾਈ ਨਾ ਕੀਤੀ ਗਈ ਉਸ ਅਧਿਕਾਰੀ ’ਤੇ ਸ਼ਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਯੁੱਧ ਦੀ ਸੀਮਾ ਹੱਦ 31 ਮਈ 2025 ਨਿਸ਼ਚਿਤ ਕੀਤੀ ਗਈ। ਇਸ ਸਬੰਧੀ ਨਸ਼ਾ ਤਸਕਰਾਂ ਦੀ ਫੜੋ ਫੜੀ, ਨਸ਼ਾ ਕਰਨ ਵਾਲਿਆਂ ਨੂੰ ਫੜਕੇ ਜੇਲ੍ਹਾਂ ਜਾਂ ਫਿਰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਨ ਦੀ ਮੁਹਿੰਮ ਜੰਗੀ ਪੱਧਰ ’ਤੇ ਚਾਲੂ ਕੀਤੀ ਗਈ। ਕਈ ਪੁਲਿਸ ਕਰਮਚਾਰੀ, ਜੇਲ੍ਹ ਅਧਿਕਾਰੀ ਅਤੇ ਆਬਕਾਰੀ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਵੀ ਸਾਹਮਣੇ ਆਈ, ਜਿਨ੍ਹਾਂ ਉੱਤੇ ਤੁਰੰਤ ਐਕਸ਼ਨ ਵੀ ਲਿਆ ਗਿਆ। ਸਰਵੇਖਣ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਕਿ ਕਈ ਵੱਡੇ ਤਸਕਰਾਂ ਨੇ ਆਪਣੀਆਂ ਬੇਨਾਮੀ ਜਾਇਦਾਦਾਂ ਵੀ ਭੇਦ ਖੁੱਲ੍ਹਣ ਦੇ ਡਰ ਤੋਂ ਵੇਚ ਦਿੱਤੀਆਂ। ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ’ਤੇ ਬੁਲਡੋਜ਼ਰ ਦਾ ਪੰਜਾ ਫੇਰਨ ਨਾਲ ਇਹ ਸ਼ਖ਼ਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲੇ ਜਾਂ ਤਾਂ ਮੁੱਖ ਧਾਰਾ ਵਿੱਚ ਆ ਜਾਣ ਜਾਂ ਫਿਰ ਜੇਲ਼੍ਹ ਦੀ ਹਵਾ ਖਾਣ ਲਈ ਤਿਆਰ ਰਹਿਣ।
ਪੋਸਟਰਾਂ, ਇਸ਼ਤਿਹਾਰਾਂ, ਸੈਮੀਨਾਰਾਂ ਅਤੇ ਹੋਰਡਿੰਗਾਂ ਰਾਹੀਂ ਨਸ਼ਾ ਮੁਕਤ ਪੰਜਾਬ ਸਿਰਜਣ ਦਾ ਸੁਨੇਹਾ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਅਤੇ ਦੂਜੇ ਅਧਿਕਾਰੀ ਸਰਗਰਮ ਭੂਮਿਕਾ ਨਿਭਾਉਣ ਵਿੱਚ ਯਤਨਸ਼ੀਲ ਰਹੇ। ਸਿਆਸੀ ਆਗੂਆਂ ਦੀ ਬਿਆਨਬਾਜ਼ੀ ਵੀ ਸਾਹਮਣੇ ਆਉਂਦੀ ਰਹੀ। ਕਈ ਥਾਂਵਾਂ ’ਤੇ ਪੁਲਿਸ ਵੱਲੋਂ ਤਸਕਰਾਂ ’ਤੇ ਰੇਡ ਕਰਨ ਸਮੇਂ ਤਸਕਰਾਂ ਨੇ ਪੁਲਿਸ ਪਾਰਟੀ ’ਤੇ ਹਮਲੇ ਵੀ ਕੀਤੇ। ਉਸ ਸਮੇਂ ਪ੍ਰਸ਼ਨ ਵੀ ਉੱਭਰ ਕੇ ਸਾਹਮਣੇ ਆਇਆ ਕਿ ਜਿਹੜੇ ਤਸਕਰ ਪੁਲਿਸ ਨੂੰ ਅੱਖਾਂ ਵਿਖਾਉਂਦੇ ਹਨ, ਉਨ੍ਹਾਂ ਸਾਹਮਣੇ ਨਿਹੱਥੇ ਪੰਚ, ਸਰਪੰਚ, ਨਸ਼ਾ ਰੋਕੂ ਕਮੇਟੀ ਦੇ ਮੈਂਬਰ ਕੀ ਕਰ ਸਕਦੇ ਹਨ?
ਮਿਥੀ ਹੋਈ ਤਾਰੀਖ਼ ਨਿਕਲ ਚੁੱਕੀ ਹੈ। ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਕੀ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਨਸ਼ਿਆਂ ਨੂੰ ਠੱਲ੍ਹ ਪਈ ਹੈ? ਪੰਜਾਬ ਦੇ ਪੁਲਿਸ ਮੁਖੀ ਨੇ 31 ਮਈ, 2025 ਨੂੰ ਪ੍ਰਗਟਾਵਾ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਮੇਂ 8344 ਕੇਸ ਦਰਜ਼ ਕਰਕੇ 14734 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਵਿੱਚ 1696 ਸੂਚੀਬੱਧ ਨਸ਼ਾ ਸਪਲਾਇਰ ਵੀ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ 596 ਕਿਲੋਗ੍ਰਾਮ ਹੈਰੋਇਨ, 247 ਕਿਲੋਗ੍ਰਾਮ ਅਫੀਮ, 14 ਟਨ ਭੁੱਕੀ, 9 ਕਿਲੋਗ੍ਰਾਮ ਚਰਸ, 253 ਕਿਲੋਗ੍ਰਾਮ ਗਾਂਜਾ, 25 ਕਿੱਲੋਗ੍ਰਾਮ ਆਈਸ, 15 ਕਿੱਲੋਗ੍ਰਾਮ ਕੋਕੀਨ, 25.70 ਲੱਖ ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ 10.76 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਮੁਖੀ ਵੱਲੋਂ ਇਹ ਵੀ ਦੱਸਿਆ ਗਿਆ ਕਿ 144 ਨਸ਼ਾ ਤਸਕਰਾਂ ਦੀਆਂ 74.27 ਕਰੋੜ ਦੀਆਂ ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਨੂੰ ਜਾਮ ਕੀਤਾ ਗਿਆ। ਗੈਰ ਕਾਨੂੰਨੀ ਬਣੀਆਂ 104 ਜਾਇਦਾਦਾਂ ’ਤੇ ਬੁਲਡੋਜ਼ਰ ਵੀ ਫਿਰਿਆ। 1127 ਵਿਅਕਤੀਆਂ ਨੂੰ ਐੱਨ.ਡੀ. ਪੀ.ਐੱਸ. ਐਕਟ ਦੀ ਧਾਰਾ 64 ਅਧੀਨ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਭੇਜਿਆ ਗਿਆ। ਜੇਲ੍ਹਾਂ ਦੇ ਸੁਧਾਰ ਲਈ ਅਤੇ ਸਰਹੱਦ ’ਤੇ ਐਂਟੀ ਡਰੋਨ ਲਗਵਾਉਣ ਲਈ 500 ਕਰੋੜ ਦੀ ਰਾਸ਼ੀ ਰਾਖਵੀਂ ਰੱਖਣ ਸਬੰਧੀ ਵੀ ਦੱਸਿਆ ਗਿਆ।
ਇਹ ਸਭ ਅੰਕੜੇ ਭਾਵੇਂ ਪੁਲਿਸ ਦੀ ਕਾਰਗੁਜ਼ਾਰੀ ਦਾ ਚੰਗਾ ਪੱਖ ਹੈ, ਪਰ ਜ਼ਮੀਨੀ ਪੱਧਰ ’ਤੇ ਨਸ਼ਿਆਂ ਦੀ ਅੱਗ ਵਿੱਚ ਜਵਾਨੀ ਹਾਲਾਂ ਵੀ ਝੁਲਸ ਰਹੀ ਹੈ। ਸਿਵਿਆਂ ਦੀ ਅੱਗ ਮੱਠੀ ਨਹੀਂ ਹੋਈ। ਖੂਨ ਦੇ ਅੱਥਰੂ ਕੇਰਦੇ ਮਾਪੇ ਅਤੇ ਵਿਲਕਦੀਆਂ ਮਾਵਾਂ ਦੇ ਵੈਣ ਮਨ ਨੂੰ ਵਲੂੰਧਰ ਰਹੇ ਹਨ। ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਮੇਂ ਜਾਂ ਇਸ ਤੋਂ ਬਾਅਦ ਦੀਆਂ ਨਸ਼ਿਆਂ ਕਾਰਨ ਹੋਈਆਂ ਬਹੁਤ ਸਾਰੀਆਂ ਮੌਤਾਂ ਵਿੱਚ ਕੁਝ ਦਾ ਜ਼ਿਕਰ ਹੀ ‘ਯੁੱਧ ਨਸ਼ਿਆਂ ਵਿਰੁੱਧ’ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।
13 ਮਈ, 2025 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਿਆ ਇਲਾਕੇ ਦੇ ਪੰਜ ਪਿੰਡਾਂ ਵਿੱਚ ਸ਼ਰਾਬ ਦੀ ਹਨੇਰੀ ਨੇ ਕਹਿਰ ਢਾਹ ਕੇ 28 ਵਿਅਕਤੀਆਂ ਨੂੰ ਨਿਗਲ ਲਿਆ। ਦੁਖਾਂਤ ਇਹ ਵੀ ਹੈ ਕਿ ਲੋਕਾਂ ਨੇ ਨਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਮਜੀਠਿਆ ਥਾਣੇ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਸੀ ਪਰ ਪੁਲਿਸ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਰੁੱਝੀ ਹੋਣ ਕਾਰਨ ਇਸ ਪਾਸੇ ਧਿਆਨ ਨਹੀਂ ਦੇ ਸਕੀ ਅਤੇ 28 ਘਰਾਂ ਵਿੱਚ ਸੱਥਰ ਵਿਛ ਗਏ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਦੇ ਅੰਦਾਜ਼ਨ 28.3% ਲੋਕ ਸ਼ਰਾਬ ਪੀਂਦੇ ਹਨ ਅਤੇ ਤੇਰਾਂ ਕਰੋੜ ਰੋਜ਼ਾਨਾ ਪੰਜਾਬੀਆਂ ਦਾ ਸ਼ਰਾਬ ਦੇ ਲੇਖੇ ਲਗਦਾ ਹੈ। ਅੰਦਾਜ਼ਨ ਪੰਜਾਬ ਦੇ ਹਰੇਕ ਪਿੰਡ ਵਿੱਚ 16 ਵਿਧਵਾਵਾਂ ਸ਼ਰਾਬ ਦੀ ਕਰੋਪੀ ਕਾਰਨ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਯੁੱਧ ਨਸ਼ਿਆਂ ਵਿਰੁੱਧ ਦੇ ਆਖਰੀ ਦਿਨ ਮਿਤੀ 31.5.2025 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਖਤੌਰ ਵਾਲਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਫੌਜ ਵਿੱਚੋਂ ਸੂਬੇਦਾਰ ਵਜੋਂ ਸੇਵਾ ਮੁਕਤ ਰਣਬੀਰ ਸਿੰਘ ਨੂੰ ਨਸ਼ੇ ਦੇ ਤਸਕਰਾਂ ਨੇ ਉਸਦੇ ਘਰ ਅੱਗੇ ਹੀ ਛੱਲੀਆਂ ਵਾਂਗ ਕੁੱਟ ਕੇ ਉਸਦੀਆਂ ਦੋਨੋਂ ਲੱਤਾਂ ਤੋੜ ਦਿੱਤੀਆਂ। ਹੁਣ ਉਹ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਉਸਦੇ ਸਾਥੀ ਨੇ ਨਸ਼ੇ ਦੇ ਤਸਕਰਾਂ ਵੱਲੋਂ ਪਾਈ ਦਹਿਸ਼ਤ ਨੂੰ ਦੇਖਦਿਆਂ ‘ਪਿੰਡ ਵਿਕਾਊ ਹੈ’ ਦਾ ਇਸ਼ਤਿਹਾਰ ਕੰਧ ’ਤੇ ਲਾ ਕੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ। ਦੋਸ਼ੀਆਂ ਨੂੰ ਭਾਵੇਂ ਫੜ ਲਿਆ, ਪਰ ਪਿੰਡ ਦੇ ਲੋਕਾਂ ਦੀ ਜ਼ਬਾਨ ’ਤੇ ਹੈ ਕਿ ਪਿੰਡ ਵਿੱਚ ਚਿੱਟਾ ਰਿਉੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ। ਉਸੇ ਦਿਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀ ਕਪੂਰਾ ਦਾ ਨੌਜਵਾਨ ਵੀ ਨਸ਼ੇ ਨੇ ਨਿਗਲ ਲਿਆ। ਗੋਨੇਆਣਾ ਮੰਡੀ ਦੇ ਨਰਿੰਦਰਜੀਤ ਸਿੰਘ ਨੂੰ ਬਠਿੰਡਾ ਦੇ ਸੀ.ਆਈ.ਏ. ਸਟਾਫ ਵੱਲੋਂ ਨਸ਼ੇ ਦੇ ਸ਼ੱਕ ਵਿੱਚ ਫੜਨ ਉਪਰੰਤ ਅੰਨ੍ਹੀ ਮਾਰਕੁੱਟ ਅਤੇ ਤਸੀਹੇ ਦੇਣ ਉਪਰੰਤ ਇਕਲੌਤੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦੇਣ ਨਾਲ ਜਿੱਥੇ ਗੋਨੇਆਣਾ ਮੰਡੀ ਬੰਦ ਰਹੀ, ਉੱਥੇ ਹੀ ਰੋਹ ਭਰੇ ਮੁਜ਼ਾਹਰੇ ਰਾਹੀਂ ਲੋਕਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਸਿਰਫ ਸਰਕਾਰ ਦੀ ਪ੍ਰਚਾਰਬਾਜ਼ੀ ਦੇ ਨਾਲ ਨਾਲ ਪੁਲਿਸ ਦੇ ਜਬਰ ਨੂੰ ਵੀ ਨਿੰਦਿਆ। ਸਤਾ ਪਾਰਟੀ ਨਾਲ ਸਬੰਧਤ ਖੇਮ ਕਰਨ ਇਲਾਕੇ ਦੇ ਪਿੰਡ ਭਗਵਾਨਪੁਰਾ ਦੇ ਸਰਪੰਚ ਨੇ ਪਿੰਡ ਦੇ ਖੇਡ ਮੈਦਾਨ ਵਿੱਚ ਖਿਲਰੀਆਂ ਸਰਿੰਜਾਂ, ਕੈਪਸੂਲਾਂ ਦੇ ਪੱਤੇ, ਸ਼ਰਾਬ ਦੀਆਂ ਖਾਲੀ ਬੋਤਲਾਂ ਦੀ ਵੀ.ਡੀ.ਓ. ਸੋਸ਼ਲ ਮੀਡੀਆ ’ਤੇ ਪਾ ਕੇ ਦੁਹਾਈ ਪਾਈ ਹੈ ਕਿ ਪਿੰਡ ਨੂੰ ਨਸ਼ਿਆਂ ਦੀ ਮਹਾਂਮਾਰੀ ਤੋਂ ਬਚਾਇਆ ਜਾਵੇ। ਇਸ ਤਰ੍ਹਾਂ ਹੀ ਪਿੰਡ ਇਸਲਾਮਾਬਾਦ ਜ਼ਿਲ੍ਹਾ ਫਾਜ਼ਿਲਕਾ ਦੇ ਸਰਪੰਚ ਦਾ ਪੁੱਤਰ ਵੀ ਨਸ਼ਿਆਂ ਨੇ ਨਿਗਲ ਲਿਆ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਫਤਿਆਬਾਦ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਢਾਈ ਮਹੀਨੇ ਪਹਿਲਾਂ ਇਸਦਾ ਭਰਾ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਨਸ਼ਾ ਪਿੰਡ ਵਿੱਚ ਰਿਉੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ ਅਤੇ ਤਸਕਰ ਸ਼ਰੇਆਮ ਇਹ ਧੰਦਾ ਕਰ ਰਹੇ ਹਨ। ਇੱਥੇ ਹੀ 2 ਮਈ 2025 ਦੀਆਂ ਤਿੰਨ ਦਿਲ ਕੰਬਾਊ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ:
1. ਫਾਜ਼ਿਲਕਾ ਵਿਖੇ ਇੱਕ ਸਕੂਲ ਦਾ ਵਿਦਿਆਰਥੀ 6 ਗ੍ਰਾਮ ਚਿੱਟੇ ਨਾਲ ਫੜਿਆ ਗਿਆ।
2. ਕੋਟਕਪੂਰਾ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਸਿਪਾਹੀ ਬਾਥ ਰੂਮ ਵਿੱਚ ਚਿੱਟੇ ਦੀ ਵਰਤੋਂ ਕਰਦਾ ਰੰਗੇ ਹੱਥੀਂ ਫੜਿਆ ਗਿਆ।
3. ਸੰਗਰੂਰ ਜੇਲ੍ਹ ਦਾ ਡਿਪਟੀ ਸੁਪਰਡੈਂਟ ਦੋ ਹਵਾਲਾਤੀਆਂ ਨਾਲ ਮਿਲਕੇ ਨਸ਼ਾ ਸਪਲਾਈ ਕਰਦਾ ਫੜਿਆ ਗਿਆ।
ਇਹ ਦੁਖਾਂਤ ਹੀ ਹੈ ਕਿ ਜਿੱਥੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਚਿੱਟੇ ਦੀਆਂ ਪੁੜੀਆਂ ਹੋਣ, ਜਿੱਥੇ ਪੁਲਿਸ ਦਾ ਸਿਪਾਹੀ ਆਪ ਨਸ਼ੇ ਦੀ ਦਲਦਲ ਵਿੱਚ ਧਸਿਆ ਹੋਵੇ ਅਤੇ ਜਿੱਥੇ ਜੇਲ੍ਹ ਅਧਿਕਾਰੀ ਆਪ ਨਸ਼ਾ ਸਪਲਾਈ ਕਰ ਰਿਹਾ ਹੋਵੇ, ਅਜਿਹੀਆਂ ਘਟਨਾਵਾਂ ‘ਯੁੱਧ ਨਸ਼ਿਆਂ ਵਿਰੁੱਧ’ ਦੇ ਯਤਨਾਂ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)