“ਪ੍ਰਬੰਧਕਾਂ ਨੂੰ ਇਹ ਗੰਭੀਰ ਹੋਕੇ ਸੋਚਣਾ ਚਾਹੀਦਾ ਹੈ ਕਿ ਸੈਂਟਰ ਸਿਰਫ ਪੈਸੇ ਇਕੱਠੇ ਕਰਨ ਦਾ ...”
(14 ਜੁਲਾਈ 2025)
ਇੱਕ ਮਾਰਚ 2025 ਤੋਂ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਛੇੜਿਆ ਹੋਇਆ ਹੈ। ਨਸ਼ਾ ਤਸਕਰਾਂ ਦੀ ਫੜੋ ਫੜੀ, ਉਨ੍ਹਾਂ ਕੋਲੋਂ ਬਰਾਮਦ ਨਸ਼ਾ, ਨਸ਼ਾ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਤਸਕਰਾਂ ਦੀ ਜੁੰਡਲੀ ਵਿੱਚ ਸ਼ਾਮਲ ਕਰਕੇ ਫੜੇ ਗਏ ਨਸ਼ੇੜੀ ਨਸ਼ਾ ਤਸਕਰਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ ਗਿਆ ਹੈ। ਪੰਜਾਬ ਦੀਆਂ 26 ਜੇਲ੍ਹਾਂ ਜਿਨ੍ਹਾਂ ਵਿੱਚ 29970 ਕੈਦੀ ਅਤੇ ਹਵਾਲਾਤੀ ਰੱਖਣ ਦੀ ਸਮੱਰਥਾ ਹੈ, ਪਰ ਇਸ ਵੇਲੇ ਸਮਰੱਥਾ ਤੋਂ ਕਿਤੇ ਵੱਧ ਅੰਦਾਜ਼ਨ 40, 000 ਕੈਦੀ ਅਤੇ ਹਵਾਲਾਤੀ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਸ਼ੇ ਦੇ ਤਸਕਰ ਅਤੇ ਕੁਝ ਪੁਲਿਸ ਦੇ ਧੱਕੇ ਚੜ੍ਹੇ ਨਸ਼ਈ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ। ਦੂਜੇ ਪਾਸੇ ਪੰਜਾਬ ਵਿੱਚ 354 ਨਸ਼ਾ ਛਡਾਊ ਕੇਂਦਰ ਹਨ। ਇਨ੍ਹਾਂ ਤੋਂ ਬਿਨਾਂ ਸੈਂਕੜੇ ਹੋਰ ਅਜਿਹੇ ਨਸ਼ਾ ਛਡਾਊ ਕੇਂਦਰ ਹਨ, ਜਿਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਚਲਾਉਣ ਲਈ ਨਿਯਮਾਂ ਨੂੰ ਛਿੱਕੇ ਟੰਗ ਕੇ ਸਰਕਾਰ ਤੋਂ ਪ੍ਰਵਾਨਗੀ ਨਹੀਂ ਲਈ। ਸਰਕਾਰੀ ਤੌਰ ’ਤੇ 36 ਮੁੜ ਵਸੇਬਾ ਕੇਂਦਰ ਅਤੇ 177 ਗੈਰ ਸਰਕਾਰੀ ਮੁੜ ਵਸੇਬਾ ਕੇਂਦਰ ਨਸ਼ਈ ਮਰੀਜ਼ਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨਸ਼ੀਲ ਹਨ। ਇਸ ਵੇਲੇ ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਨਸ਼ਾ ਛੱਡਣ ਵਾਲੇ ਰੋਗੀ ਸਮਰੱਥਾ ਤੋਂ ਕਿਤੇ ਵੱਧ ਦਾਖ਼ਲ ਹਨ।
ਪੰਜਾਬ ਦੇ ਕਿਸੇ ਨਾ ਕਿਸੇ ਕੇਂਦਰ ਵਿੱਚੋਂ ਦਾਖ਼ਲ ਹੋਏ ਮਰੀਜ਼ ਦੇ ਭੱਜਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕਈ ਥਾਂਵਾਂ ’ਤੇ ਤਾਂ ਦਾਖ਼ਲ ਨਸ਼ਈ ਮਰੀਜ਼ਾਂ ਦੇ ਝੁੰਡ ਉੱਥੋਂ ਦੇ ਪ੍ਰਬੰਧਕਾਂ ਜਾਂ ਸੰਭਾਲ ਕਰਨ ਵਾਲਿਆਂ ਨੂੰ ਕੁੱਟਣ ਉਪਰੰਤ ਬਿਨਾਂ ਕਿਸੇ ਡਰ ਭੈਅ ਤੋਂ ਦੌੜ ਗਏ। ਕਈ ਸੈਂਟਰਾਂ ਵਿੱਚ ਵਾਰਡ ਦੀਆਂ ਗਰਿੱਲਾਂ ਤੋੜ ਕੇ, ਤਾਕੀਆਂ ਭੰਨ ਕੇ ਜਾਂ ਫਿਰ ਗੇਟ ਤੋੜ ਕੇ ਵੀ ਭੱਜਣ ਵਿੱਚ ਸਫਲ ਹੋਏ ਹਨ। ਇੱਕ ਸੈਂਟਰ ਵਿੱਚ ਤਾਂ ਦੌੜੇ ਨਸ਼ਈ ਮਰੀਜ਼ਾਂ ਨੂੰ ਜਦੋਂ ਉੱਥੋਂ ਦੇ ਕਰਮਚਾਰੀਆਂ ਨੇ ਫੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਸੀ। ਕਈ ਵਾਰ ਦਾਖ਼ਲ ਨਸ਼ਈ ਮਰੀਜ਼ ਐਨਾ ਪ੍ਰੇਸ਼ਾਨ ਕਰਦਾ ਹੈ ਕਿ ਪ੍ਰਬੰਧਕ ਉਸ ਤੋਂ ਖਹਿੜਾ ਛੁਡਵਾਉਣ ਲਈ ਉਸਦੇ ਮਾਪਿਆਂ ਨੂੰ ਬੁਲਾਕੇ ਉਨ੍ਹਾਂ ਦੇ ਸਪੁਰਦ ਕਰ ਦਿੰਦੇ ਹਨ। ਬਹੁਤ ਵਾਰ ਨਸ਼ਈ ਮਰੀਜ਼ ਘੜੀ ਗਈ ਸਾਜ਼ਿਸ਼ ਅਨੁਸਾਰ ਕਿਸੇ ਨਾ ਕਿਸੇ ਬਿਮਾਰੀ ਦਾ ਬਹਾਨਾ ਲਾਕੇ ਹਾਲ ਦੁਹਾਈ ਪਾਉਂਦੇ ਹਨ। ਪ੍ਰਬੰਧਕ ਉਨ੍ਹਾਂ ਦਾ ਪਤਾ ਕਰਨ ਲਈ ਜਦੋਂ ਵਾਰਡ ਦਾ ਗੇਟ ਖੋਲ੍ਹਦੇ ਹਨ ਤਾਂ ਨਸ਼ਈ ਮਰੀਜ਼ਾਂ ਦੀ ਧਾੜ ਦੀ ਧਾੜ ਪ੍ਰਬੰਧਕਾਂ ਨੂੰ ਧੱਕੇ ਮਾਰ ਕੇ ਖੁੱਲ੍ਹੇ ਗੇਟ ਰਾਹੀਂ ਦੌੜ ਜਾਂਦੀ ਹੈ।
ਹੁਣ ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਦਾਖ਼ਲ ਨਸ਼ਈ ਮਰੀਜ਼ ਅਨੁਸ਼ਾਸਨ ਭੰਗ ਕਰ ਕੇ ਇਸ ਤਰ੍ਹਾਂ ਕਿਉਂ ਦੌੜਦੇ ਹਨ? ਇਲਾਜ ਕਰਵਾਉਣ ਦੀ ਥਾਂ ਉਹ ਨਸ਼ਾ ਕਰਨ ਦੇ ਨਾਲ ਨਾਲ ਜੁਰਮ ਦੀ ਦੁਨੀਆਂ ਵਿੱਚ ਦੁਬਾਰਾ ਕਿਉਂ ਪੈਰ ਧਰਦੇ ਹਨ? ਕਿਉਂ ਜ਼ਿੰਦਗੀ ਦੀ ਥਾਂ ਉਹ ਮੌਤ ਨੂੰ ਤਰਜੀਹ ਦਿੰਦੇ ਹਨ?
ਇੱਕ ਨਾਮਵਰ ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਉਣ ਕਰਕੇ ਮੈਂ ਆਪਣੇ ਨਿੱਜੀ ਅਨੁਭਵ ਦੇ ਅਧਾਰ ’ਤੇ ਲਿਖ ਰਿਹਾ ਹਾਂ ਕਿ ਬਿਨਾਂ ਦ੍ਰਿੜ੍ਹ ਇੱਛਾ ਸ਼ਕਤੀ ਤੋਂ ਨਸ਼ਈ ਨਸ਼ਾ ਨਹੀਂ ਛੱਡ ਸਕਦਾ। ਉਸਦੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਨਸ਼ਈ ਨੂੰ ਜੋੜਨਾ ਅਤਿਅੰਤ ਜ਼ਰੂਰੀ ਹੈ। ਇਹ ਤਿੰਨ ਕਰਮ ਰੂੰ, ਮੋਮਬੱਤੀ ਅਤੇ ਸੂਈ ਧਾਗੇ ਦਾ ਕੰਮ ਕਰਦੇ ਹਨ। ਰੂੰ ਤੋਂ ਕੱਪੜਾ ਤਿਆਰ ਹੁੰਦਾ ਹੈ ਜੋ ਸਾਡੀ ਇੱਜ਼ਤ ਦਾ ਪ੍ਰਤੀਕ ਹੈ। ਰੂੰ ਨਾਲ ਜ਼ਖ਼ਮ ਵੀ ਸਾਫ਼ ਕੀਤੇ ਜਾਂਦੇ ਹਨ। ਮੋਮਬੱਤੀ ਹਨੇਰੇ ਤੋਂ ਚਾਨਣ ਦਾ ਪ੍ਰਤੀਕ ਹੈ ਅਤੇ ਸੂਈ ਧਾਗਾ ਮੇਲ ਮਿਲਾਪ ਅਤੇ ਗੂੜ੍ਹੀਆਂ ਸਾਂਝਾ ਦਾ ਪ੍ਰਤੀਕ ਹੈ। ਜੇਕਰ ਨਸ਼ਈ ਮਰੀਜ਼ਾਂ ਨੂੰ ਇਨ੍ਹਾਂ ਤਿੰਨਾਂ ਕਰਮਾਂ ਨਾਲ ਜੋੜਿਆ ਜਾਵੇ, ਉਸਾਰੂ ਸਾਹਿਤ ਪੜ੍ਹਨ ਲਈ ਦਿੱਤਾ ਜਾਵੇ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਸਬੰਧੀ ਕੌਂਸਲਿੰਗ ਕਰਦਿਆਂ ਦੱਸਿਆ ਜਾਵੇ ਤਾਂ ਨਸ਼ਈ ਮਰੀਜ਼ਾਂ ਦੀ ਨਾਕਾਰਤਮਿਕ ਸੋਚ ਦਾ ਰੁੱਖ ਬਦਲ ਜਾਵੇਗਾ। ਬਹੁਤ ਸਾਰੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਹ ਕੁਝ ਨਹੀਂ ਹੋ ਰਿਹਾ ਹੈ। ਕੁੱਟਮਾਰ, ਗਾਲੀ ਗਲੋਚ, ਜਾਂ ਫਿਰ ਦੁਰਵਰਤਾਉ ਨਾਲ ਉਨ੍ਹਾਂ ਅੰਦਰ ਵਿਦਰੋਹ ਦੀ ਭਾਵਨਾ ਜਾਗਦੀ ਹੈ ਅਤੇ ਇਹ ਵਿਦਰੋਹ, ਬਗਾਵਤ ਦਾ ਰੂਪ ਧਾਰਨ ਕਰ ਲੈਂਦਾ ਹੈ। ਦਰਅਸਲ ਨਸ਼ਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਿਤ ਹਨ। ਇਨ੍ਹਾਂ ਦੇ ਹਿੱਸੇ ਆਏ ਇਹ ਦੁਖਾਂਤ ਨੂੰ ਡੁੰਘਾਈ ਨਾਲ ਘੋਖਣ ਉਪਰੰਤ ਉਸਦਾ ਹੱਲ ਕਰਨ ਦੀ ਲੋੜ ਹੈ। ਨੌਜਵਾਨਾਂ ਦਾ ਪ੍ਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਜੇਕਰ ਉਸ ਪਾਣੀ ਦੇ ਪ੍ਰਵਾਹ ਨੂੰ ਵਿਉਂਤਬੰਦੀ ਨਾਲ ਰਜਬਾਹਿਆਂ, ਨਾਲਿਆਂ ਜਾਂ ਨਦੀਆਂ ਵਿੱਚ ਨਾ ਪਾਇਆ ਜਾਵੇ ਤਾਂ ਉਹ ਘਰਾਂ ਅਤੇ ਫਸਲਾਂ ਦਾ ਬੇਪਨਾਹ ਨੁਕਸਾਨ ਕਰਨਗੇ। ਜਵਾਨੀ ਦੇ ਵੇਗ ਨੂੰ ਵੀ ਸਹੀ ਦਿਸ਼ਾ ਅਤੇ ਦਸ਼ਾ ਦੇਣ ਦੀ ਲੋੜ ਹੈ।
ਨਸ਼ਾ ਇੱਕ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਕ ਸਮੱਸਿਆ ਹੈ ਅਤੇ ਇਹ ਸਮੱਸਿਆ ਡੰਡੇ ਦੇ ਜ਼ੋਰ ਨਾਲ, ਧਮਕੀਆਂ ਨਾਲ ਜਾਂ ਫਿਰ ਪੁਲਿਸ ਤੰਤਰ ਵੱਲੋਂ ਬਹੁਤ ਥਾਂਵਾਂ ’ਤੇ ਧੱਕੇਸ਼ਾਹੀ ਨਾਲ ਨਸ਼ਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਢੰਗ ਨਾਲ ਅੰਕੜਿਆਂ ਵਿੱਚ ਜ਼ਰੂਰ ਵਾਧਾ ਹੁੰਦਾ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਜਦੋਂ ਪੁਲਿਸ ਨਸ਼ਈ ਨੂੰ ਫੜਕੇ ਥਾਣੇ ਲੈ ਕੇ ਜਾਂਦੀ ਹੈ ਤਾਂ ਉਸਦੀ ਛਿਤਰੌਲ ਕਰਨ ਉਪਰੰਤ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਬੋਲ ਜੇਲ੍ਹ ਜਾਣਾ ਹੈ ਜਾਂ ਇਲਾਜ ਕਰਵਾਉਣ ਲਈ ਨਸ਼ਾ ਛਡਾਊ ਕੇਂਦਰ ਛੱਡ ਕੇ ਆਈਏ? ਜੇਲ੍ਹ ਜਾਣ ਅਤੇ ਪੁਲਿਸ ਦੀ ਕੁੱਟਮਾਰ ਤੋਂ ਡਰਦਿਆਂ ਉਹ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਹੋਣ ਨੂੰ ਪਹਿਲ ਦਿੰਦਾ ਹੈ। ਪੁਲਿਸ ਵਾਲੇ ਉਸਦੇ ਮਾਪਿਆਂ ਨੂੰ ਨਾਲ ਲੈਕੇ ਨਸ਼ਾ ਛਡਾਊ ਕੇਂਦਰ ਪਹੁੰਚ ਜਾਂਦੇ ਹਨ। ਅਗਾਂਹ ਸਾਰੇ ਸੈਂਟਰ ਵਾਲਿਆਂ ਨੂੰ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਜਦੋਂ ਵੀ ਪੁਲਿਸ ਵਾਲੇ ਨਸ਼ਈ ਮਰੀਜ਼ ਨੂੰ ਲੈ ਕੇ ਆਉਣ ਤਾਂ ਉਸ ਨੂੰ ਤੁਰੰਤ ਦਾਖ਼ਲ ਕਰ ਲਿਆ ਜਾਵੇ। ਬਿਨਾਂ ਉਸਦੀ ਕੌਂਸਲਿੰਗ ਕੀਤਿਆਂ, ਉਸਦੀ ਇੱਛਾ ਸ਼ਕਤੀ ਦੀ ਪਰਖ਼ ਕਰਨ ਤੋਂ ਬਿਨਾਂ ਹੀ ਉਸ ਨੂੰ ਦਾਖ਼ਲ ਕਰ ਲਿਆ ਜਾਂਦਾ ਹੈ। ਅਜਿਹੇ ਨਸ਼ਈ ਮਰੀਜ਼ ਸਿਰਫ ਨਸ਼ਾ ਹੀ ਨਹੀਂ ਕਰਦੇ, ਸਗੋਂ ਜੁਰਮ ਦੀ ਦੁਨੀਆਂ ਨਾਲ ਵੀ ਜੁੜੇ ਹੁੰਦੇ ਹਨ। ਵਾਰਡ ਵਿੱਚ ਜਾਕੇ ਉਹ ਆਪਣਾ ਰੰਗ ਵਿਖਾਉਂਦੇ ਹਨ। ਆਪਣੇ ਨਾਲ ਉਹ ਪੰਜ ਚਾਰ ਹੋਰ ਦਾਖ਼ਲ ਮਰੀਜ਼ਾਂ ਨੂੰ ਜੋੜ ਲੈਂਦੇ ਹਨ ਅਤੇ ਫਿਰ ਸਕੀਮ ਬਣਾਕੇ ਸੈਂਟਰ ਤੋਂ ਦੌੜ ਜਾਂਦੇ ਹਨ। ਇੰਜ ਧੱਕੇ ਨਾਲ ਨਸ਼ੇੜੀ ਨੂੰ ਦਾਖ਼ਲ ਕਰਨ ਨਾਲ ਘਾਤਕ ਨਤੀਜੇ ਸਾਹਮਣੇ ਆਉਂਦੇ ਹਨ।
ਨਿੱਜੀ ਮੁੜ ਵਸੇਬਾ ਕੇਂਦਰ ਦਰਅਸਲ ਇਸ ਕਰਕੇ ਹੋਂਦ ਵਿੱਚ ਲਿਆਂਦੇ ਗਏ ਕਿ ਜਿਹੜਾ ਨਸ਼ਈ ਮਰੀਜ਼ ਮੁੜ ਵਸੇਬਾ ਕੇਂਦਰ ਵਿੱਚ ਦਾਖਲਾ ਲੈਂਦਾ ਹੈ, ਉਸਦਾ ਪਹਿਲਾਂ ਮਨੋਵਿਗਿਆਨਕ ਡਾਕਟਰ ਨੂੰ ਵਿਖਾਕੇ ਇਲਾਜ ਕਰਵਾਇਆ ਜਾਵੇ ਅਤੇ ਉਸ ਉਪਰੰਤ ਉਸਦੇ ਮੁੜ ਵਸੇਬੇ ਅਤੇ ਸਹੀ ਢੰਗ ਨਾਲ ਜ਼ਿੰਦਗੀ ਜਿਊਣ ਦੀ ਵਿਉਂਤਬੰਦੀ ਬਣਾਈ ਜਾਵੇ। ਪਰ ਹੁੰਦਾ ਸਭ ਕੁਝ ਉਲਟ ਹੈ। ਪੀੜਿਤ ਮਾਪੇ ਉਨ੍ਹਾਂ ਕੋਲ ਜਾਂਦੇ ਹਨ। ਨਸ਼ਈ ਮਰੀਜ਼ ਦੀ ਹਾਲਤ ਅਤੇ ਘਰ ਦੀ ਦੁਰਦਸ਼ਾ ਦਾ ਜ਼ਿਕਰ ਕਰਦੇ ਹਨ। ਨਿੱਜੀ ਕੇਂਦਰਾਂ ਦੇ ਮਾਲਕਾਂ ਵੱਲੋਂ ਉਨ੍ਹਾਂ ਦੀ ਤਰਸਯੋਗ ਹਾਲਤ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਘਰ ਦਾ ਪਤਾ ਪੁੱਛ ਕੇ ਕਹਿ ਦਿੰਦੇ ਹਨ ਕਿ ਅੰਦਾਜ਼ਨ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਿਆ ਜਾਵੇਗਾ। ਉਸ ਨੂੰ ਗੱਡੀ ਰਾਹੀਂ ਲਿਆਉਣ ਅਤੇ ਡਾਕਟਰੀ ਖਰਚਾ ਇਸ ਤੋਂ ਵੱਖ ਹੋਵੇਗਾ। ਮਾਲਕਾਂ ਵੱਲੋਂ ਰਾਸ਼ੀ ਉਗਰਾਹੁਣ ਬਾਅਦ ਤੈਅ ਕਰ ਲਿਆ ਜਾਂਦਾ ਹੈ ਕਿ ਉਸ ਨੂੰ ਰਾਤ ਨੂੰ ਸੁੱਤੇ ਪਏ ਨੂੰ ਚੁੱਕ ਕੇ ਲਿਆਂਵਾਂਗੇ। ਅਗਲੇ ਦਿਨ ਰਾਤ ਨੂੰ ਪੰਜ ਛੇ ਲੱਠ ਮਾਰ ਪੀੜਿਤ ਮਾਪਿਆਂ ਦੇ ਘਰ ਪੁੱਜ ਜਾਂਦੇ ਹਨ ਅਤੇ ਉਸ ਨੂੰ ਸੁੱਤੇ ਪਏ ਨੂੰ ਉਠਾਕੇ ਉੱਥੇ ਹੀ ਉਹਦੀ ਲੱਤਾਂ, ਘਸੁੰਨਾਂ ਅਤੇ ਥੱਪੜਾਂ ਨਾਲ ਸੁਰਤ ਬਦਲਾ ਦਿੰਦੇ ਹਨ। ਰਾਹ ਵਿੱਚ ਵੀ ਕੁਟਾਪਾ ਚਾੜ੍ਹਿਆ ਜਾਂਦਾ ਹੈ। ਇਹੋ ਜਿਹੇ ਚਾਲੀ ਪੰਜਾਹ ਨਸ਼ੇੜੀ ਉੱਥੇ ਪਹਿਲਾਂ ਹੀ ਤੁੰਨ ਕੇ ਰੱਖੇ ਹੁੰਦੇ ਹਨ। ਅਜਿਹੇ ਸੈਂਟਰਾਂ ਵਿੱਚ ਡਾਂਗ ਦੇ ਜ਼ੋਰ ’ਤੇ ਮਰੀਜ਼ਾਂ ਦੇ ‘ਇਲਾਜ਼’ ਦੇ ਨਾਂ ਤੇ ਤਸੀਹੇ ਦਿੱਤੇ ਜਾਂਦੇ ਹਨ। ਤਸੀਹੇ ਸਹਿੰਦਿਆਂ ਉਨ੍ਹਾਂ ਦੀ ਆਪਣੇ ਮਾਪਿਆਂ ਪ੍ਰਤੀ ਸੋਚ ਖੂੰਖਾਰ ਬਣ ਜਾਂਦੀ ਹੈ। ਕਈ ਦਾਖ਼ਲ ਸ਼ੱਕੀ ਨਸ਼ੇੜੀਆਂ ਨੂੰ ਤਾਂ ਬੇੜੀਆਂ ਨਾਲ ਨੂੜ ਕੇ ਵੀ ਰੱਖਿਆ ਜਾਂਦਾ ਹੈ। ਭਲਾ ਅਜਿਹੀ ਨਰਕ ਭਰੀ ਜ਼ਿੰਦਗੀ ਵਿੱਚ ਉਹ ਨਸ਼ਾ ਕਿੰਜ ਛੱਡਣਗੇ? ਇਸ ਗੱਲ ਦੀ ਚਿੰਤਾ ਦੀ ਥਾਂ ਪ੍ਰਬੰਧਕਾਂ ਵੱਲੋਂ ਮਾਪਿਆਂ ਨੂੰ ਸੁਨੇਹਾ ਦਿੱਤਾ ਜਾਂਦਾ ਹੈ, “ਤੁਹਾਡਾ ਮੁੰਡਾ ਰਿਕਵਰੀ ਜ਼ੋਨ ਵਿੱਚ ਹੈ। ਕੋਈ ਫਿਕਰ ਨਾ ਕਰੋ।” ਨਾਲ ਹੀ ਮੋਟੀ ਰਕਮ ਭੇਜਣ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ। ਨਸ਼ੇੜੀਆਂ ਦੀ ਸਥਿਤੀ ਉਸ ਗੇਂਦ ਵਰਗੀ ਹੁੰਦੀ ਹੈ ਜਿਸ ਨੂੰ ਪੈਂਰਾਂ ਨਾਲ ਦਬਾਇਆ ਜਾਂਦਾ ਹੈ ਅਤੇ ਪੈਰ ਚੁੱਕਣ ’ਤੇ ਗੇਂਦ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦੀ ਹੈ। ਅਜਿਹੇ ਸੈਂਟਰਾਂ ਵਿੱਚ ਦਾਖਲ ਨਸ਼ਈ ਮਰੀਜ਼ਾਂ ਦਾ ਜਦੋਂ ਵੀ ਦਾਅ ਲਗਦਾ ਹੈ, ਉਹ ਪ੍ਰਬੰਧਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਦੌੜ ਜਾਂਦੇ ਹਨ। ਅੱਗਿਉਂ ਮਾਪਿਆਂ ਨੂੰ ਰੋਅਬ ਨਾਲ ਸ਼ਿਕਵੇ ਭਰਪੂਰ ਲਹਿਜੇ ਵਿੱਚ ਸੱਟਾਂ ਦੇ ਨਿਸ਼ਾਨ ਵਿਖਾਉਂਦਿਆਂ ਕਹਿੰਦੇ ਹਨ, “ਮੈਨੂੰ ਬੁੱਚੜਾਂ ਦੇ ਵੱਸ ਪਾਕੇ ਕਰਵਾ ਲਿਆ ਮੇਰਾ ਇਲਾਜ? ਹੁਣ ਮੈਂ ਵੀ ਅੱਗੇ ਨਾਲੋਂ ਦੁੱਗਣਾ ਨਸ਼ਾ ਕਰੂੰਗਾ।” ਕਈ ਥਾਂਵਾਂ ’ਤੇ ਤਾਂ ਅਜਿਹੇ ਸੈਂਟਰਾਂ ਵਿੱਚੋਂ ਭੱਜ ਕੇ ਨਸ਼ਈਆਂ ਨੇ ਆਪਣੇ ਬਾਪ ਨੂੰ ਮੌਤ ਦੇ ਘਾਟ ਵੀ ਉਤਾਰਿਆ ਹੈ।
ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਮੈਂ ਜਦੋਂ ਉਨ੍ਹਾਂ ਨੂੰ ‘ਪੁੱਤ’ ਕਹਿਕੇ ਬੁੱਕਲ ਵਿੱਚ ਲੈਂਦਾ ਸੀ ਤਾਂ ਉਹ ਅਕਸਰ ਅੱਖਾਂ ਭਰ ਕੇ ਕਹਿੰਦੇ ਸਨ, “ਸਰ, ਸਾਨੂੰ ਤਾਂ ਹੁਣ ਤਕ ਕਿਸੇ ਨੇ ‘ਪੁੱਤ’ ਕਿਹਾ ਹੀ ਨਹੀਂ। ਬੱਸ, ਚਾਰ ਚੁਫੇਰੇ ਗਾਲ੍ਹਾਂ ਦੀ ਵਾਛੜ ਹੀ ਹੁੰਦੀ ਰਹੀ ਹੈ।” ਦਰਅਸਲ ਦਾਖਲ ਨਸ਼ਈ ਮਰੀਜ਼ਾਂ ਨਾਲ ਪ੍ਰਬੰਧਕਾਂ ਵੱਲੋਂ ਇੱਕ ਸੁਖਾਵਾਂ ਰਿਸ਼ਤਾ ਕਾਇਮ ਰੱਖਣਾ ਜ਼ਰੂਰੀ ਹੈ। ਇੰਜ ਹਮਦਰਦੀ, ਪਿਆਰ ਅਤੇ ਅਪਣੱਤ ਦੀ ਬੁਨਿਆਦ ਰੱਖਣ ਨਾਲ ਉਹ ਨਸ਼ਾ ਛਡਾਊ ਕੇਂਦਰ ਦੇ ਮਾਹੌਲ ਵਿੱਚ ਰਚ-ਮਿਚ ਜਾਣਗੇ।
ਦਰਅਸਲ ਦਾਖਲ ਨਸ਼ਈ ਮਰੀਜ਼ਾਂ ਲਈ ਹਰ ਰੋਜ਼ ਕੌਂਸਲਿੰਗ ਦੇ ਨਾਲ ਨਾਲ ਉਸ ਨੂੰ ਸਾਹਿਤ ਪੜ੍ਹਨ ਦੀ ਪ੍ਰੇਰਨਾ ਦੇਣੀ, ਸੈਂਟਰ ਵਿੱਚ ਹੀ ਲਾਇਬਰੇਰੀ ਸਥਾਪਿਤ ਕਰਨਾ, ਪ੍ਰਭੂ ਸਿਮਰਨ ਲਈ ਕੁਝ ਸਮਾਂ ਰਾਖਵਾਂ ਰੱਖਣਾ, ਕਿਰਤ ਦੇ ਸੰਕਲਪ ਲਈ ਉਨ੍ਹਾਂ ਤੋਂ ਕੁਝ ਨਾ ਕੁਝ ਕੰਮ ਕਰਵਾਉਣ ਦੇ ਨਾਲ ਨਾਲ ਕਿਸੇ ਕਿੱਤੇ ਦੀ ਸਿਖਲਾਈ ਦਾ ਪ੍ਰਬੰਧ ਕਰਨਾ ਅਤੇ ਦੁਆ ਅਤੇ ਦਵਾਈ ਦੇ ਸੁਮੇਲ ਦੀ ਅਤਿਅੰਤ ਲੋੜ ਹੈ। ਪ੍ਰਬੰਧਕਾਂ ਨੂੰ ਇਹ ਗੰਭੀਰ ਹੋਕੇ ਸੋਚਣਾ ਚਾਹੀਦਾ ਹੈ ਕਿ ਸੈਂਟਰ ਸਿਰਫ ਪੈਸੇ ਇਕੱਠੇ ਕਰਨ ਦਾ ਸਾਧਨ ਨਹੀਂ, ਸਗੋਂ ਜ਼ਿੰਦਗੀ ਦੇ ਖਲਨਾਇਕਾਂ ਨੂੰ ਨਾਇਕ ਵਜੋਂ ਪੇਸ਼ ਕਰਕੇ ਮਾਪਿਆਂ, ਸਮਾਜ ਅਤੇ ਦੇਸ਼ ਪ੍ਰਤੀ ਸਮਰਪਿਤ ਭਾਵਨਾ ਨਾਲ ਲਬਰੇਜ਼ ਅਜਿਹੀ ਪ੍ਰੇਰਨਾ ਦੇਣ ਦੀ ਲੋੜ ਹੈ ਕਿ ਉਹ ਬਾਹਰ ਆਕੇ ਲੋਕਾਂ ਨੂੰ ਇਹ ਸੁਨੇਹਾ ਦੇਵੇ, “ਨਸ਼ਾ ਕਰਨ ਵਾਲੇ ਦੇ ਹਿੱਸੇ ਧੱਕੇ, ਜੇਲ੍ਹ ਜਾਂ ਫਿਰ ਮੌਤ ਆਉਂਦੀ ਹੈ।” ਜ਼ਿੰਦਗੀ ਜ਼ਿੰਦਾਬਾਦ ਦਾ ਸੁਨੇਹਾ ਉਨ੍ਹਾਂ ਦੇ ਹੋਠਾਂ ’ਤੇ ਆਉਣਾ ਚਾਹੀਦਾ ਹੈ। ਇਸ ਸਭ ਕੁਝ ਲਈ ਪ੍ਰਬੰਧਕਾਂ ਵੱਲੋਂ ਆਪ ਰੋਲ ਮਾਡਲ ਬਣਕੇ ਜ਼ਿੰਮੇਵਾਰੀ ਨਿਭਾਉਣੀ ਜ਼ਰੂਰੀ ਹੈ। ਸੁਖਾਵਾਂ ਮਾਹੌਲ ਦੇਣ ਲਈ ਮਰੀਜ਼ਾਂ ਨੂੰ ਨਿਗਰਾਨੀ ਹੇਠ ਵਾਰਡ ਵਿੱਚੋਂ ਕੱਢ ਕੇ ਵੱਖ ਵੱਖ ਖੇਡਾਂ ਨਾਲ ਜੋੜਨਾ ਵੀ ਜ਼ਰੂਰੀ ਹੈ। ਕਈ ਵਾਰ ਚਾਰ ਦਿਵਾਰੀ ਦੇ ਅੰਦਰ ਇੱਕ ਕਮਰੇ ਵਿੱਚ ਹੀ ਸਾਰਾ ਦਿਨ ਗੁਜ਼ਾਰਨ ਨਾਲ ਵੀ ਉਨ੍ਹਾਂ ਦਾ ਦਮ ਘੁਟਦਾ ਹੈ ਅਤੇ ਉਹ ਸੈਂਟਰ ਤੋਂ ਭੱਜਣ ਲਈ ਹਰ ਸਮੇਂ ਕੋਈ ਨਾ ਕੋਈ ਜੁਗਾੜ ਫਿੱਟ ਕਰਨ ਦੀਆਂ ਸੋਚਾਂ ਵਿੱਚ ਘਿਰੇ ਰਹਿੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (