“ਬੋਦੀ ਛੱਤ ਨੇ ਕਿੰਨਾ ਚਿਰ ਹੋਰ ਕੱਟਣਾ ਹੈ, ਫਿਰ ਘਟਾਵਾਂ ਚੜ੍ਹੀਆਂ ਹੋਈਆਂ ਕਹਿਰ ਦੀਆਂ। ...”
(12 ਦਸੰਬਰ 2021)
(1)
ਭਾਵੇਂ ਮੇਰੇ ਕੋਲੋਂ ਲੰਘਿਆ ਨੀਵੀਆਂ ਨਜ਼ਰਾਂ ਨਾਲ,
ਉਹਦੇ ਵੀ ਪਰ ਦਿਲ ਵਿੱਚ ਆਇਆ ਮੇਰੇ ਵਾਂਗ ਭੁਚਾਲ।
’ਕੱਲਾ ਸਾਂ ਤਾਂ ਮਨ ਵੀ ਯਾਰੋ ਸੀਗਾ ਬੁਝਿਆ ਬੁਝਿਆ,
ਫੁੱਲਾਂ ਵਾਂਗੂੰ ਸੋਚਾਂ ਖਿੜੀਆਂ ਜਦ ਉਹ ਤੁਰਿਆ ਨਾਲ।
ਤੇਰੇ ਬਾਝੋਂ ਜੀਣਾ ਵੀ ਬੱਸ ਮਾਰੂਥਲ ਦਾ ਪੈਂਡਾ,
ਚਾਨਣ ਦੇ ਗਲ ਲੱਗਕੇ ਨੇਰ੍ਹਾ ਦੱਸਦੈ ਆਪਣਾ ਹਾਲ।
ਹੌਕਿਆਂ ਦੇ ਸੰਗ ਰਿਸ਼ਤੇ ਦਾ ਜਦ ਰਾਜ਼ ਕਿਸੇ ਨੇ ਪੁੱਛਿਆ,
ਸੋਗੀ ਹਾਸਾ ਹੋਠੀਂ ਲਿਆਕੇ ਗੱਲ ਗਿਆ ਉਹ ਟਾਲ।
ਤੀਲੇ ’ਕੱਠੇ ਕਰ ਕਰ ਕੇ ਅਸੀਂ ਨਹੀਂ ਬਣਾਉਣੋਂ ਹਟਣਾ,
ਲੱਖ ਵਾਰ੍ਹੀਂ ਕੋਈ ਭਾਵੇਂ ਸਾਡਾ ਦਏ ਆਲ੍ਹਣਾ ਜਾਲ।
***
(2)
ਬਹਿ ਕੇ ਕੰਢੇ ਉੱਤੇ ਮੇਰੇ ਹੋਂਠ ਤ੍ਰਿਹਾਏ,
ਉਨ੍ਹੇ ਕੀਤਾ ਨਹੀਓਂ ਯਾਦ ਜਿਹੜਾ ਰੋਜ਼ ਯਾਦ ਆਏ।
ਮੇਰੇ ਹੌਕਿਆਂ ’ਚੋਂ ਹੁਣ ਐਨਾ ਸੇਕ ਆਂਵਦੈ,
ਮੈਨੂੰ ਡਰ ਹੈ ਕਿ ਆਪੇ ਨੂੰ ਨਾ ਅੱਗ ਲੱਗ ਜਾਏ।
ਮੇਰੇ ਸਾਹਮਣੇ ਆ ਜਾਂਵਦਾ ਏ ਚਿਹਰਾ ਓਸਦਾ,
ਜਦੋਂ ਬੱਚਿਆਂ ਨੂੰ ਪਰੀਆਂ ਦੀ ਬਾਤ ਕੋਈ ਪਾਏ।
ਓਹਨੂੰ ਹੋਏਗਾ ਕਬੂਲ ਮੇਰੀ ਜ਼ਿੰਦਗੀ ਦਾ ਸਾਥ,
ਤੀਲੀ ਬਰਫ਼ਾਂ ਨੂੰ ਬੜੀ ਵਾਰੀਂ ਮੇਰਾ ਮਨ ਲਾਏ।
ਲੱਖਾਂ ਸ਼ਿਕਵੇ, ਉਲਾਂਭੇ ਪਿੱਛੋਂ ਹੋ ਹੀ ਜਾਂਵਦੇ,
ਓਹਦੇ ਹੁੰਦਿਆਂ ਤਾਂ ਹੋਠਾਂ ਨੂੰ ਹੀ ਤਾਲਾ ਲੱਗ ਜਾਏ।
***
(3)
ਕਿਹੋ ਜਿਹੀਆਂ ਨੇ ਸ਼ਕਲਾਂ ਤੇਰੇ ਸ਼ਹਿਰ ਦੀਆਂ,
ਕਿਸੇ ਵੀ ਮੁੱਖ ’ਤੇ ਨਜ਼ਰਾਂ ਨਹੀਓਂ ਠਹਿਰਦੀਆਂ।
ਜਦ ਕਦਮਾਂ ਨੇ ਮਨ ਦੀ ਗੱਲ ਨੂੰ ਮੰਨਿਆਂ ਨਾ,
ਚੇਤੇ ਆਈਆਂ ਯਾਦਾਂ ਦੂਜੇ ਪਹਿਰ ਦੀਆਂ।
ਉਹਦੇ ਨੈਣਾਂ ਵੱਲ ਭਲਾਂ ਕਿੰਜ ਤੱਕ ਲੈਂਦਾ?
ਉਹਦੀਆਂ ਨਜ਼ਰਾਂ! ਕਿਰਨਾਂ ਸਿਖ਼ਰ ਦੁਪਹਿਰ ਦੀਆਂ।
ਬੋਦੀ ਛੱਤ ਨੇ ਕਿੰਨਾ ਚਿਰ ਹੋਰ ਕੱਟਣਾ ਹੈ,
ਫਿਰ ਘਟਾਵਾਂ ਚੜ੍ਹੀਆਂ ਹੋਈਆਂ ਕਹਿਰ ਦੀਆਂ।
ਹੱਸਦਿਆਂ ਹੱਸਦਿਆਂ ਬੋਲ ਜੋ ਸਾਂਝੇ ਕੀਤੇ ਸਨ,
ਹੁਣ ਉਹ ਗੱਲਾਂ ਬਣੀਆਂ ਪੁੜੀਆਂ ਜ਼ਹਿਰ ਦੀਆਂ।
***
(4)
ਵੇਖ ਕੇ ਉਹਨੂੰ ਉਹਦਾ ਮਨ ਭਰ ਗਿਆ ਹੋਣੈ,
ਰੇਤ ਦੇ ਟਿੱਬੇ ’ਤੇ ਬੱਦਲ ਵਰ੍ਹ ਗਿਆ ਹੋਣੈ।
ਸਾਰਾ ਕੁਝ ਤਾਂ ਓਸਦਾ ਮਹਿਫ਼ਲ ’ਚ ਰਹਿ ਗਿਆ,
ਜਿਸਮ ਦੀ ਦੀਵਾਰ ਲੈਕੇ ਘਰ ਗਿਆ ਹੋਣੈ।
ਓਪਰੇ ਜਿਹੇ ਨਕਸ਼ ਉਹਦੇ ਨੈਣਾਂ ’ਚ ਵਿਹੰਦਿਆਂ,
ਹਾਦਸਾ, ਦਰ ਹਾਦਸਾ ਉਹ ਜਰ ਗਿਆ ਹੋਣੈ।
ਕਿਸੇ ਦਾ ਜਿਸਮ ਸਾਰਾ ਨਜ਼ਰ ਬਣਕੇ ਵੇਖਦਾ ਹੋਣੈ,
ਧੁੰਦ ਵਰਗਾ ਵਾਅਦਾ ਕਿਸੇ ਨੂੰ ਵਿਸਰ ਗਿਆ ਹੋਣੈ।
ਉਹਦੇ ਸਫ਼ਰ ’ਚ ਕਿਸ ਤਰ੍ਹਾਂ ਨੇਰ੍ਹਾ ਉਹ ਸਹਿ ਲਵੇ,
ਖੂਨ ਦਾ ਦੀਵਾ ਉਹ ਰਾਹ ਵਿੱਚ ਧਰ ਗਿਆ ਹੋਣੈ।
*****
ਇਸ ਸਮੇਂ ‘ਸਰੋਕਾਰ’ ਦੇ ਸਾਥੀ: 54.
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3199)
(ਸਰੋਕਾਰ ਨਾਲ ਸੰਪਰਕ ਲਈ: