ਇੰਦਰਜੀਤ ਸਿੰਘ ਤੋਂ ਡੁੰਘਾਈ ਨਾਲ ਪੁੱਛ ਗਿੱਛ ਕਰਨ ਉਪਰੰਤ ਸਾਹਮਣੇ ਆਇਆ ਕਿ ਉਹ ਉਸ ਵੇਲੇ ਦੇ ਮੋਗਾ ਜ਼ਿਲ੍ਹੇ ਦੇ ...
(6 ਅਗਸਤ 2024)


ਕਿਸੇ ਵਿਦਵਾਨ ਦੇ ਬੋਲ ਹਨ
, “ਜ਼ੁਲਮ ਸਹਿੰਦੀ ਖਾਮੋਸ਼ੀ ਦਾ ਧਮਾਕਾ ਕਈ ਵਾਰ ਘਰ ਦੀਆਂ ਨੀਹਾਂ ਵੀ ਹਿਲਾ ਦਿੰਦਾ ਹੈ।” ਦਿਲ ’ਤੇ ਹੱਥ ਧਰਕੇ ਸੋਚੀਏ ਕਿ ਜਿਨ੍ਹਾਂ ਘਰਾਂ ਅੰਦਰ ਨਸ਼ਿਆਂ ਕਾਰਨ ਸੱਥਰ ਵਿਛਦੇ ਨੇ, ਜਿਨ੍ਹਾਂ ਘਰਾਂ ਦੇ ਮਾਪੇ ਇਕਲੌਤੇ ਪੁੱਤਾਂ ਦੀਆਂ ਲਾਸਾਂ ਨੂੰ ਮੋਢਾ ਦੇ ਰਹੇ ਨੇ, ਜਿਨ੍ਹਾਂ ਮਾਪਿਆਂ ਦੇ ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ਕਿਤੇ ਝਾੜੀਆਂ ਵਿੱਚੋਂ, ਕਿਤੇ ਸੜਕਾਂ ’ਤੇ, ਕਿਤੇ ਬਾਥਰੂਮਾਂ ਵਿੱਚ, ਕਿਤੇ ਸੁੰਨ-ਸਾਨ ਖੋਲ਼ਿਆਂ ਵਿੱਚੋਂ, ਕਿਤੇ ਸਟੇਡੀਅਮਾਂ ਵਿੱਚੋਂ ਨਸ਼ੇ ਦੀ ਓਵਰਡੋਜ਼ ਕਾਰਨ ਮਿਲਦੀਆਂ ਹਨ, ਉਨ੍ਹਾਂ ਮਾਪਿਆਂ ਦੇ ਕੀਰਨੇ ਤਾਂ ਪੱਥਰਾਂ ਨੂੰ ਵੀ ਰੁਆਉਣ ਵਾਲੇ ਹੁੰਦੇ ਹਨ। ਭਲਾ ਉਨ੍ਹਾਂ ਵਕਤ ਦੇ ਮਾਰੇ ਮਾਪਿਆਂ ਦੀਆਂ ਆਹਾਂ ਦਾ ਸੇਕ ਉਨ੍ਹਾਂ ਦਰਿੰਦਿਆਂ ਤਕ ਨਹੀਂ ਪਹੁੰਚਦਾ, ਜੋ ਘਰਾਂ ਵਿੱਚ ਸੱਥਰ ਵਿਛਾਉਣ ਦਾ ਕਾਰਨ ਬਣਦੇ ਨੇ? ਦਰਅਸਲ ਬਹੁਤ ਸਾਰੇ ਇਨਸਾਨੀਅਤ ਦੇ ਦੁਸ਼ਮਣ ਪਦਾਰਥਕ ਦੌੜ ਦਾ ਸ਼ਿਕਾਰ ਹੋਕੇ ਅਜਿਹੇ ਘਟੀਆਂ ਪੱਧਰ ਦੇ ਕੰਮ ਕਰਦੇ ਨੇ, ਜਿਨ੍ਹਾਂ ਨਾਲ ਉਨ੍ਹਾਂ ਕੋਲ ਬੇਪਨਾਹ ਦੌਲਤ ਆ ਸਕਦੀ ਹੈ, ਘਰ ਦੀ ਐਸ਼ੋ-ਇਸ਼ਰਤ ਦਾ ਸਮਾਨ ਆ ਸਕਦਾ ਹੈ, ਬਹੁ-ਮੰਜ਼ਲੀ ਕੋਠੀਆਂ, ਜ਼ਮੀਨਾਂ ਅਤੇ ਹੋਰ ਕੀਮਤੀ ਜਾਇਦਾਦ ਤਾਂ ਹਿੱਸੇ ਆ ਸਕਦੀ ਹੈ ਅਤੇ ਆਉਂਦੀ ਵੀ ਹੈ ਪਰ ਅਜਿਹੇ ਵਿਅਕਤੀਆਂ ਦਾ ਮਾਨਸਿਕ ਸਕੂਨ, ਸਵੈਮਾਣ, ਅਣਖ, ਇੱਜ਼ਤ, ਸਮਾਜਿਕ ਰੁਤਬਾ ਅਤੇ ਸੁਖਚੈਨ ਗੁੰਮ ਹੋ ਜਾਂਦਾ ਹੈ। ਸੱਚਮੁੱਚ ਅਜਿਹੇ ਗ਼ੈਰ ਸਮਾਜਿਕ ਧੰਦਾ ਕਰਨ ਵਾਲਿਆਂ ਦੀ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ:

ਮਹਿਲਾਂ ਵਿੱਚ ਰਹਿਕੇ ਵੀ ਜੋ ਹਾਸੇ ਨੂੰ ਤਰਸਦਾ,
ਉਹ ਵਿਚਾਰਾ ਸੱਚਮੁੱਚ ਕਿੰਨਾ ਗਰੀਬ ਹੈ।

ਅਜਿਹੀਆਂ ਕਿੰਨੀਆਂ ਹੀ ਉਦਾਹਰਣਾਂ ਸਾਡੇ ਸਾਹਮਣੇ ਹਨ।

ਪਹਿਲਵਾਨੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਾਉਣ ਵਾਲਾ ਅਰਜਨਾ ਐਵਾਰਡ ਜਗਦੀਸ਼ ਭੋਲਾ ਪੁਲਿਸ ਵਿਭਾਗ ਵਿੱਚ ਡੀ.ਐੱਸ.ਪੀ. ਦੇ ਵਕਾਰੀ ਅਹੁਦੇ ’ਤੇ ਤਾਇਨਾਤ ਸੀ। ਸ਼ੋਹਰਤ, ਅਹੁਦਾ, ਚੰਗੀ ਤਨਖਾਹ ਅਤੇ ਸ਼ਾਹੀ ਠਾਠ-ਬਾਠ ਉਹਦੇ ਹਿੱਸੇ ਆਏ ਹੋਏ ਸਨ। ਪਰ ਪਦਾਰਥਕ ਦੌੜ, ਲੋਭ-ਲਾਲਚ ਅਤੇ ਹਵਾਈ ਸੁਪਨਿਆਂ ਨੇ ਉਸ ਨੂੰ ਡਰੱਗ ਤਸਕਰੀ ਦੇ ਧੰਦੇ ਵੱਲ ਧੱਕ ਦਿੱਤਾ। 2013 ਵਿੱਚ ਉਹ 600 ਕਰੋੜ ਦੇ ਡਰੱਗ ਧੰਦੇ ਵਿੱਚ ਈ.ਡੀ. ਵੱਲੋਂ ਫੜਿਆ ਗਿਆ। ਇਸ ਉਪਰੰਤ ਉਹ ਅਰਸ਼ ਤੋਂ ਫਰਸ਼ ’ਤੇ ਆ ਗਿਆ। ਪਿਛਲੇ 11-12 ਸਾਲ ਤੋਂ ਉਹ ਜੇਲ੍ਹ ਵਿੱਚ ਬੰਦ ਹੈ। ਪਿਛਲੇ ਦਿਨੀਂ ਆਪਣੇ ਪਿਤਾ ਦੇ ਸਵਰਗਵਾਸ ਹੋਣ ’ਤੇ ਅੰਤਮ ਘੜੀਆਂ ਵਿੱਚ ਸ਼ਾਮਲ ਹੋਣ ਲਈ ਉਹ ਸਖਤ ਪਹਿਰੇ ਵਿੱਚ ਪੈਰੋਲ ’ਤੇ ਆਇਆ ਸੀ। ਇਸ ਤੋਂ ਪਹਿਲਾਂ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਵੀ ਉਸ ਨੂੰ ਕੁਝ ਘੰਟਿਆਂ ਦੀ ਹੀ ਛੁੱਟੀ ਮਿਲੀ ਸੀ। ਹੁਣ 30 ਜੁਲਾਈ 2024 ਨੂੰ ਉਸ ਨੂੰ ਡਰੱਗ ਦੇ ਕੇਸ ਵਿੱਚ 10 ਸਾਲ ਦੀ ਸਜ਼ਾ ਹੋਈ ਹੈ। ਇੱਥੇ ਹੀ ਬੱਸ ਨਹੀਂ, ਉਸਦੇ ਸਹੁਰੇ ਅਤੇ ਪਤਨੀ ਨੂੰ ਵੀ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ ਹੈ। ਇੰਜ ਇਸ ਡਰੱਗ ਦੇ ਧੰਦੇ ਨੇ ਉਸਦੇ ਜੀਵਨ ਨੂੰ ਹੀ ਖੇਰੂੰ ਖੇਰੂੰ ਨਹੀਂ ਕੀਤਾ ਸਗੋਂ ਪਰਿਵਾਰਕ ਮੈਂਬਰਾਂ ਨੂੰ ਵੀ ਸੇਕ ਝੱਲਣਾ ਪਿਆ ਹੈ।

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਣੋ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਡਰੱਗ ਦੇ ਧੰਦੇ ਵਿੱਚ ਕੋਠੀਆਂ ਵੀ ਉਸਾਰੀਆਂ, ਹਰ ਤਰ੍ਹਾਂ ਦਾ ਸੁਖ-ਸਹੂਲਤ ਦਾ ਸਮਾਨ ਵਿਸ਼ਾਲ ਕੋਠੀ ਦਾ ਸ਼ਿੰਗਾਰ ਬਣਿਆ। ਪੈਸੇ ਦੇ ਜ਼ੋਰ ਨਾਲ ਸਿਆਸੀ ਵਿਅਕਤੀਆਂ ਨਾਲ ਰਿਸ਼ਤਿਆਂ ਦੀ ਗੰਢ-ਤੁੱਪ ਕਰਕੇ ਅਸਥਾਈ ਤੌਰ ’ਤੇ ਚੰਮ ਦੀਆਂ ਵੀ ਚਲਾਈਆਂ। ਪਰ ਨਸ਼ੇ ਦੇ ਕਾਲੇ ਧੰਦੇ ਕਾਰਨ ਇੱਕ ਮੁਜਰਿਮ ਵੱਲੋਂ ਉਹ ਹੁਣ ਜੇਲ੍ਹ ਵਿੱਚ ਬੰਦ ਹੈ। ਭਲਾ, ਨਸ਼ੇ ਦੀ ਕਾਲੀ ਕਮਾਈ ਨੇ ਉਸ ਨੂੰ ਮਾਨਸਿਕ, ਸਮਾਜਿਕ ਜਾਂ ਪਰਿਵਾਰਕ ਸੁਖ ਦਿੱਤਾ?

13 ਜੂਨ 2017 ਨੂੰ ਐੱਸ.ਟੀ.ਐੱਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਨਸ਼ਿਆਂ ਦੀ ਤਸਕਰੀ ਦੇ ਸੰਬੰਧ ਵਿੱਚ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੌਰਾਨ ਉਸ ਦੀ ਕੋਠੀ ਵਿੱਚੋਂ 10.50 ਲੱਖ ਰੁਪਏ ਨਕਦ, 3500 ਪੌਡ, ਚਾਰ ਕਿਲੋ ਹੈਰੋਇਨ ਅਤੇ ਤਿੰਨ ਕਿਲੋ ਸਮੈਕ ਦੇ ਨਾਲ ਨਾਲ 2 ਏ.ਕੇ. 47 ਰਾਈਫਲਾਂ ਵੀ ਬਰਾਮਦ ਕੀਤੀਆਂ ਗਈਆਂ। ਇੰਦਰਜੀਤ ਸਿੰਘ ਤੋਂ ਡੁੰਘਾਈ ਨਾਲ ਪੁੱਛ ਗਿੱਛ ਕਰਨ ਉਪਰੰਤ ਸਾਹਮਣੇ ਆਇਆ ਕਿ ਉਸ ਵੇਲੇ ਦੇ ਮੋਗਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਰਾਜਦੀਪ ਸਿੰਘ ਹੁੰਦਲ ਦੀ ਸਰਪ੍ਰਸਤੀ ਹੇਠ ਜਿੱਥੇ ਇੰਦਰਜੀਤ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਨਾਲ ਅੰਨ੍ਹੀ ਕਮਾਈ ਕਰਦਾ ਰਿਹਾ, ਉੱਥੇ ਹੀ ਇਸ ਕਮਾਈ ਦਾ ਵੱਡਾ ਹਿੱਸਾ ਐੱਸ.ਐੱਸ.ਪੀ. ਮੋਗਾ ਅਤੇ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਕੋਲ ਪਹੁੰਚਦਾ ਰਿਹਾ। ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਜਿੱਥੇ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ, ਉੱਥੇ ਹੀ ਰਾਜਦੀਪ ਸਿੰਘ ਹੁੰਦਲ ਦੀ ਕਾਰਗੁਜ਼ਾਰੀ ਸੰਬੰਧੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਪੈਸ਼ਲ ਐੱਸ.ਆਈ.ਟੀ. ਬਣਾਈ ਗਈ। ਐੱਸ.ਆਈ.ਟੀ. ਦੀ ਰਿਪੋਰਟ ਅਨੁਸਾਰ ਐੱਸ.ਐੱਸ.ਪੀ. ਮੋਗਾ ਨੇ ਅਨੇਕਾਂ ਬੇਨਿਯਮੀਆਂ ਦੇ ਨਾਲ ਨਾਲ ਨਸ਼ੇ ਦੇ ਤਸਕਰਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਕੇ ਨਸ਼ਿਆਂ ਦੇ ਧੰਦੇ ਨੂੰ ਵਧਣ ਫੁੱਲਣ ਵਿੱਚ ਆਪਣਾ ‘ਯੋਗਦਾਨ’ ਪਾਇਆ। ਇਸ ਰਿਪੋਰਟ ਦੇ ਅਧਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਾਜਦੀਪ ਸਿੰਘ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਅਤੇ ਨਾਲ ਹੀ ਉਸ ਉੱਤੇ ਕੁਰੱਪਸ਼ਨ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਅਧਾਰ ’ਤੇ ਕੇਸ ਵੀ ਦਰਜ ਕੀਤਾ ਗਿਆ। ਗ੍ਰਿਫਤਾਰੀ ਤੋਂ ਬਚਣ ਲਈ ਇਹ ਐੱਸ.ਐੱਸ.ਪੀ. ਕਿੰਨੀ ਹੀ ਦੇਰ ਰੂਪੋਸ਼ ਰਿਹਾ ਅਤੇ ਜ਼ਮਾਨਤ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਰਿਹਾ। ਸੁਪਰੀਮ ਕੋਰਟ ਦੇ ਮਾਣਯੋਗ ਜੱਜ ਬੀ.ਆਰ. ਗਵੱਈ ਅਤੇ ਜਸਟਿਸ ਪੀ.ਕੇ. ਮਿਸ਼ਰਾ ਦੀ ਇਹ ਟਿੱਪਣੀ ਪੁਲਿਸ ਵਿਭਾਗ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ, “ਨਸ਼ਿਆਂ ਦੇ ਧੰਦੇ ਵਿੱਚ ਪੁਲਿਸ ਦੀ ਮਿਲੀਭੁਗਤ ਸ਼ਰਮਸਾਰ ਕਾਰਜ ਹੈ।” ਗੰਭੀਰ ਹੋਕੇ ਚਿੰਤਨ ਕਰਨ ਦੀ ਲੋੜ ਹੈ ਕਿ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਦੀ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਦਾ ਆਪਣਾ ਹਸ਼ਰ ਕਿਹੋ ਜਿਹਾ ਹੈ?

ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਕਾਂਢ ਵਾਪਰਿਆ। ਬਾਪ ਦੇ ਕਦਮਾਂ ’ਤੇ ਚਲਦੇ ਹੋਏ ਉਸਦੇ ਤਿੰਨ ਪੁੱਤਰ ਅਤੇ ਪਤਨੀ ਵੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਅੰਨ੍ਹੀ ਕਮਾਈ ਕਰਨ ਲੱਗ ਪਏ। ਪੁੱਤਰਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਘਰ ਵਿੱਚ ਖੁੱਲ੍ਹਾ ਨਸ਼ਾ ਹੋਣ ਕਾਰਨ ਦੂਜਾ ਪੁੱਤਰ ਨਸ਼ੇ ਦੀ ਦਲਦਲ ਵਿੱਚ ਧਸ ਗਿਆ। ਮਰਨਹਾਕੀ ਹਾਲਤ ਵਿੱਚ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ। ਤੀਜੇ ਪੁੱਤਰ ਦਾ ਆਪਣੇ ਬਾਪ ਅਤੇ ਮਾਂ ਨਾਲ ਨਸ਼ੇ ਦੀ ਕਮਾਈ ਦੌਲਤ ਦੀ ਵੰਡ-ਵੰਡਾਈ ’ਤੇ ਝਗੜਾ ਹੋ ਗਿਆ ਅਤੇ ਉਸਨੇ ਫਾਇਰਿੰਗ ਕਰਕੇ ਬਾਪ, ਮਾਂ ਅਤੇ ਭਰਜਾਈ ਨੂੰ ਮਾਰ ਦਿੱਤਾ। ਵਿਸ਼ਾਲ ਹਵੇਲੀ ਸੁੰਨੀ ਹੋ ਗਈ।

ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਦਾ ਆਪਣੇ ਪੁੱਤਰ ਦੇ ਨਾਂ ਲਿਖਿਆ ਖਤ ਚਰਚਾ ਦਾ ਵਿਸ਼ਾ ਬਣਿਆ ਸੀ। ਉਸਨੇ ਆਪਣੇ ਨਸ਼ਈ ਪੁੱਤਰ ਨੂੰ ਖਤ ਲਿਖਦਿਆਂ ਪਸ਼ਚਾਤਾਪ ਕੀਤਾ ਸੀ। ਉਸਨੇ ਲਿਖਿਆ ਸੀ ਕਿ ਨਸ਼ੇ ਦੇ ਸੌਦਾਗਰਾਂ ਦੀ ਅੰਨ੍ਹੀ ਕਮਾਈ ਦਾ ਹਿੱਸਾ ਮੈਂ ਵੀ ਲੈਂਦਾ ਰਿਹਾ ਅਤੇ ਨਸ਼ਾ ਤਸਕਰਾਂ ਦੀ ਲਗਾਮ ਖੁੱਲ੍ਹੀ ਛੱਡ ਕੇ ਕਿੰਨੇ ਹੀ ਘਰਾਂ ਦੇ ਚਿਰਾਗ ਬੁਝ ਗਏ। ਉਨ੍ਹਾਂ ਦੀਆਂ ਆਹਾਂ ਦਾ ਸੇਕ ਆਪਣੇ ਘਰ ਵੀ ਪਹੁੰਚ ਗਿਆ ਹੈ।

ਬਿਨਾਂ ਸ਼ੱਕ ਪੰਜਾਬ ਕਈ ਸਾਲਾਂ ਤੋਂ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਜਦੋਂ ਅਸੀਂ ਲੀਡਰਾਂ ਦੇ ਮਨ-ਲੁਭਾਊ ਬਿਆਨ ਸੁਣਦੇ ਹਾਂ ਤਾਂ ਲਗਦਾ ਹੈ ਕਿ ਪੰਜਾਬ ਰੰਗਲਾ ਹੈ। ਪਰ ਜਦੋਂ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਕਾਰਨ ਸਿਵਿਆਂ ਦੀ ਭੀੜ ਵੇਖਦੇ ਹਾਂ, ਹਵਾਈ ਅੱਡਿਆਂ ’ਤੇ ਸਟਡੀ ਵੀਜ਼ੇ ਦੇ ਓਹਲੇ ਵਿੱਚ ਪੰਜਾਬ ਨੂੰ ਅਲਵਿਦਾ ਕਹਿਣ ਵਾਲੀ ਜਵਾਨੀ ਦੀ ਭੀੜ ਵੇਖਦੇ ਹਾਂ ਅਤੇ ਜਦੋਂ ਬਾਕੀ ਰਹਿੰਦੀ ਜਵਾਨੀ ਨੂੰ ਕੰਧਾਂ ਕੌਲ਼ਿਆਂ ਵਿੱਚ ਟੱਕਰਾਂ ਮਾਰਦਿਆਂ ਜਾਂ ਰੁਜ਼ਗਾਰ ਲਈ ਦਰ ਦਰ ਧੱਕੇ ਖਾਂਦਿਆਂ ਵੇਖਦੇ ਹਾਂ ਤਾਂ ਉਦਾਸ ਸੋਚ ਉੱਭਰਦੀ ਹੈ, “ਜਿਹੜਾ ਪੰਜਾਬ ਆਪਣੀ ਜਵਾਨੀ ਨੂੰ ਨਹੀਂ ਸੰਭਾਲ ਰਿਹਾ, ਉਸ ਪੰਜਾਬ ਦਾ ਭਵਿੱਖ ਚਿੰਤਾਜਨਕ ਹੈ।”

ਭਾਵੇਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਬਹੁਤ ਸਾਰੇ ਵੱਡੇ ਕਾਰੋਬਾਰੀ ਹਾਲਾਂ ਕਾਨੂੰਨੀ ਸ਼ਿਕੰਜ਼ੇ ਤੋਂ ਬਾਹਰ ਹਨ, ਪਰ ਭਲਾ ਕਿੰਨਾ ਕੁ ਚਿਰ ਇਹ ਲੋਕਾਂ ਦੇ ਖੂਨ ਨਾਲ ਹੱਥ ਰੰਗਦੇ ਰਹਿਣਗੇ? ਕਦੇ ਨਾ ਕਦੇ ਤਾਂ ਅਜਿਹੇ ਸਮਾਜ ਦੋਖੀਆਂ ਦੀ ਹਾਲਤ ਵੀ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਜ਼ਰੂਰ ਹੋਵੇਗੀ।

ਨਸ਼ੇ ਦੇ ਛੋਟੇ ਕਾਰੋਬਾਰੀਆਂ ਦੇ ਘਰਾਂ ਵਿੱਚ ਜਦੋਂ ਪੁਲਿਸ ਰੇਡ ਕਰਦੀ ਹੈ ਤਾਂ ਬਹੁਤ ਵਾਰ ਘਰ ਦੇ ਮੁਖੀ ਦੇ ਨਾਲ ਨਾਲ ਔਰਤ ਦੀ ਭਾਈਵਾਲੀ ਸਾਹਮਣੇ ਆਉਣ ਕਾਰਨ ਪਤੀ ਪਤਨੀ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਅਤੇ ਪਿੱਛੇ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਹੁੰਦਾ। ਇੰਜ ਮਾਂ ਬਾਪ ਦੇ ਅਜਿਹੇ ਕਾਰਨਾਮਿਆਂ ਕਾਰਨ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ।

ਨਸ਼ਿਆਂ ਦਾ ਧੰਦਾ ਕਰਨ ਵਾਲੇ ਇਹ ਨਾ ਸੋਚਣ ਕਿ ਅਜਿਹੀ ਲੁੱਟ-ਖਸੁੱਟ ਨਾਲ ਵਿਆਹ ਦਾ ਜੋੜਾ ਖਰੀਦਿਆ ਜਾਵੇਗਾ, ਕੱਫਣ ਵੀ ਤਾਂ ਖਰੀਦਿਆ ਜਾ ਸਕਦਾ ਹੈ। ਕਾਸ਼! ਨਸ਼ੇ ਦੇ ਤਸਕਰ ਇਹ ਕਾਲਾ ਧੰਦਾ ਛੱਡ ਕੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਗੰਭੀਰਤਾ ਨਾਲ ਸੋਚਣ ਦੇ ਨਾਲ ਨਾਲ ਹੋਰਾਂ ਘਰਾਂ ਦੇ ਵਿਰਾਨ ਵਿਹੜੇ ਅਤੇ ਠੰਢੇ ਚੁੱਲ੍ਹਿਆਂ ਬਾਰੇ ਵੀ ਸੋਚਣ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5192)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author