“ਮੇਰੇ ਬੋਲ ਯਾਦ ਰੱਖਿਉ, ਇਹ ਮੁੰਡਾ ਵੱਡਾ ਹੋ ਕੇ ਪਟਵਾਰੀ ਬਣੂਗਾ ...”
(21 ਜੂਨ 2020)
ਲਿਖਣ-ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਮੇਰੇ ਹਿੱਸੇ ਆਇਆ ਹੈ। ਪੰਜਵੀਂ-ਛੇਵੀਂ ਵਿੱਚ ਪੜ੍ਹਦਿਆਂ ਜਿੱਥੇ ਮੈਂ ਸਕੂਲ ਵਿੱਚ ਬਾਲ ਮੈਗਜ਼ੀਨ ਚਾਅ ਨਾਲ ਪੜ੍ਹਦਾ ਸੀ, ਉੱਥੇ ਹੀ ਸਕੂਲ ਦੀ ਲਾਇਬਰੇਰੀ ਵਿੱਚੋਂ ਕਿਤਾਬਾਂ ਜਾਰੀ ਕਰਵਾ ਕੇ ਵੀ ਪੜ੍ਹਦਾ ਸੀ। ਇੱਥੇ ਹੀ ਬੱਸ ਨਹੀਂ, ਉਸ ਸਮੇਂ ਪਿੰਡ ਵਿੱਚ ਪੰਚਾਇਤ ਵੱਲੋਂ ਪੰਚਾਇਤ ਘਰ ਵਿੱਚ ਲਾਇਬਰੇਰੀ ਵੀ ਖੋਲ੍ਹੀ ਹੋਈ ਸੀ। ਲਾਇਬਰੇਰੀ ਦਾ ਇਨਚਾਰਜ ਮੇਰਾ ਵੱਡਾ ਭਰਾ ਹੋਣ ਕਰਕੇ ਕਮਰੇ ਦੀ ਚਾਬੀ ਘਰ ਹੀ ਹੁੰਦੀ ਸੀ। ਛੁੱਟੀ ਵਾਲੇ ਦਿਨ ਘਰੋਂ ਚਾਬੀ ਚੁੱਕ ਕੇ ਮਨ ਪਸੰਦ ਕਿਤਾਬ ਕੱਢ ਕੇ ਉੱਥੇ ਹੀ ਪੜ੍ਹਨਾ ਸ਼ੁਰੂ ਕਰ ਦਿੰਦਾ ਸੀ। ਭਾਈ ਵੀਰ ਸਿੰਘ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਰਵਿੰਦਰਨਾਥ ਟੈਗੋਰ, ਅਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਪ੍ਰਭਜੋਤ ਕੌਰ, ਸੁਖਬੀਰ ਆਦਿ ਲੇਖਕਾਂ ਦਾ ਕਾਫੀ ਸਾਹਿਤ ਮੈਂ ਬਾਲ ਉਮਰ ਵਿੱਚ ਹੀ ਪੜ੍ਹ ਲਿਆ ਸੀ। ਸਾਹਿਤ ਪੜ੍ਹਦਿਆਂ ਖੇਡਣ ਦੀ ਉਮਰ ਵਿੱਚ ਹੀ ਮੈਂ ਕੀ ਅਤੇ ਕਿਉਂ ਪ੍ਰਸ਼ਨਾਂ ਦੇ ਜਵਾਬ ਆਲੇ-ਦੁਆਲੇ ਦੇ ਮਾਹੌਲ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਆਪਣੇ ਆਪ ਨਾਲ ਸੰਵਾਦ ਰਚਾਉਣ ਦੀ ਰੁਚੀ ਕਾਰਨ ਮੇਰੇ ਅੰਦਰੋਂ ਕਵਿਤਾ ਦਾ ਝਰਨਾ ਵਹਿ ਤੁਰਿਆ। ਸਕੂਲ ਦੀ ਬਾਲ ਸਭਾ ਵਿੱਚ ਜਦੋਂ ਕਦੇ ਮੈਂ ਕਵਿਤਾ ਬੋਲਣ ਤੋਂ ਪਹਿਲਾਂ ਇਹ ਕਹਿੰਦਾ ਕਿ ਇਹ ਕਵਿਤਾ ਮੇਰੀ ਲਿਖੀ ਹੋਈ ਹੈ ਤਾਂ ਵੱਡੀਆਂ ਜਮਾਤਾਂ ਦੇ ਵਿਦਿਆਰਥੀ, ਮੇਰੇ ਹਾਣੀ ਅਤੇ ਅਧਿਆਪਕਾਂ ਨੂੰ ਮੇਰੇ ਕਹੇ ਸ਼ਬਦਾਂ ਉੱਤੇ ਘੱਟ ਹੀ ਯਕੀਨ ਆਉਂਦਾ। ਉਨ੍ਹਾਂ ਦਿਨਾਂ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਮੈਂ ਇੱਕ ਕਵਿਤਾ ‘ਰੱਬ ਨੂੰ’ ਸੰਬੋਧਨ ਕਰਦਿਆਂ ਲਿਖੀ। ਕਵਿਤਾ ਦੇ ਮੁਢਲੇ ਬੋਲ ਸਨ:
ਓਏ ਮਾਲਕ ਇਸ ਜਹਾਨ ਦਿਆ,
ਇਹ ਦੁਨੀਆਂ ਤੂੰ ਕੁਲ ਰਚਾਈ ਏ।
ਪਰ ਇੱਕ ਗੱਲ ਮੈਂਨੂੰ ਦੱਸ ਜ਼ਰਾ,
ਤੂੰ ਕਾਣੀ ਵੰਡ ਕਿਉਂ ਪਾਈ ਏ?
ਕਵਿਤਾ ਦੇ ਆਖ਼ਰੀ ਬੋਲ ਸਨ:
ਕਈ ਕੰਮ ਨੇ ਕਰਦੇ ਦਿਨ ਰਾਤੀਂ,
ਪਰ ਹਾਲ ਬੁਰਾ ਹੀ ਰਹਿੰਦਾ ਹੈ।
ਹੇ ਰੱਬਾ! ਕਰ ਇਨਸਾਫ ਜ਼ਰਾ,
ਅੱਜ ‘ਮੋਹਨ’ ਤੈਨੂੰ ਕਹਿੰਦਾ ਹੈ।
ਇਹ ਕਵਿਤਾ ਮੈਂ ਸਮਾਣਾ ਤੋਂ ਨਿਕਲਦੇ ‘ਸਰਪੰਚ’ ਨਾਂ ਦੇ ਅਖ਼ਬਾਰ ਨੂੰ ਭੇਜ ਦਿੱਤੀ। ਭੇਜੀ ਗਈ ਕਵਿਤਾ ਸਬੰਧੀ ਦੋ ਤਿੰਨ ਦਿਨ ਤਾਂ ਯਾਦ ਰਿਹਾ ਪਰ ਫਿਰ ਇਹ ਗੱਲ ਚੇਤੇ ਵਿੱਚੋਂ ਮਨਫ਼ੀ ਹੋ ਗਈ। ਇਹ ਗੱਲ 1961 ਦੀ ਹੈ। ਐਤਵਾਰ ਵਾਲੇ ਦਿਨ ਮੈਂ ਹਾਣੀਆਂ ਨਾਲ ਬੰਟੇ ਖੇਡਣ ਵਿੱਚ ਮਸਤ ਸੀ। ਉੱਧਰੋਂ ਪਿੰਡ ਦਾ ਸਰਪੰਚ ਆਪਣੇ ਪੰਚਾਇਤ ਮੈਂਬਰਾਂ ਨਾਲ ਕਿਸੇ ਸਾਂਝੇ ਕੰਮ ਦੇ ਮੰਤਵ ਨਾਲ ਆ ਰਿਹਾ ਸੀ। ਉਹਦੀ ਨਜ਼ਰ ਮੇਰੇ ’ਤੇ ਪਈ। ਮੇਰੇ ਲਾਗੇ ਆ ਕੇ ਪਿਆਰ ਨਾਲ ਮੇਰੀ ਬਾਂਹ ਫੜਕੇ ਉਠਾ ਲਿਆ। ਮੈਂਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ, “ਤੂੰ ਤਾਂ ਕਮਾਲ ਕਰ’ਤੀ। ਅੱਜ ਤੇਰੀ ਕਵਿਤਾ ਛਪੀ ਐ! ਤੇਰੇ ਨਾਂ ਨਾਲ ਆਪਣੇ ਪਿੰਡ ਦਾ ਨਾਂ ਵੀ ਕਵਿਤਾ ਵਿੱਚ ਲਿਖਿਆ ਹੋਇਆ ਹੈ। ਘਰੇ ਜਾ ਕੇ ਵੀ ਤੇਰੇ ਬਾਪ ਨੂੰ ਵਧਾਈਆਂ ਦੇ ਕੇ ਆਊਂਗਾ।”
ਮੈਂਨੂੰ ਲੱਗਿਆ ਜਿਵੇਂ ਮੈਂਨੂੰ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ ਹੋਵੇ। ਮੈਂ ਆਪ ਮੁਹਾਰੇ ਪੁੱਛਿਆ, “ਚਾਚਾ, ਅਖ਼ਬਾਰ ਕਿੱਥੇ ਐ?”
“ਘਰ ਬੈਠਕ ਵਿੱਚ ਮੰਜੇ ਤੇ ਪਿਆ ਐ ...” ਮੈਂ ਉਹਦੀ ਅੱਗਿਉਂ ਗੱਲ ਨਹੀਂ ਸੁਣੀ। ਬੰਟੇ ਉੱਥੇ ਹੀ ਛੱਡ ਕੇ ਸਰਪੰਚ ਦੇ ਘਰ ਵੱਲ ਦੌੜ ਪਿਆ। ਘਰ ਥੋੜ੍ਹੇ ਜਿਹੇ ਫਰਕ ਨਾਲ ਸੀ। ਇੰਜ ਭੱਜੇ ਜਾਂਦੇ ਨੂੰ ਵੇਖਕੇ ਇੱਕ ਕੁੱਤਾ ਵੀ ਮਗਰ ਪਿਆ। ਕਿਵੇਂ ਨਾ ਕਿਵੇਂ ਉਸ ਕੋਲੋਂ ਬਚਕੇ ਸਰਪੰਚ ਦੇ ਘਰੋਂ ਅਖ਼ਬਾਰ ਲੈ ਲਿਆ। ਅਖ਼ਬਾਰ ਹੱਥ ਵਿੱਚ ਲੈ ਕੇ ਜਦੋਂ ਪੰਨੇ ਪਲਟੇ, ਆਪਣੀ ਕਵਿਤਾ ਨਾਲ ਆਪਣਾ ਨਾਂ ਵੇਖ ਕੇ ਮੇਰੇ ਪੈਰ ਧਰਤੀ ’ਤੇ ਨਹੀਂ ਸਨ ਲੱਗ ਰਹੇ। ਉਸ ਵੇਲੇ ਮੈਂ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਲੜਕਾ ਸਮਝ ਰਿਹਾ ਸੀ। ਅਖ਼ਬਾਰ ਹੱਥ ਵਿੱਚ ਫੜੀ ਰਾਹ ਵਿੱਚ ਜਿਹੜਾ ਵੀ ਟੱਕਰਦਾ, ਉਸ ਨੂੰ ਆਪਣੀ ਛਪੀ ਕਵਿਤਾ ਜ਼ਰੂਰ ਵਿਖਾਉਂਦਾ। ਅਗਲੇ ਕਈ ਦਿਨ ਸਕੂਲ ਵਿੱਚ ਅਧਿਆਪਕਾਂ ਅਤੇ ਆਪਣੇ ਹਾਣੀਆਂ ਨੂੰ ਵੀ ਅਖ਼ਬਾਰ ਵਿਖਾਉਣ ਵਿੱਚ ਦਿਨ ਤੀਆਂ ਵਾਂਗ ਲੰਘ ਗਏ। ਅੱਖਾਂ ਤੋਂ ਮੁਨਾਖੇ ਮੇਰੇ ਬਜ਼ੁਰਗ ਪਿਤਾ ਦੇ ਬੋਲ ਮੇਰੇ ਹੁਣ ਵੀ ਅੰਗ-ਸੰਗ ਨੇ, “ਲਿਖਣਾ ਛੱਡੀ ਨਾ, ਪਰ ਸਕੂਲ ਦੀ ਪੜ੍ਹਾਈ ਵਿੱਚ ਵੀ ਕਿਤੇ ਵਿਘਨ ਨਾ ਪਾਈਂ।”
ਉਨ੍ਹਾਂ ਦਿਨਾਂ ਵਿੱਚ ਟੀ.ਵੀ. ਨੇ ਤਾਂ ਖਾਧੀ ਕੜ੍ਹੀ, ਰੇਡੀਓ ਵੀ ਕਿਸੇ ਸਰਦੇ-ਪੁੱਜਦੇ ਘਰ ਵਿੱਚ ਹੀ ਹੁੰਦਾ ਸੀ। ਸਾਡੇ ਪਿੰਡ ਦੀ ਸੱਥ ਵਿੱਚ ਸਪੀਕਰ ਵਾਲਾਂ ਰੇਡੀਓ ਪੰਚਾਇਤ ਵਲੋਂ ਲਾਇਆ ਹੋਇਆ ਸੀ। ਲੋਕ ਉੱਥੇ ਬੈਠ ਕੇ ਜਲੰਧਰ ਤੋਂ ਪ੍ਰਾਦੇਸ਼ਕ ਸਮਾਚਾਰ ਜਾਂ ਫਿਰ ਦਿਹਾਤੀ ਪ੍ਰੋਗਰਾਮ ਚਾਅ ਨਾਲ ਸੁਣਦੇ ਸਨ। ਗੱਲ ਕਵਿਤਾ ਛਪਣ ਵਾਲੇ ਦਿਨ ਦੀ ਹੀ ਹੈ! ਸ਼ਾਮ ਨੂੰ ਸੱਤ ਕੁ ਵਜੇ ਲੋਕ ਸੱਥ ਵਿੱਚ ਬੈਠੇ ਰੇਡੀਓ ਸੁਣ ਰਹੇ ਸਨ। ਸਕੂਲ ਦੇ ਦੋ ਅਧਿਆਪਕ ਵੀ ਵਿੱਚ ਬੈਠੇ ਸਨ। ਮੈਂ ਇੱਕ ਪਾਸੇ ਖਲੋਤਾ ਸਰੋਤਿਆਂ ਵਿੱਚ ਸ਼ਾਮਲ ਸੀ। ਖਬਰ ਆਈ ਕਿ ਨਾਨਕ ਸਿੰਘ ਦੇ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਨੂੰ ਪੰਜਾਬੀ ਦੀ ਸਰਵੋਤਮ ਪੁਸਤਕ ਵਲੋਂ ਐਵਾਰਡ ਲਈ ਚੁਣਿਆ ਗਿਆ ਹੈ। ਖਬਰ ਸੁਣਦਿਆਂ ਹੀ ਅਧਿਆਪਕ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗ ਪਏ ਕਿ ਨਾਨਕ ਸਿੰਘ ਦੀ ਚੰਗੀ ਕਿਤਾਬ ਹੋਣੀ ਐ, ਜਿਹੜਾ ਇਨਾਮ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਘੁਸਰ ਮੁਸਰ ਮੇਰੇ ਕੰਨਾਂ ਵਿੱਚ ਵੀ ਪੈ ਗਈ ਅਤੇ ਮੈਂ ਉਨ੍ਹਾਂ ਦੇ ਕੋਲ ਜਾ ਕੇ ਕਿਹਾ, “ਬਹੁਤ ਵਧੀਆ ਕਿਤਾਬ ਐ ਜੀ। ਸ੍ਰ. ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਵੱਡਾ ਨਾਵਲ ਐ ਜੀ। ਮੈਂ ਪਰਸੋਂ ਹੀ ਪੜ੍ਹਕੇ ਹਟਿਆਂ ਜੀ।” ਮੈਂ ਆਪ-ਮੁਹਾਰੇ ਬੋਲੀ ਜਾ ਰਿਹਾ ਸੀ ਅਤੇ ਅਧਿਆਪਕ ਮੇਰੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ।
ਸੱਥ ਵਿੱਚ ਬੈਠੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਵਰਦਾਨ ਵਜੋਂ ਇਹ ਸ਼ਬਦ ਕਹੇ, “ਮੇਰੇ ਬੋਲ ਯਾਦ ਰੱਖਿਉ, ਇਹ ਮੁੰਡਾ ਵੱਡਾ ਹੋ ਕੇ ਪਟਵਾਰੀ ਬਣੂਗਾ।”
ਉਸ ਬਜ਼ੁਰਗ ਦੇ ਕਹੇ ਬੋਲਾਂ ਨੂੰ ਮੈਂ ਕਦੇ ਕਦੇ ਚੇਤੇ ਕਰਦਿਆਂ ਸੋਚਦਾ ਹਾਂ, “ਉਹਦਾ ਪਟਵਾਰੀ ਲੱਗਣ ਤੋਂ ਮਤਲਬ ਵੱਡਾ ਅਫਸਰ ਲੱਗਣ ਤੋਂ ਸੀ। ਉਹਦੀ ਕੀਤੀ ਭੱਵਿਖਬਾਣੀ ਸੱਚਮੁੱਚ ਸਹੀ ਰਹੀ ਹੈ। ਜ਼ਿਲ੍ਹੇ ਦਾ ਅਫਸਰ, ਲੇਖਕ, ਸਕੂਲ ਦੇ ਬੋਰਡ ਤੇ ਸਾਡੇ ਹੋਣਹਾਰ ਸਿਤਾਰਿਆਂ ਵਿੱਚ ਸੱਤਵੇਂ ਨੰਬਰ ’ਤੇ ਲਿਖਿਆ ਮੇਰਾ ਨਾਂ, ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਪ੍ਰਾਪਤ ਤਮਗੇ, ਨੌਕਰੀ ਦੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਦੋ ਵਾਰ ਸਟੇਟ ਐਵਾਰਡ, ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵੱਲੋਂ ਪ੍ਰਾਪਤ ਸਨਮਾਨਾਂ ਨਾਲ ਭਰੀ ਝੋਲੀ ਜ਼ਿੰਦਗੀ ਦਾ ਖੂਬਸੂਰਤ ਹਾਸਲ ਨੇ। ਜ਼ਿੰਦਗੀ ਦੇ ਸੱਤ ਦਹਾਕੇ ਪਾਰ ਕਰਕੇ ਵੀ ਝਰਨੇ ਵਾਂਗ ਵਹਿੰਦਿਆਂ ਹੋਰਾਂ ਨੂੰ ਵੀ ਕਿਰਿਆਸ਼ੀਲ ਰਹਿਣ ਦਾ ਸੁਨੇਹਾ ਦਿੰਦਿਆਂ ਕਹਿੰਦਾ ਹਾਂ, “ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2207)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)