“ਆਹ ਜਿਹੜਾ ਗਲੀਆਂ ਵਿੱਚ ਰੌਲਾ ਜਿਹਾ ਪਵਾ ਰਹੇ ਹੋਂ, ਇਹਦੀ ਜਗ੍ਹਾ ਜੇ ਪਿੰਡ ਦੇ ਸਿਰੇ ’ਤੇ ਬਣੀ ਬਸਤੀ ਵੱਲ ...”
(22 ਦਸੰਬਰ 2021)
ਬਿਨਾਂ ਸ਼ੱਕ ਨਸ਼ਿਆਂ ਕਾਰਨ ਜਿੱਥੇ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ, ਉੱਥੇ ਹੀ ਸਮਾਜ ਵੀ ਗਰਕਣ ਦੀ ਸਥਿਤੀ ਵਿੱਚ ਹੈ। ਜਿਉਂ-ਜਿਉਂ ਸਿਆਸੀ ਲੋਕਾਂ ਅਤੇ ਸਰਮਾਇਦਾਰਾਂ ਦੀਆਂ ਜਾਇਦਾਦਾਂ ਅਤੇ ‘ਧੰਦਾ’ ਵਧ ਫੁੱਲ ਰਿਹਾ ਹੈ, ਤਿਉਂ ਤਿਉਂ ਨਸ਼ਿਆਂ ਕਾਰਨ ਸਿਵਿਆਂ ਦੀ ਅੱਗ ਹੋਰ ਪ੍ਰਚੰਡ ਹੋ ਰਹੀ ਹੈ। ਕਿਤੇ ਨਸ਼ੇ ਦੀ ਓਵਰਡੋਜ਼ ਕਾਰਨ ਝਾੜੀਆਂ ਵਿੱਚ ਡਿੱਗੀ ਨੌਜਵਾਨ ਦੀ ਲਾਸ਼, ਕਿਤੇ ਨੌਜਵਾਨ ਦੀ ਲਾਸ਼ ’ਤੇ ਪੱਥਰਾਂ ਨੂੰ ਰੁਵਾਉਣ ਵਾਲੇ ਕੀਰਨੇ ਪਾਉਂਦੀ ਬੇਵਸ ਮਾਂ, ਕਿਤੇ ਖੂਨ ਦੇ ਅੱਥਰੂ ਕੇਰਦੀ ਭੈਣ, ਮ੍ਰਿਤਕ ਕੁਆਰੇ ਵੀਰ ਦਾ ਮੱਥਾ ਚੁੰਮਦਿਆਂ ਉਹਦੇ ਚਿਹਰੇ ’ਤੇ ਸਿਹਰਾ ਬੰਨ੍ਹ ਰਹੀ ਭੈਣ ਅਤੇ ਕਿਤੇ ਵਿਹੜੇ ਵਿੱਚ ਪਈ ਨੌਜਵਾਨ ਦੀ ਲਾਸ਼ ’ਤੇ ਭੁੱਬਾਂ ਮਾਰ ਰਹੇ ਮਾਪੇ ਨਸ਼ਾ ਵੇਚਣ ਵਾਲਿਆਂ ਅਤੇ ਵਿਕਾਉਣ ਵਾਲਿਆਂ ਦੇ ਨਾਲ-ਨਾਲ ਸਮੇਂ ਦੀ ਸਰਕਾਰ ਦਾ ਸਿਆਪਾ ਕਰਦੇ ਹਨ।
ਰਾਜਸੀ ਲੋਕਾਂ, ਤਸਕਰਾਂ ਅਤੇ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਮਿਲੀ ਭੁਗਤ ਕਾਰਨ ਜਿੱਥੇ ਇਹ ‘ਧੰਦਾ’ ਅਮਰ ਵੇਲ ਦੀ ਤਰ੍ਹਾਂ ਵਧ-ਫੁੱਲ ਰਿਹਾ ਹੈ, ਉੱਥੇ ਹੀ ਨਸ਼ਿਆਂ ਕਾਰਨ ਰਿਸ਼ਤਿਆਂ ਦਾ ਲੀਰਾਂ-ਲੀਰਾਂ ਹੋਣਾ, ਤਲਾਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣਾ ਅਤੇ ਸਿਵਿਆਂ ਦੀ ਅੱਗ ਹੋਰ ਪ੍ਰਚੰਡ ਹੋਣ ਦੇ ਸੇਕ ਨੇ ਪੰਜਾਬੀਆਂ ਦਾ ਕਚੂਮਰ ਕੱਢ ਰੱਖਿਆ ਹੈ। ਸੱਥਰਾਂ ਉੱਪਰ ਇਹ ਸਵਾਲ ਧੁਖ਼ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ, ਜਿਸ ਨੇ ਹਾਸਿਆਂ ਨੂੰ ਗ੍ਰਹਿਣ ਲਾ ਦਿੱਤਾ ਹੈ ਅਤੇ ਮਾਪੇ ਆਪਣੇ ਆਪ ਨੂੰ ਨਾ ਜਿਉਂਦਿਆਂ ਵਿੱਚ ਸਮਝਦੇ ਹਨ ਅਤੇ ਨਾ ਮੋਇਆਂ ਵਿੱਚ। ਸਿਆਸੀ ਲੋਕਾਂ ਦੇ ‘ਵਿਕਾਸ’ ਦੇ ਦਾਅਵੇ ਉਨ੍ਹਾਂ ਨੂੰ ਵਿਹੁ ਵਰਗੇ ਲੱਗਦੇ ਹਨ। ਹਾਂ, ਕਦੇ ਕਦੇ ਸਰਕਾਰੀ ਪੱਧਰ ’ਤੇ ਜਾਗਰੂਕਤਾ ਮੁਹਿੰਮ ਛੇੜ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੱਧ ਕਰਨ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਇਹ ਯਤਨ ਇਸ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਛੱਤ ਚੋਅ ਰਹੀ ਹੋਵੇ ਪਰ ਫਰਸ਼ ਸਾਫ਼ ਕਰਨ ਦਾ ਯਤਨ ਕੀਤਾ ਜਾਵੇ। ਬੂਟਾ ਸੁੱਕਣ ’ਤੇ ਸਪ੍ਰੇਅ ਪੱਤਿਆਂ ਉੱਤੇ ਕੀਤਾ ਜਾਵੇ। ਡਰਾਇੰਗ ਰੂਮ ਦਾ ਕੂੜਾ ਕਰਕਟ ਗਲੀਚੇ ਹੇਠਾਂ ਕਰਕੇ ਡਰਾਇੰਗ ਰੂਮ ਸਾਫ਼ ਕਰਨ ਦਾ ਦਾਅਵਾ ਕੀਤਾ ਜਾਵੇ ਅਤੇ ਫਟੀ ਰਜਾਈ ਤੇ ਨਵਾਂ ਗਿਲਾਫ ਚੜ੍ਹਾ ਕੇ ਰਜਾਈ ਦੀ ਦਿੱਖ ਸੰਵਾਰੀ ਜਾਵੇ। ਪਰ ਗੁਰੂਆਂ-ਪੀਰਾਂ ਦੀ ਚਰਨ ਛੋਹ ਪੰਜਾਬ ਵਿੱਚ ਨਸ਼ੇ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਇੰਜ ਹੀ ‘ਉੱਪਰੋਂ’ ਆਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਇੱਕ ਪਿੰਡ ਵਿੱਚ ਨਸ਼ਿਆਂ ਵਿਰੁੱਧ ਰੈਲੀ ਆਯੋਜਿਤ ਕੀਤੀ ਗਈ। ਕਾਫੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਇੱਕ ਜਗ੍ਹਾ ’ਤੇ ਰੁਕ ਗਿਆ। ਸਕੂਲ ਦੇ ਵਿਦਿਆਰਥੀ, ਅਧਿਆਪਕ ਅਤੇ ਹੋਰ ਪਤਵੰਤੇ ਪਹਿਲਾਂ ਹੀ ਪੁੱਜ ਗਏ ਸਨ। ਇੱਕ ਚੇਤੰਨ ਅਧਿਆਪਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸੇ ਸ਼ਾਇਰ ਦੇ ਇਹ ਕਾਵਿਮਈ ਬੋਲ ਕਹਿ ਕੇ ਸਭ ਨੂੰ ਝੰਜੋੜ ਦਿੱਤਾ :
ਜਦੋਂ ਚੜ੍ਹੀ ਜਵਾਨੀ ਢੇਰ ਹੁੰਦੀ।
ਜਦੋਂ ਟੀਕਿਆਂ ਵਿੱਚ ਸਵੇਰ ਹੁੰਦੀ।
ਜਦੋਂ ਆਖੇ ਕਲਮ ਪਟਵਾਰੀ ਦੀ,
ਤਕਸੀਮ ਕਰਵਾ ਲਉ ਸਾਰੀ ਦੀ।
ਜਦੋਂ ਵੱਡਾ ਪੋਤਾ ਦਾਦੇ ਦਾ,
ਵਸੀਅਤ ਦੀ ਯਾਦ ਕਰਵਾਉਂਦਾ ਹੈ।
ਉਦੋਂ ਤਰਸ ਪੰਜਾਬ ’ਤੇ ਆਉਂਦਾ ਹੈ।”
ਥੋੜ੍ਹੀ ਦੇਰ ਵਿੱਚ ‘ਮੁੱਖ ਮਹਿਮਾਨ’ ਵੀ ਪੁੱਜ ਗਿਆ।’ ‘ਆਉ ਭਗਤ’ ਤੋਂ ਬਾਅਦ ਉਸ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਨਸ਼ਾ ਵੇਚਣ ਵਾਲੇ ਕੌਮ ਦੇ ਗੱਦਾਰ ਹਨ। ਇਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਕੀਤਾ ਜਾਵੇਗਾ। ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਹ ਗੈਰ ਕਾਨੂੰਨੀ ਧੰਦਾ ਕਰਦੇ ਹਨ, ਉਹਨਾਂ ਦੀ ਇਤਲਾਹ ਨੇੜੇ ਦੇ ਥਾਣੇ ਵਿੱਚ ਦਿਉ। ਇਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਸ਼ਾ ਵੇਚਣ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਉਹ ਇਹ ਕੁੱਤਾ ਕੰਮ ਛੱਡ ਕੇ ਮੁੱਖ ਧਾਰਾ ਵਿੱਚ ਆ ਜਾਣ।”
ਇਕੱਠ ਵਿੱਚ ਤਾੜੀਆਂ ਗੂੰਜੀਆਂ ਅਤੇ ਫਿਰ ਮੁੱਖ ਮਹਿਮਾਨ ਨੇ ‘ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ’ ਨੂੰ ਹਰੀ ਝੰਡੀ ਦੇ ਕੇ ਵਿਦਾਅ ਕੀਤਾ। ਵਿਦਿਆਰਥੀਆਂ ਦੇ ਹੱਥਾਂ ਵਿੱਚ ਨਸ਼ਿਆਂ ਸਬੰਧੀ ਸੁਨੇਹਾ ਦਿੰਦੀਆਂ ਤਖ਼ਤੀਆਂ ਉਨ੍ਹਾਂ ਦੇ ਮੋਢਿਆਂ ਤੋਂ ਉੱਪਰ ਉੱਠੀਆਂ। ਅੱਗੇ ਲੱਗੇ ਵਿਦਿਆਰਥੀ ਉੱਚੀ ਆਵਾਜ਼ ਵਿੱਚ ਕਹਿ ਰਹੇ ਸਨ, “ਨਸ਼ਾ ਪੰਜਾਬ ਵਿੱਚ ਰਹਿਣ ਨੀ ਦੇਣਾ।” ਅੱਗਿਉਂ ਦੂਜੇ ਵਿਦਿਆਰਥੀਆਂ ਦੀ ਗੂੰਜਵੀ ਆਵਾਜ਼ ਆ ਰਹੀ ਸੀ, “ਨਸ਼ੱਈ ਕਿਸੇ ਨੂੰ ਕਹਿਣ ਨੀ ਦੇਣਾ … ਨਸ਼ਾ ਛੱਡੋ ਕੋਹੜ ਵੱਡੋ, … ਨਸ਼ਾ ਵੰਡਣ ਜੇ ਆਉਣ ਗੱਦਾਰ, ਮਾਰੋ ਛਿੱਤਰ ਕੱਢੋ ਬਾਹਰ … ਜਿਹੜਾ ਪੀਂਦਾ ਹੈ ਸ਼ਰਾਬ, ਉਹਦਾ ਹੋਵੇ ਜਿਸਮ ਖਰਾਬ … ।”
ਵਿਦਿਆਰਥੀ ਅੱਗੇ ਅੱਗੇ, ਅਧਿਆਪਕ, ਪਿੰਡ ਦੇ ਕੁਝ ਲੋਕ, ਪੁਲਿਸ ਕਰਮਚਾਰੀ ਅਤੇ ਕੁਝ ਹੋਰ ਅਫਸਰ ਪਿੱਛੇ ਪਿੱਛੇ ਜਾ ਰਹੇ ਸਨ। ਫੋਟੋਗ੍ਰਾਫਰ ਨਸ਼ਾ ਮੁਕਤ ਮੁਹਿੰਮ ਦੀਆਂ ਫੋਟੋਆਂ ਖਿੱਚ ਰਿਹਾ ਸੀ ਅਤੇ ਨਾਲ ਹੀ ਵੀਡਿਓ ਫਿਲਮ ਵੀ ਤਿਆਰ ਕੀਤੀ ਜਾ ਰਹੀ ਸੀ। ਨਸ਼ਾ ਮੁਕਤ ਕਰਨ ਲਈ ਕੀਤੇ ਗਏ ‘ਸ਼ਾਨਦਾਰ ਯਤਨਾਂ’ ਤੋਂ ਸਰਕਾਰ ਨੂੰ ਜਾਣੂ ਜੋ ਕਰਵਾਉਣਾ ਸੀ।
ਇੱਕ ਤਪਿਆ ਹੋਇਆ ਬਜ਼ੁਰਗ ਭੀੜ ਦਾ ਹਿੱਸਾ ਬਣਨ ਦੀ ਥਾਂ ਮੁੱਖ ਮਹਿਮਾਨ ਦੀ ਕਾਰ ਕੋਲ ਚਲਾ ਗਿਆ। ਮੁੱਖ ਮਹਿਮਾਨ ਜਦੋਂ ਕਾਰ ਵਿੱਚ ਬੈਠਣ ਲੱਗਿਆ ਤਾਂ ਉਸ ਨੇ ਨਿਮਰਤਾ ਨਾਲ ਕਿਹਾ, “ਆਹ ਜਿਹੜਾ ਗਲੀਆਂ ਵਿੱਚ ਰੌਲਾ ਜਿਹਾ ਪਵਾ ਰਹੇ ਹੋਂ, ਇਹਦੀ ਜਗ੍ਹਾ ਜੇ ਪਿੰਡ ਦੇ ਸਿਰੇ ’ਤੇ ਬਣੀ ਬਸਤੀ ਵੱਲ ਧਿਆਨ ਦਿੱਤਾ ਜਾਵੇ ਤਾਂ ਪਿੰਡ ਦੀ ਕਿਸਮਤ ਬਦਲ ਸਕਦੀ ਐ। ਉਸ ਬਸਤੀ ਵਿੱਚ ਤਾਂ ਵੇਲੇ ਕੁਵੇਲੇ ਪੁਲਿਸ ਵਾਲੇ ਵੀ ਗੇੜਾ ਮਾਰਦੇ ਨੇ। ਪਰ ਕੁੱਤੀ ਚੋਰਾਂ ਨਾਲ ਰਲੀ ਹੋਣ ਕਰਕੇ ਨਸ਼ਾ ਸਰੇਆਮ ਵਿਕਦੈ। ਹੁਣ ਤਾਂ ਪਿੰਡ ਦਾ ਸਿਵਾ ਵੀ ਮੋਕਲਾ ਕਰਵਾਉਣਾ ਪੈਣਾ ਹੈ। ਉਸ ਬਸਤੀ ਦਾ ਕਰੋ ਕੋਈ ਹੀਲਾ। ਨਹੀਂ ਫਿਰ ਇਸ ਪਿੰਡ ਦੇ ਨਾਲ-ਨਾਲ ਦੂਜੇ ਪਿੰਡ ਵੀ ਉੱਜੜ ਜਾਣੇ ਨੇ। ਉਸ ਬਸਤੀ ਵਿੱਚ ਤਾਂ ਛੋਟੇ-ਛੋਟੇ ਜਵਾਕ ਵੀ ਨਸ਼ਾ ਵੇਚਦੇ ਨੇ। ਸਕੂਲ ਵਿੱਚ ਪੜ੍ਹਨ ਵਾਲੇ ਮੁੰਡੇ ਵੀ ਚਾਟ ’ਤੇ ਲਾ ਰੱਖੇ ਨੇ।”
ਬੇਵਸ ਬਜ਼ੁਰਗ ਨੇ ਤਰਲਾ ਜਿਹਾ ਲੈਂਦਿਆਂ ਫਿਰ ਕਿਹਾ, “ਹੁਣ ਤਾਂ ਵਾੜ ਹੀ ਖੇਤ ਨੂੰ ਖਾਣ ਲੱਗੀ ਐ। ਕਰੋ ਕੋਈ ਬੰਨ੍ਹ ਸੁੱਬ … ।” ਅਫਸਰ ਨੇ ਘੜੀ ਵਿੰਹਦਿਆਂ ਡਰਾਈਵਰ ਨੂੰ ਗੱਡੀ ਸਟਾਰਟ ਕਰਨ ਦਾ ਇਸ਼ਾਰਾ ਕਰਦਿਆਂ ਬਜ਼ੁਰਗ ਨੂੰ ਕਿਹਾ, “ਫਿਕਰ ਨਾ ਕਰੋ ਬਾਬਾ, ਸਭ ਨੂੰ ਠੋਕ ਦੂੰ। ਕੋਈ ਨੀ ਵੇਚੂਗਾ ਨਸ਼ਾ। ਹੁਣ ਮੈਂ ਜ਼ਰੂਰੀ ਮੀਟਿੰਗ ’ਤੇ ਜਾਣਾ ਹੈ …।”
ਕਾਰ ਕੁਝ ਹੀ ਪਲਾਂ ਵਿੱਚ ਅੱਖੋਂ ਓਹਲੇ ਹੋ ਗਈ।
“ਨਸ਼ਾ ਪੰਜਾਬ ਵਿੱਚ ਰਹਿਣ ਨੀ ਦੇਣਾ …” ਦੇ ਨਾਅਰਿਆਂ ਦੀ ਆਵਾਜ਼ ਨੇ ਬਜ਼ੁਰਗ ਨੂੰ ਝੰਜੋੜ ਦਿੱਤਾ। ਫਿਰ ਉਹ ਦ੍ਰਿੜ੍ਹ ਸੰਕਲਪ ਨਾਲ ਆਪਣੇ ਆਪ ਨੂੰ ਮੁਖ਼ਾਤਬ ਸੀ. “ਇਨ੍ਹਾਂ ਨੇ ਕੁਛ ਨਹੀਂ ਕਰਨਾ, ਇਕੱਠੇ ਹੋਏ ਲੋਕ ਹੀ ਨਸ਼ਾ ਵੇਚਣ ਵਾਲਿਆਂ ਨੂੰ ਧਨੇਸੜੀ ਦੇਣਗੇ।”
ਦ੍ਰਿੜ੍ਹ ਸੰਕਲਪ ਅਤੇ ਪੱਕੇ ਕਦਮੀਂ ਉਹ ਪਿੰਡ ਦੀ ਸੱਥ ਵੱਲ ਜਾ ਰਿਹਾ ਸੀ, ਤਾਂ ਜੋ ਨਸ਼ਿਆਂ ਵਿਰੁੱਧ ਲਾਮਬੱਧ ਕਰਨ ਲਈ ਉਹ ਹੋਰਾਂ ਨੂੰ ਵੀ ਆਪਣੇ ਨਾਲ ਜੋੜ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3222)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)