MohanSharma7ਮੰਜੇ ਦੇ ਪਾਵੇ ਹੇਠਾਂ ਮੇਰਾ ਹੱਥ ਰੱਖ ਕੇ ਆਪ ਮੰਜੇ ਉੱਤੇ ਬਹਿ ਕੇ ਹੱਸਦਾ ਰਹਿੰਦਾ ...
(11 ਅਕਤੂਬਰ 2019)

 

ਨਸ਼ਿਆਂ ਦੇ ਮਾਰੂ ਸੰਤਾਪ ਨੇ ਜਿੱਥੇ ਘਰਾਂ ਦੇ ਚੁੱਲ੍ਹੇ ਠੰਢੇ ਕੀਤੇ ਹਨ ਉੱਥੇ ਹੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਸਰੀਰਕ, ਮਾਨਸਿਕ, ਬੌਧਿਕ ਅਤੇ ਆਰਥਿਕ ਕੰਗਾਲੀ ਭੋਗ ਰਿਹਾ ਹੈਦੁਖਾਂਤਮਈ ਪਹਿਲੂ ਇਹ ਹੈ ਕਿ ਨਸ਼ਿਆਂ ਕਾਰਨ ਔਰਤ ਇੱਕ ਮਾਂ, ਪਤਨੀ ਅਤੇ ਭੈਣ ਦੇ ਰੂਪ ਵਿੱਚ ਸੰਤਾਪ ਭੋਗਦਿਆਂ ਮਾਤਮੀ ਜੀਵਨ ਬਤੀਤ ਕਰ ਰਹੀ ਹੈਪੋਟਾ-ਪੋਟਾ ਦੁਖੀ ਔਰਤ ਦੀ ਹੂਕ ਪੱਥਰਾਂ ਨੂੰ ਵੀ ਰਵਾਉਣ ਵਾਲੀ ਹੁੰਦੀ ਹੈ, ਜਦੋਂ ਉਹ ਖੂਨ ਦੇ ਅੱਥਰੂ ਕੇਰਦਿਆਂ ਆਪਣੇ ਦੁੱਖ ਦਾ ਪ੍ਰਗਟਾਵਾ ਅਜਿਹੇ ਸ਼ਬਦਾਂ ਨਾਲ ਕਰਦੀ ਹੈ, “ਜਵਾਨੀ ਤਾਂ ਮੇਰੇ ਸ਼ਰਾਬੀ ਖਸਮ ਨੇ ਰੋਲ ਦਿੱਤੀਬੁੱਢਾਪਾ ਪੁੱਤ ਦੇ ਚਿੱਟੇ ਨੇ ਰੋਲ ਦਿੱਤਾਮੈਂ ਕਿੱਧਰ ਨੂੰ ਜਾਵਾਂ?” ਪੰਜਾਬ ਵਿੱਚ ਨਸ਼ਿਆਂ ਕਾਰਨ ਹਰ ਰੋਜ਼ ਅੰਦਾਜ਼ਨ 16 ਤਲਾਕ ਹੋ ਰਹੇ ਹਨ ਅਤੇ ਨਸ਼ਈ ਦੀ ਪਤਨੀ ਆਪਣੇ ਆਪ ਨੂੰ ਨਾ ਸੁਹਾਗਣ ਸਮਝਦੀ ਹੈ ਅਤੇ ਨਾ ਹੀ ਵਿਧਵਾ

ਅਜਿਹਾ ਹੀ ਇੱਕ ਕੇਸ ਪਿਛਲੇ ਸਾਲ ਸਾਹਮਣੇ ਆਇਆ ਜਿੱਥੇ ਔਰਤ ਨੇ ਆਪਣੇ ਨਸ਼ਈ ਪਤੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਆਪਣੇ ਸਹੁਰੇ ਘਰ ਨੂੰ ਅਲਵਿਦਾ ਆਖ ਦਿੱਤਾਜਾਣ ਵੇਲੇ ਆਪਣੇ ਦੋਨੋਂ ਮਾਸੂਮ ਬੱਚਿਆਂ ਨੂੰ ਵੀ ਨਾਲ ਹੀ ਲੈ ਗਈਬੱਸ, ਇੱਕੋ-ਇੱਕ ਪੇਕਾ ਘਰ ਹੀ ਉਸ ਦਾ ਆਸਰਾ ਬਣ ਗਿਆਵਿਆਹੀ-ਵਰ੍ਹੀ ਧੀ ਜਦੋਂ ਅਜਿਹੀ ਸਥਿਤੀ ਵਿੱਚ ਮਾਪਿਆਂ ਕੋਲ ਆਉਂਦੀ ਹੈ ਤਾਂ ਉਨ੍ਹਾਂ ਉੱਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈਕੁੜੀ ਨੂੰ ਜਦੋਂ ਮਾਂ-ਬਾਪ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਜਵਾਬ ਸੀ, “ਜੇ ਮੈਂਨੂੰ ਉੱਥੇ ਦੁਬਾਰਾ ਧੱਕੇ ਨਾਲ ਭੇਜਿਆ ਤਾਂ ਮੈਂ ਖੂਹ ਖਾਤਾ ਗੰਦਾ ਕਰਦੂੰਮੈਂ ਉੱਥੇ ਤੀਹੋ-ਕਾਲ ਨਹੀਂ ਜਾਣਾਥੋਡੇ ਕੋਲ ਰਹਿ ਕੇ ਆਪਣੇ ਜਵਾਕ ਪਾਲ ਲਵਾਂਗੀਮੈਂ ਬਾਰਾਂ ਜਮਾਤਾਂ ਪਾਸ ਕੀਤੀਆਂ ਨੇਘਰ ਜਵਾਕਾਂ ਨੂੰ ਟਿਊਸ਼ਨ ਪੜ੍ਹਾ ਕੇ ਚਾਰ ਛਿੱਲੜ ਇਕੱਠੇ ਕਰ ਲਵਾਂਗੀਥੋਡੇ ਉੱਤੇ ਬੋਝ ਨਹੀਂ ਬਣਨਾਹਾੜ੍ਹਾ! ਮੈਂਨੂੰ ਧੱਕਾ ਨਾ ਦਿਓ” ਮਾਂ ਬਾਪ ਅਤੇ ਇਕਲੌਤਾ ਭਰਾ ਉਸ ਦੇ ਨਾਲ ਕੰਧ ਬਣ ਕੇ ਖੜ੍ਹੋ ਗਏ

ਇੱਧਰ ਨਸ਼ਈ ਵਿਅਕਤੀ ਦੇ ਮਾਂ-ਬਾਪ ਪਹਿਲਾਂ ਹੀ ਗੁਜ਼ਰ ਚੁੱਕੇ ਸਨਪਤਨੀ ਦੀ ਟੋਕਾ-ਟਾਕੀ ਵੀ ਖਤਮ ਹੋ ਗਈਪੰਜ ਕਿੱਲਿਆਂ ਦੇ ਮਾਲਕ ਨੇ ਦੋ ਕਿੱਲੇ ਨਸ਼ੇ ਦੇ ਲੇਖੇ ਲਾ ਦਿੱਤੇ ਸਨਤੀਜੇ ਕੀਲੇ ਨੂੰ ਉਹ ਵਾਢਾ ਲਾਉਣ ਹੀ ਲੱਗਿਆ ਸੀ ਕਿ ਪਤਨੀ ਨੇ ਅਦਾਲਤ ਤੋਂ ਜ਼ਮੀਨ ਨਾ ਵੇਚਣ ਦੀ ਸਟੇਅ ਲੈ ਲਈਦੋਨੋਂ ਵਿਆਹੀਆਂ ਵਰ੍ਹੀਆਂ ਭੈਣਾਂ ਵੀ ਆਪਣੇ ਇਕਲੌਤੇ ਨਸ਼ਈ ਭਰਾ ਦੀਆਂ ਹਰਕਤਾਂ ਤੋਂ ਪੋਟਾ-ਪੋਟਾ ਦੁਖੀ ਸਨਉਸ ਨੂੰ ਸਹੁਰੇ ਘਰ ਲਿਜਾ ਕੇ ਸਹੁਰੇ ਪਰਿਵਾਰ ਵਿੱਚ ਜ਼ਲੀਲ ਵੀ ਨਹੀਂ ਸਨ ਹੋਣਾ ਚਾਹੁੰਦੀਆਂਆਮ ਕਿਹਾ ਵੀ ਜਾਂਦਾ ਹੈ ਕਿ ਵਿਗੜੇ ਪਸੂ ਨੂੰ ਕਿਵੇਂ ਨਾ ਕਿਵੇਂ ਸੰਭਾਲਿਆ ਜਾ ਸਕਦਾ ਹੈ ਪਰ ਵਿਗੜੇ ਮਨੁੱਖ ਨੂੰ ਸੰਭਾਲਨਾ ਬਹੁਤ ਔਖਾ ਹੈਦੋਨੋਂ ਭੈਣਾਂ ਨੇ ਆਪਣੇ ਪਤੀਆਂ ਨੂੰ ਨਾਲ ਲੈ ਕੇ ਪੇਕੇ ਘਰ ਬੈਠੀ ਭਰਜਾਈ ਨੂੰ ਲਿਆਉਣ ਦਾ ਯਤਨ ਕੀਤਾਕੁੜੀ ਦਾ ਜਵਾਬ ਸੀ, “ਉਸ ਬੰਦੇ ਨਾਲ ਮੈਂ 6-7 ਸਾਲ ਨਰਕ ਭੋਗਿਆ ਹੈਨਸ਼ੇ ਵਿੱਚ ਟੁੰਨ ਹੋ ਕੇ ਮੈਂਨੂੰ ਛੱਲੀਆਂ ਵਾਂਗ ਕੁੱਟਦਾ ਰਿਹਾ ਹੈਇਹ ਮਾਸੂਮ ਬੱਚਿਆਂ ਨੂੰ ਵੀ ਕਈ ਵਾਰ ਪਟਕਾ-ਪਟਕਾ ਕੇ ਧਰਤੀ ਨਾਲ ਮਾਰਦਾ ਰਿਹਾ ਹੈਕਈ-ਕਈ ਡੰਗ ਚੁੱਲ੍ਹਾ ਵੀ ਠੰਢਾ ਰਿਹੈ

ਦੋਨੋਂ ਭੈਣਾਂ ਆਪਣੇ ਮਾਸੂਮ ਭਤੀਜਿਆਂ ਦੇ ਸਿਰ ਤੇ ਹੱਥ ਧਰ ਕੇ ਹੰਝੂ ਵਹਾਉਂਦੀਆਂ ਵਾਪਸ ਚਲੀਆਂ ਗਈਆਂਕੁੜੀ ਇੱਕ ਸਾਲ ਆਪਣੇ ਪੇਕੇ ਘਰ ਬੈਠੀ ਰਹੀਨਸ਼ਈ ਦੀ ਹਾਲਤ ਦਿਨ ਬ ਦਿਨ ਨਿੱਘਰਦੀ ਗਈਫਿਰ ਇੱਕ ਦਿਨ ਦੋਨੋਂ ਭੈਣਾਂ ਆਪਣੇ ਨਸ਼ਈ ਭਰਾ ਦੀ ਜਾਨ ਬਚਾਉਣ ਦੇ ਮੰਤਵ ਨਾਲ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਆਈਆਂਨਾਲ ਪਿੰਡ ਦਾ ਸਰਪੰਚ ਵੀ ਸੀਭੈਣਾਂ ਤਰਲੇ ਨਾਲ ਕਹਿ ਰਹੀਆਂ ਸਨ, “ਇਹਨੂੰ ਦਾਖ਼ਲ ਕਰ ਲਓ ਜੀ, ਸਾਡਾ ਪੇਕਾ ਘਰ ਉੱਜੜ ਰਿਹਾ ਹੈਇਹ ਸਿਵਿਆਂ ਦੇ ਰਾਹ ਪਿਆ ਹੋਇਐਭਰਜਾਈ ਸਾਡੇ ਦੋਨਾਂ ਭਤੀਜਿਆਂ ਨੂੰ ਨਾਲ ਲੈ ਕੇ ਪੇਕੇ ਘਰ ਬੈਠੀ ਹੈਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ

ਤਿੰਨ ਚਾਰ ਪਰਿਵਾਰਾਂ ਦੀ ਨਸ਼ਿਆਂ ਕਾਰਨ ਹੋ ਰਹੀ ਬਰਬਾਦੀ ਦਾ ਕਿੱਸਾ ਸੁਣ ਕੇ ਮੇਰਾ ਆਪਣਾ-ਆਪ ਵੀ ਕੁਰਲਾ ਉੱਠਿਆ ਅਤੇ ਨਸ਼ਈ ਨੂੰ ਦਾਖਲ ਕਰ ਲਿਆ ਗਿਆਦਾਖਲ ਕਰਨ ਉਪਰੰਤ ਉਸ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆਦਵਾਈਆਂ ਅਤੇ ਦੁਆ ਦੇ ਸੁਮੇਲ ਨਾਲ ਉਸ ਦੀ ਨਿੱਘਰਦੀ ਹਾਲਤ ਵਿੱਚ ਦਿਨ ਬ ਦਿਨ ਸੁਧਾਰ ਹੁੰਦਾ ਗਿਆਇੱਕ ਦਿਨ ਜਦੋਂ ਦੂਜੇ ਨਸ਼ਈ ਮਰੀਜ਼ਾਂ ਦੀ ਹਾਜਰੀ ਸਮੇਂ ਉਸ ਨੂੰ ਪੁੱਛਿਆ ਗਿਆ, “ਕਮਲਜੀਤ, ਕੀ ਤੂੰ ਆਪਣੇ ਬੱਚਿਆਂ ਦਾ ਚੰਗਾ ਬਾਪ ਬਣ ਸਕਿਆ ਹੈਂ? ਉਸ ਨੇ ਉਦਾਸ ਹੋ ਕੇ ਨਾ ਵਿੱਚ ਸਿਰ ਹਿਲਾ ਦਿੱਤਾਫਿਰ ਅਗਲੇ ਪ੍ਰਸ਼ਨ ਦਾ ਉਸ ਨੂੰ ਸਾਹਮਣਾ ਕਰਨਾ ਪਿਆ, “ਕੀ ਤੂੰ ਆਪਣੇ ਮਾਂ-ਬਾਪ ਦਾ ਚੰਗਾ ਪੁੱਤ ਬਣਿਆ ਹੈਂ?” ਉਸ ਨੇ ਫਿਰ ਨਾ ਵਿੱਚ ਸਿਰ ਹਿਲਾ ਦਿੱਤਾਜਦੋਂ ਉਸ ਨੂੰ ਇਹ ਪੁੱਛਿਆ, “ਚਲੋ ਇਹ ਦੱਸ, ਜਿਸ ਨੂੰ ਤੂੰ ਸਿਹਰੇ ਬੰਨ੍ਹ ਕੇ ਆਪਣੇ ਘਰ ਪਤਨੀ ਦੇ ਰੂਪ ਵਿੱਚ ਲੈ ਕੇ ਆਇਆ ਸੀ, ਆਪਣਾ ਪੇਕਾ ਘਰ ਛੱਡ ਕੇ ਉਸਨੇ ਤੇਰਾ ਪੱਲਾ ਪਤੀ ਦੇ ਰੂਪ ਵਿੱਚ ਫੜਿਆ, ਕੀ ਉਹਦਾ ਵਧੀਆ ਪਤੀ ਬਣ ਸਕਿਆ ਹੈਂ? ਇਸ ਪ੍ਰਸ਼ਨ ਦਾ ਜਵਾਬ ਉਹਦੇ ਵਹਿੰਦੇ ਅੱਥਰੂਆਂ ਨੇ ਹੀ ਦਿੱਤਾਅੱਥਰੂ ਜਿਨ੍ਹਾਂ ਵਿੱਚੋਂ ਪਛਤਾਵੇ ਦੀ ਝਲਕ ਦਿਖਦੀ ਸੀ

ਕਮਲਜੀਤ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਪਤੀ ਬਣਨ ਦੀ ਪ੍ਰੇਰਨਾ ਦੇਣ ਦੇ ਯਤਨ ਲਗਾਤਾਰ ਜਾਰੀ ਰਹੇਹੁਣ ਉਹਦੇ ਚਿਹਰੇ ਉੱਤੇ ਲਾਪਰਵਾਹੀ ਦੀ ਥਾਂ ਗੰਭੀਰਤਾ ਦੇ ਚਿੰਨ੍ਹ ਉੱਭਰ ਆਏ ਸਨਫਿਰ ਇੱਕ ਦਿਨ ਉਹ ਵੀ ਆਇਆ ਜਦੋਂ ਉਸ ਨੇ ਤਰਲੇ ਨਾਲ ਕਿਹਾ, “ਸਰ, ਮੈਂ ਬਹੁਤ ਪਾਪ ਕੀਤੇ ਨੇ, ਨਸ਼ਿਆਂ ਕਾਰਨ ਮੈਂ ਆਪਣਾ ਘਰ ਬਰਬਾਦ ਕਰ ਲਿਐਘਰਵਾਲੀ ਮੈਥੋਂ ਅੱਕ ਕੇ ਪੇਕੇ ਚਲੀ ਗਈਉਸ ਨੇ ਤਲਾਕ ਦਾ ਕੇਸ ਵੀ ਅਦਾਲਤ ਵਿੱਚ ਕੀਤਾ ਹੋਇਆ ਹੈਸਰ ਮੈਂ ਆਪਣੇ ਪਰਿਵਾਰ ਬਿਨਾਂ ਨਹੀਂ ਰਹਿ ਸਕਦਾਇੱਕ ਵਾਰ ਜੀਅ ਕਰਦਾ ਹੈ ਉਹਦੇ ਪੈਰਾਂ ਤੇ ਸਿਰ ਧਰ ਕੇ ਮੁਆਫੀ ਮੰਗਾ, ਬੱਚਿਆਂ ਨੂੰ ਰੱਜ ਕੇ ਪਿਆਰ ਕਰਾਂ ...” ਨਸ਼ਾ ਮੁਕਤ ਹੋ ਰਹੇ ਕਮਲਜੀਤ ਦੇ ਅੱਥਰੂ ਆਪ ਮੁਹਾਰੇ ਵਹਿ ਰਹੇ ਸਨ

ਸਾਡੇ ਸਾਹਮਣੇ ਪਹਾੜ ਜਿੱਡਾ ਪ੍ਰਸ਼ਨ ਸੀ ਕਿ ਕਮਲਜੀਤ ਨੂੰ ਨਸ਼ਾ ਮੁਕਤ ਕਰ ਕੇ ਜਦੋਂ ਭੇਜਿਆ ਜਾਵੇਗਾ ਤਾਂ ਭਾਂਅ-ਭਾਂਅ ਕਰਦੇ ਖਾਲੀ ਮਕਾਨ ਵਿੱਚ ਪਤਨੀ ਅਤੇ ਬੱਚਿਆਂ ਦੇ ਵਿਗੋਚੇ ਕਾਰਨ ਇਹ ਦੁਬਾਰਾ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਵੇਗਾ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾਇੰਜ ਡਿੱਗ ਰਹੇ ਮਕਾਨ ਉੱਤੇ ਸਫੈਦੀ ਕਰਨ ਵਾਲੇ ਕਰਮ ਤੋਂ ਅਸੀਂ ਹਮੇਸ਼ਾ ਹੀ ਪਾਸਾ ਵੱਟਿਆ ਹੈਫਿਰ ਕੁੜੀ ਦੇ ਮਾਪਿਆਂ ਨਾਲ ਉਹਦੇ ਘਰ ਜਾ ਕੇ ਸੰਪਰਕ ਕੀਤਾ ਗਿਆਮੁਲਾਕਾਤ ਸਮੇਂ ਮਾਪਿਆਂ ਅਤੇ ਕੁੜੀ ਨੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੱਤਾਕੁੜੀ ਨੇ ਹਟਕੋਰੇ ਭਰਦਿਆਂ ਦੱਸਿਆ, “ਸਰ ਜੀ, ਨਸ਼ੇ ਵਿੱਚ ਧੁੱਤ ਹੋ ਕੇ ਇਹ ਮੰਜੇ ਦੇ ਪਾਵੇ ਹੇਠਾਂ ਮੇਰਾ ਹੱਥ ਰੱਖ ਕੇ ਆਪ ਮੰਜੇ ਉੱਤੇ ਬਹਿ ਕੇ ਹੱਸਦਾ ਰਹਿੰਦਾ ਸੀਮੈਂ ਚੀਕਾਂ ਮਾਰ ਰਹੀ ਹੁੰਦੀ ਸੀ ਅਤੇ ਇਹ ਪਾਗਲਾਂ ਵਾਂਗ ਹੱਸੀ ਜਾਂਦਾ ਸੀਆਂਢ-ਗੁਆਂਢ ਵੀ ਇਹਦੇ ਕਾਰਿਆਂ ਕਾਰਨ ਆਉਣ-ਜਾਣ ਤੋਂ ਹਟ ਗਿਆ ਸੀਜਵਾਕ ਵੀ ਰਾਤ ਨੂੰ ਡਰ-ਡਰ ਕੇ ਉੱਠਦੇ ਸਨਇਹੋ ਜਿਹੇ ਨਰਕ ਵਿੱਚ ਮੈਂ ਦੁਬਾਰਾ ਨਹੀਂ ਜਾਣਾ

ਫਿਰ ਉਸ ਨੇ ਪੱਲਾ ਟੱਢ ਕੇ ਕਿਹਾ, “ਮੈਂ ਤਾਂ ਕਹਿਨੀਂ ਆਂ, ਇਹੋ ਜਿਹੇ ਨੂੰ ਰੱਬ ਚੁੱਕ ਲਵੇਮੈਂ ਤਾਂ ਉਹਦੇ ਭੋਗ ’ਤੇ ਵੀ ਨਾ ਜਾਵਾਂ” ਕੁੜੀ ਅਤੇ ਮਾਪਿਆਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਚੰਗਾ ਨਤੀਜਾ ਸਾਹਮਣੇ ਨਹੀਂ ਆਇਆ

ਦਸ ਬਾਰਾਂ ਦਿਨਾਂ ਬਾਅਦ ਦੁਬਾਰਾ ਦੋ ਸਟਾਫ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਦੁਬਾਰਾ ਦਸਤਕ ਦਿੱਤੀ ਗਈਪਹਿਲਾਂ ਲੜਕੀ ਦੇ ਮਾਪਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਯਕੀਨ ਦਵਾਇਆ ਕਿ ਹੁਣ ਉਹ ਬਿਲਕੁਲ ਸੁਧਰ ਚੁੱਕਿਆ ਹੈਉਹ ਇੱਕ ਵਾਰ ਆਪਣਾ ਘਰ ਵਸਾਉਣ ਲਈ ਤਰਲਾ ਕਰ ਰਿਹਾ ਹੈਜਦੋਂ ਉਨ੍ਹਾਂ ਨੂੰ ਇੱਕ ਹਮਦਰਦ ਵਜੋਂ ਇਹ ਕਿਹਾ ਗਿਆ ਕਿ ਵਿਆਹੀ ਵਰੀ ਧੀ ਨੂੰ ਪੇਕੇ ਘਰ ਰੱਖਣਾ ਮਾਪਿਆਂ ਲਈ ਬਹੁਤ ਵੱਡਾ ਦੁੱਖ ਹੈਅੱਗੇ ਬੱਚਿਆਂ ਦੀ ਜੁੰਮੇਵਾਰੀ ... ਉਹਨਾਂ ਦੀ ਪੜ੍ਹਾਈ ... ਸਭ ਕੁਝ ਤਹਿਸ-ਨਹਿਸ ਹੋ ਰਿਹਾ ਹੈਇਹ ਸੁਣਦਿਆਂ ਹੀ ਉਸ ਦਾ ਪਿਤਾ ਚਿੰਤਾਤੁਰ ਲਹਿਜੇ ਵਿੱਚ ਬੋਲਿਆ, “ਅਸੀਂ ਕਿੰਨਾ ਦੁਖੀ ਹਾਂ, ਬੱਸ ਰੱਬ ਹੀ ਜਾਣਦੈ

ਲੜਕੀ ਨਾਲ ਗੱਲ ਕਰਦਿਆਂ ਜਦੋਂ ਉਹਨੂੰ ਇਹ ਦੱਸਿਆ ਕਿ ਤੇਰਾ ਪਤੀ ਆਪਣੀਆਂ ਪਿਛਲੀਆਂ ਕਰਤੂਤਾਂ ਤੇ ਬਹੁਤ ਪਛਤਾ ਰਿਹਾ ਹੈਉਹ ਤੇਰੀ ਹਰ ਗੱਲ ਮੰਨਣ ਨੂੰ ਤਿਆਰ ਹੈਹੁਣ ਉਹ ਨਸ਼ਾ ਰਹਿਤ ਵੀ ਹੈਤੂੰ ਇੱਕ ਵਾਰ ਉਹਨੂੰ ਮਿਲ ਕੇ ਤਸੱਲੀ ਕਰ ਲੈਜੇ ਸਾਡੀ ਗੱਲ ਝੂਠੀ ਲੱਗੀ ਤਾਂ ਬਿਲਕੁਲ ਨਾ ਜਾਵੀਂਅਸੀਂ ਤੈਨੂੰ ਮਜਬੂਰ ਨਹੀਂ ਕਰਾਂਗੇ

ਆਖਰ ਕੁੜੀ ਅਤੇ ਉਸ ਦੇ ਮਾਪੇ ਇਸ ਗੱਲ ਲਈ ਰਾਜੀ ਹੋ ਗਏ ਕਿ ਅਸੀਂ ਉਸ ਨੂੰ ਮਿਲ ਕੇ ਤਸੱਲੀ ਕਰਾਂਗੇਕੁਝ ਦਿਨਾਂ ਬਾਅਦ ਉਨ੍ਹਾਂ ਦਾ ਸੁਨੇਹਾ ਮਿਲਿਆ ਕਿ ਅਸੀਂ ਨਸ਼ਾ ਛੁਡਾਊ ਕੇਂਦਰ ਵਿੱਚ ਆ ਰਹੇ ਹਾਂਇੱਧਰੋਂ ਕਮਲਜੀਤ ਦੀਆਂ ਦੋਨੋਂ ਭੈਣਾਂ ਅਤੇ ਉਨ੍ਹਾਂ ਦੇ ਪਤੀਆਂ ਨੂੰ ਵੀ ਪੁੱਜਣ ਲਈ ਸੁਨੇਹਾ ਦੇ ਦਿੱਤਾ ਗਿਆਪਹਿਲਾਂ ਦੋਨਾਂ ਪਰਿਵਾਰਾਂ ਨੇ ਆਪਸ ਵਿੱਚ ਗੱਲਾਂ ਕੀਤੀਆਂਫਿਰ ਕਮਲਜੀਤ ਨੂੰ ਬੁਲਾਇਆ ਗਿਆਉਸ ਨੇ ਪਹਿਲਾਂ ਸਹੁਰੇ ਪਰਿਵਾਰ ਤੋਂ ਨਿਮਰਤਾ ਸਹਿਤ ਮੁਆਫੀ ਮੰਗੀਫਿਰ ਅੱਥਰੂ ਵਹਾਉਂਦਿਆਂ, ਜਦੋਂ ਪਤਨੀ ਦੇ ਪੈਰਾਂ ਵਿੱਚ ਝੁਕਣ ਲੱਗਿਆ ਤਾਂ ਪਤਨੀ ਨੇ ਉਹਦੇ ਹੱਥ ਫੜ ਲਏਦੋਨੋਂ ਬੱਚਿਆਂ ਨੂੰ ਬੁੱਕਲ ਵਿੱਚ ਲੈ ਕੇ ਉਹ ਭੁੱਬੀ ਰੋਂਦਾ ਰਿਹਾਇਸ ਭਾਵੁਕ ਦ੍ਰਿਸ਼ ਸਮੇਂ ਸਾਰੇ ਸਟਾਫ ਮੈਂਬਰਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏਕੁਝ ਸਮੇਂ ਲਈ ਕਮਲਜੀਤ ਅਤੇ ਉਸਦੀ ਪਤਨੀ ਜੀਵਨਜੋਤ ਨੂੰ ਅਲੱਗ ਬੈਠ ਕੇ ਗਿਲੇ-ਸ਼ਿਕਵੇ ਦੂਰ ਕਰਨ ਲਈ ਕਿਹਾ ਗਿਆਕੁਝ ਸਮੇਂ ਬਾਅਦ ਜੀਵਨਜੋਤ ਮੇਰੇ ਕੋਲ ਆਈ ਅਤੇ ਬੜੀ ਨਿਮਰਤਾ ਨਾਲ ਕਿਹਾ, “ਸਰ, ਮੈਂ ਜਾਣ ਲਈ ਤਿਆਹ ਹਾਂਮੇਰੀ ਇੱਕ ਸ਼ਰਤ ਹੈ ਉਹ ਥੋਨੂੰ ਪੂਰੀ ਕਰਨੀ ਪਊ

“ਹਾਂ, ਦੱਸੋ ਕੀ ਸ਼ਰਤ ਹੈ?”

“ਬਸ ਜੀ, ਤੁਸੀਂ ਮੈਂਨੂੰ ਮੇਰੇ ਸਿਰ ’ਤੇ ਹੱਥ ਰੱਖ ਕੇ ਭੇਜੋਂਗੇ

ਜੀਵਨਜੋਤ ਦੀ ਇਹ ਸ਼ਰਤ ਮੈਂ ਮੁਸਕਰਾਕੇ ਸਵੀਕਾਰ ਕਰ ਲਈਲੜਕੀ ਨੂੰ ਭੇਜਣ ਦਾ ਸਮਾਂ ਅਤੇ ਤਰੀਖ਼ ਨਿਸਚਿਤ ਕਰਕੇ ਫੈਸਲਾ ਹੋਇਆ ਕਿ ਨਸ਼ਾ ਛੁਡਾਊ ਕੇਂਦਰ ਵਿੱਚੋਂ ਹੀ ਇਨ੍ਹਾਂ ਨੂੰ ਵਿਦਾਅ ਕੀਤਾ ਜਾਵੇਗਾਨਿਸਚਿਤ ਦਿਨ ਨਸ਼ਾ ਛੁਡਾਊ ਕੇਂਦਰ ਵਿੱਚ ਵਿਆਹ ਵਰਗਾ ਮਾਹੌਲ ਸੀਜੀਵਨਜੋਤ ਅਤੇ ਨਸ਼ਾ ਰਹਿਤ ਕਮਲਜੀਤ ਨੂੰ ਸ਼ਗਨਾਂ ਨਾਲ ਵਿਦਾਅ ਕੀਤਾ ਗਿਆਪਿੱਛੋਂ ਵੀ ਲਗਾਤਾਰ ਸੰਪਰਕ ਰੱਖਿਆਕਮਲਜੀਤ ਦਾ ਜਵਾਬ ਹੁੰਦਾ ਸੀ, “ਸਰ, ਥੋਨੂੰ ਮੁੜ ਕੇ ਉਲਾਂਭਾ ਨਹੀਂ ਮਿਲੂ

ਜੀਵਨਜੋਤ ਵੀ “ਠੀਕ ਹੈ ਜੀ ਸਭ ਕੁੱਝ” ਉਤਸ਼ਾਹ ਨਾਲ ਕਹਿੰਦੀ ਰਹੀ

ਫਿਰ ਇੱਕ ਦਿਨ ਰਾਤ ਨੂੰ ਅੰਦਾਜਨ ਅੱਠ ਕੁ ਵਜੇ ਜੀਵਨਜੋਤ ਦਾ ਟੈਲੀਫੋਨ ਆਇਆ, “ਸਰ, ਕੱਲ੍ਹ ਨੂੰ ਸਾਡੇ ਵਿਆਹ ਦੀ ਪਹਿਲੀ ਵਰ੍ਹੇ ਗੰਢ ਹੈਇੱਕ ਸਾਲ ਪਹਿਲਾਂ ਤੁਸੀਂ ਸਾਨੂੰ ਇਕੱਠਿਆਂ ਕੀਤਾ ਸੀਸੱਚੀਂ ਸਰ, ਜ਼ਿੰਦਗੀ ਜਿਉਣ ਦਾ ਸਵਾਦ ਹੀ ਹੁਣ ਆਇਐਪਹਿਲੇ ਅੱਠ ਸਾਲ ਤਾਂ ਰੋਣ-ਧੋਣ ਵਿੱਚ ਹੀ ਗੁਜਾਰ ਦਿੱਤੇਇਹ ਦਿਨ ਅਸੀਂ ਤੁਹਾਡੇ ਕੋਲ ਆ ਕੇ ਮਨਾਉਣਾ ਹੈਮੇਰੇ ਦੋਨੋਂ ਬੱਚੇ ਅਤੇ ਕਮਲਜੀਤ, ਸਾਰੇ ਆਵਾਂਗੇ ਅਸੀਂ, ਥੋਡਾ ਅਸ਼ੀਰਵਾਦ ਲੈਣਾ ਹੈਮਿਲੋਂਗੇ ਨਾ ਤੁਸੀਂ?”

“ਜਰੂਰ ਮਿਲਾਂਗਾ” ਮੈਂ ਅਪਣਤ ਨਾਲ ਜਵਾਬ ਦਿੱਤਾਕੁੜੀ ਦੇ ਇਨ੍ਹਾਂ ਬੋਲਾਂ ਨੇ ਮੈਂਨੂੰ ਅੰਤਾਂ ਦਾ ਸਕੂਨ ਦਿੱਤਾ ਅਤੇ ਖੁਸ਼ੀ ਵਿੱਚ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏਜੀਵਨ ਸਾਥਣ ਨੇ ਅੱਖਾਂ ਵਿੱਚ ਆਏ ਅੱਥਰੂ ਵੇਖ ਕੇ ਚਿੰਤਾ ਨਾਲ ਪੁੱਛਿਆ, “ਸੁਖ ਐ ... ਇਹ ਹੰਝੂ ...?”

ਨੈਣਾਂ ਦੇ ਕੋਇਆਂ ਵਿੱਚੋਂ ਪੋਟਿਆਂ ਨਾਲ ਅੱਥਰੂ ਪੂੰਝਦਿਆਂ ਮੈਂ ਮੁਸਕਰਾ ਕੇ ਕਿਹਾ, “ਇਹੋ-ਜਿਹੇ ਅੱਥਰੂ ਤਾਂ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ ਨੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1766)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author