“ਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀ ਹਨ, ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ ਫਿਰ ਜਿਉਣ ...”
(29 ਜੁਲਾਈ 2023)
ਮਾਪਿਆਂ ਦਾ ਵੀਹ ਸਾਲਾਂ ਦਾ ਇਕਲੌਤਾ ਪੁੱਤ ਨਜ਼ਰ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਗਿਆ। ਕਹਿਰ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੰਨ੍ਹਾਟਾ ਜਿਹਾ ਛਾ ਗਿਆ। ਗ਼ਮਗੀਨ ਚਿਹਰੇ ਵਾਹੋ-ਦਾਹੀ ਉਸ ਦੇ ਘਰ ਵੱਲ ਜਾ ਰਹੇ ਸਨ। ਮਾਂ-ਬਾਪ ਦੇ ਪੱਥਰਾਂ ਨੂੰ ਵੀ ਰਵਾਉਣ ਵਾਲੇ ਵੈਣ ਝੱਲੇ ਨਹੀਂ ਸੀ ਜਾਂਦੇ। ਮਾਂ ਦੁਹੱਥੜਾਂ ਮਾਰ-ਮਾਰ ਕੇ ਖੂਨ ਦੇ ਅੱਥਰੂ ਕੇਰਦਿਆਂ ਕਹਿ ਰਹੀ ਸੀ, “ਵੇ ਪੁੱਤ, ਤੂੰ ਤਾਂ ਸਾਨੂੰ ਪਟਕਾ ਕੇ ਮਾਰਿਆ। ਕੱਖਾਂ ਤੋਂ ਹੋਲੇ ਹੋ ਗਏ ਅਸੀਂ ਤਾਂ, ਤੇਰੇ ਬਿਨਾਂ ਸਾਡਾ ਕਾਹਦਾ ਜਿਊਣੈ।” ਅਰਥੀ ਨਾਲ ਲਿਪਟਦਿਆਂ ਮਾਂ ਦੀ ਹਾਲਤ ਜਿਉਂਦੀ ਲਾਸ਼ ਵਰਗੀ ਹੋ ਗਈ। ਗੁੰਮ-ਸੁਮ ਹੋਇਆ ਬਾਪ ਕਦੇ ਅਸਮਾਨ ਵੱਲ ਵੇਖ ਲੈਂਦਾ ਅਤੇ ਕਦੇ ਲੋਕਾਂ ਦੀ ਭੀੜ ਵੱਲ। ਫਿਰ ਭੁੱਬਾਂ ਮਾਰ ਕੇ ਉਹਦੀ ਦਿਲ-ਚੀਰਵੀਂ ਆਵਾਜ਼ ਨਿੱਕਲੀ, “ਪੱਟੇ ਗਏ ਅਸੀਂ ਲੋਕੋ! ਨਾਜਰਾ ਤੈਨੂੰ ਇਸ ਰਾਹੋਂ ਕਿੰਨੀ ਵਾਰ ਵਰਜਿਆ, ਪਰ ਤੂੰ ਸਾਨੂੰ ਵੀ ਧੋਖਾ ਦਿੰਦਾ ਰਿਹਾ ਤੇ ਆਪਣੇ ਆਪ ਨੂੰ ਵੀ। ਕੱਖਾਂ ਤੋਂ ਹੌਲਾ ਕਰ ਗਿਆ ਤੂੰ ਸਾਨੂੰ।”
ਕੁਝ ਸਿਆਣੇ ਬਜ਼ੁਰਗ ਮੁੰਡੇ ਦੇ ਬਾਪ ਨੂੰ ਸੰਭਾਲਣ ਲੱਗੇ ਹੋਏ ਸਨ ਅਤੇ ਕੁਝ ਔਰਤਾਂ ਨਾਜ਼ਰ ਦੀ ਬੇਵਸ ਮਾਂ ਨੂੰ ਦਿਲਾਸਾ ਦੇਣ ਲੱਗੀਆਂ ਹੋਈਆਂ ਸਨ। ਮਾਂ ਨੂੰ ਵਾਰ-ਵਾਰ ਦੰਦਲ ਪੈ ਰਹੀ ਸੀ। ਦੰਦਲ ਖੋਲ੍ਹਣ ਲਈ ਸਿਆਣੀਆਂ ਔਰਤਾਂ ਯਤਨ ਕਰ ਰਹੀਆਂ ਸਨ। ਵਾਰ-ਵਾਰ ਮਾਂ ਦੇ ਮੂੰਹ ਨੂੰ ਪਾਣੀ ਲਾ ਕੇ ਧਰਵਾਸੇ ਦਾ ਠੁੰਮਣਾ ਵੀ ਦੇ ਰਹੀਆਂ ਸਨ। ਚਾਰੇ ਪਾਸੇ ਸੋਗੀ ਹਵਾ ਵਗ ਰਹੀ ਸੀ। ਪਿੰਡ ਦੇ ਕੁਝ ਪਤਵੰਤੇ ਸੱਜਣ ਭਰੇ ਮਨ ਨਾਲ ਨਾਜ਼ਰ ਦੀ ਮਿੱਟੀ ਕਿਉਂਟਣ ਦੀ ਤਿਆਰੀ ਕਰ ਰਹੇ ਸਨ। ਰਿਸ਼ਤੇਦਾਰ ਅਤੇ ਮਿਲਣ-ਗਿਲਣ ਵਾਲਿਆਂ ਨਾਲ ਵਿਹੜਾ ਭਰ ਗਿਆ। ਵਿਹੜੇ ਅਤੇ ਗਲੀ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਉਸ ਸਮੇਂ ਮਾਹੌਲ ਹੋਰ ਵੀ ਗ਼ਮਗੀਨ ਹੋ ਗਿਆ ਜਦੋਂ ਨਾਜਰ ਦੀ ਵਿਆਹੀ-ਵਰ੍ਹੀ ਭੈਣ ਨੇ ਸੋਗੀ ਵਿਹੜੇ ਵਿੱਚ ਪੈਰ ਧਰਿਆ। ਆਪਣੇ ਇਕਲੌਤੇ ਵੀਰ ਦੀ ਮੌਤ ’ਤੇ ਉਹਦੇ ਵਹਿੰਦੇ ਖੂਨ ਦੇ ਅੱਥਰੂਆਂ ਕਾਰਨ ਭੀੜ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਉਹ ਵਾਰ-ਵਾਰ ਉਹਦਾ ਮੱਥਾ ਚੁੰਮਦਿਆਂ ਭੁੱਬਾਂ ਮਾਰਦਿਆਂ ਕਹਿ ਰਹੀ ਸੀ, “ਮੇਰੇ ਬਾਬਲ ਦਾ ਚਿਰਾਗ ਬੁਝ ਗਿਆ … … ਹੁਣ ਕਿਹਦੇ ਬੰਨ੍ਹਾਂਗੀ ਮੈਂ ਰੱਖੜੀ … … ਕਿਸ ਨੂੰ ਦਿਉਂਗੀ ਨਿਹੋਰੇ … … ਕੌਣ ਮੈਨੂੰ ਤਿੱਥ ਤਿਉਹਾਰ ਤੇ ਸ਼ਗ਼ਨ ਦੇਣ ਜਾਊਗਾ … … ਵੇ! ਮੈਂ ਤਾਂ ਤੇਰੇ ਸਿਹਰੇ ਬੰਨ੍ਹਣ ਨੂੰ ਤਰਸਦੀ ਰਹੀ ਤੇ ਤੂੰ … …”
ਭੈਣ ਦੀ ਹਾਲਤ ਵੀ ਵੇਖੀ ਨਹੀਂ ਸੀ ਜਾਂਦੀ। ਉਸ ਸਮੇਂ ਹਾਲਤ ਹੋਰ ਵੀ ਗ਼ਮਗੀਨ ਹੋ ਗਏ ਜਦੋਂ ਭੈਣ ਦੇ ਕੰਬਦੇ ਹੱਥਾਂ ਨੇ ਲਾਸ਼ ਬਣੇ ਆਪਣੇ ਭਰਾ ਦੇ ਚਿਹਰੇ ’ਤੇ ਸਿਹਰਾ ਬੰਨ੍ਹਿਆ। ਉਹ ਦਰਦਨਾਕ ਸੀਨ ਪੱਥਰ ਦਿਲਾਂ ਨੂੰ ਵੀ ਪਿਘਲਾਉਣ ਵਾਲਾ ਸੀ। ਅੰਤਿਮ ਰਸਮਾਂ ਕਰਨ ਉਪਰੰਤ ਲਾਸ਼ ਨੂੰ ਸ਼ਮਸ਼ਾਨ ਭੂਮੀ ਲਿਜਾਂਦਾ ਗਿਆ। ਭੁੱਬੀ ਰੋਂਦਿਆਂ ਚਿਤਾ ਨੂੰ ਅਗਨੀ ਨਾਜਰ ਦੇ ਚਚੇਰੇ ਭਰਾ ਨੇ ਦਿੱਤੀ। ਸਿਵਿਆਂ ਵਿੱਚ ਜਾਂ ਤਾਂ ਲੋਕ ਇਸ ਅਨਹੋਣੀ ’ਤੇ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਅਤੇ ਜਾਂ ਫਿਰ ਅੱਥਰੂ ਅਤੇ ਹੌਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਸਨ।
ਬਲਦੇ ਸਿਵੇ ਦੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਔਰਤਾਂ ਬੈਠੀਆਂ ਹੋਈਆਂ ਸਨ। ਮਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਔਰਤਾਂ ਨੇ ਸੰਭਾਲਿਆ ਹੋਇਆ ਸੀ। ਜਦੋਂ ਬਲਦੇ ਸਿਵੇ ਦੀ ਅੱਗ ਮੱਠੀ ਹੋ ਗਈ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਵਾਹਿਗੁਰੂ ਨੂੰ ਅਰਦਾਸ ਕਰਦਿਆਂ ਨਾਜਰ ਨੂੰ ਆਪਣੇ ਚਰਨਾਂ ਵਿੱਚ ਰੱਖਣ ਦੀ ਅਰਜੋਈ ਕੀਤੀ। ਇਸ ਉਪਰੰਤ ਗ੍ਰੰਥੀ ਸਿੰਘ ਨੇ ਗੱਚ ਭਰ ਕੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, “ਸਾਧ ਸੰਗਤ ਜੀ, ਪਿੰਡ ਵਿੱਚ ਨਸ਼ਿਆਂ ਕਾਰਨ ਹਰ 10-15 ਦਿਨਾਂ ਬਾਅਦ ਮੈਨੂੰ ਨਾਜਰ ਵਰਗੇ ਨੌਜਵਾਨਾਂ ਦੇ ਬਲਦੇ ਸਿਵੇ ਸਾਹਮਣੇ ਅਰਦਾਸ ਕਰਨੀ ਪੈਂਦੀ ਹੈ। ਰੱਬ ਦਾ ਵਾਸਤਾ ਹੈ, ਮੈਥੋਂ ਹੁਣ ਹੋਰ ਅਰਦਾਸਾਂ ਨਹੀਂ ਹੋਣੀਆਂ। ਇਹ ਅਨਹੋਣੀਆਂ ਟਾਲਣ ਲਈ ਅਸੀਂ ਕੋਈ ਬੰਨ੍ਹ ਸੁੱਬ ਕਰੀਏ। ਕਿੰਨਾ ਕੁ ਚਿਰ ਅਸੀਂ ਨਾਜਰ ਵਰਗੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਸੇਕਦੇ ਰਹਾਂਗੇ? ਕਿੰਨਾ ਕੁ ਚਿਰ ਅਸੀਂ ਉਨ੍ਹਾਂ ਦੇ ਮੂੰਹਾਂ ਵੱਲ ਵੇਖੀ ਜਾਵਾਂਗੇ, ਜਿਹੜੇ ਸਾਡੇ ਘਰਾਂ ਵਿੱਚ ਸੱਥਰ ਵਿਛਾਉਣ ਦਾ ਕਾਰਨ ਬਣਦੇ ਨੇ? ਤੁਹਾਡੀ ਚੁੱਪ, ਤੁਹਾਡਾ ਖਾਮੋਸ਼ ਰਹਿਣਾ ਅਤੇ ਤੁਹਾਡਾ ਇਸ ਸਾਰੇ ਵਰਤਾਰੇ ਨੂੰ ਰੱਬ ਦਾ ਭਾਣਾ ਮੰਨ ਲੈਣ ਨਾਲ ਬਦਮਾਸ਼ਾਂ ਨੂੰ ਸ਼ਹਿ ਮਿਲ ਰਹੀ ਹੈ … …।”
ਔਰਤਾਂ ਅਤੇ ਮਰਦ ਗ੍ਰੰਥੀ ਸਿੰਘ ਦੀ ਗੱਲ ਨੂੰ ਬੜੀ ਗ਼ਹੁ ਨਾਲ ਸੁਣ ਰਹੇ ਸਨ। ਉਸ ਨੇ ਗੱਲ ਨੂੰ ਅਗਾਂਹ ਤੋਰਿਆ, “ਗੁਰੂ ਸਾਹਿਬ ਨੇ ਫਰਮਾਇਆ ਹੈ, “ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ ... ...ਅਸੀਂ ਸਾਰੇ ਇਨ੍ਹਾਂ ਬਾਣਾਂ ਨਾਲ ਵਿੰਨ੍ਹੇ ਪਏ ਹਾਂ। ਸਾਡੀ ਅਣਖ, ਸਾਡੀ ਗ਼ੈਰਤ, ਸਾਡਾ ਸਵੈਮਾਣ ਕਿੱਥੇ ਹੈ? ਯਾਦ ਰੱਖੋ, ਨਾ ਤਾਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਨੇ ਕਿ ਅਸੀਂ ਇਨ੍ਹਾਂ ਨੂੰ ਭੰਨ ਨਾ ਸਕੀਏ ਅਤੇ ਨਾਂਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਨੇ ਕਿ ਉਨ੍ਹਾਂ ਨੂੰ ਉਖੇੜ ਨਾ ਸਕੀਏ। ਲੋੜ ਤੁਹਾਡੇ ਏਕੇ ਦੀ ਹੈ। ਤੁਹਾਡਾ ਏਕਾ ਨਸ਼ੇ ਦੇ ਦੈਂਤ ਨੂੰ ਚਿੱਤ ਕਰ ਦੇਵੇਗਾ। ਅਸੀਂ ਹੁਣੇ ਹੀ ਇੱਥੇ ਇੱਕ ਪਾਸੇ ਬੈਠ ਕੇ ਸਿਰ ਜੋੜ ਕੇ ਵਿਚਾਰ ਵਟਾਂਦਰਾ ਕਰੀਏ। ਇਹ ਵੀ ਪ੍ਰਣ ਕਰੀਏ ਕਿ ਭਵਿੱਖ ਵਿੱਚ ਨਾਜਰ ਵਾਂਗ ਕਿਸੇ ਹੋਰ ਨੂੰ ਨਸ਼ਿਆਂ ਦੀ ਭੇਂਟ ਨਹੀਂ ਚੜ੍ਹਨ ਦੇਵਾਂਗੇ। ਹੋਰ ਜਵਾਨਾਂ ਨੂੰ ਬਚਾਉਣਾ ਹੀ ਨਾਜ਼ਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅਸੀਂ ਇਹ ਵੀ ਨਾ ਭੁੱਲੀਏ ਕਿ ਨਸ਼ਿਆਂ ਨੇ ਸਾਨੂੰ ਸਰੀਰਕ, ਆਰਥਿਕ ਅਤੇ ਮਾਨਸਿਕ ਤੌਰ ’ਤੇ ਖੋਖਲਾ ਕਰ ਦਿੱਤਾ ਹੈ। ਅਸੀਂ ਜੇ ਹੁਣ ਵੀ ਨਾ ਜਾਗੇ ਤਾਂ ਫਿਰ ਕਦੇ ਵੀ ਨਹੀਂ ਜਾਗਾਂਗੇ ਅਤੇ ਫਿਰ ਇਹੋ ਜਿਹੀਆਂ ਅਨਹੋਣੀਆਂ ਕਾਰਨ ਸਾਡੇ ਘਰਾਂ ਵਿੱਚ ਸੱਥਰ ਵਿਛਦੇ ਰਹਿਣਗੇ। ਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀ ਹਨ, ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ ਫਿਰ ਜਿਉਣ ਦੇ ਅਰਥ ਕੀ ਰਹਿ ਜਾਂਦੇ ਨੇ? ਹੁਣ ਫਸਲਾਂ ਤੋਂ ਪਹਿਲਾਂ ਨਸਲਾਂ ਨੂੰ ਬਚਾਉਣ ਲਈ ਗੰਭੀਰ ਹੋ ਕੇ ਯਤਨ ਕਰੀਏ। ਨਹੀਂ ਫਿਰ ਅਸੀਂ ਸੁੰਨੇ ਘਰਾਂ ਦੇ ਵਾਸੀ ਹੋਵਾਂਗੇ। ਜਾਗੋ ਵੀਰੋ! ਜਾਗੋ ਭੈਣੋ!! ਥੋਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਅਸੀਂ ਯਾਦ ਰੱਖੀਏ “ ਬੇੜਾ ਬੰਧਿ ਨਾ ਸਕਿਓ ਬੰਧਨ ਕੀ ਵੇਲਾ।। ਭਰਿ ਸਰਵਰੁ ਜਬੁ ਊਛਲੈ ਤਬ ਤਰੁਣੁ ਦੁਹੇਲਾ।।”
ਛਾਈ ਖਾਮੋਸ਼ੀ ਨੂੰ ਤੋੜਦਿਆਂ ਗ੍ਰੰਥੀ ਸਿੰਘ ਨੇ ਗੱਲ ਨੂੰ ਅਗਾਂਹ ਤੋਰਿਆ, “ਆਪਣੇ ਆਪਣੇ ਘਰਾਂ ਨੂੰ ਜਾਣ ਤੋਂ ਪਹਿਲਾਂ ਸਰਪੰਚ ਸਾਹਿਬ ਦੀ ਨਿਗਰਾਨੀ ਵਿੱਚ ਨਸ਼ਾ ਰੋਕੂ ਕਮੇਟੀ ਬਣਾ ਕੇ ਨਸ਼ਿਆਂ ਦੀ ਰੋਕਥਾਮ ਲਈ ਹੂਲ਼ਾ ਫੱਕੀਏ। ਇਸੇ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ।”
ਗ੍ਰੰਥੀ ਸਿੰਘ ਦੀ ਅਪੀਲ ਦਾ ਸਾਰਿਆਂ ’ਤੇ ਹੀ ਉਸਾਰੂ ਅਸਰ ਹੋਇਆ। ਔਰਤਾਂ ਅਤੇ ਮਰਦ ਬੈਠ ਕੇ ਵਿਚਾਰ ਵਟਾਂਦਰਾ ਕਰਨ ਲੱਗ ਪਏ। ਪਿੰਡ ਦਾ ਸਰਪੰਚ ਵੀ ਇਕੱਠ ਵਿੱਚ ਸ਼ਾਮਲ ਸੀ। ਮੌਕੇ ’ਤੇ ਹੀ 30 ਮੈਂਬਰੀ ਕਮੇਟੀ ਬਣਾਈ ਗਈ। 15 ਪਿੰਡ ਦੀਆਂ ਔਰਤਾਂ ਵੀ ਕਮੇਟੀ ਵਿੱਚ ਸ਼ਾਮਿਲ ਕਰ ਲਈਆਂ ਗਈਆਂ। ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਨਾਲ ਰੋਟੀ-ਬੋਟੀ ਦੀ ਕੋਈ ਸਾਂਝ ਨਹੀਂ ਰੱਖੀ ਜਾਵੇਗੀ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪੁਲਿਸ ਕੇਸ ਬਣਨ ’ਤੇ ਪਿੰਡ ਵਾਸੀ ਉਨ੍ਹਾਂ ਦੀ ਜ਼ਮਾਨਤ ਨਹੀਂ ਕਰਵਾਉਣਗੇ। ਜੇ ਕੋਈ ਉਨ੍ਹਾਂ ਦੀ ਜ਼ਮਾਨਤ ਲਈ ਜਾਵੇਗਾ ਤਾਂ ਉਹਦਾ ਵੀ ਬਾਈਕਾਟ ਕੀਤਾ ਜਾਵੇਗਾ। ਜਿਹੜੇ 10-12 ਘਰ ਨਸ਼ਾ ਵੇਚਦੇ ਨੇ, ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ ਜਾਵੇਗਾ ਅਤੇ ਨਾ ਹਟਣ ਦੀ ਸੂਰਤ ਵਿੱਚ ਅਗਲਾ ਠੋਸ ਕਦਮ ਚੁੱਕਿਆ ਜਾਵੇਗਾ।
ਫਿਰ ਨਸ਼ਾ ਵੇਚਣ ਵਾਲਿਆਂ ਉੱਤੇ ਬਾਜ਼ ਅੱਖ ਰੱਖਣ ਲਈ ਪਿੰਡ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਵਿਉਂਤਬੰਦੀ ਕੀਤੀ ਗਈ। ਇਹ ਵੀ ਫੈਸਲਾ ਹੋਇਆ ਕਿ ਪਿੰਡ ਦੇ ਜਿਹੜੇ ਨੌਜਵਾਨ ਨਸ਼ੇ ’ਤੇ ਲੱਗੇ ਹੋਏ ਹਨ, ਉਨ੍ਹਾਂ ਦਾ ਪਿੰਡ ਵੱਲੋਂ ਇਲਾਜ ਕਰਵਾਇਆ ਜਾਵੇਗਾ। ਮੌਕੇ ’ਤੇ ਹੀ ਪਿੰਡ ਵਾਸੀਆਂ ਵੱਲੋਂ ਪੈਸੇ ਇਕੱਠੇ ਕਰਨ ਦੀ ਮੁਹਿੰਮ ਵੀ ਆਰੰਭੀ ਗਈ। ਔਰਤਾਂ ਵਿੱਚ ਵੀ ਇਸ ਲਹਿਰ ਪ੍ਰਤੀ ਉਤਸ਼ਾਹ ਵੇਖਣ ਵਾਲਾ ਸੀ। ਕਮੇਟੀ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸਲਾਹਕਾਰ ਵਜੋਂ ਸ਼ਾਮਲ ਕਰ ਲਿਆ ਗਿਆ।
ਦੋਂਹ ਦਿਨਾਂ ਬਾਅਦ ਪਿੰਡ ਦੇ ਚਾਰੇ ਕੋਨਿਆਂ ’ਤੇ ਔਰਤਾਂ ਅਤੇ ਮਰਦ ਪਹਿਰੇ ’ਤੇ ਖੜੋਤੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਸਨ ਅਤੇ ਇੱਕ ਬੋਰਡ ਉੱਤੇ ਲਿਖਿਆ ਹੋਇਆ ਸੀ, “ਲੋਕਾਂ ਦਾ ਨਾਕਾ” ਅਤੇ ਦੂਜੇ ਬੋਰਡ ਤੇ ਮਰਹੂਮ ਸ਼ਾਇਰ ਮਹਿੰਦਰ ਸਾਥੀ ਦੀਆਂ ਇਹ ਕਾਵਿ ਲਾਇਨਾਂ ਲਿਖੀਆਂ ਹੋਈਆਂ ਸਨ:
ਮਸ਼ਾਲਾਂ ਬਾਲ ਕੇ ਰੱਖਣਾ, ਜਦੋਂ ਤਕ ਰਾਤ ਬਾਕੀ ਹੈ।
ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4118)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)