“ਕੌਣ ਪੁੱਛਦੈ ’ਕੱਲੀ ਪੜ੍ਹਾਈ ਨੂੰ? ਅੱਜ ਕੱਲ੍ਹ ਨੌਕਰੀ ਲੱਭਣ ਨਾਲੋਂ ਨੌਕਰੀ ਦਿਵਾਉਣ ਵਾਲੇ ਦੀ ਤਲਾਸ਼ ...”
(28 ਮਈ 2023)
ਇਸ ਸਮੇਂ ਪਾਠਕ: 110.
ਸ਼ਰਧਾ
ਉਹ ਆਪਣੇ ਮਹਿਬੂਬ ਦੀ ਬੇਵਫ਼ਾਈ ’ਤੇ ਅੰਤਾਂ ਦੀ ਪ੍ਰੇਸ਼ਾਨ ਸੀ। ਭਰੇ ਮਨ ਨਾਲ ਉਸਨੇ ਉਹ ਖ਼ਤ ਲਿਫਾਫੇ ਵਿੱਚੋਂ ਕੱਢੇ, ਜਿਨ੍ਹਾਂ ਵਿੱਚ ਉਸਦੇ ਮਹਿਬੂਬ ਨੇ ਮਨ ਦੀਆਂ ਕੋਮਲ ਤਲੀਆਂ ’ਤੇ ਮੁਹੱਬਤ ਦੇ ਫੁੱਲ ਧਰੇ ਸਨ। ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਉਸਨੇ ਸਾਰੇ ਖ਼ਤ ਕੀਚਰਾਂ-ਕੀਚਰਾਂ ਕਰਕੇ ਫ਼ਰਸ਼ ਉੱਤੇ ਸੁੱਟ ਦਿੱਤੇ।
ਖ਼ਤਾਂ ਦੇ ਟੁਕੜੇ ਫ਼ਰਸ਼ ਤੇ ਇੱਧਰ-ਉੱਧਰ ਖਿਲਰ ਗਏ। ਉਹ ਉਨ੍ਹਾਂ ਵੱਲ ਇੱਕ ਟੱਕ ਵੇਖਣ ਲੱਗੀ। ਅਚਾਨਕ ਹੀ ਉਸਦਾ ਭਰਿਆ ਮਨ ਛਲਕ ਉੱਠਿਆ। ਖੂਨ ਦੇ ਅੱਥਰੂ ਵਹਾਉਂਦਿਆਂ ਉਸਨੇ ਸੋਚਿਆ, “ਉਸਦੀ ਮੁਹੱਬਤ ਵਰਤਮਾਨ ਤੇ ਭਵਿੱਖ ਵਿੱਚ ਮੇਰੇ ਮਨ ਦੇ ਮੇਚ ਨਹੀਂ ਆ ਰਹੀ, ਪਰ ਅਤੀਤ ਦੀਆਂ ਸੁਨਹਿਰੀ ਪਿਆਰ-ਤੰਦਾਂ ਦਾ ਮੈਂ ਇੰਜ ਕਿਉਂ ਜਨਾਜ਼ਾ ਕੱਢ ਰਹੀ ਹਾਂ?”
ਤੇ ਫਿਰ ਉਹ ਖ਼ਤਾਂ ਦੇ ਟੁਕੜਿਆਂ ਨੂੰ ਬੜੀ ਸ਼ਰਧਾ ਨਾਲ ਇਕੱਠੇ ਕਰਨ ਲੱਗ ਪਈ।
***
ਫਾਰਮੂਲਾ
ਪਿਛਲੇ ਤਿੰਨ ਵਰ੍ਹਿਆਂ ਤੋਂ ਉਹ ਦਰ ਦਰ ਭਟਕ ਰਿਹਾ ਸੀ। ਕਿਤੇ ਨੌਕਰੀ ਨਹੀਂ ਸੀ ਲੱਭੀ! ਹੁਣ ਤਾਂ ਉਸਨੇ ਅਖਬਾਰਾਂ ਵਿੱਚ ‘ਲੋੜ ਹੈ’ ਵਾਲੇ ਕਾਲਮ ਵੀ ਪੜ੍ਹਨੇ ਛੱਡ ਦਿੱਤੇਸਨ। ਪਹਿਲਾਂ ਡਾਕ ਖਰਚ ਤੇ ਫਿਰ ਇੰਟਰਵਿਊ ਦਾ ਖਰਚ, ਬਣਨਾ ਬਣਾਉਣਾ ਕੱਖ ਨਹੀਂ … …। ਇਹ ਸੋਚਕੇ ਉਸਨੇ ਮਨ ਹੀ ਮਾਰ ਲਿਆ ਸੀ।
“ਕਿਉਂ ਬਈ, ਹੋਇਆ ਨਹੀਂ ਤੇਰਾ ਕਿਤੇ ਜੁਗਾੜ ਫਿੱਟ?” ਪਿੰਡ ਦੇ ਬਜ਼ੁਰਗ ਨੇ ਉਹਨੂੰ ਇੱਕ ਦਿਨ ਗਲੀ ਵਿੱਚ ਟੋਕਿਆ।
“ਕਾਹਨੂੰ ਬਾਬਾ, ਬਥੇਰੀਆਂ ਟੱਕਰਾਂ ਮਾਰੀਆਂ ਨੇ। ਕਾਲਜ ਵਿੱਚ ਪੰਜ ਛੇ ਸਾਲ ਕੀਤੀ ਪੜ੍ਹਾਈ ਵੀ ਖੂਹ ਵਿੱਚ ਗਈ, ਨੰਬਰ ਵੀ ਵਧੀਆ ਲਏ, ਪਰ ਕੌਣ ਪੁੱਛਦਾ ਹੈ?” ਉਹਨੇ ਭਰੇ ਮਨ ਨਾਲ ਕਿਹਾ।
ਬਜ਼ੁਰਗ ਨੇ ਉਹਨੂੰ ਪਿਆਰ ਨਾਲ ਸਮਝਾਉਂਦਿਆਂ ਕਿਹਾ, “ਕੌਣ ਪੁੱਛਦੈ ’ਕੱਲੀ ਪੜ੍ਹਾਈ ਨੂੰ? ਅੱਜ ਕੱਲ੍ਹ ਨੌਕਰੀ ਲੱਭਣ ਨਾਲੋਂ ਨੌਕਰੀ ਦਿਵਾਉਣ ਵਾਲੇ ਦੀ ਤਲਾਸ਼ ਕਰਨੀ ਔਖੀ ਐ! ਤੂੰ ਪਹਿਲਾਂ ਇਹ ਤਲਾਸ਼ ਕਰ! ਫਿਰ ਕਿਤੇ … ...।”
ਬਜ਼ੁਰਗ ਵਾਲੇ ਫਾਰਮੂਲੇ ਨੇ ਉਹਦੇ ਕੰਨ ਖੋਲ੍ਹ ਦਿੱਤੇ।
***
ਨਾਂ
ਨਵੇਂ ਰੱਖੇ ਨੌਕਰ ਨੂੰ ਘਰ ਦੀ ਮਾਲਕਿਨ ਨੇ ਆਪਣੇ ਕੋਲ ਬੁਲਾਇਆ ਅਤੇ ਨਰਮ ਲਹਿਜ਼ੇ ਵਿੱਚ ਪੁੱਛਿਆ, “ਤੇਰਾ ਨਾਂ ਕੀ ਹੈ?”
ਨੌਕਰ ਨੇ ਆਪਣੀ ਕਰੜ-ਬਰੜੀ ਦਾੜ੍ਹੀ ’ਤੇ ਹੱਥ ਫੇਰਦਿਆਂ ਗੰਭੀਰ ਜਿਹਾ ਹੋ ਕੇ ਕਿਹਾ, “ਬੀਬੀ ਜੀ, ਗਰੀਬ ਦੇ ਨਾਉਂ ਤਾਂ ਬਦਲਦੇ ਹੀ ਰਹਿੰਦੇ ਨੇ। ਜਿੱਥੇ ਜਿੱਥੇ ਵੀ ਮੈਂ ਪਹਿਲਾਂ ਨੌਕਰੀ ਕੀਤੀ ਐ, ਉਹ ਕੁਝ ਦਿਨ ਤਾਂ ਮੈਨੂੰ ਮੇਰੇ ਅਸਲੀ ਨਾਉਂ ਨਾਲ ਬੁਲਾਉਂਦੇ ਰਹੇ ਨੇ, ਪਿੱਛੋਂ … … ਕੁੱਤਿਆ … … … ਕਮੀਨਾ, … …! ਇਹੋ ਜਿਹੇ ਨਾਂ ਹੀ ਸੁਣਦਾ ਰਿਹਾ ਹਾਂ! ਬੱਸ ਤੁਸੀਂ … … …।” ਹੁਣ ਉਹਦਾ ਗੱਚ ਭਰ ਆਇਆ ਸੀ ਅਤੇ ਉਹਦੇ ਝੁਰੜੀਆਂ ਭਰੇ ਚਿਹਰੇ ’ਤੇ ਘੋਰ ਉਦਾਸੀ ਛਾ ਗਈ ਸੀ।
***
ਰਿਸ਼ਤਾ
ਅਧਿਆਪਕ ਨੇ ਆਪਣੇ ਇੱਕ ਵਿਦਿਆਰਥੀ ਵੱਲ ਦਸ ਰੁਪਏ ਦਾ ਨੋਟ ਵਧਾਉਂਦਿਆਂ ਕਿਹਾ, “ਇਉਂ ਕਰ, ਦੁਕਾਨ ਤੋਂ ਕਿਲੋ ਖੰਡ ਫੜ ਲਿਆ।”
ਵਿਦਿਆਰਥੀ ਨੇ ਲਾ ਪਰਵਾਹੀ ਨਾਲ ਗੰਨਾ ਚੂਪਦਿਆਂ ਕਿਹਾ, “ਮੈਂ ਤਾਂ ਹੁਣ ਸਕੂਲੋਂ ਪੜਨੋਂ ਹਟ ਗਿਆਂ।”
***
ਡਰਪੋਕ
ਉਹ ਹਰ ਰੋਜ਼ ਛੱਤ ’ਤੇ ਖੜੋ ਕੇ ਸੋਹਣੀ ਕੁੜੀ ਨੂੰ ਸਾਹਮਣੇ ਵਿਹੜੇ ਵਿੱਚ ਫਿਰਦਿਆਂ ਵੇਖਦਾ। ਕੁੜੀ ਵੀ ਕਦੇ ਕਦੇ ਚੋਰ ਜਿਹੀ ਨਜ਼ਰ ਨਾਲ ਉਹਦੇ ਵੱਲ ਤਕ ਲੈਂਦੀ ਸੀ। ਇੰਜ ਇਹ ਸਿਲਸਿਲਾ ਕਿੰਨੇ ਹੀ ਦਿਨ ਚਲਦਾ ਰਿਹਾ।
ਆਖ਼ਰ ਇੱਕ ਦਿਨ ਕੁੜੀ ਦੇ ਭਰਾ ਨੇ ਮੁੰਡੇ ਨੂੰ ਤਾੜਦਿਆਂ ਕਿਹਾ, “ਓਏ ਕੋਠੇ ’ਤੇ ਚੜ੍ਹ ਕੇ ਆਨੇ ਟੱਢ ਟੱਢ ਦੇਖਦਾ ਰਹਿਨੈਂ? ਖਬਰਦਾਰ, ਲੱਤਾਂ ਤੋੜ ਦੂੰ ਜੇ ਮੁੜਕੇ … …।”
ਮੁੰਡਾ ਕੁਝ ਨਹੀਂ ਬੋਲਿਆ। ਉਸ ਦਿਨ ਤੋਂ ਬਾਅਦ ਉਹ ਛੱਤ ’ਤੇ ਵੀ ਨਹੀਂ ਚੜ੍ਹਿਆ।
ਸੋਹਣੀ ਕੁੜੀ ਨੇ ਦੂਜੇ ਦਿਨ ਫਿਰ ਛੱਤ ਵੱਲ ਵੇਖਿਆ! ਖਾਲੀ ਛੱਤ ਨੂੰ ਘੂਰਦਿਆਂ ਉਹ ਗੁੱਸੇ ਵਿੱਚ ਬੁੜਬੜਾਈ, “ਹੂੰਅ! ਡਰਪੋਕ ਕਿਸੇ ਥਾਂ ਦਾ ...।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3995)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)