“ਹੋਰਾਂ ਦੇ ਜਵਾਨ ਪੁੱਤਾਂ ਨੂੰ ਸਿਵਿਆਂ ਦੇ ਰਾਹ ਪਾ ਕੇ ਤੂੰ ਸੁਖੀ ਰਹੇਗਾਂ? ...”
(11 ਦਸੰਬਰ 2019)
(ਲੇਖਕ ਨਸ਼ੇ ਦਾ ਕਾਲਾ ਧੰਦਾ ਕਰਨ ਵਾਲੇ ਦੀ ਜ਼ਮੀਰ ਨੂੰ ਝੰਜੋੜਦਾ ਹੋਇਆ। ਨਾਲ ਉਸਦਾ ਸਾਥੀ ਨਾਇਬ ਸਿੰਘ।)
ਮੇਰਾ ਨਿੱਜੀ ਅਨੁਭਵ ਹੈ ਕਿ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਅੰਦਾਜ਼ਨ 7-8 ਹੀ ਹੁੰਦੇ ਹਨ ਅਤੇ ਉਨ੍ਹਾਂ ਨੇ ਸਾਰੇ ਪਿੰਡ ਨੂੰ ਆਰਥਿਕ, ਮਾਨਸਿਕ ਅਤੇ ਬੌਧਿਕ ਤੌਰ ਉੱਤੇ ਖੁੰਗਲ ਕਰਨ ਦੇ ਨਾਲ ਨਾਲ ਘਰਾਂ ਵਿੱਚ ਸੱਥਰ ਵਿਛਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੁੰਦੀ ਹੈ। ਦੁਖਾਂਤਕ ਪੱਖ ਇਹ ਹੈ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨਾਲ ਪਿੰਡ ਦੇ ਅੰਦਾਜ਼ਨ 40% ਲੋਕਾਂ ਦੀ ਹਮਦਰਦੀ ਇਸ ਕਰਕੇ ਜੁੜੀ ਹੁੰਦੀ ਹੈ ਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣਾ ‘ਝੱਸ’ ਪੂਰਾ ਕਰਨ ਲਈ ਉਨ੍ਹਾਂ ਦੀ ਸ਼ਰਨ ਵਿੱਚ ਜਾਣਾ ਹੁੰਦਾ ਹੈ ਅਤੇ ਕਈ ਵਾਰ ਅੜੇ-ਥੁੜੇ ਉਨ੍ਹਾਂ ਕੋਲੋਂ ਮਾਲ ਉਧਾਰ ਵੀ ਲਿਆ ਜਾਂਦਾ ਹੈ। ਇਸਦੇ ਨਾਲ ਹੀ ਬਹੁਤ ਸਾਰੇ ਆਰਥਿਕ ਪੱਖ ਤੋਂ ਕੰਗਾਲੀ ਭੋਗ ਰਹੇ ਵਿਅਕਤੀਆਂ ਨੂੰ ਪਰਿਵਾਰਕ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਕੋਲੋਂ ਹੀ ਬਿਆਜੂ ਰਕਮ ਵੀ ਲੈਣੀ ਪੈਂਦੀ ਹੈ। ਅਜਿਹੀਆਂ ਗਰਜ਼ਾਂ ਦੇ ਬੰਨ੍ਹੇ ਹੋਏ ਵਿਅਕਤੀ ਭਲਾ ਉਨ੍ਹਾਂ ਵਿਰੁੱਧ ਕਿਵੇਂ ਬੋਲਣ? ਅਜਿਹੇ ਵਿਅਕਤੀਆਂ ਦੀ ਜੀ ਹਜ਼ੂਰੀ ਅਤੇ ਆਪਣੀ ਦੋ ਨੰਬਰ ਦੀ ਕਮਾਈ ਦੇ ਸਿਰ ਉੱਤੇ ਉਹ ਸਿਆਸੀ ਵਿਅਕਤੀਆਂ ਨਾਲ ਯਾਰੀ ਪਾ ਕੇ ਪਤਵੰਤੇ ਸ਼ਹਿਰੀਆਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਂਦੇ ਹਨ। ਦੂਜੇ ਪਾਸੇ ਅੰਦਾਜ਼ਨ 60% ਵਿਅਕਤੀ ‘ਸਾਨੂੰ ਕੀ?’ ਦੀ ਨੀਤੀ ’ਤੇ ਚੱਲ ਕੇ ਚੁੱਪ ਰਹਿਣ ਵਿੱਚ ਹੀ ਆਪਣਾ ਭਲਾ ਸਮਝਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਨਸ਼ਿਆਂ ਕਾਰਨ ਬਲਦੇ ਸਿਵੇ ਦਾ ਸੇਕ ਕਦੇ ਨਾ ਕਦੇ ਉਨ੍ਹਾਂ ਦੇ ਘਰਾਂ ਤੱਕ ਵੀ ਪਹੁੰਚ ਸਕਦਾ ਹੈ।
ਵਿਦਵਾਨ ਚਾਣਕਯ ਨੇ ਸਮਾਜ ਵਿੱਚ ਰਹਿ ਰਹੇ ਅਜਿਹੇ ਵਿਅਕਤੀਆਂ ਦੀ ਖਾਮੋਸ਼ੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਹੈ, “ਸਮਾਜ ਬੁਰੇ ਵਿਅਕਤੀਆਂ ਕਾਰਨ ਨਹੀਂ, ਸਗੋਂ ਚੰਗੇ ਬੰਦਿਆਂ ਦੀ ਖਾਮੋਸ਼ੀ ਕਾਰਨ ਗਰਕਿਆ।” ਉਨ੍ਹਾਂ ਅੱਗੇ ਲਿਖਿਆ ਹੈ, “ਜਦੋਂ ਬੁਰੇ ਲੋਕ ਜੁੰਡਲੀ ਬਣਾ ਲੈਣ ਤਾਂ ਚੰਗੇ ਲੋਕਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।”
ਜਦੋਂ ਪਿੰਡ ਦੇ ਕਿਸੇ ਸਮਾਗਮ ਵਿੱਚ ਕਿਸੇ ਐੱਮ.ਐੱਲ.ਏ ਜਾਂ ਮਨਿਸਟਰ ਨਾਲ ਤਸਕਰੀ ਦਾ ਧੰਦਾ ਕਰਨ ਵਾਲੇ ਬੈਠ ਕੇ ਸਟੇਜ ਦੀ ਸ਼ੋਭਾ ਵਧਾਉਂਦੇ ਹਨ ਤਾਂ ਖਾਮੋਸ਼ੀ ਦਾ ਚੋਲਾ ਪਹਿਨ ਕੇ ਜ਼ਿੰਦਗੀ ਬਤੀਤ ਕਰਨ ਵਾਲੇ ਕਚੀਚੀਆਂ ਵੱਟ ਕੇ ਆਪਸ ਵਿੱਚ ਇੰਜ ਘੁਸਰ ਮੁਸਰ ਕਰਦੇ ਹਨ, “ਦੇਖ ਕਿਵੇਂ ਚੌੜਾ ਹੋਇਆ ਬੈਠੈ, ਭੋਰਾ ਸ਼ਰਮ ਨਹੀਂ ਇਹਨੂੰ। ਪਿੰਡ ਦੇ ਸਾਰੇ ਮੁੰਡੇ ਤਾਂ ਗਾਲ’ਤੇ ਇਹਨੇ।”
ਸੰਗਰੂਰ ਤੋਂ ਦਸ ਕੁ ਕਿਲੋਮਟਿਰ ਦੀ ਵਿੱਥ ’ਤੇ ਇੱਕ ਪਿੰਡ ਦੇ ਅਜਿਹੇ ‘ਪਤਵੰਤੇ ਵਿਅਕਤੀ’ ਬਾਰੇ ਪਤਾ ਲੱਗਿਆ ਕਿ ਉਹ ਸ਼ਰੇਆਮ ਪਿੰਡ ਦੇ ਬੱਸ ਅੱਡੇ ਉੱਤੇ ਬੈਠ ਕੇ ਬਿਨਾਂ ਕਿਸੇ ਖੌਫ ਤੋਂ ਨਸ਼ਾ ਵੇਚਦਾ ਹੈ। ਆਂਢ-ਗਵਾਂਢ ਦੇ ਪਿੰਡਾਂ ਤੋਂ ਵੀ ਮੁੰਡੇ ਉਸ ਕੋਲੋਂ ਨਸ਼ਾ ਖਰੀਦਣ ਲਈ ਆਉਂਦੇ ਨੇ। ਉਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਮੰਤਵ ਨਾਲ ਆਪਣੇ ਸਾਥੀ ਨੂੰ ਨਾਲ ਲੈ ਕੇ ਦਿਨ ਦੇ ਦਸ ਕੁ ਵਜੇ ਉਸ ਪਿੰਡ ਵੱਲ ਕੂਚ ਕਰ ਦਿੱਤਾ। ਆਪਣੀ ਗੱਡੀ ਬੱਸ ਅੱਡੇ ਤੋਂ ਪੰਜਾਹ ਕੁ ਗਜ਼ ਉਰ੍ਹਾਂ ਖੜ੍ਹੀ ਕਰਕੇ ਪੈਦਲ ਹੀ ਚੱਲ ਪਏ। ਉਹਦੇ ਕਾਰਨਮਿਆਂ ਤੋਂ ਅਸੀਂ ਵਾਕਫ ਸਾਂ ਪਰ ਉਹਦੀ ਸ਼ਕਲ ਤੋਂ ਨਹੀਂ। ਇਹ ਪੱਕਾ ਵਿਸ਼ਵਾਸ ਸੀ ਕਿ ਨਸ਼ਾ ਵੇਚਣ ਵਾਲਿਆਂ ਦੇ ਨਾ ਹੀ ਐਨੇ ਪੈਰ ਮਜ਼ਬੂਤ ਹੁੰਦੇ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ ਅਤੇ ਨਾ ਹੀ ਉਨ੍ਹਾਂ ਦੀਆਂ ਨਸ਼ੇ ਵਾਲੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਹੁੰਦੀਆਂ ਹਨ ਕਿ ਭੰਨੀਆ ਨਾ ਜਾ ਸਕਣ। ਬੱਸ, ਬੁਲੰਦ ਹੌਸਲੇ, ਦ੍ਰਿੜ੍ਹ ਵਿਸ਼ਵਾਸ ਅਤੇ ਮਜ਼ਬੂਤ ਕਦਮਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ।ਙ
ਅਸੀਂ ਬੱਸ ਅੱਡੇ ਉੱਤੇ ਨਜ਼ਰ ਮਾਰੀ। ਉੱਥੇ ਪੰਜ ਚਾਰ ਬੰਦੇ ਬੈਠੇ ਸਨ। ਉਨ੍ਹਾਂ ਤੋਂ ‘ਪਤਵੰਤੇ ਵਿਅਕਤੀ’ ਦਾ ਨਾਂ ਲੈ ਕੇ ਪੁੱਛਿਆ ਕਿ ਉਸ ਨੂੰ ਮਿਲਣਾ ਹੈ, ਕਿੱਥੇ ਮਿਲੇਗਾ? ਪਹਿਲਾਂ ਤਾਂ ਬੈਠੇ ਲੋਕ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਰਹੇ, ਫਿਰ ਸਾਨੂੰ ਓਪਰੇ ਗਾਹਕ ਸਮਝ ਕੇ ਉਹ ਆਪ ਹੀ ਖੜ੍ਹਾ ਹੋ ਕੇ ਕਹਿਣ ਲੱਗਾ, “ਮੈਂ ਹੀ ਆਂ, ਦੱਸੋ ਕਿਵੇਂ ਆਉਣਾ ਹੋਇਆ?”
ਉਹਦੇ ਇਹ ਕਹਿਣ ਦੀ ਦੇਰ ਸੀ ਕਿ ਅਸੀਂ ਦੋਨਾਂ ਨੇ ਉਹਨੂੰ ਫਿੱਟ ਲਾਹਨਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੇਰਾ ਸਾਥੀ ਗੰਭੀਰ ਹੋ ਕੇ ਉਸ ਨੂੰ ਕਹਿਣ ਲੱਗਾ, “ਇਹ ਨਾ ਸੋਚੀਂ ਕਿ ਇਸ ਅੰਨ੍ਹੀ ਕਮਾਈ ਨਾਲ ਵਿਆਹ ਦਾ ਜੋੜਾ ਖਰੀਦਿਆ ਜਾਊ, ਕੱਫ਼ਣ ਵੀ ਖਰੀਦੀਆ ਜਾ ਸਕਦਾ ਹੈ। ਹੋਰਾਂ ਦੇ ਜਵਾਨ ਪੁੱਤਾਂ ਨੂੰ ਸਿਵਿਆਂ ਦੇ ਰਾਹ ਪਾ ਕੇ ਤੂੰ ਸੁਖੀ ਰਹੇਗਾਂ? ਮਾਰ ਜਾਣਗੀਆਂ ਲੋਕਾਂ ਦੀਆਂ ਦੁਰਸੀਸਾਂ ਤੈਨੂੰ?”
ਉਸ ਵੇਲੇ ਉਸਦੀ ਹਾਲਤ ਉਸ ਹਿਰਨ ਵਰਗੀ ਸੀ ਜਿਹੜਾ ਸ਼ਿਕਾਰੀ ਦੀ ਮਾਰ ਹੇਠਾਂ ਬੁਰੀ ਤਰ੍ਹਾਂ ਆ ਗਿਆ ਹੋਵੇ। ਉਸ ਨੂੰ ਕੁਝ ਸੁਝ ਨਹੀਂ ਸੀ ਰਿਹਾ। ਉਹਦੀ ਖਾਮੋਸ਼ੀ ਉੱਤੇ ਵਾਰ ਕਰਦਿਆਂ ਅਸੀਂ ਫਿਰ ਉਹਨੂੰ ਝੰਜੋੜਿਆ, “ਤੂੰ ਕੀ ਸਮਝਦਾ ਹੈਂ ਕਿ ਤੇਰੇ ਇਸ ਕਾਲੇ ਕਾਰਨਾਮਿਆਂ ਕਾਰਨ ਲੋਕਾਂ ਵਿੱਚ ਤੇਰੀ ਭੱਲ ਬਣੀ ਹੋਈ ਐ? ਲੋਕ ਤਾਂ ਤੇਰੇ ਵਰਗਿਆਂ ਦੀ ਕਰਤੂਤਾਂ ਤੋਂ ਅੱਕੇ ਪਏ ਨੇ। ਯਾਦ ਰੱਖੀਂ ਕਿਸੇ ਦਿਨ ਤੇਰਾ ਇਹ ਸਾਰਾ ਕਾਰੋਬਾਰ ਮਲੀਆਮੇਟ ਹੋ ਜਾਣਾ ਹੈ। ਲੋਕਾਂ ਨੇ ਤੈਨੂੰ ਡੇਲਿਆਂ ਵੱਟੇ ਨਹੀਂ ਸਿਆਣਨਾ।” ਹੁਣ ਉਹ ਬੁਰੀ ਤਰ੍ਹਾਂ ਥਿੜਕ ਚੁੱਕਿਆ ਸੀ। ਵੀਹ ਪੱਚੀ ਹੋਰ ਲੋਕ ਵੀ ਉੱਥੇ ਆ ਗਏ ਸਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਉਹਦੇ ਹੱਕ ਵਿੱਚ ਨਹੀਂ ਬੋਲਿਆ। ਉਸ ਥਿੜਕੇ ਮਨੁੱਖ ਨੂੰ ਵੰਗਾਰਦਿਆਂ ਅਸੀਂ ਫਿਰ ਕਿਹਾ, “ਚੰਗਾ, ਤੇਰਾ ਖਹਿੜਾ ਅਸੀਂ ਇਸ ਸ਼ਰਤ ’ਤੇ ਛੱਡਦੇ ਹਾਂ ਕਿ ਕੰਨਾਂ ਨੂੰ ਹੱਥ ਲਾ ਕੇ ਅਜਿਹਾ ਘਟੀਆ ਕਰਮ ਕਰਨ ਤੋਂ ਤੋਬਾ ਕਰ।” ਉਸਨੇ ਅਜਿਹਾ ਹੀ ਕੀਤਾ ਅਤੇ ਕੰਨਾਂ ਨੂੰ ਹੱਥ ਲਾ ਕੇ ਕਿਹਾ ਕਿ ਉਹ ਅਗਾਂਹ ਤੋਂ ਅਜਿਹਾ ਘਟੀਆਂ ਕੰਮ ਨਹੀਂ ਕਰੇਗਾ।
ਜੇਤੂ ਕਦਮਾਂ ਨਾਲ ਅਸੀਂ ਉਸ ਸਥਾਨ ਤੋਂ ਪਰਤ ਆਏ। ਰਾਹ ਵਿੱਚ ਮੇਰਾ ਸਾਥੀ ਉਤਸ਼ਾਹ ਨਾਲ ਇੱਕ ਛੋਟੀ ਜਿਹੀ ਕਹਾਣੀ ਸੁਣਾਉਣ ਲੱਗ ਪਿਆ, “ਇੱਕ ਵਾਰ ਜੰਗਲ ਵਿੱਚ ਅੱਗ ਲੱਗ ਗਈ। ਜੰਗਲ ਸੜ ਰਿਹਾ ਸੀ ਅਤੇ ਇੱਕ ਚਿੜੀ ਥੋੜ੍ਹੀ ਜਿਹੀ ਵਿੱਥ ’ਤੇ ਖੜ੍ਹੇ ਇੱਕ ਦਰਖਤ ਉੱਤੇ ਬੈਠੀ ਸੜ ਰਹੇ ਜੰਗਲ ਨੂੰ ਦੇਖਦਿਆਂ ਤੜਪ ਰਹੀ ਸੀ। ਉਹ ਸੋਚ ਰਹੀ ਸੀ ਕਿ ਇਸ ਜੰਗਲ ਨੇ ਉਸ ਨੂੰ ਸਹਾਰਾ ਦਿੱਤਾ, ਉਸਦੇ ਬੋਟ ਵੀ ਇੱਥੇ ਹੀ ਪਲੇ ਅਤੇ ਹੁਣ ਇਹ ਜੰਗਲ ਸੜ ਰਿਹਾ ਹੈ। ਉਹਦੀ ਵਾਹ ਨਹੀਂ ਸੀ ਜਾ ਰਹੀ। ਉਹ ਤੁਰੰਤ ਨੇੜੇ ਹੀ ਵਹਿੰਦੀ ਨਦੀ ’ਤੇ ਪੁੱਜੀ ਅਤੇ ਉੱਥੋਂ ਚੁੰਝ ਭਰ ਕੇ ਸੜਦੇ ਜੰਗਲ ਉੱਤੇ ਸੁੱਟ ਦਿੱਤੀ। ਇਹ ਯਤਨ ਉਸਨੇ ਲਗਾਤਾਰ ਜਾਰੀ ਰੱਖੇ। ਯਤਨ ਕਰਦਿਆਂ ਉਹ ਵਿਚਾਰੀ ਹਫ਼ ਗਈ। ਨਦੀ ਵਿੱਚ ਇੱਕ ਹਾਥੀ ਨਹਾ ਰਿਹਾ ਸੀ। ਉਸਨੇ ਚਿੜੀ ਨੂੰ ਮਖੌਲ ਕਰਦਿਆਂ ਕਿਹਾ, “ਚਿੜੀਏ ਤੇਰੀ ਚੁੰਜ ਦੇ ਪਾਣੀ ਨਾਲ ਕੀ ਜੰਗਲ ਦੀ ਅੱਗ ਬੁਝ ਜਾਵੇਗੀ?” ਚਿੜੀ ਨੇ ਪਾਣੀ ਦੀ ਚੁੰਝ ਭਰਦਿਆਂ ਜੋਸ਼ ਨਾਲ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਬੁਝੇਗੀ ਜਾਂ ਨਹੀਂ ਪਰ ਮੈਂ ਅੱਗ ਲਾਉਣ ਵਾਲੀ ਨਹੀਂ, ਅੱਗ ਬੁਝਾਉਣ ਵਾਲੀ ਹਾਂ।” - ਆਪਾਂ ਵੀ ਬੱਸ ਉਸ ਚਿੜੀ ਵਾਂਗ ਹੀ ਕੰਮ ਕਰ ਰਹੇ ਹਾਂ?”
ਮੈਂ ਉਸਦੀ ਗੱਲ ਦੇ ਜਵਾਬ ਵਿੱਚ ਗੰਭੀਰ ਹੋ ਕੇ ਕਿਹਾ, “ਹਾਂ, ਉਸ ਚਿੜੀ ਵਾਂਗ ਜੇ ਹਰ ਪੰਜਾਬੀ ਪੰਜਾਬ ਵਿੱਚ ਨਸ਼ਿਆਂ ਦੀ ਲੱਗੀ ਅੱਗ ਨੂੰ ਬੁਝਾਉਣ ਲਈ ਯਤਨਸ਼ੀਲ ਹੋਵੇ ਤਾਂ ਨਸ਼ਿਆਂ ਕਾਰਨ ਸੜਦੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।”
******
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1841)
(ਸਰੋਕਾਰ ਨਾਲ ਸੰਪਰਕ ਲਈ: