“ਦੋ ਤਿੰਨ ਦਿਨਾਂ ਬਾਅਦ ਸੀਰਤ ਦੀ ਮਾਂ ਨੇ ਧੀ ਦੇ ਮੋਢੇ ’ਤੇ ਹੱਥ ਰੱਖਦਿਆਂ ਡਾਢੇ ਹੀ ਮੋਹ ਨਾਲ ...”
(16 ਫਰਵਰੀ 2026)
ਹਰ ਰੋਜ਼ ਹੁੰਦੇ ਬਲਾਤਕਾਰ, ਪਤੀ ਪਤਨੀ ਦੇ ਤਿੜਕਦੇ ਰਿਸ਼ਤੇ, ਨਸ਼ਈ ਪਤੀ ਵੱਲੋਂ ਪਤਨੀ ਦਾ ਕਤਲ, ਪੋਟਾ ਪੋਟਾ ਦੁਖੀ ਮਾਪਿਆਂ ਦੇ ਘਰ ਬੈਠੀਆਂ ਵਿਆਹੀਆਂ ਵਰੀਆਂ ਕੁੜੀਆਂ ਅਤੇ ਇਸ ਤਰ੍ਹਾਂ ਦੀਆਂ ਹੀ ਹੋਰ ਔਰਤ ਨਾਲ ਹੋ ਰਹੀਆਂ ਦਿਲ ਕੰਬਾਊ ਘਟਨਾਵਾਂ ਸੁਣ ਕੇ ਉਹ ਸੁੰਨ ਹੋ ਜਾਂਦੀ। ਜਵਾਨੀ ਦਾ ਸਫਰ ਤੈਅ ਕਰਦਿਆਂ ਸੀਰਤ ਨੇ ਫੈਸਲਾ ਕਰ ਲਿਆ ਕਿ ਉਹ ਵਿਆਹ ਨਹੀਂ ਕਰਵਾਏਗੀ। ਸਾਰੀ ਉਮਰ ਕੁਆਰੀ ਰਹੇਗੀ। ਉਹ ਸੋਚਦੀ, ਜਿਸਦੇ ਨਾਲ ਲਾਵਾਂ ਲੈ ਲਈਆਂ, ਉਹ ਕਿਤੇ ਮੇਰੀ ਜ਼ਿੰਦਗੀ ਹੀ ਨਾ ਰੋਲ ਦੇਵੇ। ਇਹਦੇ ਨਾਲੋਂ ਤਾਂ ...।
ਸੀਰਤ ਨੇ ਚੰਗੇ ਨੰਬਰਾਂ ਵਿੱਚ ਬੀ.ਏ. ਬੀ.ਐੱਡ. ਕੀਤੀ। ਕੁਝ ਸਮੇਂ ਬਾਅਦ ਉਸ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ। ਵਿਆਹ ਨਾ ਕਰਵਾਉਣ ਸਬੰਧੀ ਉਸਨੇ ਮਾਪਿਆਂ ਨੂੰ ਵੀ ਦੱਸ ਦਿੱਤਾ। ਮਾਂ ਨੇ ਇਹ ਕਹਿੰਦਿਆਂ ਬਥੇਰਾ ਸਮਝਾਇਆ, “ਧੀਆਂ ਸਾਰੀ ਉਮਰ ਮਾਪਿਆਂ ਦੇ ਘਰ ਨਹੀਂ ਰਹਿੰਦੀਆਂ, ਔਰਤ ਨੂੰ ਪੈਰ ਪੈਰ ’ਤੇ ਮਰਦ ਦੇ ਸਹਾਰੇ ਦੀ ਲੋੜ ਪੈਂਦੀ ਐ। ਸੀਤੀਨ ਤੈਨੂੰ ਵੀ... । ਉਂਜ ਵੀ ਅਸੀਂ ਤਾਂ ਨਦੀ ਕਿਨਾਰੇ ਰੁੱਖੜਾ ਹਾਂ, ਕਿੰਨੀ ਕੁ ਦੇਰ ਬੈਠੇ ਰਹਾਂਗੇ? ਔਰਤ ਅਤੇ ਮਰਦ ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਏ ਨੇ। ਭਲਾ ਇੱਕ ਪਹੀਏ ਨਾਲ ਗੱਡੀ ਕਿਵੇਂ ਚੱਲੂ? ਤੂੰ ਜ਼ਿਦ ਨਾ ਕਰ। ਤੇਰੇ ਵਾਸਤੇ ਚੰਗਾ ਜਿਹਾ ਘਰ-ਬਾਰ ਦੇਖ ਕੇ ਤੇਰੇ ਹੱਥ ਪੀਲੇ ਕਰ ਦੇਵਾਂਗੇ। ਧੀਆਂ ਆਪਣੇ ਸਹੁਰੇ ਘਰ ਹੀ ਸੋਂਹਦੀਆਂ ਨੇ।”
ਪਰ ਸੀਰਤ ਦੀ ਜ਼ਿਦ ਅੱਗੇ ਮਾਪਿਆਂ ਦੀ ਕੋਈ ਪੇਸ਼ ਨਾ ਚੱਲੀ। ਸੀਰਤ ਹਰ ਰੋਜ਼ ਨੇਮ ਨਾਲ ਸਕੂਲ ਜਾਂਦੀ, ਬੱਚਿਆਂ ਨੂੰ ਪੜ੍ਹਾਉਂਦੀ ਅਤੇ ਫਿਰ ਘਰ ਵਾਪਸ ਆ ਜਾਂਦੀ। ਉਸਦੇ ਨਾਲ ਕੰਮ ਕਰਨ ਵਾਲੀਆਂ ਅਧਿਆਪਕ ਸਾਥਣਾਂ ਉਸ ਨੂੰ ਛੇੜਦੀਆਂ, “ਸੀਰਤ ਮੂੰਹ ਮਿੱਠਾ ਕਦੋਂ ਕਰਵਾਉਣੈ? ਕੋਈ ਮੁੰਡਾ ਦੇਖ ਰੱਖਿਐ ਜਾਂ ਹਾਲਾਂ ...?” ਪਰ ਸੀਰਤ ਨੇ ਮੋੜਵੇਂ ਜਵਾਬ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ। ਕਦੇ ਕਦੇ ਜਦੋਂ ਉਹ ਆਪਣੀ ਮਾਂ ਨੂੰ ਬਾਪੂ ਮੁੱਢ ਬੈਠ ਕੇ ਕੰਨ ਵਿੱਚ ਗੱਲਾਂ ਕਰਦਿਆਂ ਦੇਖਦੀ ਜਾਂ ਆਪਣੇ ਭਰਾ ਭਰਜਾਈ ਨੂੰ ਚੋਹਲ ਮੋਹਲ ਕਰਦਿਆਂ ਦੇਖਦੀ ਤਾਂ ਉਹਦਾ ਮੰਨ ਵੀ ਡੋਲ ਜਾਂਦਾ। ਪਰ ਫਿਰ ਦਲੀਲ ਦੇ ਠੁੰਮ੍ਹਣੇ ਨਾਲ ਉਹ ਆਪਣੇ ਆਪ ਨੂੰ ਸਾਵਾਂ ਕਰ ਲੈਂਦੀ। ਪੰਜ ਛੇ ਵਰ੍ਹੇ ਸੀਰਤ ਨੇ ਇੰਜ ਹੀ ਗੁਜ਼ਾਰ ਦਿੱਤੇ। ਬੱਸ ਘਰੋਂ ਸਕੂਲ ਅਤੇ ਸਕੂਲੋਂ ਘਰ ਇਹ ਹੀ ਉਹਦੀ ਜ਼ਿੰਦਗੀ ਦਾ ਨਿੱਤ ਦਾ ਰੁਝੇਵਾਂ ਸੀ।
ਫਿਰ ਇੱਕ ਦਿਨ ਸੀਰਤ ਦੇ ਧਿਆਨ ਵਿੱਚ ਆਇਆ ਕਿ ਉਸਦਾ ਇੱਕ ਨਵਾਂ ਕੁਲੀਗ, ਬਲਜੀਤ ਉਸ ਵੱਲ ਬਹੁਤ ਗਹੁ ਨਾਲ ਦੇਖਦਾ ਰਹਿੰਦਾ ਰਹਿੰਦਾ ਹੈ। ਕਿਸੇ ਨਾ ਕਿਸੇ ਬਹਾਨੇ ਉਹ ਉਸ ਨਾਲ ਗੱਲ ਵੀ ਕਰ ਲੈਂਦਾ। ਇੱਕ ਸਾਲ ਇੰਜ ਹੀ ਬੀਤ ਗਿਆ। ਆਪਣੇ ਕੁਲੀਗ ਦੀਆਂ ਨਜ਼ਰਾਂ ਰਾਹੀਂ ਦਿੱਤੇ ਮੋਹ ਭਰੇ ਸੁਨੇਹੇ ਦਾ ਸੀਰਤ ਨੇ ਕੋਈ ਹੁੰਗਾਰਾ ਨਾ ਭਰਿਆ। ਫਿਰ ਇੱਕ ਦਿਨ ਸਟਾਫ ਰੂਮ ਵਿੱਚ ਉਸਨੂੰ ਇਕੱਲੀ ਬੈਠੀ ਦੇਖ ਕੇ ਬਲਜੀਤ ਉਸਦੇ ਕੋਲ ਆਇਆ। ਡਾਢੇ ਹੀ ਮੋਹ ਨਾਲ ਉਸ ਵੱਲ ਵਿਹੰਦਿਆਂ ਕਹਿੰਦਾ, “ਸੀਰਤ, ਜ਼ਿੰਦਗੀ ਦੇ ਸਫਰ ਵਿੱਚ ਮੈਂ ਤੁਹਾਡਾ ਸਾਥ ਚਾਹੁੰਦਾ ਹਾਂ। ਅਜਿਹੇ ਗੰਭੀਰ ਫੈਸਲੇ ਕਿਸੇ ’ਤੇ ਠੋਸੇ ਨਹੀਂ ਜਾਂਦੇ। ਸੋਚ ਲੈਣਾ, ਮੇਰੀ ਪਹਿਲ ਤੁਸੀਂ ਹੋ। ਸੂਰਤ ਨਾਲੋਂ ਸੀਰਤ ਨੂੰ ਮੈਂ ਪਹਿਲ ਦਿੰਦਾ ਹਾਂ। ਜਿਹੋ ਜਿਹੀ ਜੀਵਨ ਸਾਥਣ ਮੈਂ ਚਾਹੁੰਦਾ ਹਾਂ, ਉਹ ਗੁਣ ਤੁਹਾਡੇ ਵਿੱਚ ਹਨ। ਨਿਮਰਤਾ, ਸਾਦਗੀ ਅਤੇ ਸੁੰਦਰਤਾ ਦਾ ਸੁਮੇਲ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਤੁਹਾਡੇ ਵਿੱਚ ਇਹ ਸਭ ਕੁਝ ਹੈ।” ਇਹ ਕਹਿੰਦਿਆਂ ਬਲਜੀਤ ਸਟਾਫ ਰੂਮ ਵਿੱਚੋਂ ਬਾਹਰ ਚਲਾ ਗਿਆ।
ਸੀਰਤ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਉਸਦੇ ਅੰਦਰ ਉਥਲ ਪੁਥਲ ਸ਼ੁਰੂ ਹੋ ਗਈ। ਮਾਂ ਦੇ ਕਹੇ ਬੋਲ ਉਸ ਨੂੰ ਚੇਤੇ ਆ ਗਏ, “ਧੀਏ, ਮਰਦ ਬਿਨਾਂ ਔਰਤ ਅਧੂਰੀ ਹੈ।” ਸੀਰਤ ਨੂੰ ਮਾਂ ਦੇ ਕਹੇ ਬੋਲ ਸਹੀ ਲੱਗੇ। ਉਸਦੇ ਅੰਦਰ ਦੱਬੇ ਹੋਏ ਜਜ਼ਬਾਤ ਅੰਗੜਾਈਆਂ ਲੈਣ ਲੱਗੇ। ਉਸਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਹ ਪਹਿਲਾ ਵਾਂਗ ਸਹਿਜ ਰਹੇ। ਕਿੰਨੇ ਦਿਨ ਉਹ ਖਾਮੋਸ਼ ਰਹੀ, ਪਰ ਬਲਜੀਤ ਉਹਦੀਆਂ ਸੋਚਾਂ ਦਾ ਕੇਂਦਰ ਬਿੰਦੂ ਬਣਿਆ ਰਿਹਾ। ਸਵੇਰੇ ਇੱਕ ਵਾਰ ਮੁਸਕਰਾਹਟ ਨਾਲ ਮੁਲਾਕਾਤ ਹੁੰਦੀ, ਉਸ ਤੋਂ ਬਾਅਦ ਉਹ ਬੱਚਿਆਂ ਨੂੰ ਪੜ੍ਹਾਉਣ ਵਿੱਚ ਰੁੱਝ ਜਾਂਦੀ। ਉਂਜ ਬਲਜੀਤ ਉਸਨੂੰ ਚੰਗਾ ਚੰਗਾ ਲੱਗਣ ਲੱਗ ਪਿਆ ਸੀ। ਉਸਨੇ ਆਪਣੇ ਪੱਧਰ ’ਤੇ ਬਲਜੀਤ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਲਈ। ਬਲਜੀਤ ਘਰ-ਬਾਰ ਪੱਖੋਂ ਵੀ ਠੀਕ ਸੀ। ਉਂਝ ਵੀ ਸੋਹਣਾ ਸੁਨੱਖਾ ਸੀ। ਰਿਸ਼ਤੇ ਵਾਲੇ ਉਸਦੇ ਆਲੇ ਦੁਆਲੇ ਫਿਰਦੇ ਸਨ ਪਰ ਉਸਨੇ ਕਿਸੇ ਨੂੰ ਸਹਿਮਤੀ ਨਹੀਂ ਸੀ ਦਿੱਤੀ। ਸੀਰਤ ਦੇ ਆਸ਼ਾਵਾਦੀ ਹੁੰਗਾਰੇ ਦੀ ਬਲਜੀਤ ਨੂੰ ਹਰ ਪਲ ਉਡੀਕ ਰਹਿੰਦੀ ਸੀ।
ਹੁਣ ਦਿਨ ਰਾਤ ਸੀਰਤ ਦੀਆਂ ਸੋਚਾਂ ਵਿੱਚ ਬਲਜੀਤ ਹੀ ਘੁੰਮਦਾ ਰਹਿੰਦਾ। ਉਸਨੇ ਆਪਣੇ ਅਧੂਰੇਪਣ ਨੂੰ ਪੂਰਾ ਕਰਨ ਲਈ ਬਲਜੀਤ ਨੂੰ ਹਾਂ ਪੱਖੀ ਜਵਾਬ ਦੇਣ ਦਾ ਨਿਰਣਾ ਕਰ ਲਿਆ। ਫਿਰ ਇੱਕ ਦਿਨ ਉਸਨੇ ਹੌਸਲਾ ਕਰਕੇ ਬਲਜੀਤ ਨੂੰ ਕਿਹਾ, “ਤੁਹਾਡੀ ਪਰਪੋਜ਼ਲ ਦਾ ਮੈਂ ਸਵਾਗਤ ਕਰਦੀ ਹਾਂ। ਮੇਰੇ ਮਾਪਿਆਂ ਦੀ ਸਹਿਮਤੀ ਲੈ ਲਵੋ। ਘਰਦਿਆਂ ਨੂੰ ਮੈਂ ਪਹਿਲਾਂ ਜਵਾਬ ਦੇ ਚੁੱਕੀ ਹਾਂ। ਇਸ ਲਈ ਮੇਰੇ ਵੱਲੋਂ ਉਨ੍ਹਾਂ ਨੂੰ ਹੁਣ ਕਹਿਣਾ ਮੁਸ਼ਕਿਲ ਹੈ।”
ਬਲਜੀਤ ਨੂੰ ਉਸਦੇ ਇਹ ਬੋਲ ਸੁਣ ਕੇ ਜਾਪਿਆ ਜਿਵੇਂ ਜ਼ਿੰਦਗੀ ਮਿਹਰਬਾਨ ਹੋ ਗਈ ਹੋਵੇ। ਤਿੰਨ ਚਾਰ ਦਿਨਾਂ ਪਿੱਛੋਂ ਉਹ ਸਕੂਲ ਸਮੇਂ ਵਿੱਚ ਮੁੱਖ ਅਧਿਆਪਕ ਤੋਂ ਕੁਝ ਸਮੇਂ ਦੀ ਛੁੱਟੀ ਲੈ ਕੇ ਸੀਰਤ ਦੇ ਮਾਪਿਆਂ ਨੂੰ ਮਿਲਣ ਚਲਾ ਗਿਆ। ਉਨ੍ਹਾਂ ਨੂੰ ਮਿਲ ਕੇ ਉਸਨੇ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ, “ਮੈਂ ਜੀ ਇੱਥੇ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਹਾਂ। ਮੇਰਾ ਪਿੰਡ ਇੱਥੋਂ ਪੰਜ ਕੁ ਕਿਲੋਮੀਟਰ ’ਤੇ ਹੈ। ਮੇਰੇ ਪਰਿਵਾਰ ਅਤੇ ਜਾਇਦਾਦ ਬਾਰੇ ਪਤਾ ਕਰ ਲਵੋ। ਮੈਂ ਤੁਹਾਡੀ ਧੀ ਦਾ ਹੱਥ ਮੰਗਣ ਆਇਆ ਹਾਂ।”
ਸੀਰਤ ਦੇ ਮਾਪੇ ਬਲਜੀਤ ਦੀ ਗੱਲ ਸੁਣ ਕੇ ਖਾਮੋਸ਼ ਹੋ ਗਏ। ਫਿਰ ਸੀਰਤ ਦੇ ਬਾਪ ਨੇ ਇਹ ਕਹਿੰਦਿਆਂ ਖਮੋਸ਼ੀ ਤੋੜੀ, “ਪੁੱਤ, ਸਾਡੀ ਧੀ ਵਿਆਹ ਕਰਵਾਉਣ ਤੋਂ ਮੁਨਕਰ ਹੈ। ਅਸੀਂ ਫਿਰ ਉਸ ਨੂੰ ਟੋਹ ਕੇ ਦੇਖ ਲੈਨੇ ਆਂ। ਹਫਤੇ ਕੁ ਤਕ ਅਸੀਂ ਤੁਹਾਨੂੰ ਦੱਸ ਦਿਆਂਗੇ। ਨਾਲੇ ਤੁਹਾਡੇ ਘਰ ਬਾਰ ਸਬੰਧੀ ਵੀ ਪਤਾ ਕਰ ਲਵਾਂਗੇ।” ਉਂਜ ਬਲਜੀਤ ਉਹਨਾਂ ਨੂੰ ਪਸੰਦ ਆ ਗਿਆ ਸੀ। ਸੋਹਣਾ ਸੁਨੱਖਾ, ਸਰਕਾਰੀ ਨੌਕਰੀ ’ਤੇ ਲੱਗਿਆ ਹੋਇਆ।
ਦੋ ਤਿੰਨ ਦਿਨਾਂ ਬਾਅਦ ਸੀਰਤ ਦੀ ਮਾਂ ਨੇ ਧੀ ਦੇ ਮੋਢੇ ’ਤੇ ਹੱਥ ਰੱਖਦਿਆਂ ਡਾਢੇ ਹੀ ਮੋਹ ਨਾਲ ਕਿਹਾ, “ਸੀਤੀ, ਤੇਰੇ ਰਿਸ਼ਤੇ ਲਈ ਸਾਨੂੰ ਤੇਰੇ ਸਕੂਲ ਵਿੱਚ ਲੱਗੇ ਬਲਜੀਤ ਮਾਸਟਰ ਦੀ ਦੱਸ ਪਈ ਐ। ਘਰੋਂ ਵੀ ਤਕੜੈ ਮੁੰਡਾ। ਤੇਰੀ ਕੀ ਸਲਾਹ ਐ?”
ਬਲਜੀਤ ਦਾ ਨਾਂ ਸੁਣ ਕੇ ਸੀਰਤ ਦੇ ਚਿਹਰੇ ’ਤੇ ਲਾਲੀ ਛਾ ਗਈ। ਉਹਨੇ ਆਪਣੀ ਮਾਂ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਬੇਬੇ, ਜਿਵੇਂ ਥੋਡੀ ਮਰਜ਼ੀ ਹੈ। ਮੈਂ ਥੌਤੋਂ ਨਾਬਰ ਥੋੜ੍ਹੀ ਹਾਂ।”
ਇਹ ਸੁਣਦਿਆਂ ਮਾਂ ਬਾਪ ਦੇ ਚਿਹਰਿਆਂ ’ਤੇ ਮੁਸਕਰਾਹਟ ਆ ਗਈ। ਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਦੇ ਮਨ ’ਤੇ ਪਿਆ ਮਣਾਂ ਮੂੰਹੀਂ ਬੋਝ ਉੱਤਰ ਗਿਆ ਹੋਵੇ।
“ਚੰਗਾ ਧੀਏ, ਕੱਲ੍ਹ ਨੂੰ ਤੇਰਾ ਬਾਪੂ ਅਤੇ ਤੇਰਾ ਵੀਰ ਬਲਜੀਤ ਦੇ ਪਿੰਡ ਉਹਦੇ ਮਾਪਿਆਂ ਨਾਲ ਤੇਰੇ ਰਿਸ਼ਤੇ ਦੀ ਗੱਲ ਕਰਨ ਜਾਣਗੇ।”
ਸੀਰਤ ਕੁਝ ਨਹੀਂ ਬੋਲੀ। ਬੱਸ, ਸਾਹਮਣੇ ਕੰਧ ’ਤੇ ਬੈਠੇ ਘੁੱਗੀਆਂ ਦੇ ਜੋੜੇ ਨੂੰ ਰੀਝ ਨਾਲ ਦੇਖਦੀ ਰਹੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































