“ਸਿਆਸੀ ਲੋਕ ਇਹ ਭੁੱਲ ਜਾਂਦੇ ਹਨ ਕਿ ਸਿੱਖਿਆ ਕਰਾਂਤੀ ਲਿਸ਼ਕਵੀਆਂ ਇਮਾਰਤਾਂ, ਚਾਰ ਦਿਵਾਰੀ ...”
(15 ਮਈ 2025)
ਇੱਕ ਬੁੱਤਘਾੜੇ ਨੇ ਪੱਥਰ ਤਰਾਸ਼ ਕੇ ਖੂਬਸੂਰਤ ਬੁੱਤ ਤਿਆਰ ਕੀਤਾ। ਉਸ ਬੁੱਤ ਨੂੰ ਦੇਖਕੇ ਦਰਸ਼ਕ ਅਸ਼ ਅਸ਼ ਕਰ ਉੱਠੇ। ਇੱਕ ਦਰਸ਼ਕ ਨੇ ਬੁੱਤਘਾੜੇ ਨੂੰ ਮੁਖ਼ਾਤਿਬ ਹੋਕੇ ਪੁੱਛਿਆ, “ਤੁਸੀਂ ਇਹ ਖੂਬਸੂਰਤ ਬੁੱਤ ਕਿਵੇਂ ਬਣਾਇਆ?”
ਬੁੱਤਘਾੜੇ ਨੇ ਮੁਸਕਰਾਕੇ ਜਵਾਬ ਦਿੱਤਾ, “ਇਹ ਖੂਬਸੂਰਤ ਬੁੱਤ ਤਾਂ ਪੱਥਰ ਦੇ ਵਿੱਚ ਹੀ ਸੀ, ਮੈਂ ਤਾਂ ਵਾਧੂ ਪੱਥਰ ਹਟਾ ਦਿੱਤਾ ਅਤੇ ਖੂਬਸੂਰਤ ਬੁੱਤ ਤਿਆਰ ਹੋ ਗਿਆ।” ਦਰਅਸਲ ਅਧਿਆਪਕ ਦਾ ਕਰਮ ਵੀ ਉਸ ਬੁੱਤਘਾੜੇ ਵਰਗਾ ਹੀ ਹੈ। ਅਧਿਆਪਕ ਕੋਲ ਜਦੋਂ ਵਿਦਿਆਰਥੀ ਪਹਿਲੀ ਵਾਰ ਆਉਂਦਾ ਹੈ ਤਾਂ ਉਸ ਕੋਲ ਅੱਖਾਂ ਤਾਂ ਹੁੰਦੀਆਂ ਹਨ, ਪਰ ਉਸ ਨੂੰ ਨਜ਼ਰ ਅਧਿਆਪਕ ਨੇ ਦੇਣੀ ਹੁੰਦੀ ਹੈ। ਇਸ ਕਰਕੇ ਹੀ ਅਧਿਆਪਕ ਨੂੰ ਸਮਾਜ ਦੀ ਮਹਾਂ ਸ਼ਕਤੀ ਅਤੇ ਕੌਮ ਦਾ ਨਿਰਮਾਤਾ ਕਿਹਾ ਗਿਆ ਹੈ।
ਅਧਿਆਪਕ ਨੇ ਵਿਦਿਆਰਥੀ ਨੂੰ ਸਿਰਫ਼ ਕਿਤਾਬੀ ਪੜ੍ਹਾਈ ਹੀ ਨਹੀਂ ਕਰਵਾਉਣੀ ਹੁੰਦੀ, ਸਗੋਂ ਜ਼ਿੰਦਗੀ ਦੀ ਪੜ੍ਹਾਈ ਦਾ ਪਾਠ ਵੀ ਪੜ੍ਹਾਉਣਾ ਹੁੰਦਾ ਹੈ। ਕਿਤਾਬੀ ਪੜ੍ਹਾਈ ਵਿੱਚ ਪਾਠ ਪਹਿਲਾਂ ਦਿੱਤਾ ਜਾਂਦਾ ਹੈ ਅਤੇ ਪ੍ਰੀਖਿਆ ਬਾਅਦ ਵਿੱਚ ਹੁੰਦੀ ਹੈ। ਪਰ ਜ਼ਿੰਦਗੀ ਦੀ ਪੜ੍ਹਾਈ ਵਿੱਚ ਪ੍ਰੀਖਿਆ ਪਹਿਲਾਂ ਹੁੰਦੀ ਹੈ ਅਤੇ ਪਾਠ ਬਾਅਦ ਵਿੱਚ ਮਿਲਦਾ ਹੈ। ਸਿਆਣਾ, ਸੁਲਝਿਆ ਹੋਇਆ, ਦੂਰ ਅੰਦੇਸ਼ੀ ਅਤੇ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਅਧਿਆਪਕ ਵਿਦਿਆਰਥੀ ਨੂੰ ਦੋਨਾਂ ਤਰ੍ਹਾਂ ਦੀ ਪੜ੍ਹਾਈ ਕਰਵਾਕੇ ਇੱਕ ਚੰਗਾ ਨਾਗਰਿਕ, ਚੰਗਾ ਪੁੱਤ ਅਤੇ ਆਦਰਸ਼ ਵਿਅਕਤੀ ਬਣਾਉਣ ਵਿੱਚ ਸਹੀ ਅਗਵਾਈ ਕਰਦਾ ਹੈ। ਅਸਲੀ ਸ਼ਬਦਾਂ ਵਿੱਚ ਅਧਿਆਪਕ ਦਾ ਕਰਮ ਇਸ ਤਰ੍ਹਾਂ ਦਾ ਹੁੰਦਾ ਹੈ:
ਏਕ ਪੱਥਰ ਕੀ ਹੀ ਤਕਦੀਰ ਬਦਲ ਸ਼ਕਤੀ ਹੈ,
ਸ਼ਰਤ ਯੇਹ ਹੈ ਕਿ ਉਸੇ ਸਲੀਕੇ ਸੇ ਤਰਾਸ਼ਾ ਜਾਏ।
ਇਸ ਵੇਲੇ ਪੰਜਾਬ ਵਿੱਚ ਕੁੱਲ 19242 ਸਰਕਾਰੀ ਸਕੂਲ ਅਤੇ 8162 ਪ੍ਰਾਈਵੇਟ ਸਕੂਲ ਹਨ। ਇਨ੍ਹਾਂ ਵਿੱਚ 12880 ਪ੍ਰਾਇਮਰੀ ਸਕੂਲ, 2670 ਮਿਡਲ ਸਕੂਲ, 1740 ਹਾਈ ਅਤੇ 1972 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਸਕੂਲਾਂ ਵਿੱਚ ਪ੍ਰਿੰਸੀਪਲ, ਹੈੱਡਮਾਸਟਰ ਦੇ ਨਾਲ ਨਾਲ ਵੀ.ਜੀ.ਐੱਸ, ਸਿੱਖਿਆ ਕਰਮੀ, ਐਜੂਕੇਸ਼ਨ ਪ੍ਰੋਵਾਈਡਰਜ਼, 3442, 5994, 5178 ਜਿਹੀਆਂ ਵੱਖ ਵੱਖ ਕੈਟੇਗਰੀਆਂ ਵਿੱਚ ਅਧਿਆਪਕ ਵੰਡ ਕੇ ਭੰਬਲਭੂਸਾ ਜਿਹਾ ਪਾਇਆ ਹੋਇਆ ਹੈ। ਇਸ ਤਰੀਕੇ ਨਾਲ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਕੂਲਾਂ ਦੇ ਨਾਂ ਬਦਲਕੇ ਸਮਾਰਟ ਸਕੂਲ, ਮੈਰੀਟੋਰੀਅਸ ਸਕੂਲ ਅਤੇ ਸਕੂਲ ਆਫ ਐਮੀਨੈਂਸ ਦਾ ਨਾਂ ਦੇਕੇ ਸਿੱਖਿਆ ਸੁਧਾਰ ਦੀਆਂ ਨੀਤੀਆਂ ਬਣਾਈਆਂ ਹਨ।
ਸੰਸਥਾ ਵਿੱਚ ਸਕੂਲ ਮੁਖੀ ਜਾਂ ਅਧਿਆਪਕ ਤਦ ਹੀ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਹੋ ਸਕਦੇ ਹਨ, ਤਦ ਹੀ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾ ਸਕਦੇ ਹਨ, ਜੇਕਰ ਉਹ ਮਾਨਸਿਕ ਅਤੇ ਆਰਥਿਕ ਤੌਰ ’ਤੇ ਸੰਤੁਸ਼ਟ ਹਨ। ਲੋੜਾਂ ਅਤੇ ਥੋੜਾਂ ਦਾ ਸ਼ਿਕਾਰ ਹੋਇਆ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਇਨਸਾਫ ਨਹੀਂ ਕਰ ਸਕੇਗਾ। 7 ਅਪਰੈਲ, 2025 ਤੋਂ 54 ਦਿਨਾਂ ਲਈ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਸਕੂਲਾਂ ਵਿੱਚ ਨੀਂਹ ਪੱਥਰਾਂ ਦੀ ਹਨੇਰੀ ਲਿਆਂਦੀ ਗਈ ਹੈ। ਇਸ ਮੰਤਵ ਲਈ 25000 ਤਖਤੀਆਂ ਤਿਆਰ ਕਰਵਾਈਆਂ ਗਈਆਂ ਹਨ, ਜਿਨ੍ਹਾਂ ਉੱਪਰ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਪਿੰਡ ਦੇ ਸਰਪੰਚ ਦਾ ਨਾਂ ਉੱਕਰਿਆ ਹੋਇਆ ਹੈ। ਇਹ ਤਖਤੀਆਂ ਸਕੂਲ ਦੇ ਨਵੀਨੀਕਰਨ, ਚਾਰ ਦਿਵਾਰੀ ਦੀ ਉਸਾਰੀ ਅਤੇ ਬਾਥਰੂਮਾਂ ਦਾ ਸ਼ਿੰਗਾਰ ਬਣ ਰਹੀਆਂ ਹਨ। ਨਿਸ਼ਚਿਤ ਮਿਤੀ ਤੋਂ ਅੰਦਾਜ਼ਨ 10 ਦਿਨ ਪਹਿਲਾਂ ਤੋਂ ਹੀ ਅਧਿਆਪਕ ਸਮਾਗਮ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਕੋਈ ਅਧਿਆਪਕ ਸਾਉਂਡ ਦੇ ਪ੍ਰਬੰਧ ਲਈ, ਕੋਈ ਹਲਵਾਈ ਦੇ ਪ੍ਰਬੰਧ ਲਈ, ਕੋਈ ਅਧਿਆਪਕ ਟੈਂਟ ਅਤੇ ਕੁਰਸੀਆਂ ਦੇ ਪ੍ਰਬੰਧ ਲਈ ਬਜ਼ਾਰ ਦੇ ਚੱਕਰ ਕੱਟ ਰਹੇ ਹਨ। ਹਦਾਇਤਾਂ ਇਹ ਵੀ ਹਨ ਕਿ ਮੰਤਰੀ/ਵਿਧਾਇਕ ਦੇ ਸਿੱਖਿਆ ਕਰਾਂਤੀ ਸੰਬੰਧੀ ਉੱਚ ਵਿਚਾਰ ਸੁਣਨ ਲਈ ਲੋਕਾਂ ਦਾ ਭਰਵਾਂ ਇਕੱਠ ਹੋਣਾ ਚਾਹੀਦਾ ਹੈ। ਸਕੂਲ ਮੁਖੀ ਅਤੇ ਅਧਿਆਪਕ ਸਿੱਖਿਆ ਕਰਾਂਤੀ ਦਾ ਸੁਨੇਹਾ ਸੁਣਨ ਲਈ ਲੋਕਾਂ ਦੀ ਭਰਵੀਂ ਹਾਜ਼ਰੀ ਵਾਸਤੇ ਸਿਰਤੋੜ ਯਤਨ ਕਰਦੇ ਹਨ। ਇੰਜ ਮਾਨਸਿਕ ਤੌਰ ’ਤੇ ਉੱਖੜਿਆ ਸੰਸਥਾ ਦਾ ਮੁਖੀ ਅਤੇ ਉਸਦੇ ਸਾਥੀ ਅਧਿਆਪਕਾਂ ਦਾ ਸਕੂਲ ਦੇ ਕਲਾਸ ਰੂਮ ਅਤੇ ਵਿਦਿਆਰਥੀਆਂ ਤੋਂ ਉਨ੍ਹਾਂ ਦਿਨਾਂ ਵਿੱਚ ਨਾਤਾ ਟੁੱਟ ਜਾਂਦਾ ਹੈ ਅਤੇ ਸਾਰਾ ਜ਼ੋਰ ਮੰਤਰੀ/ਵਿਧਾਇਕ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗ ਜਾਂਦਾ ਹੈ।
ਕਈ ਸਕੂਲਾਂ ਵਿੱਚ ਦੁਖਾਂਤ ਉਦੋਂ ਵਾਪਰਿਆ ਜਦੋਂ ਸਿਆਸੀ ਆਗੂਆਂ ਨੇ ਵਿਦਿਆਰਥੀਆਂ ਅਤੇ ਪਬਲਿਕ ਦੀ ਹਾਜ਼ਰੀ ਵਿੱਚ ਸਕੂਲ ਮੁਖੀਆਂ ਨੂੰ ਤਾੜਨਾ ਕੀਤੀ ਕਿ ਭਰਵਾਂ ਇਕੱਠ ਕਿਉਂ ਨਹੀਂ ਕੀਤਾ ਗਿਆ? ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ’ਤੇ ਜ਼ੋਰ ਦੇਣ ਦੀ ਥਾਂ ਪ੍ਰੋਗਰਾਮ ਵਿੱਚ ਨੁਕਸ ਕੱਢਦਿਆਂ ਸਾਰਿਆਂ ਦੀ ਹਾਜ਼ਰੀ ਵਿੱਚ ਪ੍ਰੋਗਰਾਮ ਨੂੰ ਫੇਲ ਕਰਾਰ ਦਿੰਦਿਆਂ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਲਾਹਨਤਾਂ ਪਾਉਂਦਿਆਂ ਉਨ੍ਹਾਂ ਨੂੰ ਦੂਰ ਦੁਰੇਡੇ ਬਦਲਣ ਦੀਆਂ ਧਮਕੀਆਂ ਵੀ ਦਿੱਤੀਆਂ। ਭਲਾ ਅਜਿਹੀ ਸਥਿਤੀ ਵਿੱਚ ਕੌਮ ਦੇ ਨਿਰਮਾਤਾ ਦਾ ਵਿਦਿਆਰਥੀਆਂ ਅਤੇ ਪਬਲਿਕ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਜਾਂਦਾ ਹੈ। ਇੱਕ ਪ੍ਰਿੰਸੀਪਲ ਨੇ ਤਾਂ ਜ਼ੁਰਅਤ ਕਰਕੇ ਕਹਿ ਹੀ ਦਿੱਤਾ ਕਿ ਸਕੂਲ ਵਿੱਚ 8 ਅਧਿਆਪਕਾਂ, ਦੋ ਸੇਵਾਦਾਰਾਂ ਅਤੇ ਸਫਾਈ ਸੇਵਕ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਵੱਲੋਂ ਵਿਦਿਆਰਥੀਆਂ ਲਈ ਮੁਫ਼ਤ ਬੱਸ ਸਰਵਿਸ ਤਾਂ ਸ਼ੁਰੂ ਕੀਤੀ ਗਈ ਹੈ, ਪਰ ਇਸ ਮੰਤਵ ਲਈ ਰਾਸ਼ੀ ਕੋਈ ਪ੍ਰਾਪਤ ਨਹੀਂ ਹੋਈ ਅਤੇ ਇੱਕ ਲੱਖ ਰੁਪਏ ਦਾ ਕਰਜ਼ਾ ਲੈਕੇ ਇਸ ਸਕੀਮ ਨੂੰ ਚਾਲੂ ਰੱਖਿਆ ਹੋਇਆ ਹੈ। ਕਿਰਪਾ ਕਰਕੇ ਇਨ੍ਹਾਂ ਲੋੜਾਂ ਵੱਲ ਵੀ ਧਿਆਨ ਦਿੱਤਾ ਜਾਵੇ। ਵਿਧਾਇਕ ਕੁਝ ਨਹੀਂ ਬੋਲਿਆ, ਬੱਸ ਬੁੜਬੁੜ ਕਰਦਾ ਗੱਡੀ ਵਿੱਚ ਜਾ ਬੈਠਾ।
ਸਿਆਸੀ ਲੋਕ ਇਹ ਭੁੱਲ ਜਾਂਦੇ ਹਨ ਕਿ ਸਿੱਖਿਆ ਕਰਾਂਤੀ ਲਿਸ਼ਕਵੀਆਂ ਇਮਾਰਤਾਂ, ਚਾਰ ਦਿਵਾਰੀ ਉੱਚੀ ਕਰਨ ਜਾਂ ਬਾਥਰੂਮਾਂ ਦੇ ਨੀਂਹ ਪੱਥਰ ਰੱਖਣ ਨਾਲ ਨਹੀਂ ਆਉਣੀ ਸਗੋਂ ਜਿਹੜੇ ਅਧਿਆਪਕਾਂ ਨੇ ਸੰਸਥਾਵਾਂ ਵਿੱਚ ਕੰਮ ਕਰਨਾ ਹੈ, ਉਨ੍ਹਾਂ ਨੂੰ ਬਣਦਾ ਸਤਕਾਰ ਦੇਣ, ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਨਾਲ ਆਉਣੀ ਹੈ। 5 ਸਤੰਬਰ ਨੂੰ ਹਰ ਸਾਲ ਅਧਿਆਪਕ ਦਿਵਸ ਮਨਾਕੇ ਕੌਮ ਦੇ ਨਿਰਮਾਤਾ ਅਧਿਆਪਕ ਪ੍ਰਤੀ ਸਤਕਾਰ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ 5 ਸਤੰਬਰ 2022 ਨੂੰ ਪੀੜਿਤ ਅਧਿਆਪਕਾਂ ਨੇ ਆਪਣੇ ਖੂਨ ਦੇ ਪਿਆਲੇ ਵੱਖ ਵੱਖ ਥਾਂਵਾਂ ’ਤੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦਾਂ ਨੂੰ ਭੇਂਟ ਕੀਤੇ ਸਨ ਅਤੇ ਵਰਤਮਾਨ ਸਮੇਂ ਵਿੱਚ ਵੀ ਅਧਿਆਪਕ ਪਾਣੀ ਵਾਲੀ ਟੈਂਕੀਆਂ ਤੇ ਚੜ੍ਹਕੇ ਭੁੱਖ ਹੜਤਾਲ ਕਰਨ, ਰੋਸ ਮੁਜ਼ਾਹਰੇ ਅਤੇ ਧਰਨੇ ਦੇ ਕੇ ਇੱਕ ਪਾਸੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਦੂਜੇ ਪਾਸੇ ਪੁਲਿਸ ਦੀਆਂ ਲਾਠੀਆਂ ਅਤੇ ਥੱਪੜਾਂ ਦੇ ਸ਼ਿਕਾਰ ਵੀ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਜ ਦਾ ਆਪਸੀ ਰਿਸ਼ਤਾ ਲੀਰਾਂ-ਲੀਰਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਅਧਿਆਪਕ ਅਤੇ ਵਿਦਿਆਰਥੀ ਦੇ ਸਤਕਾਰ ਭਰੇ ਰਿਸ਼ਤੇ ਦੀ ਇੱਕ ਮਿਸਾਲੀ ਉਦਾਹਰਨ ਯਾਦ ਕਰਦਿਆਂ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਭਾਰਤ ਦੇ ਨੌਂਵੇਂ ਰਾਸ਼ਟਰਪਤੀ ਡਾ. ਸੰਕਰ ਦਿਆਲ ਸ਼ਰਮਾ 1994 ਵਿੱਚ ਉਮਾਨ ਦੇ ਦੌਰੇ ਤੇ ਗਏ। ਉੱਥੋਂ ਦਾ ਸੁਲਤਾਨ ਕਬੂਸਬਿਨ ਸੈਦ ਆਪਣੇ ਸਾਰੇ ਨਿਯਮ ਛਿੱਕੇ ਟੰਗ ਕੇ ਉਨ੍ਹਾਂ ਨੂੰ ਆਪ ਲੈਣ ਲਈ ਮਸਕਟ ਬੰਦਰਗਾਹ ’ਤੇ ਗਿਆ। ਡਾਕਟਰ ਸ਼ੰਕਰ ਦਿਆਲ ਸ਼ਰਮਾ ਜਹਾਜ਼ ਦੀਆਂ ਪੌੜੀਆਂ ਨਹੀਂ ਉੱਤਰਿਆ ਸਗੋਂ ਸੁਲਤਾਨ ਆਪ ਜਹਾਜ਼ ਦੀਆਂ ਪੌੜੀਆਂ ਚੜ੍ਹਕੇ ਭਾਰਤ ਦੇ ਰਾਸ਼ਟਰਪਤੀ ਦੀ ਸੀਟ ਤੇ ਜਾਕੇ ਆਦਰ ਨਾਲ ਉਨ੍ਹਾਂ ਨੂੰ ਜਹਾਜ਼ ਤੋਂ ਬਾਹਰ ਲੈ ਕੇ ਆਇਆ। ਬੰਦਰਗਾਹ ਤੋਂ ਬਾਹਰ ਸੁਲਤਾਨ ਆਪ ਕਾਰ ਚਲਾਕੇ ਡਾ. ਸ਼ੰਕਰ ਦਿਆਲ ਸ਼ਰਮਾ ਨੂੰ ਆਪਣੇ ਮਹਿਲਾਂ ਵਿੱਚ ਲੈਕੇ ਆਇਆ। ਜਦੋਂ ਉੱਥੋਂ ਦੇ ਪੱਤਰਕਾਰਾਂ ਨੇ ਸੁਲਤਾਨ ਨੂੰ ਪੁੱਛਿਆ ਕਿ ਤੁਸੀਂ ਦੇਸ਼ ਦੇ ਸਾਰੇ ਨਿਯਮਾਂ ਨੂੰ ਤੋੜਕੇ ਭਾਰਤ ਦੇ ਰਾਸ਼ਟਰਪਤੀ ਨੂੰ ਮਹਿਲਾਂ ਵਿੱਚ ਲੈਕੇ ਆਏ, ਇਸਦੇ ਪਿੱਛੇ ਕਾਰਨ ਕੀ ਹੈ? ਸੁਲਤਾਨ ਨੇ ਮੁਸਕਰਾਕੇ ਜਵਾਬ ਦਿੱਤਾ, “ਭਾਰਤ ਵਿੱਚ ਪੂਨਾ ਵਿਖੇ ਮੈਂ ਪੜ੍ਹਾਈ ਕੀਤੀ ਹੈ। ਡਾ. ਸ਼ੰਕਰ ਦਿਆਲ ਸ਼ਰਮਾ ਜੀ ਉੱਥੇ ਪ੍ਰੋਫੈਸਰ ਸਨ ਅਤੇ ਮੈਂ ਇਨ੍ਹਾਂ ਦਾ ਵਿਦਿਆਰਥੀ ਸੀ। ਬੰਦਰਗਾਹ ਤੋਂ ਮੈਂ ਭਾਰਤ ਦੇ ਰਾਸ਼ਟਰਪਤੀ ਕਰਕੇ ਨਹੀਂ, ਸਗੋਂ ਆਪਣੇ ਗੁਰੂ ਨੂੰ ਸਤਕਾਰ ਨਾਲ ਲੈਣ ਗਿਆ ਸੀ। ਇਸ ਤਰ੍ਹਾਂ ਦੇ ਸੰਸਕਾਰ ਵੀ ਮੈਂ ਭਾਰਤ ਵਿੱਚ ਹੀ ਸਿੱਖੇ ਸਨ।
ਸਿੱਖਿਆ ਕ੍ਰਾਂਤੀ ਤਦ ਹੀ ਆਵੇਗੀ ਜਦੋਂ ਅਧਿਆਪਕਾਂ ਦੇ ਮਾਣ ਭਰੇ ਰੁਤਬੇ ਦੀ ਸ਼ਾਨ ਕਾਇਮ ਰੱਖਣ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)