“ਲੋੜਵੰਦਾਂ ਦੇ ਹੱਥਾਂ ਵਿੱਚ ਥੋੜ੍ਹਾ ਜਿਹਾ ਸਮਾਨ ਫੜਾ ਕੇ ਫੋਟੋ ਖਿਚਵਾਉਣ ਉਪਰੰਤ ...”
(9 ਮਈ 2020)
ਜਦੋਂ ਵੀ ਕਦੇ ਗਾਹੇ-ਬਗਾਹੇ ਆਪਣੀ ਜਨਮ ਭੂਮੀ ਵਿਖੇ ਗੇੜਾ ਮਾਰਦਾ ਹਾਂ ਤਾਂ ਮਨ ਦੀ ਦਹਿਲੀਜ਼ ’ਤੇ ਅਤੀਤ ਦੀਆਂ ਯਾਦਾਂ ਬਦੋਬਦੀ ਦਸਤਕ ਦੇ ਦਿੰਦੀਆਂ ਨੇ। ਹਾਣੀਆਂ ਨਾਲ ਖੇਡਣਾ, ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਦੀ ਜ਼ਿੰਦਗੀ, ਮਾਂ ਬਾਪ ਦੀਆਂ ਝਿੜਕਾਂ ਦੇ ਨਾਲ ਨਾਲ ਜ਼ਿੰਦਗੀ ਦੀ ਪੜ੍ਹਾਈ ਦੇ ਕਈ ਪਾਠ ਵੀ ਉੱਥੇ ਰਹਿਕੇ ਹੀ ਪੜ੍ਹੇ। ਸਕੂਲ ਦੀ ਪੜ੍ਹਾਈ, ਫਿਰ ਕਾਲਜ ਦੀ ਪੜ੍ਹਾਈ, ਜ਼ਿੰਦਗੀ ਦੀਆਂ ਠੋਕਰਾਂ ਵਿੱਚੋਂ ਮਿਲੇ ਵਿਸ਼ਾਲ ਅਨੁਭਵ ਦੇ ਆਧਾਰ ’ਤੇ ਹੀ ਮਹਿਸੂਸ ਹੁੰਦਾ ਹੈ ਕਿ ਕਿਤਾਬੀ ਪੜ੍ਹਾਈ ਅਤੇ ਜ਼ਿੰਦਗੀ ਦੀ ਪੜ੍ਹਾਈ ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਕਿਤਾਬੀ ਪੜ੍ਹਾਈ ਵਿੱਚ ਪਾਠ ਪਹਿਲਾਂ ਮਿਲਦਾ ਹੈ ਅਤੇ ਪ੍ਰੀਖਿਆ ਬਾਅਦ ਵਿੱਚ ਹੁੰਦੀ ਹੈ ਪਰ ਜ਼ਿੰਦਗੀ ਦੀ ਪੜ੍ਹਾਈ ਵਿੱਚ ਪਹਿਲਾਂ ਪ੍ਰੀਖਿਆ ਹੁੰਦੀ ਹੈ ਅਤੇ ਪਾਠ ਬਾਅਦ ਵਿੱਚ ਮਿਲਦਾ ਹੈ। ਹੁਣ ਮਹਿਸੂਸ ਹੁੰਦਾ ਹੈ ਕਿ ਜਨਮ ਭੂਮੀ ਵਿੱਚ ਬਚਪਨ ਦੇ ਨਾਲ ਜਵਾਨੀ ਦਾ ਵੱਡਾ ਹਿੱਸਾ ਗੁਜ਼ਾਰਨ ਸਮੇਂ ਕਿਤਾਬੀ ਪੜ੍ਹਾਈ ਅਤੇ ਜ਼ਿੰਦਗੀ ਦੀ ਪੜ੍ਹਾਈ ਦੋਨਾਂ ਤਰ੍ਹਾਂ ਦੇ ਪਾਠ ਹੀ ਸਿੱਖ ਲਏ ਸਨ। ਇਹ ਪਾਠ ਪੈਰ ਪੈਰ ’ਤੇ ਮਾਰਗ ਦਰਸ਼ਨ ਵੀ ਕਰਦੇ ਨੇ।
ਪਿੰਡ ਦੇ ਉੱਤਰ ਵੱਲ ਦੋ ਕੁ ਕਿਲੋਮੀਟਰ ਦੀ ਵਿੱਥ ਉੱਤੇ ਇੱਕ ਖੂਹੀ ਬਣੀ ਹੋਈ ਸੀ। ਉਸ ਖੂਹੀ ਨੂੰ ‘ਗੁੱਟੂ ਦੀ ਖੂਹੀ’ ਨਾਮ ਨਾਲ ਯਾਦ ਕੀਤਾ ਜਾਂਦਾ ਸੀ। ਟਿੱਬਿਆ ਦਾ ਸਫ਼ਰ ਤੈਅ ਕਰਦਿਆਂ ਰਾਹਗੀਰ ਉਸ ਖੂਹੀ ਦਾ ਠੰਢਾ ਪਾਣੀ ਪੀ ਕੇ ਸਕੂਨ ਪ੍ਰਾਪਤ ਕਰਦੇ ਸਨ। ਨੌਵੀਂ-ਦਸਵੀਂ ਵਿੱਚ ਪੜ੍ਹਦਿਆਂ ਜਦੋਂ ਗੁੱਟੂ ਦੀ ਖੂਹੀ ਦੇ ਇਤਿਹਾਸ ਸਬੰਧੀ ਬਜ਼ੁਰਗ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਅਦਬ ਨਾਲ ਚੇਤੇ ਕਰਦਿਆਂ ਦੱਸਿਆ, “ਗੁੱਟੂ ਆਪਣੇ ਪਿੰਡ ਦਾ ਭਲਾ ਪੁਰਸ਼ ਸੀ। ਇਹ ਖੂਹੀ ਉਸਨੇ ਆਪਣੇ ਪਿੰਡ ਆਉਂਦੇ ਰਾਹੀਆਂ ਕਰਕੇ ਜਾਂ ਫਿਰ ਖੇਤਾਂ ਵਿੱਚ ਕੰਮ ਕਰਦੇ ਕਿਰਸਾਨਾਂ ਕਰਕੇ ਬਣਵਾਈ ਸੀ।” ਗੁੱਟੂ ਦੀ ਜ਼ਮੀਨ, ਜਾਇਦਾਦ, ਬੈਂਕ ਬੈਲੰਸ ਕਿੰਨ੍ਹਾ ਕੁ ਸੀ, ਕੋਈ ਪਤਾ ਨਹੀਂ। ਹਾਂ, ਉਹਦੀ ਲੋੜਵੰਦਾਂ ਪ੍ਰਤੀ ਉਸਾਰੂ ਸੋਚ ਹੋਣ ਕਾਰਨ ਪਿੰਡ ਵਾਸੀਆਂ ਦੇ ਚੇਤੇ ਵਿੱਚੋਂ ਉਹ ਮਨਫ਼ੀ ਨਹੀਂ ਹੋਇਆ।
ਫਿਰ ਪਿੰਡ ਦਾ ਇੱਕ ਹੋਰ ਦਿਆਲੂ ਵਿਅਕਤੀ ਗੁੱਟੂ ਦੇ ਰਾਹ ’ਤੇ ਚੱਲ ਪਿਆ। ਉਸਨੇ ਪਿੰਡ ਦੇ ਇੱਕ ਵਿਅਕਤੀ ਨੂੰ ਤਨਖਾਹ ਦੇ ਕੇ ਗੁੱਟੂ ਦੀ ਖੂਹੀ ਤੋਂ ਲੋਕਾਂ ਨੂੰ ਪਾਣੀ ਪਿਆਉਣ ਲਈ ਰੱਖ ਲਿਆ। ਗੁੜ, ਭੁੱਜੇ ਹੋਏ ਛੋਲੇ, ਖੂਹੀ ਦਾ ਘੜਿਆਂ ਵਿੱਚ ਪਾਇਆ ਠੰਢਾ ਪਾਣੀ ਹਰ ਰਾਹੀ ਦੇ ਹਿੱਸੇ ਆਉਣ ਲੱਗ ਪਿਆ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਜੇਬਾਂ ਵਿੱਚ ਉਹ ਵਿਅਕਤੀ ਛੋਲੇ ਅਤੇ ਗੁੜ ਦੀ ਡਲੀ ਪਾ ਕੇ ਕਹਿੰਦਾ, “ਰਾਹ ਵਿੱਚ ਖਾਂਦਾ ਜਾਈਂ।” ਇੰਜ ਅੰਤਾਂ ਦੀ ਗਰਮੀ ਵਿੱਚ ਗੁੱਟੂ ਦੀ ਖੂਹੀ ’ਤੇ ਪਹੁੰਚ ਕੇ ਰਾਹਗੀਰ ਆਪਣਾ ਥਕੇਵਾਂ ਵੀ ਲਾਹ ਲੈਂਦਾ ਸੀ। ਛੋਲੇ, ਗੁੜ ਅਤੇ ਠੰਢਾ ਪਾਣੀ ਉਨ੍ਹਾਂ ਦੀ ਕੋਹਾਂ ਦੀ ਵਾਟ ਨੂੰ ਸੁਖਾਲਾ ਕਰ ਦਿੰਦਾ ਸੀ। ਮਸਤ ਰਾਮ ਵੀ ਅੰਦਾਜ਼ਨ ਤਿੰਨ ਦਹਾਕੇ ਪਹਿਲਾਂ ਗੁਜ਼ਰ ਗਿਆ। ਗੁੱਟੂ ਅਤੇ ਮਸਤ ਰਾਮ, ਦੋਹਾਂ ਦੀ ਨੇਕੀ ਦੀ ਮਹਿਕ ਆਲੇ-ਦੁਆਲੇ ਹੁਣ ਵੀ ਬਿਖਰੀ ਹੋਈ ਹੈ।
ਇਸ ਵੇਲੇ ਕੋਰੋਨਾ ਵਾਇਰਸ ਦੇ ਮਾਰੂ ਸੰਤਾਪ ਕਾਰਨ ਲੋਕ ਤਾਲਾਬੰਦੀ ਅਤੇ ਕਰਫਿਊ ਦੀ ਮਾਰ ਹੇਠ ਹਨ। ਅਜਿਹੀ ਸਥਿਤੀ ਵਿੱਚ ਮਜ਼ਦੂਰ ਵਰਗ ਬੁਰੀ ਤਰ੍ਹਾਂ ਝੰਜੋੜਿਆ ਗਿਆ ਹੈ। ਹਰ ਰੋਜ਼ ਦੀ ਦਿਹਾੜੀ ਨਾਲ ਉਹ ਪਰਿਵਾਰ ਦੀ ਪੇਟ ਪੂਰਤੀ ਅਤੇ ਹੋਰ ਨਿੱਕੀਆਂ-ਨਿੱਕੀਆਂ ਜੀਵਨ ਲੋੜਾਂ ਪੂਰੀਆਂ ਕਰਦਾ ਸੀ। ਹੁਣ ਉਨ੍ਹਾਂ ਦੇ ਜਿੱਥੇ ਚੁੱਲ੍ਹੇ ਠੰਢੇ ਨੇ, ਉੱਥੇ ਹੀ ਜੀਵਨ ਲੋੜਾਂ ’ਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਸਿਆਸੀ ਆਗੂਆਂ ਨੇ ਪੈਕਟਾਂ ਵਿੱਚ ਉਨ੍ਹਾਂ ਦੇ ਘਰੀਂ ਰਾਸ਼ਨ ਪੁੱਜਦਾ ਕੀਤਾ ਹੈ। ਰਾਸ਼ਨ ਦੇ ਪੈਕਟ ਵਿੱਚ ਉਹ ਆਪਣੀ ਫੋਟੋ ਵਾਲਾ ਕਾਗਜ਼ ਪਾਉਣੋਂ ਨਹੀਂ ਭੁੱਲੇ ਤਾਂ ਜੋ ਵੋਟਾਂ ਸਮੇਂ ਅੰਨਦਾਤਾ ਨੂੰ ਯਾਦ ਰੱਖਿਆ ਜਾਵੇ। ਬਹੁਤ ਸਾਰੇ ਰਾਜਨੀਤਕ ਲੋਕਾਂ ਨੇ ਇਸ ਸੰਕਟ ਦੀ ਘੜੀ ਵਿੱਚ ਵੀ ਰਾਜਨੀਤੀ ਕਰਨੀ ਨਹੀਂ ਛੱਡੀ ਅਤੇ ਉਸ ਮੁਹੱਲੇ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਜਿੱਥੋਂ ਦੇ ਲੋਕਾਂ ਨੇ ਪਹਿਲਾਂ ਉਸ ਨੂੰ ਵੋਟਾਂ ਪਾਈਆਂ ਜਾਂ ਫਿਰ ਮੁਹਤਬਰ ਬੰਦਿਆਂ ਨੇ ਭਵਿੱਖ ਵਿੱਚ ‘ਆਪਣੇ ਆਗੂ’ ਨੂੰ ਵੋਟ ਪਾਉਣ ਦੀ ਪ੍ਰੇਰਨਾ ਦਿੱਤੀ। ਕੁਝ ਅਖਾਉਤੀ ਸਮਾਜ ਸੇਵਕਾਂ ਨੇ ਲੋੜਵੰਦਾਂ ਦੇ ਹੱਥਾਂ ਵਿੱਚ ਥੋੜ੍ਹਾ ਜਿਹਾ ਸਮਾਨ ਫੜਾ ਕੇ ਫੋਟੋ ਖਿਚਵਾਉਣ ਉਪਰੰਤ ਸੋਸ਼ਲ ਮੀਡੀਆ ’ਤੇ ਪਾ ਕੇ ਆਪਣੇ ਆਪ ਨੂੰ ਮਹਾਂਦਾਨੀ ਸਿੱਧ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਫੋਟੋ ਵੇਖਕੇ ਇੰਜ ਲੱਗਦਾ ਸੀ:
ਆਲੂ ਇੱਕ ਦਰਜ਼ਨ,
ਦਿਆਲੂ ਦੋ ਦਰਜ਼ਨ।
ਜਾਂ ਫਿਰ:
ਕਿਲੋ ਚੌਲ ਤੇ ਕਿਲੋ ਆਟਾ ਮੇਰੇ ਹੱਥ ਫੜਾਕੇ,
ਅੰਨ ਦਾਤੇ ਉਹ ਬਣ ਜਾਂਦੇ ਨੇ ਇੱਕ ਫੋਟੋ ਖਿਚਵਾਕੇ।
ਕਈ ਕਿਰਤੀਆਂ ਨੇ ਤਾਂ ਫੋਟੋ ਖਿਚਵਾਉਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਤਪੇ ਮਨ ਨਾਲ ਸਮਾਨ ਹੀ ਮੋੜ ਦਿੱਤਾ।
ਹਾਂ, ਕਈ ਸਮਾਜ ਸੇਵਕਾਂ ਨੇ ਕਿਰਤੀ ਵਰਗ ਦੇ ਇਸ ਦੁੱਖ ਨੂੰ ਆਪਣੇ ਮਨ ਦੇ ਪਿੰਡੇ ’ਤੇ ਹੰਢਾਇਆ ਹੈ। ਭੋਜਨ ਅਤੇ ਹੋਰ ਸਮੱਗਰੀ ਲੋੜਵੰਦਾਂ ਦੇ ਦਰ ਤੇ ਦੇ ਕੇ ਉਹ ਫੋਟੋ ਦੀ ਤਾਂ ਖਾਧੀ ਕੜ੍ਹੀ, ਆਪਣਾ ਨਾਂ ਤਕ ਨਹੀਂ ਦੱਸਦੇ। ਬੱਸ, ਮੋਬਾਇਲ ਨੰਬਰ ਦੇ ਕੇ ਨਿਮਰਤਾ ਸਹਿਤ ਕਹਿ ਦਿੰਦੇ ਨੇ, “ਫਿਰ ਲੋੜ ਹੋਵੇ ਤਾਂ ਇਸ ਨੰਬਰ ਤੇ ਫੋਨ ਕਰ ਦਿਉ, ਅਸੀਂ ਥੋਡੇ ਕੋਲ ਪਹੁੰਚ ਜਾਵਾਂਗੇ। ਘਬਰਾਉਣਾ ਨਹੀਂ।”
ਸਿਆਸੀ ਲੋਕਾਂ ਦੇ ਮਾਣ-ਭੱਤੇ, ਮੈਡੀਕਲ ਭੱਤੇ, ਸਫਰ ਭੱਤੇ ਅਤੇ ਹੋਰ ਸੁਖ ਸਹੂਲਤਾਂ ਕਾਰਨ ਸਰਕਾਰੀ ਖਜ਼ਾਨੇ ਉੱਤੇ ਹਰ ਸਾਲ ਅਰਬਾਂ ਰੁਪਏ ਦਾ ਬੋਝ ਪੈਂਦਾ ਹੈ। ਭਲਾ ਇਨ੍ਹਾਂ ਅਰਬਾਂ ਰੁਪਇਆਂ ਵਿੱਚੋਂ ਸਿਆਸੀ ਲੋਕਾਂ ਨੇ ਕਿੰਨੀ ਕੁ ਮਾਇਆ ਆਪਣੀ ਜੇਬ ਵਿੱਚੋਂ ਲੋੜਵੰਦਾਂ ਲਈ ਖਰਚੀ ਹੈ? ਸਾਡੇ ਦੇਸ਼ ਵਿੱਚ 5 ਲੱਖ 80 ਹਜ਼ਾਰ ਲੋਕ ਵੀ.ਵੀ.ਆਈ.ਪੀ. ਕੈਟੇਗਰੀ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਅਰਬਾਂ ਰੁਪਏ ਬਣਦੀ ਹੈ। ਜੇਕਰ ਇਹ ਵੀ.ਵੀ.ਆਈ.ਪੀ ਵਿਅਕਤੀ ਇੱਕ ਇੱਕ ਲੱਖ ਰੁਪਇਆ ਆਪਣੀ ਜੇਬ ਵਿੱਚੋਂ ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਲਈ ਕੱਢ ਦੇਣਾ ਤਾਂ ਅੰਦਾਜ਼ਨ 58 ਅਰਬ ਰੁਪਏ ਇਕੱਠੇ ਹੋ ਜਾਣਗੇ। ਜੇ ਇਸ ਰਾਸ਼ੀ ਦੀ ਇਮਾਨਦਾਰੀ ਨਾਲ ਵਰਤੋਂ ਹੋ ਜਾਵੇ ਤਾਂ ਫਿਰ ਕੋਈ ਭੁੱਖਣਭਾਣਾ ਨੀਲੇ ਅਸਮਾਨ ਹੇਠਾਂ ਨਹੀਂ ਸੌਂਵੇਂਗਾ। ਪਰ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਗੁੱਟੂ ਅਤੇ ਮਸਤ ਰਾਮ ਵਰਗੀ ਸੋਚ ਦੇ ਉਹ ਨੇੜੇ-ਤੇੜੇ ਵੀ ਨਹੀਂ। ਕਾਸ਼! ਇਹ ਸ਼ਬਦ ਰਾਜਨੀਤਕ ਆਗੂਆਂ ਅਤੇ ਸਰਮਾਏਦਾਰਾਂ ਦੇ ਅੰਗ-ਸੰਗ ਰਹਿਣ:
ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ ਏ ਦੌਲਤ,
ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2115)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)