“ਇੱਥੇ ਇਹ ਵੀ ਵਰਣਨਯੋਗ ਹੈ ਕਿ ਨਸ਼ਾ ਵੇਚਣ ਵਾਲਿਆਂ ਵਿੱਚੋਂ ਕਈ ਇਹ ਧੰਦਾ ਛੱਡ ਕੇ ਹੁਣ ...”
(26 ਮਾਰਚ 2025)
12 ਜਨਵਰੀ 2025 ਨੂੰ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਬੁੱਧੀਜੀਵੀਆਂ, ਚਿੰਤਕਾਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੀ ਮੀਟਿੰਗ ਆਪਣੇ ਨਿਵਾਸ ਅਸਥਾਨ ’ਤੇ ਸੱਦੀ ਸੀ। ਪੰਜਾਬ ਭਰ ਵਿੱਚੋਂ ਸੱਦੀਆਂ 40 ਕੁ ਸ਼ਖਸੀਅਤਾਂ ਦੀ ਮੀਟਿੰਗ ਦਾ ਮੈਂ ਵੀ ਹਿੱਸਾ ਬਣਿਆ ਸੀ। ਰਾਜਪਾਲ ਜੀ ਨੇ ਜਿੱਥੇ ਪੰਜਾਬ ਦੀ ਨਸ਼ਿਆਂ ਸੰਬੰਧੀ ਵਿਸਫੋਟਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਹਾਜ਼ਰ ਸ਼ਖਸੀਅਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਇਸ ਗੰਭੀਰ ਸਮੱਸਿਆ ਵਿੱਚੋਂ ਕੱਢਣ ਲਈ ਆਪਣਾ ਆਪਣਾ ਯੋਗਦਾਨ ਪਾ ਕੇ ਨਸ਼ਿਆਂ ਦੇ ਪ੍ਰਕੋਪ ਤੋਂ ਪੰਜਾਬੀਆਂ ਨੂੰ ਬਚਾਇਆ ਜਾਵੇ। ਉਹਨਾਂ ਦੀ ਅਪੀਲ ਉਪਰੰਤ ਹਾਜ਼ਰ ਸ਼ਖਸੀਅਤਾਂ ਨੂੰ ਆਪਣੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਦੀ ਸਮੁੱਚੇ ਰੂਪ ਵਿੱਚ ਇੱਕ ਰਾਏ ਸੀ ਕਿ ਜੇਕਰ ਸਰਕਾਰ ਦੇ ਬਿਆਨਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਉਹਨਾਂ ਵੱਲੋਂ ਇਸ ਸੰਬੰਧ ਵਿੱਚ ਤਿਆਰ ਕੀਤੇ ਰੋਡ ਮੈਪ ਦਾ ਜ਼ਿਕਰ ਕਰਦਿਆਂ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ’ਤੇ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਤਸਕਰਾਂ ਨੂੰ ਨਾ ਬਖਸ਼ਣ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ। ਪੁਲਿਸ ਵਿਭਾਗ ਆਪਣੇ ਬਿਆਨਾਂ ਵਿੱਚ ਨਸ਼ਿਆਂ ਦੀਆਂ ਭਾਰੀ ਖੇਪਾਂ ਦੀ ਬਰਾਮਦਗੀ ਦੇ ਨਾਲ ਨਾਲ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਅੰਕੜੇ ਵੀ ਪੇਸ਼ ਕਰਦਾ ਹੈ। ਪਰ ਜਦੋਂ ਜ਼ਮੀਨੀ ਪੱਧਰ ’ਤੇ ਨਜ਼ਰ ਮਾਰਦੇ ਹਾਂ ਤਾਂ ਨਸ਼ਿਆਂ ਕਾਰਨ ਹੋਈਆਂ ਮੌਤਾਂ, ਮਾਪਿਆਂ ਅਤੇ ਸਮਾਜ ਵਿੱਚ ਛਾਈ ਉਦਾਸੀ, ਸਿਵਿਆਂ ਵਿੱਚ ਭੀੜ, ਜਵਾਨੀ ਦੀ ਪੰਜਾਬ ਨੂੰ ਬੇਦਾਵੇ ਵਾਲੀ ਸੋਚ ਉਪਰੰਤ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ, ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ, ਤਰਸਯੋਗ ਸਰੀਰਕ, ਮਾਨਸਿਕ ਅਤੇ ਬੌਧਿਕ ਹਾਲਤ ਵੇਖਕੇ ਲਗਦਾ ਹੈ ਕਿ ਪੰਜਾਬ ਸੁੱਖ ਸਾਂਦ ਤੋਂ ਵਾਂਝਾ ਹੋ ਗਿਆ ਹੈ। ਅੰਤ ਵਿੱਚ ਮੀਟਿੰਗ ਦਾ ਸਾਰ ਇਹ ਸੀ ਕਿ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ, ਪੁਲਿਸ ਪ੍ਰਸ਼ਾਸਨ ਦੀ ਸੁਹਿਰਦਤਾ ਅਤੇ ਲੋਕਾਂ ਦੇ ਭਰਵੇਂ ਸਹਿਯੋਗ ਦਾ ਤਾਲਮੇਲ ਹੀ ਪੰਜਾਬ ਦੇ ਮੱਥੇ ਤੋਂ ਨਸ਼ਿਆਂ ਦਾ ਧੱਬਾ ਲਾਹ ਸਕਦਾ ਹੈ। ਇਹ ਗੱਲ ਵੀ ਸਾਹਮਣੇ ਆਈ ਕਿ ਪੁਲਿਸ ਦੀ ਅੰਦਾਜ਼ਨ 81 ਹਜ਼ਾਰ ਦੀ ਨਫਰੀ ਵਿੱਚੋਂ 73% ਤਾਂ ਮੰਤਰੀਆਂ, ਸਰਕਾਰੀ ਅਧਿਕਾਰੀਆਂ ਅਤੇ ਹੋਰ ਵੀ.ਆਈ.ਪੀ ਵਿਅਕਤੀਆਂ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ, 10 ਫੀਸਦੀ ਟਰੈਫਿਕ ਕੰਟਰੋਲ ਅਤੇ 10 ਫੀਸਦੀ ਪੁਲਿਸ ਧਰਨਿਆਂ-ਮੁਜ਼ਾਹਰਿਆਂ ਵਿੱਚ ਰੁੱਝੀ ਹੋਈ ਹੈ ਅਤੇ ਅੰਦਾਜ਼ਨ 7 ਫੀਸਦੀ ਥਾਣਿਆਂ ਵਿੱਚ ਤਾਇਨਾਤ ਹੁੰਦੀ ਹੈ। ਇਨ੍ਹਾਂ ਵਿੱਚੋਂ ਵੀ ਕੁਝ ਗਸ਼ਤ ਕਰਨ ਵਿੱਚ ਰੁੱਝੇ ਰਹਿੰਦੇ ਹਨ ਅਤੇ ਥਾਣੇ ਵਿੱਚ ਮੌਜੂਦ ਕੁਝ ਪੁਲਿਸ ਕਰਮਚਾਰੀ ਹੀ ਰਹਿ ਜਾਂਦੇ ਹਨ। ਇਸ ਕਾਰਨ ਹੀ ਪਿਛਲੇ ਦਿਨਾਂ ਵਿੱਚ ਨਸ਼ਾ ਰੋਕੂ ਕਮੇਟੀਆਂ ਦਾ ਸ਼ਿਕਵਾ ਰਿਹਾ ਹੈ ਕਿ ਰਾਤ ਨੂੰ ਠੀਕਰੀ ਪਹਿਰਾ ਦਿੰਦਿਆਂ ਜਦੋਂ ਵੀ ਨਜ਼ਦੀਕੀ ਥਾਣੇ ਵਿੱਚ ਕਿਸੇ ਤਸਕਰ ਨੂੰ ਫੜਨ ਸਮੇਂ ਮਦਦ ਲਈ ਗੁਹਾਰ ਲਾਈ ਜਾਂਦੀ ਤਾਂ ਅੱਗਿਉਂ ਜਵਾਬ ਮਿਲਦਾ ਕਿ ਸਾਡੇ ਕੋਲ ਇਸ ਵੇਲੇ ਨਫਰੀ ਘੱਟ ਹੈ, ਆ ਨਹੀਂ ਸਕਦੇ। ਪੁਲਿਸ ਅਤੇ ਨਸ਼ਾ ਵਿਰੋਧੀ ਕਮੇਟੀਆਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਇਸ ਮੁਹਿੰਮ ਨੂੰ ਸਫਲਤਾ ਨਹੀਂ ਮਿਲੀ ਅਤੇ ਤਸਕਰਾਂ ਦੇ ਹੌਸਲੇ ਬੁਲੰਦ ਹੋਣ ਕਾਰਨ ਨਸ਼ਿਆਂ ਦਾ ਪ੍ਰਕੋਪ ਵਧਦਾ ਗਿਆ।
ਪਰ ਹੁਣ 1 ਮਾਰਚ 2025 ਤੋਂ ਸਰਕਾਰ ਨੇ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੈ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਵੀ ਬਣਾਈ ਹੈ ਜੋ ਨਸ਼ਾ ਸਪਲਾਈ ਨੂੰ ਰੋਕਣ, ਤਸਕਰਾਂ ਨੂੰ ਮਿਸਾਲੀ ਸਜ਼ਾਵਾਂ ਦੇਣ ਅਤੇ ਨਸ਼ਈਆਂ ਦਾ ਇਲਾਜ ਕਰਵਾਉਣ ਲਈ ਸੁਚੱਜੀ ਅਗਵਾਈ ਕਰ ਰਹੀ ਹੈ। ਤਸਕਰਾਂ ਨੂੰ ਅਰਸ਼ ਤੋਂ ਫਰਸ਼ ’ਤੇ ਲਿਆਉਣ, ਸਪਲਾਈ ਲਾਈਨ ’ਤੇ ਸੱਟ ਮਾਰਨ ਅਤੇ ਨਸ਼ਈਆਂ ਦੇ ਇਲਾਜ ਕਰਵਾਉਣ ਦੇ ਕਾਫੀ ਸਾਰਥਿਕ ਨਤੀਜੇ ਸਾਹਮਣੇ ਆਏ ਵੀ ਹਨ। ਪੀੜਤ ਲੋਕ ਅਤੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਦੇ ਚਾਹਵਾਨ ਇਹ ਚਾਹੁੰਦੇ ਵੀ ਹਨ ਕੇ ਜਵਾਨੀ ਨੂੰ ਸਿਵਿਆਂ ਦੇ ਰਾਹ ਪੈਣ ਕਾਰਨ ਲੋਕਾਂ ਦੀ ਹਾਲਤ ਕੱਖੋਂ ਹੌਲੀ ਕਰਨ ਵਾਲੇ, ਵਸਦੇ ਘਰਾਂ ਵਿੱਚ ਸੱਥਰ ਵਿਛਾਉਣ ਵਾਲੇ ਕਿਸੇ ਹਮਦਰਦੀ ਦੇ ਪਾਤਰ ਨਹੀਂ, ਸਗੋਂ ਇਨ੍ਹਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇ ਕੇ ਸਪਲਾਈ ਅਤੇ ਮੰਗ ਨੂੰ ਰੋਕਿਆ ਜਾਣਾ ਅਤਿਅੰਤ ਜ਼ਰੂਰੀ ਹੈ। ਪੰਜਾਬ ਦੇ ਸੁਨਹਿਰੀ ਭਵਿੱਖ ਲਈ ਨਸਲਾਂ ਦੀ ਰਾਖੀ ਅਤਿਅੰਤ ਜ਼ਰੂਰੀ ਹੈ।
ਇੱਥੇ ਮੈਂ ਕੁਝ ਨੌਜਵਾਨਾਂ ਦੀ ਨਸ਼ਿਆਂ ਦੀ ਮਾਰੂ ਹਨੇਰੀ ਨੂੰ ਠੱਲ੍ਹ ਪਾਉਣ ਲਈ ਕੀਤੇ ਅਣਥੱਕ ਯਤਨ, ਦਲੇਰੀ ਅਤੇ ਸੁਹਿਰਦਤਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਪੰਜਾਬ ਦਾ ਕਸਬਾ ਜੋ ਕਾਗਜ਼ਾਂ ਵਿੱਚ ਸ਼ੇਰਪੁਰ ਥਾਣੇ ਵਾਲੀ ਵਜੋਂ ਜਾਣਿਆ ਜਾਂਦਾ ਹੈ, ਪਰ ਪਿਛਲੇ ਕਈ ਸਾਲਾਂ ਤੋਂ ਉਸਦੀ ਪਛਾਣ ਸ਼ੇਰਪੁਰ ਚਿੱਟੇ ਵਾਲਾ ਵਜੋਂ ਬਣ ਗਈ ਸੀ। ਉਸ ਕਸਬੇ ਦੀ ਇੱਕ ਬਸਤੀ ਦੇ ਮਰਦ ਅਤੇ ਔਰਤਾਂ ਸ਼ਰੇਆਮ ਚਿੱਟਾ ਵੇਚ ਕੇ ਇੱਕ ਪਾਸੇ ਜਵਾਨੀ ਦਾ ਘਾਣ ਕਰ ਰਹੇ ਸਨ ਅਤੇ ਦੂਜੇ ਪਾਸੇ ਉਹ ਆਪ ਇਸ ਕਾਲੀ ਕਮਾਈ ਨਾਲ ਮਹਿੰਗੀਆਂ ਕਾਰਾਂ ਅਤੇ ਕੋਠੀਆਂ ਦੇ ਮਾਲਕ ਬਣ ਗਏ ਸਨ। ਚਿੱਟਾ ਵੇਚਣ ਵਾਲਿਆਂ ਦੇ ਘਰ ਕਸਬੇ ਦੀ ਫਿਰਨੀ ’ਤੇ ਸਥਿਤ ਸਨ। ਹਰਾਮ ਦੀ ਕਮਾਈ ਨਾਲ ਸ਼ਾਮ ਨੂੰ ਮੀਟ ਖਾਣਾ ਅਤੇ ਸ਼ਰਾਬ ਪੀਣਾ ਉਹਨਾਂ ਦਾ ਸ਼ੁਗਲ ਸੀ। ਉਨ੍ਹਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੀਟ ਵੇਚਣ ਵਾਲਿਆਂ ਨੇ ਸੜਕ ’ਤੇ ਹੀ ਖੋਖੇ ਰੱਖੇ ਹੋਏ ਸਨ। ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਗੱਭਰੂ ਇਸ ਬਸਤੀ ਵਿੱਚੋਂ ਚਿੱਟਾ ਖਰੀਦਣ ਲਈ ਆਉਂਦੇ ਸਨ ਅਤੇ ਕਈ ਨੌਜਵਾਨ ਤਾਂ ਚਿੱਟੇ ਦੀ ਮਾਰ ਕਾਰਨ ਰਸਤੇ ਵਿੱਚ ਹੀ ਦਮ ਤੋੜ ਗਏ ਸਨ ਅਤੇ ਕਈ ਨਸ਼ਈ ਬੇਹੋਸ਼ੀ ਦੀ ਹਾਲਤ ਵਿੱਚ ਸੜਕਾਂ ਅਤੇ ਝਾੜੀਆਂ ਵਿੱਚ ਡਿਗੇ ਹੋਏ ਮਿਲਦੇ ਸਨ। ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਅਤੇ ਕਾਰਾਂ ਤਸਕਰਾਂ ਦੇ ਬੂਹੇ ਅੱਗੇ ਖੜ੍ਹੀਆਂ ਹੀ ਰਹਿੰਦੀਆਂ ਸਨ। ਨਸ਼ਈ ਨਸ਼ੇ ਦਾ ਝੱਸ ਪੂਰਾ ਕਰਨ ਲਈ ਹੋਰ ਜ਼ਿਲ੍ਹਿਆਂ ਅਤੇ ਅੰਬਾਲੇ ਤੋਂ ਵੀ ਆਉਂਦੇ ਸਨ। ਨਸ਼ੇ ਦੀ ਮਾਰ ਕਾਰਨ ਸਿਵਿਆਂ ਦੀ ਅੱਗ ਪ੍ਰਚੰਡ ਹੋ ਰਹੀ ਸੀ ਅਤੇ ਲੋਕ ਬਹੁਤ ਹੀ ਪਰੇਸ਼ਾਨ ਅਤੇ ਚਿੰਤਾ ਵਿੱਚ ਸਨ। ਫਿਰ ਪਿੰਡ ਦੇ ਦੋ ਨੌਜਵਾਨ ਬਲਵਿੰਦਰ ਖੇੜੀ ਅਤੇ ਗੋਪੀ ਗਰੇਵਾਲ ਨਸ਼ੇ ਦੀ ਰੋਕਥਾਮ ਲਈ ਅੱਗੇ ਆਏ। ਆਲੇ ਦੁਆਲੇ ਦੇ ਪੀੜਤ ਅਤੇ ਸੁਹਿਰਦ ਲੋਕਾਂ ਦਾ ਕਾਫਲਾ ਉਹਨਾਂ ਦੇ ਨਾਲ ਜੁੜ ਗਿਆ। ਸਭ ਤੋਂ ਪਹਿਲਾਂ ਉਹਨਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਬਸਤੀ ਦੇ ਦੋਨੋਂ ਪਾਸੇ ਟਰਾਲੀਆਂ ਖੜ੍ਹੀਆਂ ਕਰਕੇ ਰਸਤਾ ਰੋਕਿਆ। ਨਸ਼ਾ ਖਰੀਦਣ ਵਾਲਿਆਂ ਨੂੰ ਉਹਨਾਂ ਨੇ ਖਾਲੀ ਹੱਥ ਵਾਪਸ ਮੋੜਨ ਲਈ ਮਜਬੂਰ ਕਰ ਦਿੱਤਾ। ਨਸ਼ਈਆਂ ਦੀ ਕੌਂਸਲਿੰਗ ਅਤੇ ਇਲਾਜ ਕਰਵਾਉਣ ਦਾ ਬੀੜਾ ਵੀ ਉਹਨਾਂ ਨੇ ਚੁੱਕ ਲਿਆ। ਪੁੱਛ ਗਿੱਛ ਕਰਨ ’ਤੇ ਪਤਾ ਲੱਗਿਆ ਕਿ ਕਈ ਨਸ਼ਈ ਨੌਜਵਾਨਾਂ ਦਾ ਪ੍ਰਤੀ ਮਹੀਨਾ ਅੰਦਾਜ਼ਨ ਦੋ ਲੱਖ ਰੁਪਇਆ ਨਸ਼ੇ ਦੇ ਲੇਖੇ ਲੱਗ ਜਾਂਦਾ ਸੀ। ਪਿਆਰ, ਸਖ਼ਤੀ ਅਤੇ ਕੌਂਸਲਿੰਗ ਰਾਹੀਂ ਉਹ ਨਸ਼ਈਆਂ ਨੂੰ ਬਸਤੀ ਤਕ ਪਹੁੰਚ ਕਰਨ ਤੋਂ ਰੋਕਣ ਵਿੱਚ ਕਾਫੀ ਹੱਦ ਤਕ ਕਾਮਯਾਬ ਹੋ ਗਏ। ਸ਼ੁਰੂ ਵਿੱਚ ਉਹਨਾਂ ਨੇ ਦੋ ਘੰਟੇ ਪਹਿਰਾ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ, ਪਰ ਦੋ ਘੰਟਿਆਂ ਬਾਅਦ ਜਦੋਂ ਉਹ ਇੱਧਰ ਉੱਧਰ ਹੋ ਜਾਂਦੇ ਤਾਂ ਉਸ ਬਸਤੀ ਵਿੱਚ ਨਸ਼ਈਆਂ ਦੀ ਭੀੜ ਵਧ ਜਾਂਦੀ। ਫਿਰ ਉਹਨਾਂ ਨੇ ਦ੍ਰਿੜ੍ਹ ਸੰਕਲਪ ਕਰ ਲਿਆ ਕਿ ਦਿਨ-ਰਾਤ ਹੀ ਠੀਕਰੀ ਪਹਿਰਾ ਦਿੱਤਾ ਜਾਵੇਗਾ। ਇਸਦੇ ਲਈ ਲੰਗਰ ਦਾ ਪ੍ਰਬੰਧ ਸਥਾਨਕ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਰ ਦਿੱਤਾ ਅਤੇ ਨਾਲ ਹੀ ਇੱਕ ਕਮਰੇ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ। ਕਿਸੇ ਹੋਰ ਸੱਜਣ ਨੇ ਵਾਟਰ ਪਰੂਫ ਟੈਂਟ ਦਾ ਪ੍ਰਬੰਧ ਕਰ ਦਿੱਤਾ। ਕੁਰਸੀਆਂ, ਤਖ਼ਤਪੋਸ਼ ਅਤੇ ਮੇਜ਼ ਵੀ ਆ ਗਏ। ਭਲਾ ਇਹ ਕੁਝ ਤਸਕਰ ਕਿੰਜ ਬਰਦਾਸ਼ਤ ਕਰਦੇ? ਉਨ੍ਹਾਂ ਦੀ ਕਾਲੀ ਕਮਾਈ ਰੁਕ ਗਈ ਸੀ। ਤਸਕਰਾਂ ਦੀਆਂ ਔਰਤਾਂ ਨੇ ਨੌਜਵਾਨ ਮੁੰਡਿਆਂ ਨੂੰ ਉਲਝਾਉਣ ਅਤੇ ਫਿਰ ਕੁੱਟਮਾਰ ਕਰਨ ਦਾ ਪ੍ਰੋਗਰਾਮ ਬਣਾਇਆ। ਜਦੋਂ ਸ਼ੇਰਪੁਰ ਦੀਆਂ ਔਰਤਾਂ ਨੂੰ ਪਤਾ ਲੱਗਿਆ ਤਾਂ ਡਾਂਗਾਂ ਹੱਥ ਵਿੱਚ ਫੜ ਕੇ ਉਤਸ਼ਾਹੀ ਨੌਜਵਾਨਾਂ ਦੀ ਪਿੱਠ ’ਤੇ ਆ ਗਈਆਂ ਅਤੇ ਐਲਾਨ ਵੀ ਕਰ ਦਿੱਤਾ ਕਿ ਸਾਡੇ ਪੁੱਤਾਂ ਦੀ ਹਵਾ ਵੱਲ ਵੀ ਕੋਈ ਝਾਕਿਆ ਤਾਂ ਅਸੀਂ ਜਾਨ ਦੀ ਬਾਜ਼ੀ ਲਾਉਣ ਤੋਂ ਪਿੱਛੇ ਨਹੀਂ ਹਟਾਂਗੀਆ। ਜਦੋਂ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਨੂੰ ਨੌਜਵਾਨਾਂ ਦੀ ਨਸ਼ਿਆਂ ਵਿਰੁੱਧ ਮੁਹਿੰਮ ਦਾ ਪਤਾ ਲੱਗਿਆ ਤਾਂ ਉਹ ਪੁਲਿਸ ਪਾਰਟੀ ਸਮੇਤ ਉੱਥੇ ਪੁੱਜ ਗਏ। ਉਨ੍ਹਾਂ ਨੇ ਹੌਸਲਾ ਦਿੰਦਿਆਂ ਕਿਹਾ ਕਿ ਇਸ ਨੇਕ ਕਾਰਜ ਲਈ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਖੜ੍ਹਾ ਹੈ। ਨਸ਼ੇ ਦੇ ਖਾਤਮੇ ਲਈ ਇੰਜ ਹੀ ਦਿਨ ਰਾਤ ਦੇ ਠੀਕਰੀ ਪਹਿਰੇ ’ਤੇ ਡਟੇ ਰਹੋ। ਕਦੇ ਵੀ ਕੋਈ ਦਿੱਕਤ ਆਵੇ ਤਾਂ ਫੋਨ ਕਰ ਦੇਣਾ, ਮੈਂ ਖੁਦ ਤੁਰੰਤ ਪਹੁੰਚ ਜਾਵਾਂਗਾ। ਨਾਲ ਹੀ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜਾਂ ਤਾਂ ਸ਼ੇਰਪੁਰ ਕਸਬਾ ਛੱਡ ਜਾਉ ਜਾਂ ਫਿਰ ਨਸ਼ਾ ਵੇਚਣਾ ਛੱਡ ਦਿਉ। ਨਾਲ ਹੀ ਇਹ ਤਾੜਨਾ ਵੀ ਕਰ ਦਿੱਤੀ ਕਿ ਜੇਕਰ ਇਨ੍ਹਾਂ ਮੁੰਡਿਆਂ ਨਾਲ ਪੰਗਾ ਲਿਆ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨਸ਼ਾ ਰੋਕੂ ਕਮੇਟੀ ਦੀ ਪਿੱਠ ’ਤੇ ਆ ਗਿਆ ਤਾਂ ਕਸਬੇ ਦੇ ਥਾਣੇ ਦੇ ਕਰਮਚਾਰੀਆਂ ਦੀਆਂ ਘੁਰਕੀਆਂ ਵੀ ਨਸ਼ਾ ਤਸਕਰਾਂ ਨੂੰ ਵੰਗਾਰਨ ਲੱਗ ਪਈਆਂ। ਪਿੰਡ ਦੀਆਂ ਔਰਤਾਂ, ਬਜ਼ੁਰਗ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਉਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਅੱਗੇ ਆ ਗਏ।
ਦਰਅਸਲ ਲੋਕਾਂ ਦਾ ਨਸ਼ਿਆਂ ਵਿਰੁੱਧ ਏਕਾ, ਪੁਲਿਸ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਅਤੇ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਹੀ ਨਸ਼ਿਆਂ ਵਿਰੁੱਧ ਛੇੜੀ ਜੰਗ ਨਸ਼ਾ ਮੁਕਤ ਸਮਾਜ ਸਿਰਜਣ ਵਿੱਚ ਸਹਾਈ ਹੋਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਨਸ਼ਾ ਵੇਚਣ ਵਾਲਿਆਂ ਵਿੱਚੋਂ ਕਈ ਇਹ ਧੰਦਾ ਛੱਡ ਕੇ ਹੁਣ ਰੇਹੜੀਆਂ ’ਤੇ ਸਬਜ਼ੀ ਵੇਚ ਰਹੇ ਹਨ ਅਤੇ ਕਈਆਂ ਨੇ ਟੈਂਪੂ ਲੈ ਕੇ ਸਵਾਰੀਆਂ ਢੋਣ ਦਾ ਕੰਮ ਕਰ ਲਿਆ ਹੈ। ਇਸ ਨੇਕ ਕਾਰਜ ਵਿੱਚ ਲੱਗੇ ਨੌਜਵਾਨ ਮਰਹੂਮ ਸ਼ਾਇਰ ਪ੍ਰਕਾਸ਼ ਸਾਥੀ ਦੀਆਂ ਇਹ ਕਾਵਿ-ਸਤਰਾਂ ਅਕਸਰ ਹੀ ਗੁਣਗੁਣਾਉਂਦੇ ਹਨ:
“ਮਸ਼ਾਲਾਂ ਬਾਲ ਕੇ ਰੱਖਣਾ, ਅਜੇ ਤਾਂ ਰਾਤ ਬਾਕੀ ਹੈ।
ਸੰਭਲ ਕੇ ਹਰ ਕਦਮ ਰੱਖਣਾ, ਅਜੇ ਤਾਂ ਰਾਤ ਬਾਕੀ ਹੈ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (